ਜਦ ਤਕ ਅਸੀਂ ਸਹਿਜ ਨਹੀਂ ਹੋ ਜਾਂਦੇ !!
ਲੱਖਾ ਸਿਧਾਣਾ ਤੇ ਏਹੋ ਜਿਹੇ ਹੋਰ ਲੋਕ ਕਿਵੇਂ ਏਨੀ ਹਿੰਮਤ ਕਰ ਜਾਂਦੇ ਹਨ ਕਿ ਕਿਸੇ ਵੀ ਵਿਰੋਧੀ ਅਵਾਜ਼ ਨੂੰ ਦਬਾਉਣ ਜਾਂ ਧਮਕਾਉਣ ਲਈ ਬਾਹੂ ਬਲ ਦਾ ਇਸਤੇਮਾਲ ਕਰਦੇ ਨੇ..ਕੀ ਅਸੀਂ ਪੰਜਾਬੀ ਖੁਦ ਕਸੂਰਵਾਰ ਨਹੀਂ ! ..ਕੀ ਇਹ ਮਹੌਲ ਅਸੀਂ ਖੁਦ ਨਹੀਂ ਵਧਣ ਫੁੱਲਣ ਦਿਤਾ..ਯਾਦ ਏ ਕਿ ਭੁੱਲ ਗਏ ਹੋ ਕਿ ਗੁਰੂਆਂ ਦੀ ਧਰਤੀ ਤੋਂ ਕਿਸਾਨ ਮੋਰਚਾ ਜਦੋਂ ਦਿੱਲੀ ਪਹੁੰਚਿਆ ਸੀ ਤਾਂ ਦਿੱਲੀ ਵਿਆਹੁਣ ਦਾ ਲਲਕਾਰਾ ਗੂੰਜਿਆ ਸੀ..ਸਿਆਣੇ ਸਹਿਜ ਸੁਹਿਰਦ ਲੋਕਾਂ ਇਸ ਲਲਕਾਰੇ ‘ਤੇ ਇਤਰਾਜ਼ ਪ੍ਰਗਟ ਕੀਤਾ..ਅਸੀਂ ਮਜ਼ਾਕ ਉਡਾਇਆ ਤੇ ਸਹਿਜ ਲੋਕਾਂ ਨੂੰ ਗੀਦੀ ਡਰਪੋਕ ਹੋਣ ਦੇ ਲਕਬ ਦਿਤੇ..ਇਹ ਮਜ਼ਾਕ, ਇਹ ਉਜੱਡਪੁਣਾ ਲੱਖਾ ਸਿਧਾਣਾ ਕਿਸਮ ਦੇ ਸਾਰੇ ਅਨਸਰਾਂ ਲਈ ਆਪਣੀ ਅਨਾਇਕ( ਕਹਿਣ ਨੂੰ ਨਾਇਕ!) ਸਿਆਸਤ ਚਮਕਾਉਣ ਲਈ ਜ਼ਰਖ਼ੇਜ਼ ਮਿੱਟੀ ਬਣਿਆ ..ਤੇ ਅੱਜ ਉਹ ਫੁੰਕਾਰੇ ਮਾਰ ਰਹੇ ਹਨ।
ਕੋਈ ਵੀ ਇਮਾਨਦਾਰ ਆਗੂ ਸਵਾਲਾਂ ਤੋਂ ਘਬਰਾਉੰਦਾ ਨਹੀਂ ਹੁੰਦਾ ..ਪੱਤਰਕਾਰੀ ਦਾ ਇਕ ਅਸੂਲ ਹੈ ਕਿ ਐਸੇ ਸਵਾਲ ਕੀਤੇ ਜਾਣ ਜਿਸਦੇ ਜਵਾਬ ਦਿੰਦਿਆਂ ਸਾਹਮਣੇ ਇੰਟਰਵਿਊ ਦੇ ਰਿਹਾ ਵਿਅਕਤੀ ਆਪਣਾ ਪੱਖ ਰੱਖ ਸਕੇ..ਇਹ ਸਵਾਲ ਜਿਨੇ ਮਰਜ਼ੀ ਤਿੱਖੇ ਹੋਣ, ਜੇ ਇੰਟਰਵਿਊ ਦੇ ਰਿਹਾ ਵਿਅਕਤੀ ਪ੍ਰਪੱਕ ਤੇ ਗੁਣੀ ਹੈ ਤਾਂ ਤਿੱਖੇ ਸਵਾਲ ਸਗ਼ੋੰ ਆਪਣੀ ਵਿਚਾਰਧਾਰਾ ਸਪਸ਼ਟ ਕਰਨ ਲਈ ਲਾਹੇਵੰਦ ਹੁੰਦੇ ਨੇ..ਨਾ ਪੱਤਰਕਾਰ ਨੇ ਵਿਅਕਤੀ ਨੂੰ ਢਾਹੁਣਾ ਹੁੰਦਾ , ਨਾ ਵਿਅਕਤੀ ਨੇ ਪੱਤਰਕਾਰ ਨੂੰ ..ਪਰ ਅਸੀਂ ਢਾਹੁਣ ਤੇ ਢਹਿਣ ਦੇ ਯੁੱਗ ‘ਚੋਂ ਬਾਹਰ ਨਹੀਂ ਨਿਕਲ ਰਹੇ..ਸਗ਼ੋੰ ਹੋਰ ਫਸ ਰਹੇ ਹਾਂ ..ਬਾਬੇ ਨਾਨਕ ਵਲੋਂ ਰਚਾਏ ਸਹਿਜ ਸਿੱਧ ਗੋਸ਼ਟ ਨੂੰ ਅਸੀਂ ਬੀਤੇ ਦਾ ਚੈਪਟਰ ਮੰਨ ਕੇ ਮੋਟੀ ਤਹਿ ਵਾਲੇ ਰੁਮਾਲਿਆਂ ‘ਚ ਹਮੇਸ਼ਾਂ ਲਈ ਬੰਦ ਕਰ ਚੁਕੇ ਹਾਂ ..ਤੇ ਦਮਗਜੇ ਪੰਜਾਬੀਅਤ ਦੇ ਮਾਰਦੇ ਹਾਂ !
ਸਿਆਸਤ ਕਿਉਂ ਗਰਕ ਗਈ ਹੈ..ਕਿਉਂਕਿ ਅਸੀਂ ਦਮਗਜੇ ਸੁਣਨ , ਦਮਗਜੇ ਮਾਰਨ ਦੇ ਆਦੀ ਹੋ ਗਏ ਹਾਂ ..”ਫਲਾਣੇ ਆਗੂ ਨੇ ਬਹਿਜਾ ਬਹਿਜਾ ਕਰਾਤੀ!”..ਇਹ ਕੋਈ ਸੰਵਾਦ ਹੋਇਆ ?..ਪਰ ਅਸੀਂ ਬੋਲਦੇ ਹਾਂ ..ਕਿਉਂ ? ਕਿਉਂਕਿ ਤੱਤੀਆਂ ਗੱਲਾਂ ਕਹੀਆਂ ਗਈਆਂ ਹੁੰਦੀਆਂ ..ਗੱਲਾਂ ‘ਚ ਸੱਚ ਕੱਚ ਕੀ ਐ, ਇਹ ਸਾਡਾ ਫਿਕਰ ਨਹੀਂ ਬਣਦੈ..ਸਭ ਤੋਂ ਵੱਡੀ ਤੇ ਨੇੜਲੀ ਉਦਾਹਰਣ ਐ, ਸੁਖਪਾਲ ਸਿੰਘ ਖਹਿਰਾ..ਉਸ ਦੀ ਹੁਣ ਤਕ ਦੀ ਰਾਜਨੀਤਕ ਸਰਗਰਮੀ ਦਾ ਕੀ ਖਾਸਾ ਐ, ਸਭ ਜਾਣਦੇ ਨੇ..ਪਰ ਅਸੀਂ ਅਚਾਨਕ ਉਸ ਵਲੋਂ ਆਪਣੀ ਖੱਲ ਬਚਾਉਣ ਲਈ ਕੀਤੀ ਤੱਤੀ ਬਿਆਨਬਾਜ਼ੀ ‘ਚੋਂ ਉਸਨੂੰ ਪੰਜਾਬ ਹਿਤੈਸ਼ੀ ਨਾਇਕ ਮੰਨਣ ਲਈ ਪੱਬਾਂ ਭਾਰ ਹੋ ਗਏ..ਨੁਕਸਾਨ ਏਥੇ ਹੁੰਦਾ..ਸਾਡਾ ਮਨ ਕਿਸੇ ਹੋਰ ਨੂੰ ਢਾਹੁਣ ਲਈ ਮਚਲ ਰਿਹਾ ਹੁੰਦਾ ..ਤੇ ਅਚਾਨਕ ਸਾਨੂੰ ਕੋਈ ਮਨਚਾਹਿਆ ਭਲਵਾਨ ਦਿਸਣ ਲੱਗ ਪੈਂਦਾ ..ਪਰ ਅਫ਼ਸੋਸ ਕਿ ਅਸਲ ਵਿਚ ਅਸੀਂ ਖੁਦ ਢਹਿ ਰਹੇ ਹੁੰਦੇ ਹਾਂ !..47 ‘ ਤੋਂ ਪਹਿਲਾਂ ਬਗ਼ਾਨਿਆਂ ਹੱਥੋਂ ..ਹੁਣ ਆਪਣਿਆਂ ਹੱਥੋਂ..ਤੇ ‘ਆਪਣੇ ‘ ਹੱਥੋਂ !
ਸਾਨੂੰ ਨਿਖੇਧੀਆਂ ਦੇ ਦੌਰ ‘ਚੋਂ ਬਾਹਰ ਨਿਕਲਣ ਦੀ ਲੋੜ ਐ..ਖੁਦ ਅੰਦਰ ਝਾਤ ਮਾਰਨ ਦੀ ਲੋੜ ਐ..ਸਹਿਜ ਹੋਣ ਦੀ ਲੋੜ ..ਸਹਿਜ ਹੋ ਜਾਵਾਂਗੇ ਤਾਂ ਸ਼ਾਇਦ ਸਿਆਣੇ ਵੀ ਹੋ ਜਾਵਾਂਗੇ..ਫਿਰ ਕਿਸੇ ਹੰਕਾਰੇ ‘ਨਾਇਕ’ ਨੂੰ ਦਮਗਜੇ ਮਾਰਨ ਤੇ ਧੱਕਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਪਊਗਾ!..ਆਓ ਸਹਿਜਤਾ ਵਲ ਤੁਰੀਏ!
ਸਹਿਜਧਾਰੀ
ਸਾਹਿਬ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly