ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੇਕ ਇਨ ਇੰਡੀਆ ਸਮੇਂ ਦੀ ਲੋੜ ਹੈ ਅਤੇ ਸਨਅਤਾਂ ਨੂੰ ਅਪੀਲ ਕੀਤੀ ਕਿ ਉਹ ਦਰਾਮਦ ’ਤੇ ਨਿਰਭਰਤਾ ਘਟਾਉਣ ਅਤੇ ਘਰੇਲੂ ਮੈਨਫੈਕਚਰਿੰਗ ਨੂੰ ਹੱਲਾਸ਼ੇਰੀ ਦੇਣ। ਉਨ੍ਹਾਂ ਇੰਡਸਟਰੀ ਨੂੰ ਅਪੀਲ ਕੀਤੀ ਕਿ ਉਹ ਚੁਣੌਤੀਆਂ ਕਬੂਲ ਕਰਨ ਅਤੇ ਅਜਿਹੀਆਂ ਵਸਤਾਂ ਦੀ ਦਰਾਮਦ ਘਟਾਉਣ ਦੀ ਕੋਸ਼ਿਸ਼ ਕਰਨ ਜਿਹੜੀਆਂ ਭਾਰਤ ’ਚ ਬਣਾਈਆਂ ਜਾ ਸਕਦੀਆਂ ਹਨ। ‘ਮੇਕ ਇਨ ਇੰਡੀਆ ਫਾਰ ਦਿ ਵਰਲਡ’ ’ਤੇ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ,‘‘ਅੱਜ ਦੁਨੀਆ ਮੈਨੂੰਫੈਕਚਰਿੰਗ ਤਾਕਤ ਵਜੋਂ ਭਾਰਤ ਵੱਲ ਦੇਖ ਰਹੀ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਨਅਤਾਂ ਨੂੰ ਆਲਮੀ ਮਾਪਦੰਡਾਂ ਨੂੰ ਕਾਇਮ ਕਰਨਾ ਪਵੇਗਾ ਅਤੇ ਇਹ ਮਨਜ਼ੂਰ ਨਹੀਂ ਹੋਵੇਗਾ ਕਿ ਭਾਰਤ ਵਰਗਾ ਮੁਲਕ ਸਿਰਫ਼ ਮੰਡੀ ਬਣ ਕੇ ਰਹਿ ਜਾਵੇ। ਉਨ੍ਹਾਂ ਕਿਹਾ ਕਿ ਆਤਮ ਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਲਈ ਬਜਟ ’ਚ ਕਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਮਹਾਮਾਰੀ ਦੌਰਾਨ ਸਪਲਾਈ ਚੇਨ ਦੇ ਅੜਿੱਕਿਆਂ ਅਤੇ ਹੋਰ ਬੇਯਕੀਨੀਆਂ ਦੇ ਮਾਹੌਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਮੈਨੂੰਫੈਕਚਰਿੰਗ ਸੈਕਟਰ ਦੇ ‘ਕਪਤਾਨਾਂ’ ਨੂੰ ਕਿਹਾ ਕਿ ਉਹ ਕੁਝ ਇਲਾਕਿਆਂ ਨੂੰ ਚੁਣ ਕੇ ਉਨ੍ਹਾਂ ਤੋਂ ਵਿਦੇਸ਼ੀ ਨਿਰਭਰਤਾ ਨੂੰ ਘਟਾਉਣ।
ਮੈਨੂੰਫੈਕਚਰਿੰਗ ਲਈ ‘ਜ਼ੀਰੋ ਡਿਫੈਕਟ-ਜ਼ੀਰੋ ਇਫੈਕਟ’ ਦੇ ਦਿੱਤੇ ਗਏ ਸੱਦੇ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਸਾਮਾਨ ’ਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ ਹੈ ਅਤੇ ਇਸ ਮੁਕਾਬਲੇਬਾਜ਼ੀ ਦੇ ਦੌਰ ’ਚ ਗੁਣਵੱਤਾ ਅਹਿਮ ਹੈ। ‘ਜੇਕਰ ਕੌਮੀ ਸੁਰੱਖਿਆ ਦੇ ਨਜ਼ਰੀਏ ਨਾਲ ਦੇਖੀਏ ਤਾਂ ਆਤਮ ਨਿਰਭਰਤਾ ਸਾਰਿਆਂ ਨਾਲੋਂ ਅਹਿਮ ਹੈ।’ ਪ੍ਰਧਾਨ ਮੰਤਰੀ ਨੇ ਸੈਮੀਕੰਡਕਰ ਅਤੇ ਇਲੈਕਟ੍ਰਿਕ ਵਾਹਨਾਂ ਵਰਗੇ ਸੈਕਟਰਾਂ ’ਚ ਮੰਗ ਤੇ ਮੌਕਿਆਂ ਦੀਆਂ ਮਿਸਾਲਾਂ ਵੀ ਦਿੱਤੀਆਂ। ਉਨ੍ਹਾਂ ਤਿਉਹਾਰਾਂ ਮੌਕੇ ਕਈ ਵਿਦੇਸ਼ੀ ਵਸਤਾਂ ਸਪਲਾਈ ਕੀਤੇ ਜਾਣ ’ਤੇ ਵੀ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਸਥਾਨਕ ਕਾਰੋਬਾਰੀ ਇਹ ਆਸਾਨੀ ਨਾਲ ਮੁਹੱਈਆ ਕਰਵਾ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly