(ਸਮਾਜ ਵੀਕਲੀ)- ਰੋਜ਼ਾਨਾ ਅਖ਼ਬਾਰਾਂ, ਸੋਸ਼ਲ ਮੀਡੀਆ, ਨਿਊਜ਼ ਚੈਨਲਾਂ ਅਤੇ ਹੋਰ ਸੰਚਾਰ ਸਾਧਨਾਂ ਉੱਪਰ ਅਸੀਂ ਆਮ ਤੌਰ ’ਤੇ ਸੜਕ ਹਾਦਸਿਆਂ ਦੀਆਂ ਭਿਆਨਕ ਤਸਵੀਰਾਂ ਅਤੇ ਖ਼ਬਰਾਂ ਦੇਖਦੇ ਅਤੇ ਸੁਣਦੇ ਹਾਂ, ਜੋ ਪੜ੍ਹਨ ਤੇ ਦੇਖਣ ਵਾਲੇ ਨੂੰ ਦੁਖੀ ਤੇ ਪ੍ਰੇਸ਼ਾਨ ਕਰਦੀਆਂ ਹਨ। ਸੜਕ ਹਾਦਸਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਸਾਡੇ ਸਮਾਜ ਲਈ ਬਹੁਤ ਵੱਡੀ ਚਿੰਤਾ ਦਾ ਮਸਲਾ ਹੈ। ਇਸ ਗ਼ੈਰ-ਕੁਦਰਤੀ ਘਟਨਾ ਦਾ ਸ਼ਿਕਾਰ ਕੋਈ ਵੀ ਕਿਸੇ ਸਮੇਂ ਵੀ ਹੋ ਸਕਦਾ ਹੈ, ਜਿਸ ਨਾਲ ਅਸੀਂ ਹਰ ਸਾਲ ਲੱਖਾਂ ਕੀਮਤੀ ਜਾਨਾਂ ਸੜਕਾਂ ਉੱਪਰ ਗੁਆ ਦਿੰਦੇ ਹਾਂ। ਕਈ ਭਿਆਨਕ ਸੜਕ ਹਾਦਸਿਆਂ ਵਿਚ ਪੂਰੇ ਦੇ ਪੂਰੇ ਪਰਿਵਾਰ ਵੀ ਖਤਮ ਹੋ ਜਾਂਦੇ ਹਨ। ਇਸ ਕਰਕੇ ਹਾਦਸਿਆਂ ਵਿਚ ਸ਼ਾਮਲ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉੱਪਰ ਬਹੁਤ ਬੁਰੀ ਬੀਤਦੀ ਹੈ। ਇਸ ਕਾਰਨ ਉਹ ਸਾਰੀ ਉਮਰ ਮਾਨਸਿਕ ਤੇ ਆਰਥਿਕ ਸੰਤਾਪ ਹੰਢਾਉਂਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੇ ਸਾਰੇ ਦੇਸ਼ ਆਪਣੇ-ਆਪਣੇ ਪੱਧਰ ਉੱਪਰ ਬਹੁਤ ਤੇਜ਼ੀ ਨਾਲ ਸਮਾਜਿਕ ਅਤੇ ਆਰਥਿਕ ਵਿਕਾਸ ਕਰ ਰਹੇ ਹਨ, ਜਿਸ ਵਿਚ ਆਵਾਜਾਈ ਦੇ ਸਾਧਨਾਂ ਦਾ ਬਹੁਤ ਮਹੱਤਵਪੂਰਨ ਰੋਲ ਹੈ। ਵਿਕਾਸ ਦਾ ਪੱਧਰ ਵਧਣ ਕਰਕੇ ਆਵਾਜਾਈ ਦੇ ਸਾਧਨ ਵੀ ਬਹੁਤ ਵਧ ਰਹੇ ਹਨ ਤੇ ਕਈ ਦੇਸ਼ਾਂ ਵਿਚ ਆਵਾਜਾਈ ਸਬੰਧੀ ਵੱਡੀ ਸਮੱਸਿਆ ਬਣ ਰਹੀ ਹੈ। ਆਵਾਜਾਈ ਤੇ ਇਸ ਦੇ ਸਾਧਨ ਵੱਧਣ ਕਰਕੇ ਹੀ ਸੜਕ ਦੁਰਘਟਨਾਵਾਂ ਵੀ ਵਧ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਹ ਕੀ ਆਵਾਜਾਈ ਦੇ ਸਾਧਨਾਂ ਦੀ ਦਰ ਜਿਸ ਰਫ਼ਤਾਰ ਨਾਲ ਵਧ ਰਹੀ ਹੈ, ਉਸ ਨਾਲ ਸੜਕਾਂ ਦਾ ਢਾਂਚਾ ਨਹੀਂ ਵਧ-ਫੁੱਲ ਰਿਹਾ।
ਪੰਜਾਬ ਵਿਚ ਸੜਕ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਤੇਜ ਰਫ਼ਤਾਰੀ ਹੈ, ਜੋ ਕਿ ਸਭ ਤੋਂ ਵੱਧ ਮੌਤਾਂ ਦਾ ਵੀ ਕਾਰਨ ਹੈ। ਹੋਰ ਕਾਰਨ ਸ਼ਰਾਬ ਪੀ ਕੇ ਡਰਾਈਵਿੰਗ, ਅਵਾਰਾ ਪਸ਼ੂਆਂ ਦਾ ਟਕਰਾਉਣਾ, ਸੀਟ ਬੈਲਟ ਅਤੇ ਹੈਲਮਟ ਨਾ ਵਰਤਣਾ ਅਤੇ ਸੜਕੀ ਨਿਯਮਾਂ ਦੀ ਉਲੰਘਣਾ ਆਦਿ ਹਨ। ਇਕ ਵੱਡਾ ਕਾਰਨ ਹੈ ਜਿਸਦੀ ਵਿਸੇਸ਼ ਤੌਰ ’ਤੇ ਚਰਚਾ ਕਰਨੀ ਬਣਦੀ ਹੈ, ਉਹ ਹੈ ਡਰਾਈਵਿਇੰਗ ਦੀ ਸਹੀ ਜਾਣਕਾਰੀ ਤੇ ਸਿਖਲਾਈ ਨਾ ਹੋਣਾ ਹੈ। ਇਸ ਮਾਮਲੇ ਵਿਚ ਜ਼ਿਆਦਾਤਰ ਛੋਟੀ ਉਮਰ ਦੇ ਬੱਚੇ ਵੀ ਸ਼ਾਮਲ ਹੁੰਦੇ ਹਨ। ਇਸ ਦਾ ਮੁੱਖ ਕਾਰਨ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਦਾ ਸਹੀ ਨਾ ਹੋਣਾ, ਡਰਾਈਵਿੰਗ ਟੈਸਟਿੰਗ ਦਾ ਸਹੀ ਨਾ ਹੋਣਾ ਹੈ ਅਤੇ ਸਿਫ਼ਾਰਸ਼ਬਾਜ਼ੀ ਤੇ ਰਿਸ਼ਵਤਖ਼ੋਰੀ। ਪੰਜਾਬ ਵਿਚ ਹਰ ਰੋਜ਼ ਹਜ਼ਾਰਾਂ ਹੀ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ, ਜਿਸਦੀ ਪ੍ਰਕਿਰਿਆ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੀ ਹੈ, ਕਿਉਂਕਿ ਇਸ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਜਿਸ ਵਿਚ ਬਿਨਾਂ ਟ੍ਰੇਨਿੰਗ ਦੇ ਹੀ, ਵਿਚੋਲਿਆਂ ਵੱਲੋਂ ਵੱਧ ਪੈਸਿਆਂ ਦੇ ਆਧਾਰ ’ਤੇ ਹੀ ਲਾਇਸੈਂਸ ਬਣਵਾ ਦਿੱਤੇ ਹਨ। ਇਸ ਪਾਸੇ ਸਰਕਾਰ ਨੂੰ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ।
ਸੜਕ ਹਾਦਸਿਆਂ ਕਾਰਨ ਅਸੀਂ ਅਨੇਕਾਂ ਨਾਮੀ ਤੇ ਅਹਿਮ ਹਸਤੀਆਂ, ਫ਼ਿਲਮੀ ਅਦਾਕਾਰਾਂ, ਆਗੂਆਂ ਆਦਿ ਨੂੰ ਗੁਆ ਚੁੱਕੇ ਹਾਂ। ਸੜਕ ਦੁਰਘਟਨਾ ਵਿਚ ਮੌਤ ਜਾਂ ਗੰਭੀਰ ਜ਼ਖ਼ਮੀ ਹੋਣਾ ਕਿਸੇ ਵੀ ਆਮ ਵਿਅਕਤੀ ਅਤੇ ਉਸਦੇ ਪਰਿਵਾਰ ਲਈ ਬਹੁਤ ਦੁਖਦਾਈ ਹੁੰਦਾ ਹੈ। ਕਈ ਪਰਿਵਾਰਾਂ ਵਿਚ ਉਸ ਵਿਅਕਤੀ ਦੀ ਸੜਕ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ, ਜੋ ਪਰਿਵਾਰ ਵਿਚ ਕਮਾਉਣ ਵਾਲਾ ਇਕੱਲਾ ਹੁੰਦਾ ਹੈ। ਇਸ ਤਰ੍ਹਾਂ ਬਾਕੀ ਦਾ ਪਰਿਵਾਰ ਗ਼ਰੀਬੀ ਦੇ ਮੂੰਹ ਵਿਚ ਚਲਾ ਜਾਂਦਾ ਹੈ, ਜਿਸ ਦਾ ਪਰਿਵਾਰ ਦੇ ਬਾਕੀ ਮੈਂਬਰਾਂ, ਬੱਚਿਆਂ ਦੇ ਵਿਕਾਸ ਅਤੇ ਪਰਿਵਾਰ ਦੀ ਆਰਥਿਕ ਤੇ ਸਮਾਜਿਕ ਸਥਿਤੀ ਉੱਪਰ ਗੰਭੀਰ ਅਸਰ ਪੈਂਦਾ ਹੈ। ਇਸੇ ਤਰ੍ਹਾਂ ਗੰਭੀਰ ਜ਼ਖਮੀ ਹੋਏ ਲੋਕ ਵੀ ਕਈ ਵਾਰ ਉਮਰ-ਭਰ ਲਈ ਸਰੀਰਕ ਤੇ ਮਾਨਸਿਕ ਤੌਰ ’ਤੇ ਨਕਾਰਾ ਹੋ ਜਾਂਦੇ ਹਨ ਤੇ ਕਈ ਵਾਰ ਬਾਕੀ ਪਰਿਵਾਰ ਉੱਪਰ ਬੋਝ ਬਣ ਕੇ ਰਹਿ ਜਾਂਦੇ ਹਨ।
ਪੰਜਾਬ ਵਿਚ ਆਮ ਤੌਰ ’ਤੇ ਲੋਕਾਂ ਵੱਲੋਂ ਸੜਕ ਦੁਰਘਟਨਾਵਾਂ ਅਤੇ ਇਸ ਨਾਲ ਹੋਈਆਂ ਮੌਤਾਂ ਨੂੰ ਰੱਬ ਦੀ ਮਰਜ਼ੀ, ਕੁਦਰਤ ਦਾ ਭਾਣਾ ਮੰਨ ਲਿਆ ਜਾਂਦਾ ਹੈ, ਪਰ ਸੜਕ ਹਾਦਸਿਆਂ ਦਾ ਮੁੱਖ ਕਾਰਨ ਮਨੁੱਖੀ ਗ਼ਲਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਸਰਕਾਰਾਂ ਨੂੰ, ਆਮ ਨਾਗਰਿਕ ਨੂੰ, ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਪੰਜਾਬ ਵਿਚ ਲੋਕਾਂ ਵੱਲੋਂ ਸੜਕ ਹਾਦਸੇ ਸਬੰਧੀ ਬੀਮਾ ਵੀ ਬਹੁਤ ਘੱਟ ਕਰਵਾਇਆ ਜਾਂਦਾ ਹੈ। ਇਕ ਅੰਦਾਜ਼ੇ ਮੁਤਾਬਕ ਸਿਰਫ਼ ਦੋ ਫ਼ੀਸਦੀ ਲੋਕ ਹੀ ਆਪਣਾ ਐਕਸੀਡੈਂਟਲ ਬੀਮਾ ਕਰਵਾਉਂਦੇ ਹਨ। ਵੈਸੇ ਤਾਂ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸੜਕ ਦੁਰਘਟਨਾ ਬੀਮੇ ਬਾਰੇ ਕਾਫ਼ੀ ਸਕੀਮਾਂ ਚਲਾਈਆਂ ਜਾਂਦੀਆਂ ਹਨ, ਪਰ ਇਸ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸਕੀਮਾਂ ਨੂੰ ਸੌਖਿਆਂ ਉਪਲਬਧ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਆਪਣੇ-ਆਪਣੇ ਪੱਧਰ ’ਤੇ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਕਾਫ਼ੀ ਕਦਮ ਚੁੱਕੇ ਗਏ ਹਨ, ਜਿਵੇਂ ਕੇਂਦਰ ਸਰਕਾਰ ਨੇ ਮੋਟਰ ਵਾਹਨ ਐਕਟ 2019 ਪਾਸ ਕੀਤਾ, ਜਿਸ ਵਿਚ ਬਹੁਤ ਵਧੀਆ ਪ੍ਰਬੰਧ ਹਨ। ਇਸ ਦੇ ਨਾਲ-ਨਾਲ ਹਰ ਆਮ ਨਾਗਰਿਕ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸੜਕੀ ਨਿਯਮਾਂ ਦਾ ਹੂਬਹੂ ਪਾਲਣ ਕਰਨ। ਜੇ ਇੰਝ ਹੋ ਜਾਵੇ ਤਾਂ ਯਕੀਨਨ ਹਾਦਸਿਆਂ ਨੂੰ ਬਹੁਤ ਘਟਾਇਆ ਤੇ ਅਨੇਕਾਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਲੇਖਿਕਾ: ਅਮ੍ਰਿਤ ਕੌਰ ਬੁਢਲਾਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly