(ਸਮਾਜ ਵੀਕਲੀ) 19ਵੀਂ ਸਦੀ ਦੇ ਅਖ਼ੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਅੱਲ੍ਹਾ ਯਾਰ ਖਾਂ ਜੋਗੀ ਉੱਚ ਕੋਟੀ ਦੇ ਲਿਖਾਰੀ ਤੇ ਬੇਹੱਦ ਮਕਬੂਲ ਸ਼ਾਇਰ ਹੋਏ। ਉਹ ਉਰਦੂ, ਫਾਰਸੀ ਤੋਂ ਇਲਾਵਾ ਹਿੰਦੀ ਜ਼ੁਬਾਨ ਦੇ ਵੀ ਚੰਗੇ ਜਾਣਕਾਰ ਸਨ। ਅੱਲ੍ਹਾ ਯਾਰ ਖਾਂ ਜੋਗੀ ਦਾ ਜਨਮ 19ਵੀਂ ਸਦੀ ’ਚ ਹੋਇਆ। ਉਨ੍ਹਾਂ ਦੇ ਵੱਡ-ਵਡੇਰਿਆਂ ਦਾ ਪਿਛੋਕੜ ਦੱਖਣ ਦਾ ਸੀ, ਜੋ ਅਨਾਰਕਲੀ ਲਾਹੌਰ ’ਚ ਆ ਵਸੇ ਤੇ ਇੱਥੇ ਹੀ ਅੱਲ੍ਹਾ ਯਾਰ ਖਾਂ ਜੋਗੀ ਦਾ ਜਨਮ ਹੋਇਆ। ਉਹ ਹਕੀਮ, ਰਹਿਮਾਨੀ, ਜੋਗੀ ਤੇ ਦੱਖਣੀ ਵਰਗੇ ਕਈ ਹੋਰ ਤਖੱਲਸਾਂ ਨਾਲ ਵੀ ਲੋਕਾਂ ’ਚ ਮਸ਼ਹੂਰ ਹੋਏ। ਆਪਣੇ ਸਮੇਂ ਦੇ ਮਸ਼ਹੂਰ ਹਕੀਮ ਹੋਣ ਕਾਰਨ ਉਨ੍ਹਾਂ ਨੂੰ ‘ਹਕੀਮ’ ਆਖ ਕੇ ਵੀ ਬੁਲਾਇਆ ਜਾਂਦਾ ਸੀ। ਅੱਲ੍ਹਾ ਯਾਰ ਖਾਂ ਜੋਗੀ ਜਦੋਂ ਆਪਣੇ ਸੂਫ਼ੀਆਨਾ ਅੰਦਾਜ਼ ’ਚ ਕਾਵਿ-ਉਡਾਰੀ ਭਰਦੇ ਤਾਂ ਉਨ੍ਹਾਂ ਨੂੰ ਸੁਣਨ ਵਾਲਿਆਂ ਦੇ ਚਹਿਰੇ ਗਦ-ਗਦ ਤੇ ਮਨ/ਚਿੱਤ ਅਸ਼ ਅਸ਼ ਕਰ ਉੱਠਦੇ। ਉਨ੍ਹਾਂ ਵੱਲੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਬਾਰੇ ਲਿਖੀਆਂ ਦੋ ਲੰਮੀਆਂ ਨਜ਼ਮਾਂ ‘ਸ਼ਹੀਦਾਨ-ਏ-ਵਫ਼ਾ ਅਤੇ ‘ਗੰਜਿ-ਸ਼ਹੀਦਾਂ’ ਨਾਲ ਉਹ ਸਿੱਖ ਸੰਗਤ ’ਚ ਬੇਹੱਦ ਮਕਬੂਲ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਸੀ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਨਾਲ, ਜ਼ੁਲਮ ਤੇ ਤਸ਼ੱਦਦ ਵਿਰੁੱਧ, ਧਾਰਮਿਕ ਸੁਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਉਹ ਲਿਖਦੇ ਹਨ ਕਿ ਜਦੋਂ ਅਨੰਦਪੁਰ ਸਾਹਿਬ ਸਰਸਾ ਨਦੀ ਤੇ ਗੁਰੂ ਗੋਬਿੰਦ ਜੀ ਦਾ ਪਰਿਵਾਰ ਵਿਛੜ ਗਿਆ ਤਾਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਅਤੇ ਫਹਿਤ ਸਿੰਘ ਨੂੰ ਗੰਗੂ ਰਸੋਈਆਂ ਮੋਰਿੰਡਾ ਨੇੜੇ ਆਪਣੇ ਘਰ ਸਹੇੜੀ ਲੈ ਜਾਂਦਾ ਹੈ ।
ਦਿਨ ਭਰ ਕੀ ਦੌੜ ਧੂਪ ਸੇ ਸਬ ਕੋ ਥਕਾਨ ਥਾ ।
ਮਹਫੂਜ਼ ਹਰ ਤਰਹ ਸੇ ਬਾਜਾਹਿਰ ਮਕਾਨ ਥਾ ।
ਬਰਸੋਂ ਸੇ ਜਿਸੇ ਖਿਲਾਯਾ ਥਾ ਵੁਹ ਮੇਜ਼ਬਾਨ ਥਾ ।
ਖ਼ਤਰੇ ਕਾ ਇਸ ਵਜਹ ਨਹੀਂ ਵਹਮ-ਓ-ਗੁਮਾਨ ਥਾ
ਨੌਕਰ ਕਾ ਘਰ ਸਮਝ ਕੇ ਵੁਹ ਬੇਫ਼ਿਕਰ ਹੋ ਗਏ ।
ਲਗ ਕਰ ਗਲੇ ਸੇ ਦਾਦੀ ਕੇ ਸ਼ਹਿਜ਼ਾਦੇ ਸੋ ਗਏ ।
ਅੱਗੇ ਅੱਲ੍ਹਾ ਯਾਰ ਲਿਖਦੇ ਹਨ ਕਿ ਮਾਤਾ ਗੁਜਰੀ ਕੋਲ ਸੋਨੇ ਦਾ ਡੱਬਾ ਦੇਖਕੇ ਗੰਗੂ ਰਸੋਈਏ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ
ਮਾਤਾ ਕੇ ਸਾਥ ਡੱਬਾ ਥਾ ਇਕ ਜ਼ੇਵਰਾਤ ਕਾ ।
ਲਲਚਾ ਜਿਸੇ ਥਾ ਦੇਖ ਕੇ ਜੀ ਬਦ-ਸਿਫ਼ਾਤ ਕਾ ।
ਕਹਤੇ ਹੈਂ ਜਬ ਕਿ ਵਕਤ ਹੁਆ ਆਧੀ ਰਾਤ ਕਾ ।
ਜੀ ਮੇਂ ਕੀਯਾ ਨ ਖ਼ੌਫ਼ ਕੁਛ ਆਕਾ ਕੀ ਮਾਤ ਕਾ ।
ਮੁਹਰੋਂ ਕਾ ਬਦਰਾ ਔਰ ਵੁਹ ਡੱਬਾ ਉੜਾ ਗਯਾ ।
ਧੋਖੇ ਸੇ ਬਰਹਮਨ ਵੁਹ ਖ਼ਜ਼ਾਨਾ ਚੁਰਾ ਗਯਾ ।
ਉਹ ਲਿਖਦੇ ਹਨ ਕਿ ਸਵੇਰੇ ਜਿਵੇਂ ਹੀ ਮਾਤਾ ਗੁਜਰੀ ਜੀ ਨੂੰ ਗੰਗੂ ਰਸੋਈਏ ਦੀ ਇਸ ਕਰਤੂਤ ਦਾ ਪਤਾ ਲੱਗਦਾ ਕਿ ਉਹ ਆਖਦੇ ਹਨ ਕਿ ਗੰਗੂ ਤੂੰ ਇਹ ਮਾਇਆ ਮੇਰੇ ਤੋਂ ਮੰਗ ਕੇ ਲੈ ਲੈਂਦਾ ਤਾਂ ਅੱਜ ਚੋਰ ਕਹਿਲਾਉਣ ਤੋਂ ਬਚ ਜਾਂਦਾ। ਅੱਲ੍ਹਾ ਯਾਰ ਆਪਣੀ ਨਜ਼ਮ ਵਿੱਚ ਲਿਖਦੇ ਹਨ ਕਿ ਗੰਗੂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਅਤੇ ਉਸਨੇ ਉਸ ਵੇਲੇ ਦੇ ਮੋਰਿੰਡਾ ਦੇ ਥਾਣੇਦਾਰ ਨੂੰ ਖ਼ਬਰ ਦੇ ਦਿੱਤੀ
ਚੁੱਪ ਚਾਪ ਘਰ ਸੇ ਚਲ ਦੀਯਾ ਫ਼ਿਰ ਵੁਹ ਨਮਕ ਹਰਾਮ ।
ਪਹੁੰਚਾ ਵੁਹ ਇਸ ਜਗਹ ਪਿ ਮੋਰਿੰਡਾ ਥਾ ਜਿਸ ਕਾ ਨਾਮ ।
ਮੁਖਬਿਰ ਵਹਾਂ ਨਵਾਬ ਕੇ ਰਖਤੇ ਥੇ ਕੁਛ ਕਯਾਮ ।
ਖੁਫ਼ੀਆ ਕੁਛ ਉਨ ਸੇ ਕਰਨੇ ਲਗਾ ਬਦਸਯਰ ਕਲਾਮ ।
ਮਤਲਬ ਥਾ ਜਿਸ ਕਾ, ਘਰ ਮਿਰੇ ਸਤਿਗੁਰ ਕੇ ਲਾਲ ਹੈਂ ।
ਜਿਨ ਕੇ ਪਕੜਨੇ ਕੇ ਸਭੀ ਖ਼ਾਹਾਂ ਕਮਾਲ ਹੈ ।
ਅੱਲ੍ਹਾ ਯਾਰ ਅੱਗੇ ਲਿਖਦੇ ਹਨ ਕਿ ਮੋਰਿੰਡਾ ਦੇ ਥਾਣੇਦਾਰ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਕੇ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤੇ। ਦੂਜੇ ਦਿਨ ਸੂਬਾ ਸਰਹਿੰਦ ਦੇ ਸਿਪਾਹੀ ਛੋਟੇ ਸਾਹਿਬਜ਼ਾਦਿਆਂ ਨੂੰ ਲਿਜਾਣ ਵਾਸਤੇ ਆਏ ਤਾਂ ਮਾਤਾ ਗੁਜਰੀ ਬਿਲਕੁਲ ਅਡੋਲ ਰਹੇ ਅਤੇ ਆਪਣੇ ਛੋਟੇ ਪੋਤਿਆਂ ਨੂੰ ਆਖਦੀ ਹੈ ਕਿ
“ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ ।
ਪਿਆਰੇ ਸਰੋਂ ਪੇ ਨਨ੍ਹੀ ਸੀ ਕਲਗ਼ੀ ਸਜਾ ਤੋ ਲੂੰ ।
ਮਰਨੇ ਸੇ ਪਹਲੇ ਤੁਮ ਕੋ ਮੈਂ ਦੂਲ੍ਹਾ ਬਨਾ ਤੋ ਲੂੰ ।”
ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤਾ ਕੀਯਾ ।
ਤੀਰ-ਓ-ਕਮਾਂ ਸੇ, ਤੇਗ਼ ਸੇ ਪੈਰਾਸਤਾ ਕੀਯਾ ।
ਅੱਲ੍ਹਾ ਯਾਰ ਅੱਗੇ ਲਿਖਦੇ ਹਨ ਕਿ ਸਰਹਿੰਦ ਦੀ ਸੂਬਾ ਕਚਹਿਰੀ ਵਿੱਚ ਛੋਟੇ ਬੱਚਿਆਂ ਜ਼ੋਰਾਵਰ ਅਤੇ ਫਹਿਤ ਸਿੰਘ ਨੂੰ ਧਰਮ ਪ੍ਰੀਵਰਤਨ ਕਰਵਾਉਣ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਅਤੇ ਡਰਾਵੇ ਦਿੱਤੇ ਗਏ
ਨਾਜ਼ਿਮ ਕੀ ਬਾਤ ਬਾਤ ਪੇ ਰੁਕਨੇ ਲਗੀ ਜ਼ਬਾਂ ।
ਖ਼ੁਦ ਕੋ ਸੰਭਾਲ ਕਰ ਕੇ ਵੁਹ ਕਹਨੇ ਲਗਾ ਕਿ ਹਾਂ ।
ਖ਼ਾਹਾਂ ਹੋ ਮੌਤ ਕਿ ਯਾ ਤੁਮ੍ਹੇਂ ਚਾਹੀਯੇ ਅਮਾਂ ।
ਬਤਲਾਓ ਸਾਫ਼ ਸਾਫ਼ ਅਬ ਐ ਆਲੀ-ਖ਼ਾਨਦਾਂ ।
ਇਸ ਦਮ ਕਰੋ ਕਬੂਲ ਅਗਰ ਸ਼ਾਹ ਕੇ ਦੀਨ ਕੋ ।
ਫ਼ਿਰ ਆਸਮਾਂ ਬਨਾ ਦੂੰ ਤੁਮ੍ਹਾਰੀ ਜ਼ਮੀਨ ਕੋ ।
ਪਰ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਅਡੋਲ ਰਹੇ ਅਤੇ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ ਗਿਆ ਉਸ ਦੁਖਦਾਈ ਦ੍ਰਿਸ਼ ਨੂੰ ਅੱਲ੍ਹਾ ਯਾਰ ਖਾਂ ਨੇ ਇਸ ਤਰ੍ਹਾਂ ਪੇਸ਼ ਕੀਤਾ
ਦੀਵਾਰ ਕੇ ਦਬਾਓ ਸੇ ਜਬ ਹਬਸ-ਏ-ਦਮ ਹੁਆ ।
ਦੌਰਾਨ-ਏ-ਖ਼ੂਨ ਰੁਕਨੇ ਲਗਾ, ਸਾਂਸ ਕਮ ਹੁਆ ।
ਦੋਨੋਂ ਹਮ ਪਿ ਬਜ਼ਾਹਿਰ ਸਿਤਮ ਹੁਆ ।
ਬਾਤਿਨ ਮੇਂ ਪੰਥ ਪਰ ਹੈ ਖ਼ੁਦਾ ਕਾ ਕਰਮ ਹੁਆ ।
ਸਦ ਸਾਲ ਔਰ ਜੀ ਕੇ ਭੀ ਮਰਨਾ ਜ਼ਰੂਰ ਥਾ ।
ਸਰ ਕੌਮ ਸੇ ਬਚਾਨਾ ਯਿਹ ਗ਼ੈਰਤ ਸੇ ਦੂਰ ਥਾ ।
ਮਾਤਾ ਗੁਜਰੀ ਦੇ ਇਹ ਪੋਤੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸ਼ਹੀਦ ਹੋਣ ਤੱਕ ਅਡੋਲ ਰਹੇ ਅਤੇ ਦੁਨੀਆਂ ਦਾ ਇੱਕ ਬਹੁਤ ਹੀ ਵੱਡਾ ਇਤਿਹਾਸ ਸਿਰਜ ਗਏ
ਹਮ ਜਾਨ ਦੇ ਕੇ ਔਰੌਂ ਕੀ ਜਾਨੇਂ ਬਚਾ ਚਲੇ ।
ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ ।
ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ ।
ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ ।
ਗੱਦੀ ਸੇ ਤਾਜ ਓ ਤਖ਼ਤ ਬਸ ਅਬ ਕੌਮ ਪਾਏਗੀ ।
ਦੁਨੀਯਾ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ
ਅੱਲ੍ਹਾ ਯਾਰ ਖਾਂ ਅੱਗੇ ਆਪਣੇ ਮਰਸੀਆ ਵਿੱਚ ਲਿਖਦੇ ਹਨ
ਠੋਡੀ ਤਕ ਈਂਟੇਂ ਚੁਨ ਦੀ ਗਈਂ ਮੂੰਹ ਤਕ ਆ ਗਈਂ
ਬੀਨੀ ਕੋ ਢਾਂਪਤੇ ਹੀ ਵੁਹ ਆਂਖੋਂ ਪਿ ਛਾ ਗਈਂ ।
ਹਰ ਚਾਂਦ ਸੀ ਜਬੀਨ ਕੋ ਘਨ ਸਾ ਲਗਾ ਗਈਂ ।
ਲਖਤ-ਏ- ਜ਼ਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈਂ ।
ਜੋਗੀ ਜੀ ਇਸ ਕੇ ਬਾਦ ਹੂਈ ਥੋੜੀ ਦੇਰ ਥੀ ।
ਬਸਤੀ ਸਰਹਿੰਦ ਸ਼ਹਰ ਕੀ ਈਂਟੋਂ ਕਾ ਢੇਰ ਥੀ ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ