ਬਰੇਂਪਟਨ (ਸਮਾਜ ਵੀਕਲੀ) ( ਰਾਜਵੀਰ ਭਲੂਰੀਆ )– ਵਿਸ਼ਵ ਪੰਜਾਬੀ ਭਵਨ ਬਰੇਂਪਟਨ ਦੇ ਵਿਹੜੇ ਵਿੱਚ ਮਾਲਟਨ ਵੂਮੇਨ ਕੌਂਸਲ ਵੱਲੋਂ ਐਤਵਾਰ ਨੂੰ ਰਮਿੰਦਰ ਵਾਲੀਆ ਦਾ ਬਹੁਤ ਹੀ ਸ਼ਾਨਦਾਰ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ l ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਮਿੰਦਰ ਕੌਰ ਵਾਲੀਆ ਸ਼ਾਮਲ ਹੋਏ l ਇਸ ਮੌਕੇ ਤੇ ਰਮਿੰਦਰ ਕੌਰ ਵਾਲੀਆ ਦਾ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਵੱਲੋਂ ਫੁਲਕਾਰੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ।
ਸੱਭ ਤੋਂ ਪਹਿਲਾਂ ਮਾਲਟਨ ਵੂਮੇਨ ਸੰਸਥਾ ਦੀ ਐਗਜ਼ੀਕਿਊਟਿਵ ਡਾਇਰੈਕਟਰ ਉਜ਼ਮਾ ਇਰਫ਼ਾਨ ਨੇ ਸੱਭ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਕਥੂਰੀਆ ਜੀ ਦਾ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਇਹ ਪ੍ਰੋਗਰਾਮ ਭਵਨ ਵਿੱਚ ਕਰਨ ਦੀ ਇਜ਼ਾਜ਼ਤ ਦਿੱਤੀ । ਉਜ਼ਮਾ ਨੇ ਦੱਸਿਆ ਕਿ ਇਹ ਸੰਸਥਾ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਔਰਤਾਂ ਅਤੇ ਲਿੰਗ ਅਧਾਰਿਤ ਹਿੰਸਾ ਦੀਆਂ ਸ਼ਿਕਾਰ ਹਨ ਉਹਨਾਂ ਲਈ ਕੰਮ ਕਰ ਰਹੀ ਹੈ । ਇਸ ਸੰਸਥਾ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਕਰਕੇ ਵੂਮੈਨਜ਼ ਨੂੰ ਐਮਪਾਵਰ ਕੀਤਾ ਜਾਂਦਾ ਹੈ । ਜਿਸਦੇ ਬਹੁਤ ਅੱਛੇ ਰਿਜ਼ਲਟ ਵੀ ਆ ਰਹੇ ਹਨ । ਇਹਨਾਂ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਉਹਨਾਂ ਨਾਲ ਰਿੰਟੂ ਭਾਟੀਆ , ਸੁਰਜੀਤ ਕੌਰ ਤੇ ਗੁਲਨਾਜ਼ ਸਹਿਯੋਗ ਕਰ ਰਹੇ ਹਨ ਤੇ ਹੋਰ ਵੀ ਬਹੁਤ ਮੈਂਬਰਜ਼ ਇਸ ਸੰਸਥਾ ਨਾਲ ਜੁੜ ਕੇ ਆਪਣਾ ਸਹਿਯੋਗ ਕਰ ਰਹੇ ਹਨ । ਅਲੋਕਾ ਮਹਿੰਦੀਰੱਤਾ ਜੀ ਇਸ ਸੰਸਥਾ ਦੇ ਫ਼ਾਊਂਡਰ ਹਨ ।
ਉੱਥੇ ਹੀ ਹਾਜ਼ਰੀਨ ਦੇ ਸਾਹਮਣੇ ਸਟੇਜ ਤੇ ਹੀ ਰਮਿੰਦਰ ਵਾਲੀਆ ਦਾ ਰੂਬਰੂ ਸਮਾਗਮ ਕਰਵਾਇਆ ਗਿਆ l ਮਾਲਟਨ ਵੋਮੈਨ ਕੌਂਸਲ ਵੱਲੋਂ ਰਿੰਟੂ ਭਾਟੀਆ ਨੇ ਦਰਸ਼ਕਾਂ ਦੇ ਸਾਹਮਣੇ ਸਟੇਜ ਤੇ ਹੀ ਰਮਿੰਦਰ ਵਾਲੀਆ ਨਾਲ ਸਵਾਲ ਜਵਾਬ ਕੀਤੇ ਤੇ ਉਹਨਾਂ ਦੀ ਜ਼ਿੰਦਗੀ ਦੇ ਪਹਿਲੂ ਦਰਸ਼ਕਾਂ ਦੇ ਸਾਹਮਣੇ ਰੱਖੇ l ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਹੋਸਟ ਦੇ ਤੌਰ ਤੇ ਪ੍ਰੋਗਰਾਮ ਨੂੰ ਚਲਾ ਰਹੇ ਰਿੰਟੂ ਭਾਟੀਆ ਨੇ ਦੱਸਿਆ ਕਿ ਉਹਨਾਂ ਦੀ ਕੌਂਸਲ ਵੱਲੋਂ ਸਮਾਜ ਵਿੱਚ ਕੁਝ ਚੰਗਾ ਕੰਮ ਕਰਨ ਵਾਲੀਆਂ ਔਰਤਾਂ ਦੇ ਨਾਲ ਰੂਬਰੂ ਕਰਵਾਇਆ ਜਾਂਦਾ ਹੈ l ਇਸੇ ਲੜੀ ਦੇ ਤਹਿਤ ਰਮਿੰਦਰ ਵਾਲੀਆ ਨਾਲ ਰੂਬਰੂ ਕੀਤਾ ਜਾ ਰਿਹਾ ਹੈ l ਗੱਲਬਾਤ ਦੌਰਾਨ ਉਨਾਂ ਨੇ ਦੱਸਿਆ ਕਿ ਰਮਿੰਦਰ ਵਾਲੀਆ ਬਹੁਤ ਹੀ ਮਿਹਨਤੀ ਉੱਦਮੀ ਔਰਤ ਹਨ ਜਿਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਸੰਘਰਸ਼ ਭਰਿਆ ਜੀਵਨ ਬਤੀਤ ਕੀਤਾ l ਔਰਤਾਂ ਦੀ ਭਲਾਈ ਦੇ ਨਾਲ ਨਾਲ ਸਮਾਜ ਸੁਧਾਰਕ ਕੰਮਾਂ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆl ਆਪਣੀਆਂ ਰਚਨਾਵਾਂ ਦੇ ਵਿੱਚ ਉਹਨਾਂ ਨੇ ਦੱਬੀਆਂ ਕੁਚਲੀਆਂ ਔਰਤਾਂ ਨੂੰ ਅਹਿਮੀਅਤ ਦਿੱਤੀ l ਰੰਮੀ ਜੀ ਦੀ ਕਲਮ ਚੋਂ ਉਪਜੀ ਹੋਈ ਸ਼ਬਦਾਵਾਲੀ ਬਹੁਤ ਹੀ ਸਪਸ਼ਟ ਹੁੰਦੀ ਹੈ l ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਰ ਸਾਹਿਤਕਾਰਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਰੰਮੀ ਜੀ ਦਾ ਸੁਭਾਅ ਹਮੇਸ਼ਾਂ ਹੀ ਦੂਸਰੇ ਨੂੰ ਵੱਡਾ ਕਰਕੇ ਤੇ ਆਪ ਪਿੱਛੇ ਰਹਿ ਕੇ ਕੰਮ ਕਰਨ ਵਾਲਾ ਬਣਿਆ ਹੋਇਆ ਹੈ l ਉਹਨਾਂ ਨੇ ਬਹੁਤ ਸਾਰੀਆਂ ਔਰਤਾਂ ਨੂੰ ਸਾਹਿਤ ਦੇ ਖੇਤਰ ਵਿੱਚ ਸਪੋਰਟ ਕੀਤੀ ਅਤੇ ਬਹੁਤ ਸਾਰੀਆਂ ਔਰਤਾਂ ਨੂੰ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਨਾਲ ਜੋੜਿਆ ਹੈ। ਉਹਨਾਂ ਨੇ ਹਮੇਸ਼ਾ ਹੀ ਆਪ ਪਿੱਛੇ ਰਹਿ ਕੇ ਬਿਨਾਂ ਕਿਸੇ ਅਹੁਦੇ ਦੇ ਲਾਲਚ ਤੋਂ ਕੰਮ ਕੀਤਾ ਹੈ। ਅਜਿਹਾ ਵਿਲੱਖਣ ਸੁਭਾਅ ਰੰਮੀ ਜੀ ਦੇ ਹਿੱਸੇ ਹੀ ਆਇਆ ਹੈ l
ਇਸ ਮੌਕੇ ਤੇ ਸੁਰਜੀਤ ਕੌਰ , ਮੀਤਾ ਖੰਨਾ , ਪਰਮਜੀਤ ਦਿਓਲ , ਇਕਬਾਲ ਬਰਾੜ , ਜਗੀਰ ਸਿੰਘ ਕਾਹਲੋਂ , ਪ੍ਰੋ. ਦਰਸ਼ਨਦੀਪ , ਪਰਮਪਾਲ ਸੰਧੂ , ਡਾ . ਇੰਦਰਜੀਤ ਕੌਰ , ਮਲਿਕਾ ਬਖ਼ਸ਼ੀ ਤੇ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਰਮਿੰਦਰ ਵਾਲੀਆ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ । ਇਸ ਸਮਾਗਮ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ।ਇਸ ਰੂਬਰੂ ਪ੍ਰੋਗਰਾਮ ਵਿੱਚ ਰਮਿੰਦਰ ਵਾਲੀਆ ਦਾ ਰੂਬਰੂ ਦੇਖਣ ਤੇ ਸੁਨਣ ਲਈ ਹਾਜ਼ਰੀਨ ਵਿੱਚ ਬਹੁਤ ਉਤਸ਼ਾਹ ਸੀ ਤੇ ਸਭ ਨੇ ਨਜਿੱਠ ਕੇ ਇਸ ਰੂਬਰੂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਰਮਿੰਦਰ ਦੀ ਮਿਹਨਤ , ਸਿਰੜ , ਜਨੂੰਨ ਅਤੇ ਜ਼ਜ਼ਬੇ ਦੀ ਬਹੁਤ ਸਰਾਹੁਣਾ ਕੀਤੀ । ਹਾਲ ਵਿੱਚ ਮੈਂਬਰਜ਼ ਦੀ ਭਰਪੂਰ ਹਾਜ਼ਰੀ ਸੀ । ਇਸ ਸਮੇ ਪੀ ਟੀ ਸੀ ਪੰਜਾਬੀ ਚੈਨਲ ਤੋਂ ਆਏ ਤਰੁਨ ਦੱਤ ਜੀ ਨੇ ਪ੍ਰੋਗਰਾਮ ਦੀ ਕਵਰੇਜ ਵੀ ਕੀਤੀ । ਸੰਸਥਾ ਵੱਲੋਂ ਬਹੁਤ ਸ਼ਾਨਦਾਰ ਚਾਹ ਪਾਣੀ ਤੇ ਸਨੈਕਸ ਦਾ ਇੰਤਜ਼ਾਮਕੀਤਾ ਗਿਆ । ਰਿੰਟੂ ਭਾਟੀਆ ਦਾ ਸੰਚਾਲਨ ਬਾਕਮਾਲ ਸੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly