ਅੱਜ ਅੰਤਿਮ ਅਰਦਾਸ ‘ਤੇ ਵਿਸ਼ੇਸ਼
ਭਲੂਰ (ਸਮਾਜ ਵੀਕਲੀ) (ਬੇਅੰਤ ਗਿੱਲ) ਪਿੰਡ ਭਲੂਰ ਦੀ ਨਾਮਵਰ ਸਖਸ਼ੀਅਤ ਮਾਸਟਰ ਸੁਰਿੰਦਰਪਾਲ ਸਿੰਘ ਸੰਧੂ ਦਾ ਅਚਾਨਕ ਚਲੇ ਜਾਣਾ ਜਿੱਥੇ ਪਰਿਵਾਰ ਨੂੰ ਪੀੜ ਦਿੰਦਾ ਹੈ ਉੱਥੇ ਹੀ ਪਿੰਡ ਲਈ ਖਲਾਅ ਪੈਦਾ ਕਰਦਾ ਹੈ। ਜਿਸ ਤਰ੍ਹਾਂ ਮਾਸਟਰ ਸੁਰਿੰਦਰਪਾਲ ਸਿੰਘ ਸੰਧੂ ਦਰਿਆਦਿਲੀ ਨਾਲ ਸਮਾਜ ਵਿਚ ਵਿਚਰਨ ਵਾਲੀ ਦਮਦਾਰ ਸ਼ਖ਼ਸੀਅਤ ਦੇ ਮਾਲਕ ਸਨ। ਇਸੇ ਤਰ੍ਹਾਂ ਉਨ੍ਹਾਂ ਦੇ ਭਾਈ ਸਰਦਾਰ ਜੋਗਿੰਦਰ ਸਿੰਘ ਉਰਫ਼ ਬੱਲੀ ਸੰਧੂ ਪਿੰਡ ਦੀ ਮਿੱਟੀ ਨਾਲ ਮੋਹ ਰੱਖਣ ਵਾਲੀ ਉਹ ਸ਼ਖ਼ਸੀਅਤ ਹਨ, ਜਿੰਨ੍ਹਾਂ ਨੇ ਕੈਨੇਡਾ ਵੱਸਦਿਆਂ ਪਿੰਡ ਨੂੰ ਚੇਤਿਆਂ ‘ਚ ਵਸਾ ਕੇ ਰੱਖਿਆ ਅਤੇ ਪਿੰਡ ਦੇ ਅਨੇਕਾਂ ਕਾਰਜਾਂ ਲਈ ਮੋਹਰੀ ਹੋ ਕੇ ਸਾਥ ਨਿਭਾਇਆ ਤੇ ਨਿਭਾ ਰਹੇ ਹਨ। ਅੱਜ ਮਾਸਟਰ ਸੁਰਿੰਦਰਪਾਲ ਸਿੰਘ ਸੰਧੂ ਦੇ ਸਦੀਵੀ ਵਿਛੋੜੇ ਨੇ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਕੁਲਵਿੰਦਰ ਕੌਰ, ਪੁੱਤਰ ਗਗਨਦੀਪ ਸਿੰਘ ਸੰਧੂ, ਨੂੰਹ ਪਰਮਜੀਤ ਕੌਰ ਸੰਧੂ, ਭਰਾ ਜਸਵਿੰਦਰ ਸਿੰਘ ਸੰਧੂ, ਬਾਵਾ ਸਿੰਘ ਸੰਧੂ , ਕੈਨੇਡੀਅਨ ਜੋਗਿੰਦਰ ਸਿੰਘ ਉਰਫ਼ ਬੱਲੀ ਸੰਧੂ, ਭੈਣ ਸੁਰਿੰਦਰ ਕੌਰ ਅਤੇ ਸਮੁੱਚੇ ਸੰਧੂ ਪਰਿਵਾਰ ਨੂੰ ਭਾਰੀ ਸਦਮਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 1957 ਨੂੰ ਮਾਸਟਰ ਹਾਕਮ ਸਿੰਘ ਦੇ ਘਰ ਜਨਮੇ ਸਰਦਾਰ ਸੁਰਿੰਦਰਪਾਲ ਸਿੰਘ ਸੰਧੂ ਹੋਰਾਂ ਨੇ ਬੀ. ਏ ਦੀ ਪੜ੍ਹਾਈ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਤੋਂ ਕਰਨ ਉਪਰੰਤ ਬੀ. ਐੱਡ ਡਿਗਰੀ ਡੀ. ਏ. ਵੀ. ਕਾਲਜ ਅਬੋਹਰ ਤੋਂ ਪ੍ਰਾਪਤ ਕੀਤੀ। ਉਹ 3 ਫਰਵਰੀ 1992 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਫੁੱਲੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਜੇ.ਬੀ.ਟੀ. ਅਧਿਆਪਕ ਨਿਯੁਕਤ ਹੋਏ। ਇਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਨੱਥੂਵਾਲਾ ਗਰਬੀ ਤੋਂ ਬਤੌਰ ਗਣਿਤ ਮਾਸਟਰ ਪਦਉੱਨਤ ਹੋ ਕੇ ਸਰਕਾਰੀ ਹਾਈ ਸਕੂਲ, ਪਿੰਡ ਖੋਟੇ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੰਦੇ ਰਹੇ। ਇਸ ਤੋਂ ਪਿੱਛੋਂ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਛੋਟਾ ਘਰ ਵਿਖੇ 12 ਸਾਲ ਅਧਿਆਪਕ ਦੀਆਂ ਸੇਵਾਵਾਂ ਨਿਭਾਉਣ ਤੋਂ ਮਗਰੋਂ ਸਤੰਬਰ 2013 ਤੋਂ ਲੈ ਕੇ 31 ਮਾਰਚ 2017 ਤੱਕ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਭਲੂਰ ਵਿਖੇ ਖੂਬਸੂਰਤ ਸੇਵਾਵਾਂ ਨਿਭਾਉਂਦਿਆਂ ਸੇਵਾ ਮੁਕਤ ਹੋਏ। ਇਸ ਤਰ੍ਹਾਂ ਮਾ ਸੁਰਿੰਦਰਪਾਲ ਸਿੰਘ ਸੰਧੂ ਹੋਰਾਂ ਨੇ 25 ਸਾਲ ਵਿਦਿਅਕ ਖੇਤਰ ਵਿਚ ਬੇਦਾਗ਼ ਸੇਵਾਵਾਂ ਦਿੰਦਿਆਂ ਜਿੱਥੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ, ਉੱਥੇ ਹੀ ਉਨ੍ਹਾਂ ਆਪਣੇ ਪਿੰਡ ਦਾ ਮਾਣ ਵੀ ਵਧਾਇਆ। ਇੱਥੇ ਇਕ ਹੋਰ ਜ਼ਿਕਰ ਕਰਨਾ ਵੀ ਲਾਜ਼ਮੀ ਹੈ ਕਿ ਮਾਸਟਰ ਸੁਰਿੰਦਰਪਾਲ ਸਿੰਘ ਸੰਧੂ ਨੇ ਕਿਸਾਨੀ ਅੰਦੋਲਨ ਦੌਰਾਨ ਵੀ ਵੱਡੀ ਦਰਿਆਦਿਲੀ ਦਿਖਾਉਂਦਿਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ । ਉਹਨਾਂ ਨੇ ਆਪਣਾ ਐਂਟਰ ਟਰੈਕਟਰ ਪਿੰਡ ਦੇ ਕਿਸਾਨ ਭਰਾਵਾਂ ਨੂੰ ਸੌਂਪ ਦਿੱਤਾ ਅਤੇ ਅੰਦੋਲਨ ਦੇ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਹ ਟਰੈਕਟਰ ਕਿਸਾਨੀ ਸੰਘਰਸ਼ ਦਾ ਹਿੱਸਾ ਰਿਹਾ। ਉਨ੍ਹਾਂ ਦਾ ਇਹ ਹਮਾਇਤੀ ਰੰਗ ਹਮੇਸ਼ਾ ਸਾਡੇ ਚੇਤਿਆਂ ‘ਚ ਰਹੇਗਾ । ਸਾਨੂੰ ਮਾਣ ਹੈ ਕਿ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਕੁਲਵਿੰਦਰ ਕੌਰ ਸੰਧੂ ਵੀ ਉਨ੍ਹਾਂ ਵਾਂਗ ਉੱਚੀ ਤੇ ਅਗਾਂਹਵਧੂ ਸੋਚ ਦੇ ਮਾਲਕ ਹਨ। ਮਾਸਟਰ ਸੰਧੂ ਹੋਰਾਂ ਵਾਂਗ ਉਹ ਵੀ ਬੀ. ਏ, ਬੀ. ਐੱਡ ਤੱਕ ਪੜ੍ਹੇ ਹੋਏ ਹਨ। ਉਨ੍ਹਾਂ ਦਾ ਬੇਟਾ ਗਗਨਦੀਪ ਸਿੰਘ ਸੰਧੂ ਕੈਨੇਡਾ ਦੀ ਧਰਤੀ ‘ਤੇ ਆਪਣੇ ਪਰਿਵਾਰ ਸਮੇਤ ਸੋਹਣਾ ਜੀਵਨ ਬਤੀਤ ਕਰ ਰਿਹਾ ਹੈ। ਮਾਸਟਰ ਸੁਰਿੰਦਰਪਾਲ ਸਿੰਘ ਸੰਧੂ ਹੋਰਾਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 10 ਫਰਵਰੀ 2026 ਦਿਨ ਮੰਗਲਵਾਰ ਨੂੰ ਗੁਰਦੁਆਰਾ ਸੁਖ ਸਾਗਰ ਸਾਹਿਬ ਪਿੰਡ ਭਲੂਰ ਵਿਖੇ 12 ਤੋਂ 1 ਵਜੇ ਵਿਚਕਾਰ ਹੋਵੇਗੀ।
ਭਲੂਰ ਤੋਂ ਬੇਅੰਤ ਗਿੱਲ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



