ਹਰਿਆਣਾ ਕਮੇਟੀ ਵੱਲੋਂ ਮੈਡੀਕਲ ਅਤੇ ਕਾਨੂੰਨੀ ਲਾਈਨ ਨਾਲ ਜੁੜੇ ਲੋਕ ਹੀ ਬਣਾਏ ਜਾਣਗੇ ਮੀਰੀ- ਪੀਰੀ ਟ੍ਰਸਟ ਦੇ ਮੈਂਬਰ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮੀਰੀ- ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 12 ਮਈ ਨੂੰ ਹਰਿਆਣਾ ਦੇ ਹੱਕ ਵਿੱਚ ਫੈਸਲਾ ਆਉਣ ਤੋਂ ਬਾਅਦ ਇਹ ਸੰਸਥਾ ਕਾਨੂੰਨੀ ਤੌਰ ‘ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਗਈ ਹੈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਚਹੇਤਿਆਂ ਰਾਹੀਂ ਇਸ ਸੰਸਥਾ ‘ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੋਇਆ ਸੀ, ਜਿਸ ਨੂੰ ਹੁਣ ਕਾਨੂੰਨੀ ਤਰੀਕੇ ਨਾਲ ਹਰਿਆਣਾ ਕਮੇਟੀ ਆਪਣੇ ਪ੍ਰਬੰਧ ਹੇਠ ਲਵੇਗੀ। ਜਥੇਦਾਰ ਦਾਦੂਵਾਲ ਨੇ ਦੋਸ਼ ਲਗਾਇਆ ਕਿ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਜਗਦੀਸ਼ ਸਿੰਘ ਝੀਂਡਾ ਰੋਜ਼ਾਨਾ ਕਾਲਜ ਅਤੇ ਹਸਪਤਾਲ ਵਿੱਚ ਜਾ ਕੇ ਡਾਕਟਰਾਂ ਅਤੇ ਮੁਲਾਜ਼ਮਾਂ ਵਿੱਚ ਸਹਿਮ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਝੀਂਡਾ ਨੂੰ ਅਜਿਹੀਆਂ ਗੈਰਕਾਨੂੰਨੀ ਹਰਕਤਾਂ ਤੋਂ ਤੁਰੰਤ ਬਾਜ ਆਉਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝੀਂਡਾ ਨੇ ਹਮੇਸ਼ਾਂ ਬਾਦਲ ਪਰਿਵਾਰ ਦੀ ਹੀ ਪੱਖਦਾਰੀ ਕੀਤੀ ਅਤੇ ਸੰਸਥਾ ਨੂੰ ਹਰਿਆਣਾ ਕਮੇਟੀ ਹਵਾਲੇ ਕਰਨ ਲਈ ਕੋਈ ਯਤਨ ਨਹੀਂ ਕੀਤਾ। ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਮੀਰੀ-ਪੀਰੀ ਮੈਡੀਕਲ ਕਾਲਜ ਗੁਰਦੁਆਰਾ ਮਸਤਗੜ੍ਹ ਸਾਹਿਬ ਦੀ ਜ਼ਮੀਨ ‘ਤੇ ਬਣਿਆ ਹੋਇਆ ਹੈ ਅਤੇ ਇਸ ‘ਤੇ ਹਰਿਆਣਾ ਕਮੇਟੀ ਦਾ ਹੱਕ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੂੰ ਵਾਪਸ ਲੈਣ ਲਈ ਹਰਿਆਣਾ ਕਮੇਟੀ ਨੇ ਲੰਬੀ ਕਾਨੂੰਨੀ ਲੜਾਈ ਲੜੀ। ਇਸ ਦੌਰਾਨ 20 ਮਾਰਚ ਨੂੰ ਦਾਦੂਵਾਲ ਅਤੇ ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ‘ਤੇ ਹਮਲਾ ਵੀ ਕੀਤਾ ਗਿਆ ਸੀ, ਜਿਸ ਸੰਬੰਧੀ 28 ਮਾਰਚ ਨੂੰ ਕਈ ਲੋਕਾਂ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਦਾਦੂਵਾਲ ਨੇ ਕਿਹਾ ਕਿ ਹੁਣ ਮੀਰੀ-ਪੀਰੀ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ। ਮੈਡੀਕਲ ਕਾਲਜ ਦੀ ਅਧੂਰੀ ਇਮਾਰਤ ਨੂੰ ਵੀ ਜਲਦੀ ਪੂਰਾ ਕਰਵਾਇਆ ਜਾਵੇਗਾ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਐਨ.ਓ.ਸੀ. ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਹਰ ਸਾਲ ਵਿਦਿਆਰਥੀ ਐਮਬੀਬੀਐਸ ਦੀ ਪੜ੍ਹਾਈ ਕਰ ਸਕਣ। ਉਨ੍ਹਾਂ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਹਿਮ ਦਾ ਸ਼ਿਕਾਰ ਨਾ ਹੋਣ ਅਤੇ ਨਾ ਹੀ ਕਿਸੇ ਗੈਰਕਾਨੂੰਨੀ ਸਾਜਬਾਜ ਵਿੱਚ ਸ਼ਾਮਲ ਹੋਣ। ਦਾਦੂਵਾਲ ਨੇ ਕਿਹਾ ਕਿ ਮੀਰੀ- ਪੀਰੀ ਟ੍ਰਸਟ ਦੇ ਮੈਂਬਰ ਪੜ੍ਹੇ-ਲਿਖੇ ਅਤੇ ਮੈਡੀਕਲ ਜਾਂ ਕਾਨੂੰਨੀ ਖੇਤਰ ਨਾਲ ਜੁੜੇ ਵਿਅਕਤੀ ਹੀ ਬਣਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਝੀਂਡਾ ਨਾ ਤਾਂ ਕਿਸੇ ਨੂੰ ਨੌਕਰੀ ‘ਤੇ ਰੱਖ ਸਕਦਾ ਹੈ ਅਤੇ ਨਾ ਹੀ ਕਿਸੇ ਨੂੰ ਬਰਖਾਸਤ ਕਰਨ ਦਾ ਅਧਿਕਾਰ ਰੱਖਦਾ ਹੈ, ਕਿਉਂਕਿ ਸੰਸਥਾ ਦਾ ਸਮੂਹ ਪ੍ਰਬੰਧ ਹਰਿਆਣਾ ਕਮੇਟੀ ਦੇ ਹੱਥ ਵਿੱਚ ਹੋਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



