ਮੇਰਾ ਬਾਬਾ ਨਾਨਕ

(ਸਮਾਜ ਵੀਕਲੀ)
ਮੇਰਾ ਬਾਬਾ ਨਾਨਕ ਕਿਰਤੀ ਦਾ ਬੂਟਾ ਲਾ ਚਲਿਆ,
ਚਾਰ ਸਤਰਾਂ ਵਿੱਚ ਪੂਰੀ ਜ਼ਿੰਦਗੀ ਦਾ ਸਬਕ ਸਿਖਾ ਚੱਲਿਆ।
ਪੁਰਾਣੇ ਪੰਜਾਬ ਤਲਵੰਡੀ ਦੀ ਧਰਤੀ ਤੇ ਪਰਗਟ ਹੋ ਕੇ,
ਪੂਰੇ ਦੇਸ਼ ਦਾ ਸਾਂਝਾ ਬਾਬਾ ਨਾਨਕ ਅਖਵਾ ਚੱਲਿਆ।
ਵੱਡੇ ਗਿਆਨੀ ਕੋਲ਼ ਭੇਜਿਆ ਸੀ ਸਿੱਖਿਆ ਲੈਣ  ਲਈ,
ਉਲਟਾ ਪਾਧੇ ਨੂੰ ਹੀ ਜ਼ਿੰਦਗੀ ਦਾ ਸਬਕ ਪੜ੍ਹਾ ਚੱਲਿਆ।
ਘਰਦਿਆਂ ਨੇ ਭੇਜਿਆ ਸੀ  ਮੋਹਰਾਂ ਲੈ  ਕੇ ਵਪਾਰ  ਕਰਨ,
ਵੀਹ ਰੁਪਈਆਂ ਨਾਲ ਸੰਸਾਰ ਲਈ  ਲੰਗਰ ਚਲਾ ਚੱਲਿਆ।
ਸੁਲਤਾਨਪੁਰ ਲੋਧੀ ਵਿਚ ਦੌਲਤ ਖ਼ਾਨ ਦੇ ਮੋਦੀਖਾਨੇ ਅੰਦਰ,
ਤੇਰਾਂ ਤੇਰਾਂ ਤੋਲ ਕੇ  ਗਰੀਬਾਂ ਦਾ  ਮਸੀਹਾ ਅਖਵਾ  ਚੱਲਿਆ।
ਦੁਨੀਆਂ ਦਾ ਭਲਾ ਕਰਨ ਲਈ ਮਰਦਾਨੇ ਨੂੰ ਨਾਲ਼ ਲੈ ਕੇ
ਚਾਰੋਂ  ਦਿਸ਼ਾਵਾਂ  ਵਿੱਚ  ਉਦਾਸੀਆਂ  ਕਰਵਾ  ਚੱਲਿਆ।
ਭਗਤ ਭਾਈ ਲਾਲੋ ਘਰ ਮਿਹਨਤ ਦੀ ਰੋਟੀ ਖਾ ਕੇ,
ਮਲਕ ਭਾਗੋ ਨੂੰ ਮਿਹਨਤ ਕਰਨ ਦਾ ਫਲਸਫਾ ਸਿਖਾ ਚਲਿਆ।
ਲੋਕਾਂ ਨੂੰ ਠੱਗ ਕੇ ਮਾਰ ਦੇਣ ਵਾਲੇ ਸੱਜਣ ਠੱਗ ਵਰਗੇ ਨੂੰ ਵੀ,
ਆਪਣੀ ਸੋਚ ਤੇ ਸਿਆਣਪ ਨਾਲ ਸਚਾਈ ਦੇ ਰਸਤੇ ਪਾ ਚਲਿਆ।
ਮਾੜੇ ਪਿੰਡ ਦੇ  ਲੋਕਾਂ ਨੂੰ ਉਸੇ ਪਿਡ ਵਿੱਚ ਰਹਿ ਕੇ  ਵੱਸਣ ਦਾ,
ਚੰਗਿਆਂ ਨੂੰ ਉਜੜਨ ਦਾ ਸ਼ਰਾਪ ਦੇ ਕੇ ਮਰਦਾਨੇ ਨੂੰ ਸੋਚੀ ਪਾ ਚੱਲਿਆ।
ਛੱਡਿਆ ਸੀ ਜਿਹੜਾ ਬਲੀ ਕੰਧਾਰੀ ਨੇ ਪੱਥਰ ਬਾਬੇ ਨਾਨਕ ਦੇ ਵ‌ੱਲ,
ਰੋਕ ਕੇ ਉਸ ਪੱਥਰ ਨੂੰ ਉਥੇ ਪੰਜਾ ਸਾਹਿਬ ਗੁਰਦੁਆਰਾ ਬਣਵਾ ਚੱਲਿਆ।
ਆਖਰ ਨਨਕਾਣਾ ਸਾਹਿਬ ਦੀ ਧਰਤੀ ਤੇ ਖੂਹ ਚਲਾ ਖੇਤੀ ਕਰਕੇ,
ਦੁਨੀਆਂ ਭਰ ਦੇ ਲੋਕਾਂ ਨੂੰ ਮਿਹਨਤ ਦਾ ਮਿੱਠਾ ਫਲ ਸਿਖਾ ਚੱਲਿਆ।
ਵਿਛੜ ਗਏ ਸੀ ਜਿਹੜੇ ਖੂਨ ਦੇ ਰਿਸ਼ਤੇ ਹਿੰਦ-ਪਾਕ ਦੇ ਬਟਵਾਰੇ ਅੰਦਰ,
ਉਨ੍ਹਾਂ ਨੂੰ ਮਿਲਣ ਲਈ ਕਰਤਾਰਪੁਰ ਦਾ ਲਾਂਘਾ ਬਾਬਾ ਮੇਰਾ ਖੁਲਵਾ ਚੱਲਿਆ।
ਜਸਪਾਲ ਸਿੰਘ ਮਹਿਰੋਕ,
ਸਨੌਰ (ਪਟਿਆਲਾ)
ਮੋਬਾਈਲ 6284347188
Previous articleਸਾਨੂੰ ਉਹ ਨਾਨਕ ਮਨਜ਼ੂਰ ਨਹੀਂ
Next articleਰੇਡੀਓ ਤੇ ਦੂਰਦਰਸ਼ਨ ਨੇ ਸੂਚਨਾ, ਗਿਆਨ ਤੇ ਮਨੋਰੰਜਨ ਦਾ ਮੋਹਰੀ ਬਣ ਕੇ ਅਹਿਮ ਭੂਮਿਕਾ ਨਿਭਾਈ-ਮਾਣਕ