HOME ” ਮਾਜ਼ੂਸੀ ਦੇ ਆਲਮ ਨੂੰ ਸਕੂਨ ਬਖਸ਼ਦੀ ਪੁਸਤਕ ਖੂਬ ਕਿਹਾ ਉਸਤਾਦ”

” ਮਾਜ਼ੂਸੀ ਦੇ ਆਲਮ ਨੂੰ ਸਕੂਨ ਬਖਸ਼ਦੀ ਪੁਸਤਕ ਖੂਬ ਕਿਹਾ ਉਸਤਾਦ”

2

-ਤੇਜਿੰਦਰ ਚੰਡਿਹੋਕ

ਪੁਸਤਕ ਦਾ ਨਾਂ – ਖੂਬ ਕਿਹਾ ਉਸਤਾਦ (ਹਾਸ – ਰਸ ਟੋਟਕੇ ਸੰਗ੍ਰਹਿ)

ਲੇਖਕ – ਮਾਲਵਿੰਦਰ ਸ਼ਾਇਰ

ਪੰਨੇ – 96 ਕੀਮਤ – 250/- ਰੁਪਏ

ਪ੍ਰਕਾਸ਼ਕ – ਕੈਫੇ ਵਰਲਡ, ਮੰਡੀ ਕਲਾਂ ।

ਤੇਜਿੰਦਰ ਚੰਡਿਹੋਕ

   (ਸਮਾਜ ਵੀਕਲੀ)  ਅੱਜ ਦੀ ਤਣਾਅ ਪੂਰਨ ਜ਼ਿੰਦਗੀ ਕੁਝ ਸਮੇਂ ਮਨ ਦੇ ਸਕੂਨ ਲਈ ਹਾਸੇ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਉਂਝ ਤਾਂ ਅਸੀਂ ਹਾਸਾ ਵੀ ਜਬਰਨ ਦਿਖਾਵੇ ਵਜੋਂ ਕਰਦੇ ਹਾਂ। ਫਿਰ ਵੀ ਇਸ ਹਾਸੇ ਲਈ ਕੋਸ਼ਿਸ਼ ਕਰਨੀ ਬਣਦੀ ਹੈ ਜਿਸ ਤਹਿਤ ਮਾਲਵਿੰਦਰ ਸ਼ਾਇਰ ਨੇ ਇਕ ਟੋਟਕਿਆਂ ਦੀ ਪੁਸਤਕ ਸਾਹਿਤ ਦੀ ਝੋਲੀ ਪਾਈ ਹੈ। ਟੋਟਕਾ ਅਸਲ ਵਿੱਚ ਹਾਸ ਵਿਅੰਗ ਦਾ ਹੀ ਛੋਟਾ ਰੂਪ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਟੋਟਕਾ ਵੀ ਬਹੁ ਅਰਥੀ ਸ਼ਬਦ ਹੈ ਜਿਸ ਵਿਚ ਨੁਸਖਾ, ਜਾਦੂ – ਟੂਣਾ, ਹਿੱਸਾ ਸ਼ਾਮਲ ਹੁੰਦਾ ਹੈ ਪਰ ਸਾਹਿਤਕ ਖੇਤਰ ਵਿੱਚ ਇਸ ਨੂੰ ਲਤੀਫ਼ਾ, ਜੁਮਲਾ ਅਤੇ ਚੁਟਕਲਾ ਮੰਨਿਆ ਜਾਂਦਾ ਹੈ। ਜਿਸ ਨਾਲ ਕਿਸੇ ਦੇ ਚਿਹਰੇ ਤੇ ਖੁਸ਼ੀ ਲਿਆਂਦੀ ਜਾ ਸਕਦੀ ਹੈ। ਮਾਲਵਿੰਦਰ ਸ਼ਾਇਰ ਬਹੁ ਵਿਧਾਵੀ ਲੇਖਕ ਹੈ ਜਿਸ ਨੇ ਸਾਹਿਤ ਜਗਤ ਨੂੰ ਕਵਿਤਾ, ਗ਼ਜ਼ਲ, ਕਹਾਣੀ, ਨਿੱਕੀ ਕਹਾਣੀ, ਰੁਬਾਈ, ਹਜ਼ਲ, ਹਾਸ ਵਿਅੰਗ, ਗੀਤ ਸਮੇਤ ਕਰੀਬ ਗਿਆਰਾਂ ਪੁਸਤਕਾਂ ਨਾਲ ਮਾਲਾਮਾਲ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਜਿੱਥੇ ਦਰਜਨ ਸਾਂਝੀਆਂ ਪੁਸਤਕਾਂ ਵਿਚ ਰਚਨਾਵਾਂ ਨਾਲ ਸ਼ੁਮਾਰ ਕੀਤਾ ਹੈ ਉਥੇ ਉਸ ਦੀ ਰਚਨਾ ਉੱਤੇ ਦੋ ਪੁਸਤਕਾਂ ਵੀ ਸੰਪਾਦਿਤ ਹੋਈਆਂ ਹਨ। ਹੁਣ ਉਹ ਇਕ ਹੋਰ ਵਿਧਾ ਹਾਸ -ਰਸ ਟੋਟਕੇ ਲੈ ਕੇ ਪੇਸ਼ ਹੋਇਆ ਹੈ। ਹਥਲੀ ਪੁਸਤਕ ‘ ਖੂਬ ਕਿਹਾ ਉਸਤਾਦ’ ਦਾ ਪਾਠ ਕਰਦਿਆਂ ਇੰਝ ਮਹਿਸੂਸ ਹੋਇਆ ਕਿ ਇਹ ਪੁਸਤਕ ਅੱਜ ਦੀ ਉਲਝੀ ਜ਼ਿੰਦਗੀ ਵਿਚ ਠਹਿਰਾਓ ਲਿਆਉਣ ਦਾ ਇਕ ਚੰਗਾ ਉਪਰਾਲਾ ਹੈ। ਇਸ ਪੁਸਤਕ ਵਿਚੋਂ ਤਤਕਰਾ ਗਾਇਬ ਹੈ। ਇਹਨਾਂ ਟੋਟਕਿਆਂ ਦਾ ਮਤਲਬ ਕੇਵਲ ਹਸਾਉਣਾ ਜਾਂ ਸਕੂਨ ਪ੍ਰਦਾਨ ਕਰਨਾ ਹੀ ਨਹੀਂ ਸਗੋਂ ਬਹੁਤ ਡੂੰਘਾਈ ਨਾਲ ਅਰਥ ਵੀ ਪ੍ਰਦਾਨ ਕਰਨਾ ਹੈ ਜਿਵੇਂ ਸਰਕਾਰੀ ਜਾਇਦਾਦ ਦੀ ਦੁਰਵਰਤੋਂ, ਕੁਦਰਤ ਦੇ ਨਿਯਮਾਂ ਨੂੰ ਬਦਲਣਾ, ਡਾਕਟਰਾਂ ਵਲੋਂ ਮਰੀਜਾਂ ਦੀ ਲੁੱਟ, ਸੋਸ਼ਲ ਮੀਡੀਆ ਦਾ ਪ੍ਰਭਾਵ ਅਤੇ ਪੈਸੇ ਲੈ ਕੇ ਨਾ ਮੋੜਨ ਵਾਲਿਆਂ ਦੀ ਨੀਅਤ, ਬੇਰੁਜਗਾਰੀ ਆਦਿ। ਪੁਸਤਕ ਵਿਚ ਮਰਦਾਂ ਵਲੋਂ ਔਰਤ ਨੂੰ ਆਪਣੇ ਤੋਂ ਦੂਰ ਭੇਜਣ ਅਤੇ ਦੂਰੀ ਕਰਕੇ ਖ਼ੁਸ਼ ਹੋਣ ਦਾ ਬਿਰਤਾਂਤ ਜਿਵੇਂ ਟੋਟਕਾ ਮੀਆਂ – ਬੀਵੀ ਦੀ ਲੜਾਈ, ਢੋਲੀ ਦਾ ਗੁੱਸਾ, ਏਨੀ ਕਾਫੀ ਐ, ਸਵਰਗ ਉਧਲਣ ਦੀ ਚਿੱਠੀ, ਬਾਬੇ ਦੀ ਕ੍ਰਿਪਾ ਸ਼ੁਰੂ ਆਦਿ। ਮਲਾਗਰ ਕਾ ਪ੍ਰਾਹੁਣਾ ਟੋਟਕੇ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਦੀ ਦੁਰਵਰਤੋਂ, ਉਮਰ ਨੂੰ ਛੁਪਾਉਣ ਦਾ ਉਪਰਾਲਾ ਦਾੜ੍ਹੀ ਦੀਆਂ ਗੁੱਛੀਆਂ, ਡਾਕਟਰਾਂ ਵਲੋਂ ਬਿਨਾ ਕਾਰਨ ਪੈਸੇ ਬਣਾਉਣ ਲਈ ਮਰੀਜ਼ ਤੋਂ ਪੈਸੇ ਬਣਾਉਣੇ ਆਦਿ। ਵੱਡੀ ਉਮਰ ਵਿਚ ਮੁਹੱਬਤ ਦੇ ਮਾਅਨੇ ਦਸਦਾ ਟੋਟਕਾ ਮੁਹੱਬਤ ਦੇ ਰੰਗ, ਅਜੋਕੇ ਆਧੁਨਿਕ ਸਮੇਂ ਬੱਚਿਆਂ ਵਲੋ ਮਾਪਿਆਂ ਨੂੰ ਉੱਲੂ ਬਣਾਉਣ ਦੀ ਦਾਸਤਾਂ ਪ੍ਰੇਮੀਆਂ ਦੀਆਂ ਚਾਲਾਂ ਜਿਹਨਾਂ ਵਿਚ ਕੁੜੀ ਦੇ ਪਿਉ ਨੂੰ ਕੌਣ ਬਣੇਗਾ ਕਰੋੜਪਤੀ ਦਸ ਕੇ ਮਾਸ਼ੂਕ ਨਾਲ ਤਾਲਮੇਲ ਪੈਦਾ ਕੀਤਾ ਗਿਆ। ਪਤੀ ਪਤਨੀ ਉਪਰ ਕਾਫੀ ਟੋਟਕੇ ਸ਼ਾਮਲ ਹਨ। ਧਾਰਮਿਕ ਸਥਾਨਾਂ ਤੋਂ ਜੁਤੀਆਂ ਚੁਰਾਉਣ ਵਾਲਿਆਂ ਬਾਰੇ ਵੀ ਟੋਟਕਾ ਚਪਲੀਆਂ ਵਿਚ ਆਉਂਦਾ ਹੈ। ਏਸੇ ਤਰ੍ਹਾਂ ਟੋਟਕਾ ਸ਼ਾਪਿੰਗ ਦੀ ਕਮੀ ਔਰਤਾਂ ਵਿਚ ਖਰੀਦਦਾਰੀ ਕਰਨ ਦੀ ਗੱਲ ਵੀ ਆਖਦਾ ਹੈ। ਪੁਸਤਕ ਵਿਚਲੇ ਟੋਟਕੇ ਸੁਣੋ…ਸੁਣੋ..ਸੁਣੋ, ਜ਼ਿੰਦਗੀ ਦਾ ਲੁਤਫ਼, ਲੋਨ ਦੇਣ ਵਾਲਿਆਂ ਦੇ ਫੋਨ, ਸਿਲਵਰ ਜੁਬਲੀ, ਸਿਆਣਾ ਜੀਵ ਮੱਛਰ, ਚੂਹੇ ਤੇ ਪ੍ਰੈਕਟੀਕਲ,ਪਤੀ ਪਤਨੀ ਦੀ ਕਿਸਮ, ਸਲਾਹ, ਕਾਤਲ ਦਾ ਜਵਾਬ, ਜੱਟ ਤੇ ਪੰਡਤ, ਮੁੰਡੇ ਦਾ ਪਿਓ ਅਤੇ ਗਿਫ਼ਟ ਆਦਿ। ਪੁਸਤਕ ਵਿਚਲੇ ਟੋਟਕੇ ਬੇਸ਼ੱਕ ਗਿਆਨ ਵਰਧਕ ਹਨ ਪਰ ਇਹਨਾਂ ਵਿੱਚ ਕਈ ਥਾਈਂ ਪਰੂਫ ਰੀਡਿੰਗ ਦੀ ਘਾਟ ਰੜਕਦੀ ਹੈ ਅਤੇ ਬਹੁਤ ਸਾਰੇ ਟੋਟਕੇ ਬੋਲਤੀ ਬੰਦ, ਡਿਪਰੈੱਸ਼ਨ, ਬੇਹੋਸ਼ ਆਦਿ ਸ਼ਬਦਾਂ ਨਾਲ ਸੰਪੰਨ ਹੁੰਦੇ ਹਨ। ਫਿਰ ਵੀ ਲੇਖਕ ਨੇ ਇਕ ਨਵੀਂ ਵਿਧਾ ਅਪਣਾ ਕੇ ਚੰਗਾ ਉਪਰਾਲਾ ਕਰਨ ਦਾ ਯਤਨ ਕੀਤਾ ਹੈ ਜਿਸ ਨਾਲ ਮਨੁੱਖਤਾ ਵਿੱਚੋ ਕੁਝ ਮਾਜ਼ੂਸੀ, ਤਣਾਅ ਅਤੇ ਡਿਪਰੈੱਸ਼ਨ ਨੂੰ ਘੱਟ ਕੀਤਾ ਜਾ ਸਕੇ। ਇਸ ਰਚਨਾ ਲਈ ਲੇਖਕ ਵਧਾਈ ਦਾ ਪਾਤਰ ਹੈ।
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਵਿਕ ਭਾਟੀਆ ਦਾ ‘ ਪ੍ਰਾਈਡ ਆਫ਼ ਪੰਜਾਬ’ ਐਵਾਰਡ ਨਾਲ਼ ਕੀਤਾ ਸਨਮਾਨ
Next articleLobbying Games: RSS connections in America