ਜਾਣੀਏ ਇਨਸਾਨ ਹੋਣ ਦੀ ਅਸਲੀਅਤ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ । ਦੁਨੀਆਂ ਚੰਨ ਤੱਕ ਪਹੁੰਚ ਚੁੱਕੀ ਹੈ। ਪਿੱਛੇ ਹੀ ਖਬਰ ਪੜ੍ਹਨ ਨੂੰ ਮਿਲੀ ਸੀ ਕਿ ਇੱਕ ਇਨਸਾਨ ਨੇ ਚੰਨ ਤੇ ਜ਼ਮੀਨ ਦੀ ਰਜਿਸਟਰੀ ਵੀ ਕਰਵਾ ਲਈ ਹੈ। ਬ੍ਰਹਿਮੰਡ ਵਿੱਚ ਪਤਾ ਹੀ ਨਹੀਂ ਕਿੰਨੀ ਕੁ ਖੋਜਾਂ ਹੋ ਰਹੀਆਂ ਹਨ। ਮੰਗਲਯਾਨ ਤੇ ਵੀ ਭਾਰਤ ਦੇ ਕਦਮ ਪੁੱਜ ਚੁੱਕੇ ਹਨ ।ਇੰਟਰਨੈੱਟ ਦਾ ਜ਼ਮਾਨਾ ਹੈ। ਘਰ ਬੈਠੇ ਹੀ ਅਸੀਂ ਵਿਦੇਸ਼ਾਂ ਤੱਕ ਦੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਕੋਈ ਇਨਸਾਨ ਦੁਨੀਆਂ ਦੇ ਕਿਸੇ ਵੀ ਕੋਣੇ ਤੇ ਹੋਵੇ,ਉਸ ਨਾਲ ਅਸੀਂ ਘਰ ਬੈਠੇ ਹੀ ਵੀਡੀਓ ਕਾਲ ਕਰ ਕੇ ਉਸ ਦਾ ਹਾਲ ਚਾਲ ਪੁੱਛ ਲੈਂਦੇ ਹਾਂ। ਇੰਝ ਪ੍ਰਤੀਤ ਹੁੰਦਾ ਹੈ ਕਿ ਅਸੀਂ ਉਸ ਦੇ ਬਿਲਕੁਲ ਨੇੜੇ ਹੀ ਹਾਂ। ਅੱਜ ਦੇ ਸਮੇਂ ਵਿੱਚ ਸ਼ੋਸ਼ਲ ਮੀਡੀਆ ਦੇ ਜ਼ਰੀਏ ਤੁਸੀਂ‌ ਘਰ ਬੈਠੇ ਹੀ ਆਪਣਾ ਕੋਈ ਵੀ ਘਰੇਲੂ ਸਾਮਾਨ ਚਾਹੇ ,ਉਹ ਖਾਣ-ਪੀਣ ਪਹਿਨਣ ਜਾਂ ਤੁਸੀਂ ਕੋਈ ਯਾਤਰਾ ਲਈ ਟਿਕਟ ਬੁੱਕ ਕਰਵਾਣੀ ਹੋਵੇ। ਅਜਿਹਾ ਆਨੰਦ ਸਾਨੂੰ ਘਰ ਬੈਠੇ ਹੀ ਮਿਲ ਰਿਹਾ ਹੈ। ਵਿਗਿਆਨ ਨੇ ਤਾਂ ਬਹੁਤ ਤਰੱਕੀ ਕਰ ਲਈ ਹੈ ਪਰ ਇਨਸਾਨ ਦੀ ਸੋਚ ਸੌੜੀ ਹੋ ਚੁੱਕੀ ਹੈ। ਮਨੁੱਖਤਾ ਖ਼ਤਮ ਹੋ ਰਹੀ ਹੈ।

ਅੱਜ ਪੈਸੇ ਦੀ ਚਕਾਚੌਂਧ ਵਿੱਚ ਰਿਸ਼ਤੇ-ਨਾਤਿਆਂ ਦਾ ਘਾਣ ਹੋ ਰਿਹਾ ਹੈ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਅੱਜ ਦੇ ਜ਼ਮਾਨੇ ਵਿੱਚ ਬਹੁਤ ਘੱਟ ਲੋਕ ਹਨ ,ਜੋ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਂਦੇ ਹਨ । ਆਪਣਾ ਸਵਾਰਥ ਮਤਲਬ ਰੱਖ ਕੇ ਹੀ ਦੂਜੇ ਦੀ ਮਦਦ ਕੀਤੀ ਜਾ ਰਹੀ ਹੈ। ਕੀ ਜੇ ਮੈਂ ਇਸ ਇਨਸਾਨ ਦੀ ਮਦਦ ਕਰਾਂਗਾ , ਤਾਂ ਮੈਨੂੰ ਇਸ ਇਨਸਾਨ ਤੋਂ ਕੀ ਫ਼ਾਇਦਾ ਹੋ ਸਕਦਾ ਹੈ।ਪੈਸੇ ਨੇ ਲੋਕਾਂ ਨੂੰ ਸਵਾਰਥੀ ਬਣਾ ਦਿੱਤਾ ਹੈ। ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਲਾਲਸਾ ਨੇ ਭਰਾ ਹੱਥੋਂ ਭਰਾ ਦਾ ਕਤਲ ਹੋ ਰਿਹਾ ਹੈ ।ਪੁੱਤ ਹੱਥੋਂ ਪਿਓ ਦੀ ਮਾਰ ਕੁਟਾਈ ਹੋ ਰਹੀ ਹੈ। ਜੇ ਬੱਚਾ ਕੋਈ ਗਲਤ ਕੰਮ ਕਰਦਾ ਹੈ ਤਾਂ ਮਾਂ ਬਾਪ ਉਸ ਨੂੰ ਟੋਕਦੇ ਹਨ। ਇੱਕ ਨੌਜਵਾਨ ਨਸ਼ਾ ਕਰਦਾ ਹੈ। ਉਸ ਦੀ ਵਿਧਵਾ ਮਾਂ ਉਸ ਨੂੰ ਰੋਕਦੀ ਹੈ ਕਿ ਤੂੰ ਨਸ਼ੇ ਨਾ ਕਰ। ਨਸ਼ੇ ਦੀ ਭਰਪਾਈ ਲਈ ਉਹ ਆਪਣੇ ਘਰ ਦੇ ਦਰਵਾਜ਼ੇ ਤੱਕ ਨਹੀਂ ਛੱਡਦਾ। ਜਦੋਂ ਮਾਂ ਰੋਕਦੀ ਹੈ ਤਾਂ ਆਪਣੀ ਹੀ ਮਾਂ ਦਾ ਕੁਹਾੜਾ ਮਾਰ ਕੇ ਕਤਲ ਕਰ ਦਿੰਦਾ ਹੈ। ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਨੈਤਿਕ ਕਦਰਾਂ ਕੀਮਤਾਂ ਬਾਰੇ ਅੱਜ ਦੀ ਜਵਾਨੀ ਨੂੰ ਬਿਲਕੁਲ ਵੀ ਨਹੀਂ ਪਤਾ ਹੈ।

ਮਿਲਾਵਟ ਦਾ ਕਹਿਰ ਜ਼ੋਰਾਂ ਤੇ ਹੈ ।ਅਕਸਰ ਅਸੀਂ ਸੁਣਦੇ ਹਾਂ ਕਿ ਸਿਹਤ ਮੰਤਰਾਲਾ ਤਿਉਹਾਰਾਂ ਦੇ ਸੀਜ਼ਨ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਕਰਦਾ ਹੈ ।ਨਕਲੀ ਦੁੱਧ ਨਾਲ ਤਿਆਰ ਮਿਠਾਈਆਂ ਜ਼ਬਤ ਕੀਤੀ ਜਾਂਦੀਆਂ ਹਨ। ਕੁਇੰਟਲਾਂ ਦੇ ਹਿਸਾਬ ਨਾਲ ਖੋਆ ਸਿਹਤ ਮੰਤਰਾਲਾ ਫੜਦਾ ਹੈ।ਪਤਾ ਨਹੀਂ ਲੋਕ ਕਿੰਨਾ ਕੁ ਜ਼ਹਿਰ ਖਾ ਰਹੇ ਹਨ ।ਹਰ ਚੀਜ਼ ਵਿੱਚ ਮਿਲਾਵਟ ਹੈ। ਸ਼ਹਿਰਾਂ ਵਿੱਚ ਇਹ ਦੋਧੀ ਨਿਰਾ ਮਿਲਾਵਟੀ ਦੁੱਧ ਵੇਚ ਰਹੇ ਹਨ। ਜਿੰਨੇ ਵੀ ਮਾਰਕੀਟ ਵਿਚ ਰਿਫਾਇੰਡ ਤੇਲ ਹਨ, ਉਨ੍ਹਾਂ ਵਿੱਚ ਮਿਲਾਵਟ ਪਾਈ ਗਈ ਸੀ। ਜਿਸ ਨਾਲ ਸਿਹਤ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਅੱਜ ਦੀ ਜੁਆਨੀ ਜੰਕ ਫੂਡ ਖਾਣ ਨੂੰ ਤਰਜੀਹ ਦਿੰਦੀ ਹੈ।

ਔਰਤਾਂ ਨਾਲ ਛੇੜਛਾੜ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਨਸਾਨੀਅਤ ਖ਼ਤਮ ਹੋ ਚੁਕੀ ਹੈ। ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਚ ਇੱਕ 18 ਸਾਲਾ ਸਕੂਲ ਪੜ੍ਹਦੀ ਕੁੜੀ ਉੱਤੇ ਨੌਜਵਾਨਾਂ ਵੱਲੋਂ ਤੇਜ਼ਾਬ ਸੁੱਟ ਦਿੱਤਾ ਗਿਆ। ਜਿਸ ਕਾਰਨ ਉਸ ਦਾ ਚਿਹਰਾ ਝੁਲਸਿਆ ਗਿਆ। ਉੱਤਰਾਖੰਡ ਵਿੱਚ ਇੱਕ ਹੋਟਲ ਵਿੱਚ ਕੰਮ ਕਰਦੀ ਕੁੜੀ ਨੂੰ ਹੋਟਲ ਦੇ ਮਾਲਕ ਵੱਲੋਂ ਹੋਟਲ ਵਿੱਚ ਰਹਿਣ ਆਏ ਮੁਸਾਫ਼ਿਰਾਂ ਨਾਲ ਸ਼ਰੀਰਕ ਸਬੰਧ ਬਣਾਉਣ ਲਈ ਉਕਸਾਇਆ ਗਿਆ। ਨਿਰਭਿਆ ਕੇਸ ਨੂੰ ਅਸੀਂ ਚੰਗੀ ਤਰ੍ਹਾਂ ਸਾਰੇ ਹੀ ਜਾਣਦੇ ਹਨ। ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਨੌਜਵਾਨ ਪੀੜ੍ਹੀ ਆਪਣਾ ਅਸਲੀ ਮਕਸਦ ਭੁੱਲ ਚੁੱਕੀ ਹੈ। ਧੀਆਂ ਪੁੱਤਾਂ ਦਾ ਸਰੀਰਕ ਸ਼ੋਸ਼ਣ ਹੋ ਰਿਹਾ ਹੈ। ਇਹ ਸਾਡੇ ਸਮਾਜ ਦੀ ਤਸਵੀਰ ਹੈ।

‌ਅੱਜ ਭ੍ਰਿਸ਼ਟਾਚਾਰ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਆਪਣਾ ਕੰਮ ਕਰਾਉਣ ਲਈ ਦਫ਼ਤਰਾਂ ਵਿਚ ਚਪੜਾਸੀ ਤੱਕ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ। ਹਰ ਰੋਜ਼ ਪੰਜਾਬ ਵਿਚ ਕਿਸੇ ਨਾ ਕਿਸੇ ਅਦਾਰੇ ਦੇ ਮੁਲਾਜ਼ਮ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਜਾ ਰਿਹਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਿਸ ਇਨਸਾਨ ਦਾ ਆਪਣੀ ਤਨਖ਼ਾਹ ਵਿਚ ਗੁਜ਼ਾਰਾ ਨਹੀਂ ਹੁੰਦਾ, ਉਹ ਰਿਸ਼ਵਤ ਕਿਉਂ ਲੈਂਦਾ ਹੈ। 300 ਜਾਂ 400 ਰੁਪਏ ਦਿਹਾੜੀ ਕਮਾਉਣ ਵਾਲੇ ਤੋਂ ਲੱਖ ਰੁੱਪਏ ਤਨਖ਼ਾਹ ਲੈਣ ਵਾਲਾ ਰਿਸ਼ਵਤ ਲੈ ਰਿਹਾ ਹੈ। ਇਹ ਸਾਡੇ ਸਮਾਜ ਦੀ ਤਸਵੀਰ ਹੈ। ਪੜ੍ਹਿਆ ਸੀ ਕਿ ਰਿਸ਼ਵਤ ਇਨਸਾਨ ਦੇ ਖੂਨ ਵਿੱਚ ਰੰਮ ਚੁੱਕੀ ਹੈ।

ਜਦੋਂ ਕਰੋਨਾ ਕਾਰਨ ਪੂਰੇ ਵਿਸ਼ਵ ਵਿੱਚ ਹਾਹਾਕਾਰ ਮੱਚੀ ਹੋਈ ਸੀ ਤਾਂ ਉਸ ਸਮੇਂ ਰਿਸ਼ਤਿਆਂ ਦਾ ਘਾਣ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਆਪਣੇ ਮੈਂਬਰ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਸੋਚਿਆ ਜਾਵੇ ਜਿਸ ਇਨਸਾਨ ਨੇ ਸਾਰੀ ਉਮਰ ਆਪਣੇ ਪਰਿਵਾਰ ਲਈ ਕਮਾਇਆ ਹੁੰਦਾ ਹੈ, ਅੱਜ ਉਸ ਦੀ ਲਾਸ਼ ਨੂੰ ਪੌਣੇ ਦੋ ਮੀਟਰ ਕੱਪੜਾ ਤੱਕ ਵੀ ਨਸੀਬ ਨਹੀਂ ਹੋਇਆ। ਜ਼ਰੂਰਤ ਦੀਆਂ ਚੀਜ਼ਾਂ ਜਿਨ੍ਹਾਂ ਦੀ ਕੀਮਤ 50 ਰੁਪਏ ਸੀ, ਹਜ਼ਾਰਾਂ ਰੁਪਏ ਤੱਕ ਵਿੱਕੀਆ। ਦੱਸ ਪੰਦਰਾਂ ਕਿਲੋਮੀਟਰ ਲਾਸ਼ ਨੂੰ ਲੈ ਜਾਣ ਲਈ ਹਜ਼ਾਰਾਂ ਰੁਪਏ ਐਂਬੂਲੈਂਸ ਡਰਾਈਵਰਾਂ ਨੇ ਲਿਆ। ਅੱਜ ਸਮਾਜ ਵਿਚੋਂ ਮਨੁੱਖਤਾ ਦਾ ਨਾਮੋ ਨਿਸ਼ਾਨ ਖ਼ਤਮ ਹੋ ਗਿਆ ਹੈ। ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ।ਕੁੱਝ ਸਮਾਜਸੇਵੀ , ਪੁਲਿਸ ਪ੍ਰਸ਼ਾਸਨ ਨੇ ਜ਼ਰੂਰਤਮੰਦਾਂ ਤਕ ਲੋੜੀਂਦਾ ਸਾਮਾਨ ਪੁੱਜਦਾ ਕੀਤਾ ਸੀ।
ਹਾਲ ਹੀ ਵਿੱਚ ਬੇਮੌਸਮੀ ਮੀਂਹ ਕਾਰਨ ਕਣਕ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ। ਤੂਫ਼ਾਨ ਕਾਰਨ ਕਣਕਾਂ ਡਿੱਗ ਚੁੱਕੀਆਂ ਹਨ। ਮੀਂਹ ਕਾਰਨ ਖੇਤਾਂ ਵਿੱਚ ਬਹੁਤ ਪਾਣੀ ਹੈ। ਤਕਰੀਬਨ ਫ਼ਸਲ ਖ਼ਰਾਬ ਹੋ ਚੁੱਕੀ ਹੈ। ਕੁੱਝ ਕੁ ਦਿਨ ਪਹਿਲਾਂ ਫਾਜ਼ਿਲਕਾ ਵਿਚ ਤੂਫ਼ਾਨ ਆਇਆ ਸੀ। ਜਿਸ ਕਾਰਨ ਘਰਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਸੀ।ਘਰ ਡਿੱਗ ਪਏ ਸਨ। ਪੁਲਿਸ ਪ੍ਰਸ਼ਾਸਨ ਨੇ ਇੱਕ ਲੱਖ ਤੋਂ ਵੱਧ ਪੈਸੇ ਇੱਕਠੇ ਕਰਕੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ। ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਕੱਪੜੇ, ਖਾਣ ਪੀਣ ਦੀਆਂ ਵਸਤਾਂ, ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਹੈ। ਇਹ ਹੁੰਦੀ ਹੈ ਇਨਸਾਨੀਅਤ। ਚੰਗੇ ਲੋਕਾਂ ਦੀ ਅੱਜ ਵੀ ਕਮੀ ਨਹੀਂ ਹੈ।

ਪੰਜਾਬ ਗੁਰੂਆਂ, ਪੀਰਾਂ ਪੈਗੰਬਰਾਂ ਦੀ ਧਰਤੀ ਹੈ‌। ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸਾਨੂੰ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਚੰਗੇ ਇਨਸਾਨਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ। ਚੰਗੇ ਲੋਕਾਂ ਦਾ ਸੰਗ ਕਰਨਾ ਚਾਹੀਦਾ ਹੈ।ਹਰ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ। ਚੰਗੀਆਂ ਕਿਤਾਬਾਂ ਪੜ੍ਹੋ। ਮਨੁੱਖ ਹੋਣ ਦਾ ਫਰਜ਼ ਸਮਝੀਏ। ਦਸਾਂ ਨਹੁੰਆਂ ਦੀ ਕਿਰਤ ਕਰੀਏ। ਕੁਦਰਤ ਦੇ ਅਨੁਸਾਰ ਜੀਵਨ ਬਤੀਤ ਕਰੀਏ। ਼਼

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਜ਼ਗਾਰਦਾਤਾ’ ਸ਼ਬਦ ਕਿਵੇਂ ਬਣਿਆ?
Next article*ਵਿਧਾਇਕ ਰੰਧਾਵਾ ਨੇ ਪਰਾਗਪੁਰ ਦਾ ਸਰਕਾਰੀ ਸਕੂਲ ਲਿਆ ਗੋਦ*