(ਸਮਾਜ ਵੀਕਲੀ)-ਇੱਕ ਅਮੀਰ ਆਦਮੀ ਅਤੇ ਉਸਦੀ ਪਤਨੀ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਬੜੇ ਜੋਸ਼ ਖਰੋਸ਼ ਨਾਲ ਮਨਾਉਣਾ ਚਾਹੁੰਦੇ ਸਨ। ਉਹਨਾਂ ਨੇ ਇਸ ਮੌਕੇ ਤੇ ਇੱਕ ਸ਼ਾਨਦਾਰ ਪਾਰਟੀ ਕਰਨ ਦੀ ਯੋਜਨਾ ਬਣਾਈ ਅਤੇ ਉਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪਾਰਟੀ ਵਾਲੇ ਦਿਨ ਤੋਂ ਕੁਝ ਦਿਨ ਪਹਿਲਾਂ ਉਹ ਮਾਰਕੀਟ ਵਿੱਚ ਗਏ ਅਤੇ ਇਸ ਲਈ ਬਹੁਤ ਸਾਰਾ ਸਮਾਨ ਖਰੀਦਿਆ। ਉਹ ਇਹ ਸਾਰਾ ਸਮਾਨ ਆਪਣੇ ਆਪ ਘਰ ਨਹੀਂ ਲਿਜਾ ਸਕਦੇ ਸਨ। ਉਹਨਾਂ ਨੇ ਇੱਕ ਬੁੱਢੇ, ਬਿਮਾਰ ਅਤੇ ਕਮਜ਼ੋਰ ਰੇੜੀ ਵਾਲੇ ਨੂੰ ਦੇਖਿਆ। ਉਹ ਕਮਜ਼ੋਰ, ਭੁੱਖਾ ਅਤੇ ਥੱਕਿਆ ਹੋਇਆ ਦਿਖਾਈ ਦੇ ਰਿਹਾ ਸੀ। ਉਹ ਘੱਟ ਤੋਂ ਘੱਟ ਪੈਸਿਆਂ ਤੇ ਉਨ੍ਹਾਂ ਦਾ ਸਮਾਨ ਉਨ੍ਹਾਂ ਦੇ ਘਰ ਲਿਜਾਣ ਲਈ ਤਿਆਰ ਹੋ ਗਿਆ। ਉਸ ਆਦਮੀ ਨੇ ਉਸ ਰੇੜੀ ਵਾਲੇ ਨੂੰ ਆਪਣੇ ਘਰ ਦਾ ਪਤਾ ਅਤੇ ਕਿਰਾਏ ਦੇ ਕੁੱਝ ਪੈਸੇ ਅਡਵਾਂਸ ਵਿੱਚ ਦਿੱਤੇ। ਇਤਨੇ ਵਿਚ ਪਤੀ ਪਤਨੀ ਆਪਣੇ ਘਰ ਪਹੁੰਚ ਗਏ ਅਤੇ ਰੇੜੀ ਵਾਲੇ ਦੀ ਇੰਤਜ਼ਾਰ ਕਰਨ ਲੱਗੇ। ਲੇਕਿਨ ਕਾਫੀ ਦੇਰ ਇੰਤਜ਼ਾਰ ਕਰਨ ਦੇ ਬਾਅਦ ਵੀ ਉਹ ਜਦੋਂ ਨਹੀਂ ਆਇਆ ਤਾਂ ਪਤਨੀ ਆਪਣੇ ਪਤੀ ਨਾਲ ਨਾਰਾਜ਼ ਬੰਦੇ ਹੋਏ ਕਹਿਣ ਲੱਗੀ…. ਤੁਸੀਂ ਉਸ ਬਿਮਾਰ ਅਤੇ ਬੁੱਢੇ ਰੇਹੜੀ ਵਾਲੇ ਨੂੰ ਸਾਡੇ ਘਰ ਸਮਾਨ ਪਹੁੰਚਾਣ ਵਾਸਤੇ ਕਿਉਂ ਕਿਹਾ ਅਤੇ ਉਸ ਨੂੰ ਐਡਵਾਂਸ ਵਿੱਚ ਪੈਸੇ ਵੀ ਕਿਉਂ ਦਿੱਤੇ।। ਅਜਿਹੇ ਬੰਦੇ ਆਮ ਤੌਰ ਤੇ ਬੇਈਮਾਨ ਅਤੇ ਚੋਰ ਹੁੰਦੇ ਹਨ ਅਤੇ ਸਮਾਨ ਨੂੰ ਕਦੇ ਵੀ ਮਾਲਿਕ ਦੇ ਘਰ ਤਕ ਨਹੀਂ ਜਾਣ ਦਿੰਦੇ। ਚਲੋ ਮਾਰਕੀਟ ਅਤੇ ਉਸਨੂੰ ਲੱਭੀਏ। ਜੇਕਰ ਉਹ ਨਹੀਂ ਮਿਲਦਾ ਤਾਂ ਮਾਮਲੇ ਦੀ ਸ਼ਿਕਾਇਤ ਪੁਲਿਸ ਵਿੱਚ ਕਰ ਦੇਵਾਂਗੇ। ਥੋੜ੍ਹੀ ਦੇਰ ਬਾਅਦ ਉਹ ਮਾਰਕੀਟ ਵਿੱਚ ਪਹੁੰਚ ਗਏ। ਅਚਾਨਕ ਉਹਨਾਂ ਨੇ ਇੱਕ ਹੋਰ ਰੇੜੀ ਵਾਲੇ ਨੂੰ ਉਹਨਾਂ ਦਾ ਸਮਾਨ ਲਿਜਾਂਦੇ ਹੋਏ ਦੇਖਿਆ। ਉਨ੍ਹਾਂ ਨੇ ਉਸ ਨੂੰ ਰੋਕਿਆ ਅਤੇ ਗੁੱਸੇ ਨਾਲ ਕਹਿਣ ਲੱਗੇ… ਓਏ , ਤੂੰ ਸਾਡਾ ਸਮਾਨ ਲੈ ਕੇ ਕਿੱਧਰ ਜਾ ਰਿਹਾ ਹੈਂ? ਅਤੇ ਉਹ ਬੁੱਢਾ ਆਦਮੀ ਕਿਥੇ ਹੈ ਜਿਸ ਨੂੰ ਅਸੀਂ ਕੁਝ ਅਡਵਾਂਸ ਪੈਸੇ ਦਿੱਤੇ ਸਨ ਅਤੇ ਸਾਡੇ ਸਮਾਨ ਨੂੰ ਸਾਡੇ ਘਰ ਲਿਜਾਣ ਲਈ ਕਿਹਾ ਸੀ। ਦੂਜੀ ਰੇੜੀ ਵਾਲੇ ਨੇ ਅੱਖਾਂ ਵਿੱਚ ਹੰਜੂ ਭਰਦੇ ਹੋਏ ਕਿਹਾ… ਜਨਾਬ! ਅਸੀਂ ਗ਼ਰੀਬ ਲੋਕ ਚੋਰ ਅਤੇ ਬੇਈਮਾਨ ਨਹੀਂ ਹੁੰਦੇ। ਉਹ ਬੁੱਢਾ ਅਤੇ ਬਿਮਾਰ ਆਦਮੀ ਕਈ ਦਿਨਾਂ ਤੋਂ ਭੁੱਖਾ ਸੀ, ਜਿਸ ਕਰਕੇ ਉਹ ਕਮਜ਼ੋਰ ਵੀ ਹੋ ਗਿਆ ਸੀ। ਰੇੜੀ ਖਿੱਚਦੇ ਖਿੱਚਦੇ ਉਹ ਮਰ ਗਿਆ। ਲੇਕਿਨ ਮਰਨ ਤੋਂ ਪਹਿਲੇ ਮੈਨੂੰ ਤੁਹਾਡੇ ਦੁਆਰਾ ਦਿੱਤਾ ਹੋਇਆ ਐਡਵਾਂਸ ਪੈਸਾ, ਤੁਹਾਡਾ ਸਮਾਨ ਅਤੇ ਤੁਹਾਡਾ ਪਤਾ ਦਿੱਤਾ ਅਤੇ ਕਿਹਾ ਕਿ ਇਹ ਸਮਾਨ ਤੁਹਾਡੇ ਘਰ ਪਹੁੰਚਾ ਦੇਣਾ। ਮੈਂ ਇਹ ਸਮਾਨ ਤੁਹਾਡੇ ਘਰ ਹੀ ਲਿਜਾ ਰਿਹਾ ਹਾਂ। ਸ੍ਰੀ ਮਾਨ ਜੀ! ਆਮ ਤੌਰ ਤੇ ਗਰੀਬ ਨੂੰ ਪਰਖਣ ਤੋਂ ਪਹਿਲਾਂ ਉਸ ਨੂੰ ਚੋਰ ਅਤੇ ਬੇਈਮਾਨ ਸਮਝ ਲਿਆ ਜਾਂਦਾ ਹੈ ਜੋ ਕਿ ਠੀਕ ਨਹੀਂ। ਕਿਰਪਾ ਕਰਕੇ ਸਾਡਾ ਵਿਸ਼ਵਾਸ ਕਰੋ। ਇਹ ਸਾਰੀ ਗੱਲ ਸੁਣ ਕੇ ਉਹ ਪਤੀ ਅਤੇ ਪਤਨੀ ਨੂੰ ਆਪਣੇ ਵਿਹਾਰ ਤੇ ਬਹੁਤ ਦੁੱਖ ਅਤੇ ਸ਼ਰਮ ਆਈ ਅਤੇ ਪਹਿਲੇ ਵਾਲੇ ਬੁੱਢੇ ਰੇਹੜੀ ਵਾਲੇ ਦੀ ਮੌਤ ਦਾ ਵੀ ਬਹੁਤ ਦੁੱਖ ਹੋਇਆ। ਉਨ੍ਹਾਂ ਪਤੀ ਅਤੇ ਪਤਨੀ ਨੇ ਆਪਣੇ ਵਿਹਾਰ ਵਾਸਤੇ ਰੇੜੀ ਵਾਲੇ ਤੋਂ ਪਛਤਾਵੇ ਨਾਲ ਮਾਫ਼ੀ ਮੰਗੀ।
ਕਿਸੇ ਵੀ ਗਰੀਬ ਦੇ ਕੰਮ ਬਾਰੇ ਨਤੀਜਾ ਕੱਢਣ ਤੋਂ ਪਹਿਲਾਂ ਸਾਨੂੰ ਸਾਰੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ। ਬੇਸ਼ੱਕ ਕਿਸੇ ਖਾਸ ਮਾਮਲੇ ਨੂੰ ਲੈਕੇ ਸਾਡਾ ਤਜਰਬਾ ਹਰ ਬੰਦੇ ਤੇ ਸ਼ੱਕ ਕਰਨ ਵਾਲਾ ਹੋ ਸਕਦਾ ਹੈ, ਪਰੰਤੂ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਸਾਰੇ ਗਰੀਬ ਆਦਮੀ ਚੋਰ ਅਤੇ ਬੇਈਮਾਨ ਨਹੀਂ ਹੁੰਦੇ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ –124001(ਹਰਿਆਣਾ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly