HOME ਸ਼ਹੀਦ ਦੀ ਪਤਨੀ

ਸ਼ਹੀਦ ਦੀ ਪਤਨੀ

ਬਰਜਿੰਦਰ ਕੌਰ ਬਿਸਰਾਓ
     (ਸਮਾਜ ਵੀਕਲੀ)  ਰੱਬ ਨੇ ਗੁਰਮੇਲ ਸਿੰਘ ਤੇ ਚਰਨ ਕੌਰ ਦੀ ਅੱਜ ਸੁਣ ਲਈ ਸੀ। ਉਹਨਾਂ ਦੇ ਘਰ ਵਿਆਹ ਤੋਂ ਪੰਜ ਸਾਲਾਂ ਬਾਅਦ ਪਤਾ ਨਹੀਂ ਕਿੰਨੀਆਂ ਸੁੱਖਾਂ ਸੁੱਖ ਸੁੱਖ ਕੇ ਪੁੱਤ ਅਰਜਨ ਨੇ ਜਨਮ ਲਿਆ ਸੀ। ਉਹਨਾਂ ਦੀਆਂ ਖ਼ੁਸ਼ੀਆਂ ਸਾਂਭੀਆਂ ਨਹੀਂ ਜਾ ਰਹੀਆਂ ਸਨ। ਗੁਰਮੇਲ ਸਿੰਘ ਚਾਹੇ ਢਾਈ ਕੁ ਕਿੱਲਿਆਂ ਦੀ ਖ਼ੇਤੀ ਕਰਨ ਵਾਲ਼ਾ ਮਾਮੂਲੀ ਜਿਹਾ ਕਿਸਾਨ ਸੀ ਪਰ ਉਸ ਨੇ ਸਾਰੇ ਵਧਾਈ ਦੇਣ ਵਾਲਿਆਂ ਨੂੰ ਖ਼ੁਸ਼ ਕਰ ਕਰ ਕੇ ਤੋਰਿਆ ਸੀ। ਗੁਰਮੇਲ ਤੇ ਚਰਨ ਕੌਰ ਦੀ ਜਿਹੜੀ ਜ਼ਿੰਦਗੀ ਬੁਝੀ ਬੁਝੀ ਜਿਹੀ ਰਹਿਣ ਲੱਗ ਪਈ ਸੀ ਅੱਜ ਪਰਮਾਤਮਾ ਨੇ ਇਸ ਚਿਰਾਗ ਨਾਲ਼ ਰੌਸ਼ਨ ਕਰ ਦਿੱਤੀ ਸੀ। ਅਰਜਨ ਨੂੰ ਉਹ ਕਦੇ ਇਕੱਲਾ ਨਾ ਛੱਡਦੇ, ਜੇ ਗਲ਼ੀ ਦੇ ਬੱਚੇ ਉਸ ਨੂੰ ਖਿਡਾਉਣ ਆ ਜਾਂਦੇ ਤਾਂ ਚਰਨ ਕੌਰ ਕੋਲ਼ ਬੈਠੀ ਰਹਿੰਦੀ ਕਿ ਕਿਤੇ ਨਿਆਣਪੁਣੇ ਵਿੱਚ ਜਵਾਕਾਂ ਤੋਂ ਕੋਈ ਊਚ ਨੀਚ ਨਾ ਹੋ ਜਾਵੇ। ਪੰਜ ਕੁ ਵਰ੍ਹਿਆਂ ਦਾ ਹੋਇਆ ਤਾਂ ਪਿੰਡ ਵਾਲੇ ਸਕੂਲ ਵਿੱਚ ਹੀ ਪੜ੍ਹਨ ਪਾ ਦਿੱਤਾ। ਗੁਰਮੇਲ ਆਪ ਸਾਈਕਲ ਤੇ ਉਸ ਨੂੰ ਸਕੂਲ ਛੱਡਣ ਤੇ ਛੁੱਟੀ ਵੇਲੇ ਲੈਣ ਜਾਂਦਾ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਸਾਰੇ ਮਾਸਟਰ ਤੇ ਮੈਡਮਾਂ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਸਕੂਲ ਬਾਰ੍ਹਵੀਂ ਤੱਕ ਹੋਣ ਕਰਕੇ ਅਰਜਨ ਨੇ ਬਾਰ੍ਹਵੀਂ ਵੀ ਪਿੰਡ ਦੇ ਸਕੂਲ ਵਿੱਚੋਂ ਅੱਵਲ ਆ ਕੇ ਪਾਸ ਕੀਤੀ।
               ਹੁਣ ਅਰਜਨ ਨੂੰ ਅੱਗੇ ਕੀ ਕਰਵਾਇਆ ਜਾਵੇ ਇਸ ਬਾਰੇ ਗੁਰਮੇਲ ਸਿੰਘ ਤੇ ਚਰਨ ਕੌਰ ਨੂੰ ਬਹੁਤੀ ਜਾਣਕਾਰੀ ਨਹੀਂ ਸੀ। ਪਿੰਡ ਵਿੱਚੋਂ ਹੀ ਉਹ ਕਿਸੇ ਪੜ੍ਹੇ ਲਿਖੇ ਬੰਦੇ ਦੀ ਸਲਾਹ ਲੈਣ ਗਿਆ ਤਾਂ ਉਹ ਆਖਣ ਲੱਗਿਆ,”… ਗੁਰਮੇਲ ਸਿਆਂ ਇਹਨੂੰ ਤੂੰ ਕਿਸੇ ਵਰਕਸ਼ਾਪ ਵਗੈਰਾ ਤੇ ਕੰਮ ਸਿੱਖਣ ਲਾ ਦੇ….ਨਾਲੇ ਚਾਰ ਪੈਸੇ ਕਮਾਊ …. ਪਿੰਡ ਦੀ ਮੰਡੀਰ ਤੋਂ ਵੀ ਬਚ ਕੇ ਰਹੂ…ਤੇਰਾ ਵੀ ਹੱਥ ਸੌਖਾ ਹੋਊ….!” ਅਰਜਨ ਇਹ ਗੱਲ ਸੁਣ ਕੇ ਉਦਾਸ ਹੋ ਗਿਆ ਤੇ ਘਰ ਆ ਕੇ ਅੱਖਾਂ ਭਰ ਕੇ ਆਖਣ ਲੱਗਾ,”… ਬਾਪੂ ਜੀ … ਮੈਂ ਹੋਰ ਪੜ੍ਹ ਕੇ ਵੱਡਾ ਅਫ਼ਸਰ ਬਣਨਾ ਚਾਹੁੰਦਾਂ… !” “…ਨਾ ਮੱਲਿਆ…. ਉਦਾਸ ਨਾ ਹੋ…. ਮੈਂ ਤੈਨੂੰ ਹੋਰ ਪੜ੍ਹਾਊਂਗਾ….ਚਾਹੇ ਮੈਨੂੰ ਜ਼ਮੀਨ ਕਿਉਂ ਨਾ ਗਹਿਣੇ ਰੱਖਣੀ ਪਵੇ…।”ਅਰਜਨ ਨੂੰ ਦਿਲਾਸਾ ਦਿੰਦਾ ਹੋਇਆ ਗੁਰਮੇਲ ਉਸ ਨੂੰ ਗਲਵਕੜੀ ਵਿੱਚ ਲੈ ਲੈਂਦਾ ਹੈ।
             ਗੁਰਮੇਲ ਦੀ ਭੈਣ ਦਾ ਦਿਓਰ ਜਗੀਰ ਸਿੰਘ ਫੌਜ ਵਿੱਚ ਅਫ਼ਸਰ ਸੀ ਤੇ ਉਹ ਛੁੱਟੀ ਆਇਆ ਹੋਇਆ ਸੀ। ਅਗਲੇ ਹੀ ਦਿਨ ਗੁਰਮੇਲ ਤੜਕੇ ਤੜਕੇ ਅਰਜਨ ਦੇ ਸਾਈਕਲ ਦੇ ਪਿੱਛੇ ਬੈਠ ਕੇ ਆਪਣੀ ਭੈਣ ਨੂੰ ਮਿਲਣ ਲਈ ਪਹੁੰਚ ਗਿਆ। ਉਸ ਨੇ ਆਪਣੀ ਭੈਣ ਨੂੰ ਸਾਰੀ ਗੱਲ ਦੱਸੀ ਕਿ ਉਹ ਅਰਜਨ ਨੂੰ ਅਗਾਂਹ ਕਿਹੜੀ ਪੜ੍ਹਾਈ ਕਰਾਉਣ ,ਇਸ ਲਈ ਸਲਾਹ ਲੈਣ ਆਏ ਹਨ । ਗੁਰਮੇਲ ਦੀ ਭੈਣ ਆਪਣੇ ਭਰਾ ਅਤੇ ਭਤੀਜੇ ਨੂੰ ਆਪਣੇ ਦਿਓਰ ਦੀ ਕੋਠੀ ਵਿੱਚ ਲੈ ਗਈ ਤੇ ਬੈਠ ਕੇ ਸਾਰਿਆਂ ਨੇ ਗੱਲ ਬਾਤ ਕੀਤੀ। ਜਗੀਰ ਸਿੰਘ  ਅਰਜਨ ਦੇ ਸਰਟੀਫਿਕੇਟ ਦੇਖ ਕੇ ਖੁਸ਼ ਹੋ ਗਿਆ ਤੇ ਆਖਣ ਲੱਗਾ,”…. ਤੂੰ ਤਾਂ ਬਹੁਤ ਹੋਣਹਾਰ ਪੁੱਤਰ ਹੈਂ…. ਤੈਨੂੰ ਆਪਾਂ ਅਫ਼ਸਰ ਹੀ ਬਣਾਵਾਂਗੇ….।” ਉਸ ਦੀ ਗੱਲ ਸੁਣ ਕੇ ਸਾਰਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਜਿਹੀ ਆ ਗਈ। ਉਸਨੇ ਦੋ ਕੁ ਜਾਣਿਆਂ ਨਾਲ਼ ਫ਼ੋਨ ਤੇ ਕੋਈ ਗੱਲ ਕੀਤੀ ਤੇ ਫਿਰ ਇੱਕ ਪੈੱਨ ਨਾਲ਼ ਇੱਕ ਕਾਗਜ਼ ਦੇ ਟੁਕੜੇ ਤੇ ਇੱਕ ਐਡਰੈੱਸ ਲਿਖ ਕੇ ਅਰਜਨ ਨੂੰ ਦਿੱਤਾ ਤੇ ਸਮਝਾਇਆ ਕਿ ਤੂੰ ਉੱਥੇ ਜਾ ਕੇ ਫ਼ਲਾਣੇ ਬੰਦੇ ਨੂੰ ਮਿਲ ਲਵੀਂ, ਉਹ ਤੇਰਾ ਉੱਥੇ ਦਾਖ਼ਲਾ ਕਰਕੇ ਫੌਜ ਦਾ ਵੱਡੇ ਅਫ਼ਸਰ ਬਣਨ ਲਈ ਤਿਆਰੀ ਕਰਵਾਉਣਗੇ । ਨਾਲ਼ ਹੀ ਉਸ ਨੇ ਹਦਾਇਤ ਦਿੱਤੀ ਕਿ ਉਹ ਰੋਜ਼ ਦੌੜਾਂ ਦੀ ਪਰੈਕਟਿਸ ਵੀ ਕਰਿਆ ਕਰੇ । ਅਰਜਨ ਨੇ ਖ਼ੁਸ਼ੀ ਨਾਲ ਹਾਂ ਵਿੱਚ ਸਿਰ ਹਿਲਾਇਆ ਤੇ ਖੜ੍ਹਾ ਹੋ ਕੇ ਉਸ ਦੇ ਪੈਰੀਂ ਹੱਥ ਲਾਇਆ। ਦੋਵੇਂ ਪਿਉ ਪੁੱਤ ਖ਼ੁਸ਼ੀ ਖ਼ੁਸ਼ੀ ਉੱਥੋਂ ਆ ਗਏ। ਅਰਜਨ ਨੇ ਫੌਜ ਦੀ ਅਫ਼ਸਰੀ ਦੀ ਤਿਆਰੀ ਕਰਨ ਵਿੱਚ ਜੀ ਜਾਨ ਇੱਕ ਕਰ ਦਿੱਤੀ ਤੇ ਉਹ ਨਰਮ ਜਿਹੀ ਉਮਰ ਵਿੱਚ ਹੀ ਫੌਜ ਵਿੱਚ ਲੈਫ਼ਟੀਨੈਂਟ ਭਰਤੀ ਹੋ ਗਿਆ। ਗੁਰਮੇਲ ਸਿੰਘ ਤੇ ਚਰਨ ਕੌਰ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤਰ ਅਫ਼ਸਰ ਬਣ ਗਿਆ ਸੀ। ਤਿੰਨ ਸਾਲਾਂ ਵਿੱਚ ਅਰਜਨ ਨੇ ਆਪਣੇ ਮਾਤਾ ਪਿਤਾ ਦੇ ਛੋਟੇ ਛੋਟੇ ਚਾਅ ਪੂਰੇ ਕਰਨ ਵਿੱਚ ਕੋਈ ਕਮੀ ਨਹੀਂ ਰੱਖੀ ਸੀ ,ਘਰ ਨੂੰ ਵੀ ਆਪਣੇ ਹਿਸਾਬ ਨਾਲ ਵਧੀਆ ਬਣਾ ਲਿਆ ਸੀ। ਗੁਰਮੇਲ ਸਿੰਘ ਨੇ ਵੀ ਖੇਤੀ ਕਰਨੀ ਛੱਡ ਕੇ ਜ਼ਮੀਨ ਠੇਕੇ ਤੇ ਦੇ ਦਿੱਤੀ ਸੀ। ਹੁਣ ਉਹਨਾਂ ਦਾ ਰਹਿਣ ਸਹਿਣ ਇੱਕ ਅਫਸਰ ਪੁੱਤ ਦੇ ਮਾਂ ਬਾਪ ਵਰਗਾ ਹੋ ਗਿਆ ਸੀ। ਪਿੰਡ ਵਿੱਚੋਂ ਹੀ ਕਿਸੇ ਦੀ ਨੂੰਹ ਚਰਨ ਕੌਰ ਕੋਲ਼ ਆਪਣੇ ਪਿੰਡ ਦੀ ਇੱਕ ਗ਼ਰੀਬ ਘਰ ਦੀ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਲੈ ਕੇ ਆਈ। ਚਰਨ ਕੌਰ ਨੇ ਗੁਰਮੇਲ ਸਿੰਘ ਨਾਲ ਗੱਲ ਕੀਤੀ। ਜਦੋਂ ਅਰਜਨ ਛੁੱਟੀ ਆਇਆ ਤਾਂ ਉਹਨਾਂ ਨੇ ਉਸ ਦੇ ਰਿਸ਼ਤੇ ਦੀ ਗੱਲ ਕੀਤੀ ਤਾਂ ਅਰਜਨ ਨੇ ਆਪਣੇ ਨਾਲ ਹੀ ਇੱਕ ਅਫਸਰ ਕੁੜੀ ਮੁਸਕਾਨ ਨਾਲ ਵਿਆਹ ਕਰਵਾਉਣ ਦੀ ਇੱਛਾ ਜਤਾਈ ਜੋ ਗੈਰ ਪੰਜਾਬੀ ਸੀ। ਮਾਂ ਚਰਨ ਕੌਰ ਨੇ ਅਰਜਨ ਨੂੰ ਸਮਝਾਉਂਦਿਆਂ ਹੋਇਆਂ ਆਖਿਆ,” …. ਪੁੱਤ…. ਜਿਹੜੀ ਕੁੜੀ ਨੂੰ ਸਾਡੇ ਰੀਤੀ ਰਿਵਾਜਾਂ ਜਾਂ ਪਿੰਡਾਂ ਬਾਰੇ ਕੋਈ ਜਾਣਕਾਰੀ ਈ ਨਹੀਂ….ਉਹ ਸਾਡੀ ਸੇਵਾ ਕੀ ਕਰੂ…?…ਇਹ ਤਾਂ ਆਪਣੇ ਪਿੰਡਾਂ ਦੀ ਕੁੜੀ ਆ…. ਬੰਨੇਂ ਨਾਲ ਬੰਨੇਂ ਰਲਦੇ ਨੇ…. ਆਪਣੇ ਪਿੰਡਾਂ ਦੀਆਂ ਕੁੜੀਆਂ ਸਭ ਰਿਸ਼ਤਿਆਂ ਨੂੰ ਸਮਝਦੀਆਂ ਹੁੰਦੀਆਂ ਨੇ…. ਉਹਨਾਂ ਨੂੰ ਕਦਰ ਹੁੰਦੀ ਆ…. ਨਾਲ਼ੇ ਗ਼ਰੀਬ ਘਰ ਦੀ ਕੁੜੀ ਨੂੰ ਕਦਰ ਹੁੰਦੀ ਐ ਸਭ ਦੀ ….!” ਗੁਰਮੇਲ ਸਿੰਘ ਤੇ ਚਰਨ ਕੌਰ ਨੇ ਅਰਜਨ ਤੇ ਦਬਾਅ ਪਾ ਕੇ ਰਿਸ਼ਤਾ ਕਰ ਦਿੱਤਾ ਤੇ ਅਗਲੀ ਛੁੱਟੀ ਵਿਆਹ ਕਰ ਦਿੱਤਾ।
            ਵਿਆਹ ਤੋਂ ਮਹੀਨੇ ਬਾਅਦ ਅਰਜਨ ਛੁੱਟੀ ਕੱਟ ਕੇ ਨੌਕਰੀ ਤੇ ਵਾਪਸ ਚਲਿਆ ਗਿਆ ਤੇ ਉਸ ਦੀ ਵਹੁਟੀ ਪਰਮ ਨੂੰ ਕੁਆਰਟਰ ਲੈ ਕੇ ਅਗਲੀ ਛੁੱਟੀ ਨਾਲ ਲਿਜਾਣ ਦਾ ਵਾਅਦਾ ਕਰ ਗਿਆ ਸੀ । ਅਰਜਨ ਦੇ ਛੁੱਟੀ ਕੱਟ ਕੇ ਜਾਣ ਤੋਂ ਬਾਅਦ ਪਰਮ ਵੀ ਆਪਣੇ ਸੱਸ ਸਹੁਰੇ ਕੋਲ਼ ਹਫ਼ਤਾ ਕੁ ਰਹੀ ਤੇ ਫਿਰ ਪੇਕੇ ਚਲੀ ਗਈ। ਉਂਝ ਉਹ ਫ਼ੋਨ ਤੇ ਆਪਣੇ ਸੱਸ ਸਹੁਰੇ ਨਾਲ ਗੱਲਬਾਤ ਕਰਦੀ ਰਹਿੰਦੀ ਸੀ। ਇੱਕ ਦਿਨ ਉਸ ਨੇ ਸ਼ਰਮਾਉਂਦੀ ਸ਼ਰਮਾਉਂਦੀ ਨੇ ਆਪਣੀ ਸੱਸ ਨੂੰ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ ਤਾਂ ਗੁਰਮੇਲ ਸਿੰਘ ਤੇ ਚਰਨ ਕੌਰ ਦੇ ਖ਼ੁਸ਼ੀ ਵਿੱਚ ਧਰਤੀ ਤੇ ਪੱਬ ਨਹੀਂ ਲੱਗ ਰਹੇ ਸਨ। ਅਰਜਨ ਵੀ ਬਹੁਤ ਖੁਸ਼ ਸੀ। ਅਰਜਨ ਤਰੱਕੀ ਹੋ ਕੇ ਹੁਣ ਕੈਪਟਨ ਬਣ ਗਿਆ ਸੀ। ਉਹ ਫਿਰ ਜਲਦੀ ਹੀ ਛੁੱਟੀ ਆ ਕੇ ਆਪਣੇ ਪਰਿਵਾਰ ਨਾਲ ਦੂਹਰੀ ਦੂਹਰੀ ਖੁਸ਼ੀ ਸਾਂਝੀ ਕਰਨਾ ਚਾਹੁੰਦਾ ਸੀ ਪਰ ਉਸ ਦੀ ਬਦਲੀ ਬਾਰਡਰ ਤੇ ਹੋ ਗਈ ਸੀ। ਅਰਜਨ ਨੇ ਨਵੀਂ ਜਗ੍ਹਾ ਜਾ ਕੇ ਅਗਲੇ ਮਹੀਨੇ ਲਈ ਛੁੱਟੀ ਭਰ ਦਿੱਤੀ ਸੀ।ਉਸ ਦੇ ਅਗਲੇ ਮਹੀਨੇ ਛੁੱਟੀ ਆਉਣ ਦਾ ਸਾਰਿਆਂ ਨੂੰ ਬਹੁਤ ਚਾਅ ਸੀ।
            ਇੱਕ ਦਿਨ ਤੜਕੇ ਤੜਕੇ ਜਦੋਂ ਗੁਰਮੇਲ ਸਿੰਘ ਨੇ ਟੀ ਵੀ ਲਾਇਆ ਤਾਂ ਦੁਸ਼ਮਣ ਦੀ ਫੌਜ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਫੌਜੀਆਂ ਦੇ ਨਾਂ ਦੱਸੇ ਜਾ ਰਹੇ ਸਨ । ਜਦ ਉਸ ਦੇ ਕੰਨਾਂ ਵਿੱਚ ਕੈਪਟਨ ਅਰਜਨ ਸਿੰਘ ਪਿਆ ਤਾਂ ਉਹ ਉੱਥੇ ਹੀ ਪੱਥਰ ਦੀ ਮੂਰਤੀ ਵਾਂਗ ਖਲੋਤਾ ਰਿਹਾ। ਚਰਨ ਕੌਰ ਨੇ ਵੀ ਸੁਣ ਲਿਆ ਸੀ, ਹੌਲੀ ਹੌਲੀ ਸਾਰੇ ਪਿੰਡ ਨੂੰ ਵੀ ਪਤਾ ਲੱਗ ਗਿਆ ਸੀ। ਪਰਮ ਵੀ ਰੋਂਦੀ ਕੁਰਲਾਉਂਦੀ ਆ ਗਈ। ਅਗਲੇ ਦਿਨ ਸ਼ਹੀਦ ਅਰਜਨ ਸਿੰਘ ਦੀ ਦੇਹ ਅੰਤਿਮ ਸੰਸਕਾਰ ਲਈ ਪਿੰਡ ਪਹੁੰਚੀ,ਉਸ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਕੁਝ ਅਫ਼ਸਰ ਸਰਕਾਰੀ ਕਾਗਜ਼ ਨਾਲ ਲੈ ਕੇ ਆਏ ਸਨ। ਉਨ੍ਹਾਂ ਨੇ ਅੰਤਿਮ ਸੰਸਕਾਰ ਤੋਂ ਬਾਅਦ ਗੁਰਮੇਲ ਸਿੰਘ ਤੇ ਚਰਨ ਕੌਰ ਤੋਂ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਅਤੇ ਪੈਨਸ਼ਨ ਬਾਰੇ ਪੁੱਛਿਆ ਕਿ ਉਹ ਆਪ ਲੈਣਾ ਚਾਹੁੰਦੇ ਹਨ ਜਾਂ ਉਸ ਦੀ ਪਤਨੀ ਨੂੰ ਹੱਕਦਾਰ ਬਣਾਉਣਾ ਚਾਹੁੰਦੇ ਹਨ। ਉਹਨਾਂ ਨੂੰ ਇਹ ਸੀ ਕਿ ਉਹਨਾਂ ਦੇ ਘਰ ਉਹਨਾਂ ਦੇ ਪੁੱਤ ਦੀ ਨਿਸ਼ਾਨੀ ਆਉਣ ਵਾਲ਼ੀ ਹੈ ਇਸ ਲਈ ਉਹਨਾਂ ਨੇ ਦਸਤਖ਼ਤ ਕਰ ਦਿੱਤੇ ਕਿ ਅਰਜਨ ਦੀ ਨੌਕਰੀ ਦੇ ਪੈਸੇ ਧੇਲੇ ਅਤੇ ਪੈਨਸ਼ਨ ਦੀ ਹੱਕਦਾਰ ਉਸ ਦੀ ਪਤਨੀ ਪਰਮ ਹੀ ਹੈ। ਉਹ ਸੋਚਦੇ ਸਨ ਕਿ ਪਰਮ ਨੂੰ ਉਹ ਆਪਣੀ ਨੂੰਹ ਨਹੀਂ ਪੁੱਤ ਬਣਾ ਕੇ ਆਪਣੇ ਕੋਲ ਰੱਖਣਗੇ ਤੇ ਆਉਣ ਵਾਲੇ ਬੱਚੇ ਵਿੱਚੋਂ ਉਹਨਾਂ ਨੂੰ ਆਪਣਾ ਅਰਜਨ ਮਿਲ਼ ਜਾਵੇਗਾ।
                ਅਰਜਨ ਦੀ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਵੀ ਹੋ ਗਈ , ਰਿਵਾਜ ਮੁਤਾਬਕ ਪਰਮ ਦੇ ਪੇਕੇ ਉਸ ਨੂੰ ਆਪਣੇ ਨਾਲ ਲੈ ਗਏ। ਦੋ ਕੁ ਦਿਨ ਬਾਅਦ ਗੁਰਮੇਲ ਸਿੰਘ ਤੇ ਚਰਨ ਕੌਰ ਉਸ ਨੂੰ ਪਿੰਡ ਆਪਣੇ ਕੋਲ ਲੈ ਆਏ। ਪਰਮ ਦਾ ਇਹਨਾਂ ਕੋਲ ਦਿਲ ਨਹੀਂ ਲੱਗ ਰਿਹਾ ਸੀ ਉਸ ਦੀ ਮਜ਼ਬੂਰੀ ਸੀ ਕਿਉਂਕਿ ਅਰਜਨ ਦੀ ਪਤਨੀ ਹੋਣ ਦੇ ਨਾਤੇ ਕਈ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਤੇ ਉਸ ਦੇ ਵੀ ਦਸਤਖ਼ਤ ਕਰਵਾਉਣ ਲਈ ਮਹਿਕਮੇ ਤੋਂ ਬੰਦਿਆਂ ਨੇ ਆਉਣਾ ਸੀ। ਸਾਰਾ ਕੰਮ ਮਹੀਨੇ ਵਿੱਚ ਨਿੱਬੜ ਗਿਆ ਸੀ,ਸਾਰਾ ਪੈਸਾ ਧੇਲਾ ਪਰਮ ਦੇ ਖਾਤੇ ਵਿੱਚ ਆ ਗਿਆ ਸੀ ਤੇ ਉਸ ਨੂੰ ਪੈਨਸ਼ਨ ਵੀ ਲੱਗ ਗਈ ਸੀ।ਉਹ ਆਪਣੇ ਪੇਕੇ ਚਲੀ ਗਈ। ਉਹ ਸਾਢੇ ਕੁ ਚਾਰ ਮਹੀਨਿਆਂ ਦੀ ਗਰਭਵਤੀ ਸੀ। ਇੱਕ ਦਿਨ ਉਸ ਦੀ ਮਾਂ ਆਖਣ ਲੱਗੀ,”…. ਕੁੜੇ ਪਰਮ….ਤੇਰੀ ਖਾਣ ਹੰਢਾਉਣ ਦੀ ਸਾਰੀ ਉਮਰ ਪਈ ਆ…. ਇਹ ਜਵਾਕ ਜਿਹੇ ਦੇ ਸਹਾਰੇ ਤਾਂ ਨੀ ਨਿਕਲਣੀ ਉਮਰ…. ਕਿਉਂ ਆਪਣੇ ਨਾਲ ਇਹ ਬੋਝ ਚੁੱਕੀ ਫਿਰਦੀ ਐਂ….!” ਪਰਮ ਪਹਿਲਾਂ ਹੀ ਇਹ ਸਭ ਸੋਚ ਰਹੀ ਸੀ। ਇਹ ਗੱਲ ਕਰਕੇ ਜਿਵੇਂ ਉਸ ਦੀ ਮਾਂ ਨੇ ਉਸ ਦੇ ਦਿਲ ਦੀ ਗੱਲ ਬੁੱਝ ਲਈ ਹੋਵੇ। ਦੋਵੇਂ ਮਾਂ -ਧੀ ਸ਼ਹਿਰ ਚੈੱਕ ਅੱਪ ਕਰਵਾਉਣ ਦੇ ਬਹਾਨੇ ਗਰਭਪਾਤ ਕਰਵਾ ਆਈਆਂ। ਪਰਮ ਦੀ ਮਾਂ ਨੇ ਚਰਨ ਕੌਰ ਨੂੰ ਫ਼ੋਨ ਕਰਕੇ ਦੱਸਿਆ,”…. ਭੈਣ ਜੀ…. ਅਸੀਂ ਤਾਂ ਬਥੇਰੀ ਦਵਾਈ ਬੂਟੀ ਕਰਵਾਈ…. ਬਥੇਰੀ ਵਾਹ ਲਾਈ ….ਪਤਾ ਨੀ ਨਿਆਣੀ ਦੇ ਰੋਣ ਪਿੱਟਣ ਕਰਕੇ ਹਉਕਾ ਖਾ ਗਈ…. ਇੱਕ ਦਮ ਦਰਦ ਉੱਠਿਆ ਤੇ ਸਾਰਾ ਕੰਮ ਖਰਾਬ ਹੋ ਗਿਆ….। ” ਚਰਨ ਕੌਰ ਧਾਹਾਂ ਮਾਰ ਕੇ ਰੋਣ ਲੱਗੀ ਜਿਵੇਂ ਇੱਕ ਹੋਰ ਅਰਜਨ ਉਸ ਦੇ ਘਰੋਂ ਤੁਰ ਗਿਆ ਹੋਵੇ ਕਿਉਂਕਿ ਉਹਨਾਂ ਦੀਆਂ ਆਸਾਂ ਵਿਚਲੀ ਦੁਨੀਆਂ ਵੀ ਉਜੜ ਗਈ ਸੀ। ਪਰਮ ਕਰੋੜਾਂ ਦੀ ਮਾਲਕਣ ਬਣ ਗਈ ਸੀ। ਚੜ੍ਹੇ ਮਹੀਨੇ ਉਸ ਨੂੰ ਮੋਟੀ ਪੈਨਸ਼ਨ ਮਿਲ ਜਾਂਦੀ ਸੀ। ਉਹ ਆਪਣੇ ਪੇਕਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗੀ। ਉਹਨਾਂ ਦੀ ਗਰੀਬੀ ਧੋਤੀ ਗਈ। ਛੇ ਕੁ ਮਹੀਨਿਆਂ ਬਾਅਦ ਹੀ ਛੋਟੀ ਭੈਣ ਦਾ ਵਿਆਹ ਕਰ ਦਿੱਤਾ ਤੇ ਭਰਾ ਨੂੰ ਖ਼ਰਚਾ ਕਰਕੇ ਕਨੇਡਾ ਭੇਜ ਦਿੱਤਾ। ਪਰਮ ਆਪ ਵੀ ਉਸ ਮੁੰਡੇ ਕੋਲ ਕਨੇਡਾ ਚਲੀ ਗਈ ਜਿਸ ਨੂੰ ਉਹ ਪਿਆਰ ਕਰਦੀ ਸੀ। ਉਸ ਨੇ ਉਸ ਨਾਲ਼ ਚੋਰੀ ਛਿਪੇ ਵਿਆਹ ਵੀ ਕਰਵਾ ਲਿਆ ਸੀ ਪਰ ਕਿਸੇ ਨੂੰ ਕੋਈ ਭਿਣਕ ਨਹੀਂ ਲੱਗਣ ਦਿੱਤੀ ਸੀ ਕਿਉਂਕਿ ਨਹੀਂ ਤਾਂ ਉਸ ਨੂੰ ਅਰਜਨ ਦੀ ਮਿਲਣ ਵਾਲੀ ਪੈਨਸ਼ਨ ਤੋਂ ਹੱਥ ਧੋਣੇ ਪੈ ਸਕਦੇ ਸਨ ।ਓਧਰ ਗੁਰਮੇਲ ਸਿੰਘ ਤੇ ਚਰਨ ਕੌਰ ਕੁਝ ਕੁ ਮਹੀਨਿਆਂ ਵਿੱਚ ਜਮ੍ਹਾਂ ਈ ਰਹਿ ਗਏ ਸਨ ਕਿਉਂਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਗਾਂਹ  ਨ੍ਹੇਰਾ ਹੀ ਦਿਸਦਾ ਸੀ। ਪਰਮ ਦੇ ਤਾਂ ਉਹਨਾਂ ਨੂੰ ਫੋਨ ਦਾ ਵੀ ਭਾਅ ਨਹੀਂ ਸੀ। ਉਹ ਤਾਂ ਕੱਖੋਂ ਹੌਲੇ ਹੋ ਕੇ ਬੈਠ ਗਏ ਸਨ। ਉਹਨਾਂ ਨੂੰ ਚਿੱਠੀ ਆਈ ਕਿ ਗਣਤੰਤਰ ਦਿਵਸ ਤੇ ਸ਼ਹੀਦ ਦੀ ਪਤਨੀ ਦਾ ਸਨਮਾਨ ਕੀਤਾ ਜਾਣਾ ਸੀ। ਪਰਮ ਨੇ ਤਾਂ ਉਹਨਾਂ ਦਾ ਫ਼ੋਨ ਚੱਕਣਾ ਵੀ ਕਦੋਂ ਦਾ ਬੰਦ ਕੀਤਾ ਹੋਇਆ ਸੀ।ਇਸ ਕਰਕੇ ਗੁਰਮੇਲ ਸਿੰਘ ਆਪਣੇ ਭਤੀਜੇ ਨਾਲ ਕਾਰ ਵਿੱਚ ਬੈਠ ਕੇ ਪਰਮ ਦੇ ਪੇਕੇ ਦੱਸਣ ਗਿਆ ਤਾਂ ਉਨ੍ਹਾਂ ਨੇ ਪਰਮ ਬਾਰੇ ਭਾਫ਼ ਨਹੀਂ ਕੱਢੀ ਕਿ ਉਹ ਕਨੇਡਾ ਚਲੀ ਗਈ ਹੈ। ਉਸ ਦੀ ਮਾਂ ਨੇ ਉਸ ਦਾ ਰਿਸ਼ਤੇਦਾਰੀ ਵਿੱਚ ਗਏ ਹੋਣ ਦਾ ਬਹਾਨਾ ਲਗਾਇਆ ਤੇ ਕਿਹਾ ਕਿ ਉਹ ਸਨਮਾਨ ਲੈਣ ਪਹੁੰਚ ਜਾਵੇਗੀ। ਗੁਰਮੇਲ ਸਿੰਘ ਨੇ ਕਿਹਾ,”… ਭੈਣ ਜੀ…. ਪਰਮ ਨੂੰ ਆਖਿਓ ਸਾਨੂੰ ਵੀ ਨਾਲ਼ ਲੈ ਚੱਲੇ…. ਅਸੀਂ ਜਿਉਂਦੇ ਦਾ ਨਾ ਸਹੀ ….ਆਪਣੇ ਸ਼ਹੀਦ ਪੁੱਤ ਦਾ ਆਦਰ ਮਾਣ ਹੁੰਦਾ ਵੇਖ ਲਵਾਂਗੇ….।” ਇਹ ਕਹਿ ਕੇ ਉਹ ਉੱਥੋਂ ਆ ਗਏ।
           ਅਰਜਨ ਦੇ ਮਾਤਾ ਪਿਤਾ ਪਰਮ ਦੀ ਉਡੀਕ ਕਰ ਰਹੇ ਸਨ ਕਿ ਉਹ ਉਹਨਾਂ ਨੂੰ ਲੈਣ ਲਈ ਆਵੇਗੀ। ਪਰ ਉਸ ਵੱਲੋਂ ਕੋਈ ਸੁਨੇਹਾ ਨਾ ਆਇਆ। ਪਰਮ ਬਾਹਰੋਂ ਆਕੇ ਇੱਕ ਵਿਧਵਾ ਦਾ ਰੂਪ ਧਾਰਨ ਕਰ ਕੇ ਅਵਾਰਡ ਲੈਣ ਜਾਂਦੀ ਹੈ। ਸ਼ਹੀਦ ਅਰਜਨ ਸਿੰਘ ਦੀ ਪਤਨੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ। ਗੁਰਮੇਲ ਸਿੰਘ ਇਸ ਸਭ ਦਾ ਟੀ ਵੀ ਵਿੱਚ ਸਿੱਧਾ ਪ੍ਰਸਾਰਣ ਦੇਖ ਰਿਹਾ ਸੀ। ਇਹ ਸਭ ਵੇਖ ਕੇ ਉਹ ਦੋਵੇਂ ਪਤੀ ਪਤਨੀ ਬਹੁਤ ਉਦਾਸ ਹੋਏ । ਸ਼ਾਮ ਨੂੰ ਤਿੰਨ ਕੁ ਵਜੇ ਉਹ ਵਿਹੜੇ ਵਿੱਚ ਬਹੁਤ ਉਦਾਸ ਬੈਠੇ ਸਨ ਕਿ ਇੱਕ ਫੌਜੀ ਜਿਪਸੀ ਗੇਟ ਅੱਗੇ ਆ ਕੇ ਰੁਕੀ । ਉਸ ਵਿੱਚੋਂ ਉਤਰ ਕੇ ਇੱਕ ਕੁੜੀ ਜਿਸ ਦੇ ਫੌਜੀ ਵਰਦੀ ਪਾਈ ਹੋਈ ਸੀ ਅੰਦਰ ਆਈ ਤੇ ਉਹ ਗੁਰਮੇਲ ਸਿੰਘ ਤੇ ਚਰਨ ਕੌਰ ਦੇ ਪੈਰੀਂ ਹੱਥ ਲਗਾਉਂਦੀ ਹੈ। ਆਪਣੀ ਪਹਿਚਾਣ ਦਿੰਦੀ ਹੋਈ ਆਪ ਹੀ ਦੱਸਦੀ ਹੈ,”…. ਬੀਜੀ ਪਾਪਾ ਜੀ….. ਮੈਂ ਮੁਸਕਾਨ ਹੂੰ….. ਅਰਜਨ ਮੇਰਾ ਬਹੁਤ ਅੱਛਾ ਦੋਸਤ ਥਾ….ਯਹੀਂ ਨੇੜੇ ਯੂਨਿਟ ਮੇਂ ਮੇਰੀ ਟ੍ਰਾਂਸਫਰ ਹੂਈ ਹੈ…. ਅਰਜਨ ਕੇ ਬਾਰੇ ਮੇਂ ਸੁਨ ਕਰ ਮੈਂ ਟੂਟ ਸੀ ਗਈ ਥੀ…. ਆਪ ਕੋ ਮਿਲ ਕਰ ਮੁਝੇ ਐਸੇ ਲਗ ਰਹਾ ਹੈ….. ਜੈਸੇ ਮੈਂ ਅਰਜਨ ਸੇ ਬਾਤ ਕਰ ਰਹੀ ਹੂੰ….. ਆਪ ਮੁਝੇ ਅਪਨੀ ਬੇਟੀ ਹੀ ਸਮਝੋ…. ਆਪ ਕੋ ਜਬ ਭੀ ਕੋਈ ਜ਼ਰੂਰਤ ਹੋ ਮੈਂ ਹਾਜ਼ਰ ਹੂੰਗੀ…. ਜਬ ਤਕ ਮੈਂ ਯਹਾਂ ਹੂੰ ਆਪਕੋ ਹਰ ਹਫ਼ਤੇ ਮਿਲਤੀ ਰਹੂੰਗੀ…. ਬਾਅਦ ਮੇਂ ਭੀ ਆਤੀ ਰਹੂੰਗੀ ਔਰ ਆਪਕਾ ਧਿਆਨ ਰੱਖੂੰਗੀ….!”
ਗੁਰਮੇਲ ਸਿੰਘ ਤੇ ਚਰਨ ਕੌਰ ਦੀਆਂ ਅੱਖਾਂ ਭਰ ਆਈਆਂ ਤੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਜਿਵੇਂ ਇਹ ਹੀ ਉਸ ਦੇ ਸ਼ਹੀਦ ਪੁੱਤ ਦੀ ਪਤਨੀ ਹੋਵੇ।
ਬਰਜਿੰਦਰ ਕੌਰ ਬਿਸਰਾਓ…
9988901324
Previous article” ਹੜ੍ਹ “
Next articleਚੱਕ ਭਾਈਕਾ ਵਿਖੇ ਇੱਕ ਗਰੀਬ ਪਰਿਵਾਰ ਨਾਲ ਹੋਈ ਕਥਿਤ ਧੱਕੇਸ਼ਾਹੀ, ਇੱਕ ਵਫਦ ਸਥਾਨਕ ਐਸ.ਡੀ.ਐਮ ਮੈਡਮ ਉਪਿੰਦਰਜੀਤ ਕੌਰ ਬਰਾੜ ਨੰ ਮਿਲਿਆ