HOME ਮਿੰਨੀ ਕਹਾਣੀ ‘ ਮੁੱਲ ਵਿਕੇਂਦਾ ਪਾਣੀ ‘

ਮਿੰਨੀ ਕਹਾਣੀ ‘ ਮੁੱਲ ਵਿਕੇਂਦਾ ਪਾਣੀ ‘

ਗੁਰਮੀਤ ਸਿੰਘ ਸਿੱਧੂ
    (ਸਮਾਜ ਵੀਕਲੀ)   ਸਾਇਦ ਛੋਟੇ ਹੁੰਦਿਆਂ ਕਹਾਣੀ ਦਾ ਸਿਰਲੇਖ ਕਦੇ ਸੁਣਿਆ ਹੋਵੇ। ਮੁੱਲ ਵਿਕੇਂਦਾ ਪਾਣੀ ਵੇ ਸੱਜਣਾ। ਨਾਲ ਹੀ ਇੱਕ ਪੁਰਾਣੇ ਗੀਤ ਨੇ ਤਰੰਨਮ ਛੇੜ ਦਿੱਤੀ। ਲੋਕਾਂ ਦਾ ਦੁੱਧ ਵਿਕਦਾ, ਤੇਰਾ ਵਿਕਦੈ ਜੈ ਕੁਰੇ ਪਾਣੀ। ਕੱਚੀਆਂ ਖੂਹੀਆਂ ‘ਤੇ ਡੋਲ ਨੇ ਖੜਕਦੇ, ਪਾਣੀ ਦੇ ਘੜਿਆਂ ਨੂੰ ਕੌਣ ਢੋਹੂਗਾ। ਭਾਬੀ ਸਾਗ ਨੂੰ ਜਾਈਂ,,,,,,,
  ਉਸ ਵਕਤ ਵੀ ਪਾਣੀ ਦੀ ਕੀਮਤ ਵਸੂਲੀ ਜਾਂਦੀ ਸੀ ਤੇ ਹੁਣ ਵੀ। ਮੈਂ ਗੱਲ ਕਰਨ ਲੱਗਾ ਹਾਂ, ਜਦ ਪਿੰਡਾਂ ‘ਚ ਦੋ ਜਾਂ ਚਾਰ ਹਲਟੇ ਖੂਹ ਹੁੰਦੇ ਸਨ। ਉਦੋਂ ਵੀ ਜਾਤ ਪਾਤ ਲੋਕਾਂ ਦੇ ਮਨਾਂ ਵਿੱਚ ਪਲ ਰਹੀ ਸੀ। ਇੱਕੋ ਖੂਹ ਵਿੱਚ ਚਾਰ ਬੋਕੇ ( ਚਮੜੇ ਦੀ ਮਸ਼ਕ ) ਲਮਕਾਏ ਜਾਂਦੇ ਸਨ। ਅੱਡ ਅੱਡ ਧਰਮਾਂ, ਗੋਤਾਂ ਜਾਤਾਂ ਦੇ ਘਰਾਂ ਵਿੱਚ ਪਾਣੀ ਭਰਿਆ ਜਾਂਦਾ ਸੀ। ਪਰ ਪਾਣੀ ਇੱਕ ਖੂਹ’ਚੋਂ ਇੱਕੋ ਹੀ ਧਰਤੀ ‘ਚੋਂ ਨਿਕਲਦਾ। ਜੇ ਮਹਿਰੇ ਸਿੱਖ ਘਰ ਘਰ ਪਹੁੰਚਾਉਣ ਦੀ ਸੇਵਾ ਨਿਭਾਉਂਦੇ। ਉਹਨਾਂ ਨੂੰ ਮਿਹਨਤਾਨਾ ਮਾਲ ਮਹਿਕਮੇ ਮਿਸਲ ਹਕੀਅਤ ( ਮੁਰੱਬਾਬੰਦੀ ਦੀ ਜਮਾਂਬੰਦੀ ) ਮੁਤਾਬਿਕ ਤਹਿ ਕੀਤਾ ਗਿਆ ਹੀ ਮਿਲਦਾ। ਜਿਸ ਵਿੱਚ ਹਰੇਕ ਕੰਮੀਕਾਰ ਵਿਅਕਤੀ ਦੇ ਕੰਮ ( ਕਿਸਾਨ ਨਾਲ ਸੇਪੀ ) ਲਈ ਦਾਣਾ ਫੱਕਾ ਦੇਣ ਬਾਰੇ ਨਕਸ਼ਾ ਵਾਜੱਬਉੱਲ ਅਰਜ਼ ਮੌਜੂਦ ਹੈ।
  ਪੰਜਾਬ ‘ਚ ਨਹਿਰਾਂ ਵਗੀਆਂ ਚੱਲੀਆਂ ਕਿਸਾਨ ਦੇ ਖੇਤਾਂ ਨੂੰ ਸਿੰਝਣ ਦਾ ਕੰਮ ਕਰਦੀਆਂ। ਸਰਕਾਰਾਂ ਨੇ ਮਹਿਕਮਾ ਨਹਿਰ ਬਣਾ ਕੇ ਕਿਸਾਨ ਕੋਲੋਂ ਨਹਿਰੀ ਮਾਮਲਾ ਉਗਰਾਹੁਣ ਲਈ ਨੰਬਰਦਾਰਾਂ ਦਾ ਪ੍ਰਬੰਧ ਕਰ ਲਿਆ।
 ਫਿਰ 1966 ਵਿੱਚ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ( ਜੋ ਇਮਾਨਦਾਰੀ ਦੀ ਮਿਸਾਲ ਵਜੋਂ ਜਾਣੇ ਜਾਂਦੇ ਹਨ )  ਨੇ ਹਰੀ ਕਰਾਂਤੀ ਲਿਆਂਦੀ ਕਿਸਾਨ ਨੂੰ ਨਹਿਰੀ ਖਾਲੇ ਪੱਕੇ ਕਰਨ,ਧਰਤੀ ‘ਚੋਂ ਪਾਣੀ ਕੱਢਣ ਲਈ ਬੋਰ ਲਵਾਉਣ ਤੇ ਚਲਾਉਣ ਵਾਲੇ ਡੀਜ਼ਲ ਇੰਜਨਾਂ ਵਾਸਤੇ ਲੋਨ ( ਕਰਜ਼ੇ ) ਦਿੱਤੇ ਗਏ। ਜਿਸ ਦੀਆਂ ਕਿਸਾਨ ਨੂੰ ਕਿਸ਼ਤਾਂ ਭਰਣੀਆਂ ਪੈਂਦੀਆਂ।
  ਸਮਾਂ ਆਪਣੀ ਤੋਰ ਤੁਰਦਾ ਰਿਹਾ। ਬਿਜਲਈ ਮੀਡੀਆ ਤੇ ਯੁੱਗ ਮਸ਼ੀਨੀ ਦਾ ਆ ਗਿਆ। ਬਿਜਲੀ ਮੋਟਰਾਂ ਲੱਗ ਗਈਆਂ। ਬਿਜਲੀ ਬਿੱਲ ਭਰਦੇ ਕਿਸਾਨ ਉਕਤਾ ਗਏ। ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਨੇ ਵੋਟਾਂ ਲਈ ਪੱਤਾ ਖੇਡ ਕੇ ਮੋਟਰਾਂ ਦੀ ਬਿਜਲੀ ਫਰੀ ਕਰ ਦਿੱਤੀ। ਕਿਸਾਨ ਖੁਸ਼ ਪਰੰਤੂ ਪੂਰਤੀ ਘਰਾਂ ਦੇ ਬਿਜਲੀ ਮੀਟਰਾਂ ਤੋਂ ਪੂਰੀ ਕਰ ਲਈ। ਬਾਅਦ ਵਿੱਚ ਉਸੇ ਸਰਕਾਰ ਨੇ ਮੋਟਰਾਂ ਦੇ ਬਿੱਲ ਮੁਆਫ ਕਰ ਉਹਨਾਂ ਦਾ ਬੋਝ ਘਰਾਂ ਦੇ ਬਿਜਲੀ ਮੀਟਰਾਂ ‘ਤੇ ਪਾ ਕੇ ਖ਼ਜਾਨਾ ਭਰ ਲਿਆ। ਦੂਜੀ ਸ਼ਤਰੰਜ ਦੀ ਗੋਟੀ ਐਸੀ ਖੇਡੀ ਕਿ, ਘਰਾਂ ਦੇ ਬਿਜਲੀ ਮੀਟਰਾਂ ਦੇ ਬਿੱਲ ਵੀ ਕਿਸੇ ਹੱਦ ‘ਚ ਰਹਿ ਕੇ ਮੁਆਫ ਕਰ ਦਿੱਤੇ।
  ਫਿਰ ਬਦਲਾਅ ਸਰਕਾਰਾਂ ਨੇ ਕਾਫ਼ੀ ਸਾਰੀਆਂ ਯੂਨਿਟਾਂ ਮੁਆਫ਼ ਕਰ ਦਿੱਤੀਆਂ ਸਾਰਿਆਂ ਨੂੰ। ਪਰੰਤੂ ਸਰਕਾਰ ਨੂੰ ਕਰਜ਼ਈ ਬਣਾ ਕੇ।
       ਘਰਦੀਆਂ ਤੇ ਖੇਤਾਂ ਦੀਆਂ ਮੋਟਰਾਂ ਪਾਣੀ ਮੁਫ਼ਤ ‘ਚ ਕੱਢ ਰਹੀਆਂ ਹਨ। ਅਸੀਂ ਪੰਜਾਬੀ ਉਸ ਦਾ ਮੁੱਲ ਕਿਸੇ ਨਾ ਕਿਸੇ ਰੂਪ ਵਿੱਚ ਉਤਾਰ ਰਹੇ ਹਾਂ। ਸਵੇਰ ਵੇਲੇ ਜਿਹੜਾ ਪਾਣੀ ਕੁਰਲੀ ਤੇ ਨਹਾਉਣ ਲਈ ਵਰਤਦੇ ਹਾਂ ਬਿੱਲ ਤਾਂ ਮਿਉਂਸਪਲ ਕਮੇਟੀ ਨੂੰ ਵੀ ਭਰਿਆ ਜਾਂਦਾ ਹੈ।
   ਹੁਣ ਗੱਲ ਕਰਦੇ ਹਾਂ ਕਿ, ਕੁਦਰਤੀ ਪਾਣੀ ਜੋ ਬਾਰਿਸ਼ਾਂ ਦੇ ਰੂਪ ਵਿੱਚ ਆਉਂਦਾ ਹੈ। ਉਸ ‘ਤੇ ਵੀ ਮਨੁੱਖ ਦੇ ਮਾਸਟਰ ਦਿਮਾਗ਼ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਦੇਸ਼ਾਂ ਤੇ ਰਾਜਾਂ ਦੀਆਂ ਲਕੀਰਾਂ ਖਿੱਚ ਦਿੱਤੀਆਂ। ਪਾਣੀ ਮੁੱਲ ਵੇਚਣ ਦੇ ਜ਼ਰੀਏ ਪੈਦਾ ਕਰ ਲਏ। ਲੜਾਈ ਕੋਈ ਹੋਰ ਸੀ ਪਰੰਤੂ ਘੜੀਸਿਆ ਪਾਣੀ ਨੂੰ ਹੀ ਉਹ ਭਾਵੇਂ ਪੁਰਾਣੇ ਪੰਜਾਬ ਦਾ ਹੋਵੇ। ਜਿਹਲਮ, ਚਨਾਬ,ਰਾਵੀ,ਸਿੰਧ,ਬਿਆਸ, ਸਤਲੁਜ,ਜਮਨਾ। ਜਿਹਨਾਂ ਦੀ ਕੀਮਤ ਪਾ ਕੇ ਵੰਡ ਕੀਤੀ ਜਾ ਰਹੀ ਹੈ,,,,,,,,,
ਗੁਰਮੀਤ ਸਿੰਘ ਸਿੱਧੂ ਕਾਨੂੰਗੋ ਫਰੀਦਕੋਟ। 8146593089
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੜਾਂ ਤੋਂ ਵਿਛੜੇ ਪੰਜਾਬੀ
Next articleਗੀਤ / ਮੈਂ ਰੋਹੀ ਦਾ ਰੁੱਖ