HOME ” ਮਿੰਨੀ ਕਹਾਣੀ ਦੇ ਸਿਖਿਆਰਥੀਆਂ ਲਈ ਇਕ ਲਾਭਦਾਇਕ ਸੰਪਾਦਿਤ ਪੁਸਤਕ”

” ਮਿੰਨੀ ਕਹਾਣੀ ਦੇ ਸਿਖਿਆਰਥੀਆਂ ਲਈ ਇਕ ਲਾਭਦਾਇਕ ਸੰਪਾਦਿਤ ਪੁਸਤਕ”

7

ਤੇਜਿੰਦਰ ਚੰਡਿਹੋਕ

ਪੁਸਤਕ ਦਾ ਨਾਂ -ਡਾਕਟਰ ਅਮਰ ਕੋਮਲ ਵੱਲੋਂ ਪੰਜਾਬੀ ਮਿੰਨੀ ਕਹਾਣੀ ਦਾ ਕਥਾ ਸ਼ਾਸ਼ਤਰ ਅਤੇ ਸਮਾਲੋਚਨਾ।
ਸੰਪਾਦਕ –       ਡਾਕਟਰ ਹਰਪ੍ਰੀਤ ਸਿੰਘ ਰਾਣਾ
ਪੰਨੇ –            176 ਕੀਮਤ – 295/- ਰੁਪਏ
ਪ੍ਰਕਾਸ਼ਕ –       ਕੇ ਪਬਲੀਕੇਸ਼ਨਜ਼, ਬਰੇਟਾ ।

ਤੇਜਿੰਦਰ ਚੰਡਿਹੋਕ

 (ਸਮਾਜ ਵੀਕਲੀ)  ਡਾਕਟਰ ਹਰਪ੍ਰੀਤ ਸਿੰਘ ਰਾਣਾ ਮਿੰਨੀ ਕਹਾਣੀ ਦਾ ਜਾਣਿਆ ਪਛਾਣਿਆ ਹਸਤਾਖਰ ਹੈ। ਮਿੰਨੀ ਕਹਾਣੀ ਉਪਰ ਐਮ ਫਿਲ ਅਤੇ ਪੀ ਐਚ ਡੀ ਹੋਣ ਦੇ ਨਾਲ ਨਾਲ ਉਸ ਦੀਆਂ ਤਿੰਨ ਮਿੰਨੀ ਕਹਾਣੀ ਸੰਗ੍ਰਹਿ, ਸੰਪਾਦਨਾ ਕਾਰਜ ਅਤੇ ਹੋਰ ਕਈ ਸਾਹਿਤ ਦੇ ਕੰਮ ਕਰ ਰਿਹਾ ਹੈ। ਹਥਲੀ ਪੁਸਤਕ ” ਡਾਕਟਰ ਅਮਰ ਕੋਮਲ ਵੱਲੋਂ ਪੰਜਾਬੀ ਮਿੰਨੀ ਕਹਾਣੀ ਦਾ ਕਥਾ ਸ਼ਾਸ਼ਤਰ ਅਤੇ ਸਮਾਲੋਚਨਾ” ਡਾਕਟਰ ਰਾਣਾ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਪੁਸਤਕ ਵਿਚੋਂ ਵਿਚਰਦਿਆਂ ਜਾਣਕਾਰੀ ਮਿਲਦੀ ਹੈ ਕਿ ਇਸ ਪੁਸਤਕ ਵਿਚ ਡਾਕਟਰ ਅਮਰ ਕੋਮਲ ਦੀ ਸਾਲ 1995 ਵਿਚ ਛਪੀ ਆਲੋਚਨਾ ਦੀ ਪੁਸਤਕ ” ਮਿੰਨੀ ਕਹਾਣੀ ਦਾ ਕਥਾ ਸ਼ਾਸ਼ਤਰ” ਅਤੇ ਬਵੰਜਾ ਮਿੰਨੀ ਕਹਾਣੀਕਾਰਾਂ ਦੀਆਂ ਕਹਾਣੀਆਂ ਉਪਰ ਡਾਕਟਰ ਕੋਮਲ ਵੱਲੋਂ ਕੀਤੀ ਸਮਾਲੋਚਨਾ ਦਰਜ ਹੈ। ਇਹ ਸਮਾਲੋਚਨਾ ਪਹਿਲਾ ਤਿਮਾਹੀ ਮੈਗਜ਼ੀਨ ਛਿਣ ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ।

ਮਿੰਨੀ ਕਹਾਣੀ ਦੀ  ਵਿਸ਼ਾ ਵਸਤੂ, ਕਥਾ ਵਿਧੀ, ਕਹਾਣੀ ਦੇ ਮੁੱਖ ਤੱਤ ਅਤੇ ਕਹਾਣੀ ਮਿੰਨੀ ਕਹਾਣੀ ਵਿਚਲੇ ਫਰਕ ਨੂੰ ਦਸਿਆ ਗਿਆ ਹੈ। ਮਿੰਨੀ ਕਹਾਣੀ ਬਾਰੇ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਨੇ ਲਿਖਿਆ ਹੈ, ” ਵੱਡੀ ਵਿਸਥਾਰ ਨਾਲ ਕੀਤੀ ਜਾਣ ਵਾਲੀ ਗੱਲ, ਘਟਨਾ ਜਾਂ ਜੀਵਨ ਬਿਰਤਾਂਤ ਦੇ ਇਕ ਅੰਗ ਨੂੰ ਥੋੜ੍ਹੇ ਸੰਜਮਮਈ ਸ਼ਬਦਾਂ ਵਿੱਚ ਕਥਾਤਮਕ ਬਿੰਬ ਵਿਚ ਢਾਲਣ ਦੀ ਕਲਾ ਹੀ ਮਿੰਨੀ ਕਹਾਣੀ ਹੈ।” ਪੁਸਤਕ ਵਿਚ ਮਿੰਨੀ ਕਹਾਣੀ ਦੀਆਂ ਪ੍ਰਾਪਤੀਆਂ, ਸੰਭਾਵਨਾਵਾਂ ਅਤੇ ਦਰ ਪੇਸ਼ ਔਕੜਾਂ ਅਤੇ ਸਮਾਧਾਨ ਨੂੰ ਬਿਆਨਿਆ ਗਿਆ ਹੈ।
ਪੁਸਤਕ ਅਨੁਸਾਰ ਮਿੰਨੀ ਕਹਾਣੀ ਵਿਚ ਕਥਾ ਬੋਧ ਤਾਂ ਹੁੰਦੀ ਹੈ ਪਰ ਕਥਾ ਵਿਸਥਾਰ ਨਹੀਂ ਹੁੰਦਾ। ਮਿੰਨੀ ਕਹਾਣੀ ਦਾ ਅਪਣਾ ਸਾਹਿਤ ਰੂਪ ਅਤੇ ਬਣਤਰ ਹੁੰਦੀ ਹੈ। ਵਿਸ਼ਾ ਵਸਤੂ ਅਤੇ ਸਾਹਿਤ ਰੂਪ ਇਕ ਦੂਜੇ ਦੇ ਪੂਰਕ ਹਨ। ਕਿਸੇ ਵੀ ਰਚਨਾ ਵਿਚ ਵਿਸ਼ਾ ਆਪਣੇ ਆਪ ਆ ਜਾਂਦਾ ਹੈ। ਢੂੰਡਣ ਦੀ ਲੋੜ ਨਹੀਂ ਪੈਂਦੀ। ਪੁਸਤਕ ਵਿਚ ਮਿੰਨੀ ਕਹਾਣੀਂ ਦੇ ਨਾਮਕਰਣ, ਸ਼ੈਲੀ, ਸੀਮਾ ਦੇ ਨਾਲ ਸੱਤ ਤਰ੍ਹਾਂ ਦੇ ਪ੍ਰਤੀਕਾਂ ਦਾ ਵਰਨਣ ਵੀ ਕੀਤਾ ਗਿਆ ਹੈ। ਮਿੰਨੀ ਕਹਾਣੀ ਦੇ ਸਿਰਲੇਖ, ਪਾਤਰ, ਘਟਨਾ ਅਤੇ ਭਾਸ਼ਾ ਦਾ ਗਿਆਨ ਦਿੱਤਾ ਗਿਆ ਹੈ। ਮਿੰਨੀ ਕਹਾਣੀ ਬਾਰੇ ਪਾਏ ਜਾਂਦੇ ਭਰਮ ਭੁਲੇਖੇ ਨੂੰ ਸਾਕਾਰ ਕੀਤਾ ਗਿਆ ਹੈ।

ਇਸ ਹਥਲੀ ਪੁਸਤਕ ਦੇ ਦੂਜੇ ਹਿੱਸੇ ਵਿੱਚ ਕੁਝ ਮਿੰਨੀ ਕਹਾਣੀਕਾਰਾਂ ਦੀਆਂ ਕਹਾਣੀਆਂ ਨਾਲ ਉਹਨਾਂ ਦੀ ਸਮਾਲੋਚਨਾ ਕੀਤੀ ਗਈ ਹੈ। ਇਹਨਾਂ ਬਵੰਜਾ ਮਿੰਨੀ ਕਹਾਣੀਆਂ ਦੀ ਸਮਾਲੋਚਨਾ ਵਿਚ ਕਹਾਣੀ ਦਾ ਮਤਲਬ, ਅੰਤਰੀਵ ਭਾਵ, ਉਦੇਸ਼ ਅਤੇ ਸਮਝਣ ਦਾ ਯਤਨ ਕਰਵਾਇਆ ਗਿਆ ਹੈ ਜਿਵੇਂ ਹਰਿੰਦਰ ਗੋਗਨਾ ਦੀ ਕਹਾਣੀ ਰੋਜੀ ਰੋਟੀ ਗ਼ੁਰਬਤ ਨੂੰ ਤਜ਼ਾਰਤ ਨਾਲ ਜੁੜਿਆ ਦਿਖਾਇਆ ਗਿਆ ਹੈ। ਡਾਕਟਰ ਜੋਗਿੰਦਰ ਸਿੰਘ ਨਿਰਾਲਾ ਦੀ ਮਿੰਨੀ ਕਹਾਣੀ, ਕਹਾਣੀ ਲੇਖਕ ਵਿਚ ਕਹਾਣੀ ਦਾ ਪਿਛੋਕੜ ਮਨੋਵਿਗਿਆਨਕ ਤੱਤ ਹੈ। ਸੁਚੇਤ ਭਾਵਨਾ ਜਗਾਉਣ ਵਾਲੀ ਬਿਕਰਮਜੀਤ ਨੂਰ ਦੀ ਕਹਾਣੀ ਵੁਕੱਤ ਹੈ।

ਇਸੇ ਤਰ੍ਹਾਂ ਪੁਸਤਕ ਵਿਚਲੀਆਂ ਅਵੱਲ ਸਰਹੱਦੀ ਦੀ ਜ਼ਿੰਦਗੀ, ਸਿਆਮ ਸੁੰਦਰ ਅਗਰਵਾਲ ਦੀ ਆਥਣ ਵੇਲਾ, ਸ਼ਿਆਮ ਸੁੰਦਰ ਦੀਪਤੀ ਦੀ ਜਾਲੇ, ਹਰਪ੍ਰੀਤ ਰਾਣਾ ਦੀ ਖੁਸ਼ੀ, ਹਰਭਜਨ ਸਿੰਘ ਖੇਮਕਰਨੀ ਦੀ ਜਾਗਦੀ ਅੱਖ ਦਾ ਸੁਪਨਾ, ਡਾਕਟਰ ਕਰਮਜੀਤ ਸਿੰਘ ਨਡਾਲਾ ਦੀ ਪਰਾਲੀ ਦਾ ਸੇਕ, ਗੁਰਮੇਲ ਮਡਾਹੜ ਦੀ ਅਹਿਸਾਸ, ਡੀ ਐਮ ਸਿੰਘ ਦੀ ਸਾਮਾਨ, ਨਿਰੰਜਨ ਬੋਹਾ ਦੀ ਸ਼ੀਸ਼ਾ, ਭੁਪਿੰਦਰ ਸਿੰਘ ਆਈ. ਏ. ਐੱਸ. ਦੀ ਪਹੁੰਚਿਆ ਫ਼ਕੀਰ, ਮੋਹਨ ਸ਼ਰਮਾ ਦੀ ਨਜ਼ਰ ਦੀ ਭਾਸ਼ਾ, ਰਘਬੀਰ ਸਿੰਘ ਮਹਿਮੀ ਦੀ ਨੇਕ ਦਾ ਫਲ, ਰਣਜੀਤ ਆਜ਼ਾਦ ਕਾਂਝਲਾ ਦੀ ਤਜ਼ਰਬਾ ਆਦਿ ਵਰਨਣਯੋਗ ਹਨ।

ਪੁਸਤਕ ਦੇ ਅੰਤ ਵਿੱਚ ਡਾਕਟਰ ਅਮਰ ਕੋਮਲ ਦੀਆਂ ਕਿਰਤਾਂ ਅੰਤਿਕਾ ਵਿਚ ਡਾਕਟਰ ਅਮਰ ਕੋਮਲ ਦਾ ਰਚਨਾ ਸੰਸਾਰ ਵਿੱਚ ਦਰਜ ਕੀਤਾ ਹੈ। ਡਾਕਟਰ ਹਰਪ੍ਰੀਤ ਰਾਣਾ ਨੇ ਮਿੰਨੀ ਕਹਾਣੀ ਦੇ ਲੇਖਕਾਂ ਅਤੇ ਨਵੇਂ ਕਹਾਣੀਕਾਰਾਂ ਲਈ ਇਕ ਸ਼ਾਹਕਾਰ ਪੇਸ਼ ਕੀਤਾ ਹੈ। ਨਵੇਂ ਮਿੰਨੀ ਕਹਾਣੀਕਾਰਾਂ ਨੂੰ ਇਸ ਪੁਸਤਕ ਰਾਹੀਂ ਮਿੰਨੀ ਕਹਾਣੀ ਰਚਨਾ ਵਿਚ ਸੇਧ ਮਿਲੇਗੀ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਨੂੰ ਖ਼ੁਸ਼ ਆਮਦੀਦ ਕਹਿਣਾ ਬਣਦਾ ਹੈ।

ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਲਾਕ ਨੂਰਪੁਰ ਬੇਦੀ ਵਿੱਚ ਸ਼ਾਂਤੀਪੂਰਨ ਚੋਣਾਂ ਪਿੱਛੇ ਪੁਲਿਸ ਦੀ ਅਥਾਹ ਮਿਹਨਤ, ਐਸਐਚਓ ਰੋਹਿਤ ਸ਼ਰਮਾ ਦੀ ਭੂਮਿਕਾ ਰਹੀ ਲਾਜਵਾਬ — ਡਾਕਟਰ ਦਵਿੰਦਰ ਬਜਾੜ, ਸਮਾਜ ਸੇਵੀ
Next article*ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਸੰਘਰਸ਼ ਦਾ ਐਲਾਨ*