ਫ਼ੌਜੀ ਬੂਟ ਦਾ ਸਬਕ :

ਸ਼ਿੰਦਾ ਬਾਈ
(ਸਮਾਜ ਵੀਕਲੀ)
ਓਦੋਂ ਸ਼ਾਇਦ ਮੈਂ ਅੱਠਵੀਂ ਚ ਪੜ੍ਹਦਾ ਸੀ। ਦਿੱਲੀ ਛਾਉਣੀ ਦੇ ਸਦਰ ਬਜ਼ਾਰ ਨੇੜਲੀ ਕਾਬੁਲ ਲਾਈਨਜ਼ ਕਲੋਨੀ ਵਿੱਚ ਰਹਿੰਦੇ ਸਾਂ। ਡੈਡੀ ਸਾਡਾ ਫ਼ੌਜ ਵਿੱਚ ਸੀ ਤੇ ਇਸ ਫ਼ੌਜੀਆਂ ਲਈ ਰਾਖਵੀਂ ਰਿਹਾਇਸ਼ੀ ਕਲੋਨੀ ਵਿੱਚ ਕ੍ਵਾਰਟਰ ਮਿਲਿਆ ਹੋਇਆ ਸੀ। ਗੋਲ਼ ਘਤਾਰੇ ਵਿੱਚ ਬਣੀ ਹੋਈ ਕਲੋਨੀ ਦੇ ਵਿਚਾਲੇ ਸਟੇਡੀਅਮ ਜਿੰਨਾ ਮੈਦਾਨ ਸੀ।ਉਸਦੇ ਚੁਗਿਰਦੇ ਪੱਕੀ ਸੜਕ। ਚਾਰੇ ਪਾਸੇ ਕਲੋਨੀ ਦੀਆਂ ਚਾਰ ਮੰਜਲੀਆਂ ਉੱਚੀਆਂ ਉੱਚੀਆਂ ਇਮਾਰਤਾਂ। ਸਕੂਲ ਤੋਂ ਬਾਅਦ ਰਾਤ ਦਾ ਹਨੇਰਾ ਪਸਰਨ ਤੱਕ ਸਾਡੀ ਸ਼ਾਮ ਓਸੇ ਗਰਾਉਂਡ ਵਿੱਚ ਬੀਤਦੀ। ਕਦੇ ਫੁਟਬਾਲ,ਕਦੇ ਕ੍ਰਿਕੇਟ,ਕਦੇ ਗੁੱਲੀ ਡੰਡਾ ਤੇ ਕਦੇ ਲਾਟੂ ਅਤੇ ਬਾਂਟਿਆਂ ਦੀਆਂ ਖੇਡਾਂ। ਗੱਲ ਕੀ, ਕਿਹੜੀ ਖੇਡ ਸੀ ਜਿਹੜੀ ਮੌਸਮ ਅਨੁਸਾਰ ਸਾਡੀ ਮੁੰਡਿਆਂ ਦੀ ਢਾਣੀ ਨਾ ਖੇਡਦੀ। ਵੀਹ ਕੁ ਮੁੰਡੇ ‘ਕੱਠੇ ਹੋ ਜਾਂਦੇ ਤਾਂ ਅਸੀਂ ਅਕਸਰ ਫੁੱਟਬਾਲ ਖੇਡਿਆ ਕਰਦੇ।
ਇੱਕ ਸ਼ਾਮ ਜਦੋਂ ਅਸੀਂ ਫੁੱਟਬਾਲ ਦੀ ਖੇਡ ਖ਼ਤਮ ਕਰਕੇ ਘਰਾਂ ਨੂੰ ਪਰਤ ਰਹੇ ਸਾਂ ਤਾਂ ਅਜੇ ਨੀਮ-ਹਨੇਰਾ ਜਿਹਾ ਹੀ ਸੀ ਕਿ ਅਸੀਂ ਵੇਖਿਆ •• ਸਾਡੀ ਕੁ ਉਮਰ ਦਾ ਹੀ ਇੱਕ ਮੁੰਡਾ ਆਪਣਾ ਨਵਾਂ ਨਕੋਰ ਰੇਸੀ ਸਾਇਕਲ ਗਰਾਉਂਡ ਦੇ ਚੁਫੇਰੇ ਵਾਲ਼ੀ ਸੜਕ ਤੇ ਚਲਾਈ ਜਾ ਰਿਹਾ ਸੀ। ਉਸ ਵੇਲੇ ਰੇਸੀ ਸਾਇਕਲ ਕਿਸੇ ਵਿਰਲੇ ਕੋਲ਼ ਹੀ ਹੁੰਦਾ ਸੀ।ਸਾਡੀ ਢਾਣੀ ਦੇ ਮੁੰਡਿਆਂ ਨੂੰ ਬੜਾ ਚਾਅ ਸੀ ਰੇਸੀ ਸਾਇਕਲ ਚਲਾਉਣ ਦਾ ਪਰ ਸਾਡੇ ਚੋਂ ਕਿਸੇ ਦੇ ਬਾਪ ਦੀ ਏਨੀ ਹੈਸੀਅਤ ਨਹੀਂ ਸੀ ਕਿ ਲੈ ਕੇ ਦੇ ਸਕਦਾ। ਸਭ ਦੇ ਬਾਪ ਛੋਟੇ ਰੈਂਕ ਵਾਲ਼ੇ ਫੌਜੀ ਹੀ ਸਨ।ਓਦੋਂ ਫੌਜੀਆਂ ਦੀਆਂ ਤਨਖ਼ਾਹਾਂ ਵੀ ਬੜੀਆਂ ਘੱਟ ਹੁੰਦੀਆਂ ਸਨ। ਇਸ ਰੇਸੀ ਸਾਇਕਲ ਵਾਲ਼ੇ ਮੁੰਡੇ ਦਾ ਬਾਪ ਸ਼ਾਇਦ ਅਫ਼ਸਰ ਰੈਂਕ ਦਾ ਸੀ।
ਹੋਇਆ ਇੰਜ ਕਿ ਸਾਡੀ ਜੁੰਡਲੀ ਦੇ ਇੱਕ ਦੋ ਮੁੰਡਿਆਂ ਨੇ ਨੱਸ ਕੇ ਜਾ ਕੇ ਉਸ ਮੁੰਡੇ ਦਾ ਰੇਸੀ ਸਾਇਕਲ ਜਾ ਘੇਰਿਆ ਤੇ ਉਸ ਕੋਲੋਂ ਇੱਕ ਇੱਕ ਵਾਰ ਚਲਾ ਕੇ ਵੇਖ ਲੈਣ ਦੇਣ ਦੀ ਜ਼ਿੱਦ ਕਰਨ ਲੱਗੇ। ਅਗਲਾ ਅਫ਼ਸਰ ਦਾ ਪੁੱਤਰ ਸੀ ਕਿਵੇਂ ਮੰਨਦਾ।ਉਹ ਸਾਇਕਲ ਤੋਂ ਹੀ ਨਾ ਉੱਤਰਿਆ ਤੇ ਡੰਡੇ ਦੇ ਦੋਹੀਂ ਪਾਸੀਂ ਲੱਤਾਂ ਕਰਕੇ ਖੜ੍ਹਾ ਖੜ੍ਹੋਤਾ ਹੀ , ਸਾਇਕਲ ਮੰਗ ਰਹੇ ਮੁੰਡਿਆਂ ਨਾਲ਼ ਖਹਿਬੜਨ ਲੱਗਾ। ਗੱਲ ਛੋਟੀ ਜਿਹੀ ਸੀ ਪਰ ਇੱਕ ਪਾਸੇ ਆਪਣੀ ਚੀਜ਼ ਦੀ ਮੇਰ ਤੇ ਦੂਜੇ ਪਾਸੇ ਬਾਲਹੱਠ। ਦੋ ਚਾਰ ਜਣੇ ਉਸ ਨਾਲ਼ ਜ਼ਿੱਦ ਬਾਜ਼ੀ ਵਿੱਚ ਲੱਗੇ ਸਨ ਤੇ ਬਾਕੀ ਸਾਰੇ ਅਸੀਂ ਗੋਲ਼ ਘਤੇਰਾ ਬਣਾਈ ਖੜ‌੍ਹੇ ਸਾਂ। ਅਚਾਨਕ ਉਸਨੇ ਧੱਕੇ ਨਾਲ਼ ਸਾਇਕਲ ਭਜਾ ਕੇ ਲਿਜਾਣਾ ਚਾਹਿਆ ਤੇ ਪਤਾ ਨਹੀਂ ਕਿਹੜੇ ਮੁੰਡੇ ਦੇ ਹੱਥੋਂ ਧੱਕਾ ਵੱਜਣ ਤੇ ਉਹ ਸਾਈਕਲ ਸਣੇ ਸੜਕ ਤੇ ਧੜਾਮ ਦੇਣੇ ਜਾ ਡਿੱਗਿਆ। ਸਾਨੂੰ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।ਉਸਨੇ ਉੱਚੀ ਉੱਚੀ ਚੀਕਾਂ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ ਸੀ। ਇੱਕ ਹੱਥ ਨਾਲ਼ ਉਸਨੇ ਆਪਣੇ ਦੂਜੇ ਹੱਥ ਦੇ ਗੁੱਟ ਨੂੰ ਘੁੱਟ ਕੇ ਫੜਿਆ ਹੋਇਆ ਸੀ ਤੇ ਲਗਾਤਾਰ ਚੀਕੀ ਜਾ ਰਿਹਾ ਸੀ। ਸ਼ਾਇਦ ਉਸਦਾ ਗੁੱਟ ਉਤਰ ਗਿਆ ਸੀ।ਜਿਹੜੇ ਮੂਹਰੇ ਹੋ ਕੇ ਉਸ ਤੋਂ ਸਾਇਕਲ ਖੋਹ ਰਹੇ ਸੀ ਉਹ ਤਾਂ ਡਰ ਦੇ ਮਾਰੇ ਸ਼ੂਟ ਵੱਟ ਗਏ ਤੇ ਬਾਕੀ ਅਸੀਂ ਅੱਠ ਦਸ ਜਣਿਆਂ ਨੇ ਉਸਨੂੰ ਏਸ ਹਾਲਤ ਵਿੱਚ ਛੱਡਣਾ ਠੀਕ ਨਾ ਸਮਝਦੇ ਹੋਏ ਉਸਨੂੰ ਸਹਾਰਾ ਦੇ ਕੇ ਖੜ੍ਹਾ ਕੀਤਾ ਤੇ ਹੌਲ਼ੀ ਹੌਲ਼ੀ ਤੋਰ ਕੇ ਉਸਨੂੰ ਤੇ ਉਸਦੇ ਸਾਇਕਲ ਨੂੰ ਉਸਦੇ ਘਰ ਛੱਡਣ ਚਲੇ ਗਏ। ਹੁਣ ਉਸਦੀਆਂ ਚੀਕਾਂ ਤਾਂ ਬੰਦ ਸਨ ਪਰ ਡੁਸਕ ਅਜੇ ਵੀ ਰਿਹਾ ਸੀ। ਸ਼ਾਇਦ ਉਸਨੂੰ ਗੁੱਟ ਵਿੱਚ ਅਜੇ ਵੀ ਦਰਦ ਸੀ।
ਉਨ੍ਹਾਂ ਦੇ ਕ੍ਵਾਰਟਰ ਕੋਲ਼ ਪਹੁੰਚਦਿਆਂ ਹੀ ਉਸਨੇ ਫੇਰ ਉੱਚੀ ਉੱਚੀ ਚੀਕਾਂ ਛੱਡ ਦਿੱਤੀਆਂ।ਆਪਣੇ ਪੁੱਤਰ ਦੀ ਅਵਾਜ਼ ਸਿਆਣ ਕੇ ਉਸਦੇ ਮੰਮੀ ਡੈਡੀ ਫੌਰਨ ਬਾਹਰ ਨਿੱਕਲ਼ੇ ਤੇ ਮੁੰਡੇ ਨੂੰ ਸੰਭਾਲਿਆ। ਮੁੰਡੇ ਦਾ ਅਫ਼ਸਰ ਬਾਪ ਸਾਡੇ ਵੱਲ ਕਹਿਰ ਭਰੀਆਂ ਅੱਖਾਂ ਨਾਲ਼ ਵੇਖ ਰਿਹਾ ਸੀ ਜਿਵੇਂ ਸਾਨੂੰ ਕੱਚਾ ਹੀ ਖਾ ਜਾਵੇਗਾ। ਅਸੀਂ ਦੁੱਖ ਅਤੇ ਸ਼ਰਮਿੰਦਗੀ ਨਾਲ਼ ਨੀਵੀਂ ਪਾਈ ਖੜ੍ਹੇ ਡਰ ਰਹੇ ਸਾਂ ਕਿ ਪਤਾ ਨਹੀਂ ਸਾਡਾ ਹੁਣ ਕੀ ਬਣਨਾ ਹੈ।ਬਾਪ ਦੇ ਪੁੱਛਣ ਤੇ ਮੁੰਡੇ ਨੇ ਸ਼ਿਕਾਇਤ ਲਾਈ ਕਿ ਇਨ੍ਹਾਂ ਸਾਰਿਆਂ ਨੇ ਮੇਰੇ ਤੋਂ ਸਾਇਕਲ ਖੋਹਣ ਦੀ ਕੋਸ਼ਿਸ਼ ਕਰਦਿਆਂ ਮੈਨੂੰ ਡੇਗਿਆ ਹੈ। ਸਾਡੀ ਜ਼ੁਬਾਨ ਤਾਲੂਏ ਨੂੰ ਜਾ ਲੱਗੀ ਸੀ।ਡਰ ਦੇ ਮਾਰੇ ਕੂਇਆ ਵੀ ਨਾ ਗਿਆ। ਚਾਹੇ ਪ੍ਰਤੱਖ ਦੋਸ਼ੀ ਨਹੀਂ ਵੀ ਸਾਂ ਪਰ ਦੋਸ਼ੀਆਂ ਦੇ ਸਾਥੀ ਤਾਂ ਸੀਗੇ ਹੀ। ਸਾਨੂੰ ਨੀਂਵੀਂ ਪਾਈ ਖਲੋਤਿਆਂ ਨੂੰ ਮੁੰਡੇ ਦੇ ਪਿਓ ਨੇ ਬੜੀਆਂ ਗਾਲ਼ਾਂ ਕੱਢੀਆਂ ਅੰਗਰੇਜ਼ੀ ਵਿੱਚ। ਆਪ ਉਹ ਮੁੰਡੇ ਨੂੰ ਡਾਕਟਰ ਕੋਲ ਲੈ ਗਿਆ ਤੇ ਮੁੰਡੇ ਦੀ ਮਾਂ ਨੂੰ ਕਿਹਾ ਕਿ ਸਾਡੇ ਸਾਰਿਆਂ ਦੇ ਘਰ ਜਾ ਕੇ ‘ਲਾਂਭਾ ਦੇ ਕੇ ਆਵੇ। ਸਾਡੀ ਜਾਨ ਹੋਰ ਸੁੱਕਣ ਲੱਗੀ। ਓਦੋਂ ਦੇ ਬਾਪ ਅੱਜ ਦੇ ਪਿਓਆਂ ਵਰਗੇ ਨਰਮਦਿਲ ਨਹੀਂ ਹੁੰਦੇ ਸੀ।
ਅਸੀਂ ਭੱਜ ਵੀ ਨਹੀਂ ਸਕਦੇ ਸੀ ਕਿਉਂਕਿ ਸਾਰੇ ਇੱਕੋ ਕਲੋਨੀ ਦੇ ਰਹਿਣ ਵਾਲ਼ੇ ਸਾਂ,ਚਾਹੇ ਬਿਲਡਿਗਾਂ ਵੱਖੋ ਵੱਖਰੀਆਂ ਸਨ। ਕੁਦਰਤੀ ਮੁੰਡੇ ਦੀ ਗੁੱਸੇ ਨਾਲ਼ ਭੂਸਰੀ ਮਾਂ ਦੇ ਹੱਥ ਵਿੱਚ ਮੇਰਾ ਹੀ ਗੁੱਟ ਆਇਆ ਤੇ ਉਹ ਸਾਨੂੰ ਸਾਰਿਆਂ ਨੂੰ ਅੱਗੇ ਲਾ ਕੇ ਸਾਡੇ ਘਰਾਂ ਵੱਲ ਲੈ ਚੱਲੀ।
ਮਾੜੀ ਕਿਸਮਤ ! ਸਭ ਤੋਂ ਪਹਿਲਾਂ ਸਾਡਾ ਹੀ ਕ੍ਵਾਰਟਰ ਆਇਆ। ਗਰਾਂਊਂਡ ਫਲੋਰ ਤੇ ਹੀ ਰਹਿੰਦੇ ਸੀ।ਉਹ ਮੇਰਾ ਗੁੱਟ ਫੜੀ ਸਾਡੇ ਘਰ ਵੜੀ ਤਾਂ ਅੱਗੇ ਮੇਰਾ ‘ਅੱਗ ਦੀ ਨਾਲ਼’ ਬਾਪ ਡਿਊਟੀ ਤੋਂ ਵਾਪਸ ਆ ਕੇ ਆਪਣੇ ਫ਼ੌਜੀ ਬੂਟ ਉਤਾਰ ਰਿਹਾ ਸੀ।ਅਜੇ ਇੱਕ ਬੂਟ ਉਹਦੇ ਹੱਥ ਵਿੱਚ ਤੇ ਦੂਜਾ ਪੈਰ ਵਿੱਚ ਹੀ ਸੀ।ਉਸ ਆਂਟੀ ਦਾ ਉਲਾਂਭਾ ਸੁਣਦਿਆਂ ਹੀ ਜਿੰਵੇਂ ਬੰਬ ਫਟਿਆ ਹੋਵੇ।ਡੈਡੀ ਮੇਰੇ ਨੇ ਧੂਹ ਕੇ ਮੈਨੂੰ ਗੋਡਿਆਂ ਥੱਲੇ ਦੇ ਲਿਆ ਤੇ ਓਸੇ ਫ਼ੌਜੀ ਬੂਟ ਨਾਲ਼ ਓਦੋਂ ਤੱਕ ਮੈਨੂੰ ਜੰਮ ਕੇ ਚੰਡਿਆ/ਕੁੱਟਿਆ ਜਦੋਂ ਤੱਕ ਉਸ ਅਫਸਰਨੀ ਤੇ ਤਰਸ ਖਾ ਕੇ ਆਪ ਮੇਰੇ ਡੈਡੀ ਨੂੰ ਨਾ ਰੋਕਿਆ। ਉਹ ਦਿਨ ਤੇ ਅੱਜ ਦਾ ਦਿਨ ਮੈਂ ਕਿਸੇ ਦੇ ਫਟੇ ਵਿੱਚ ਲੱਤ ਨਹੀਂ ਅੜਾਈ ਤੇ ਡੈਡੀ ਦੀ ਲੜਾਈ ਝਗੜੇ ਤੋਂ ਦੂਰ ਰਹਿਣ ਦੀ ਨਸੀਹਤ ਅੱਜ ਤੱਕ ਕੰਨਾਂ ਵਿੱਚ ਗੂੰਜਦੀ ਹੈ। ਹੋਮ ਕਰਦਿਆਂ ਜੀਹਦੇ ਹੱਥ ਸੜੇ ਹੋਣ ਤਾਂ ਨਸੀਹਤ ਕੋਈ ਭੁੱਲ ਵੀ ਕਿਵੇਂ ਸਕਦਾ ਹੈ।
ਸ਼ਿੰਦਾ ਬਾਈ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਨਿਆਂ ਦਾ ਸਫ਼ਰ,,,,,,,ਗੁਲਸ਼ਨ ਮਿਰਜ਼ਾਪੁਰੀ
Next article*ਐਲੋਪੈਥੀ!*