HOME ਮਹਾਂਰਿਸ਼ੀ ਵਾਲਮੀਕਿ ਜੀ

ਮਹਾਂਰਿਸ਼ੀ ਵਾਲਮੀਕਿ ਜੀ

4
    (ਸਮਾਜ ਵੀਕਲੀ)   ਭਾਰਤੀ ਇਤਿਹਾਸ ਅਤੇ ਮਿਥਿਹਾਸ ਵਿੱਚ ਦੋ ਮਹਾਂਪੁਰਖ ਹੋਏ ਹਨ। ਦੋਵੇਂ ਸ਼ਖਸ਼ੀਅਤਾਂ ਵਿੱਚ ਯੁਗਾਤਮਿਕ, ਸਮਾਜਿਕ, ਇਸ਼ਟਾਤਮਕ ਅਵਸਥਾਤਮਿਕ ਪੁਰਾਣਿਕ ਅੰਤਰ ਹੈ। ਰਾਜਾ ਵਰੁਣ ਪ੍ਰਚੇਤਾ ਅਤੇ ਰਾਣੀ ਚਰਸਣੀ ਦੀ ਕੁੱਖ ਤੋਂ ਭ੍ਰਿਗੂ ਮੁਨੀ ਅਤੇ ਰਿਸ਼ੀ ਵਾਲਮੀਕ ਨੇ ਜਨਮ ਲਿਆ। ਰਾਜਾ ਮਿੱਤਰ ਅਤੇ ਰਾਣੀ ਉਰਵਸ਼ੀ ਦੀ ਪਵਿੱਤਰ ਕੁੱਖ ਤੋਂ ਅਗਸਤ ਮੁਨੀ ਅਤੇ ਰਿਖੀ ਵਸ਼ਿਸ਼ਟ ਨੇ ਜਨਮ ਲਿਆ। ਡਾਕਟਰ ਹਰੀ ਪ੍ਰਸਾਦ ਸ਼ਾਸਤਰੀ ਜੀ ਲਿਖਦੇ ਹਨ ਕਿ ਰਾਮਾਇਣ ਦੇ ਅੰਤ ਵਿੱਚ ਰਿਸ਼ੀ ਵਾਲਮੀਕ ਨੇ ਖੁਦ ਲਿਖਿਆ ਹੈ ਕਿ ਮੈਂ ਪ੍ਰਚੇਤਾ ਦਾ ਦਸਵਾਂ ਪੁੱਤਰ ਹਾਂ। ਰਿਸ਼ੀ ਭਗਵਾਨ ਵਾਲਮੀਕ ਸਮੇਤ ਸਾਰੇ ਪਹੁੰਚੇ ਹੋਏ ਬ੍ਰਾਹਮਣ ਸਨ। “ਬਚਿੱਤ੍ਰ ਨਾਟਕੀ ਰਾਮਾਇਣ” ਅਨੁਸਾਰ ਰਾਵਣ ਨੂੰ ਮਾਰਨ ਉਪਰੰਤ ਅਯੋਧਿਆ ਵਾਪਸੀ ਤੇ ਜਦੋਂ ਸ਼੍ਰੀ ਰਾਮ ਨੇ ਰਾਜਭਾਗ ਸੰਭਾਲਿਆ, ਤਾਂ ਖੁਸ਼ਖਬਰੀ ਵਿੱਚ ਵੱਡੇ ਵੱਡੇ ਬ੍ਰਾਹਮਣ ਰਿਸ਼ੀ ਮੁਨੀ ਆਏ। ਇਨਾਂ ਵਿੱਚ ਵਾਲਮੀਕ ਰਿਸ਼ੀ, ਤੇ ਭ੍ਰਿਗੂ ਭਰਾਵਾਂ ਤੋਂ ਇਲਾਵਾ ਮਤਰੇਏ ਭਰਾ “ਅਗਸਤ” ਅਤੇ “ਵਸਿਸ਼ਟ” ਵੀ ਸ਼ਾਮਿਲ ਸਨ। ਵੈਦਿਕ ਦ੍ਰਿਸ਼ਟੀਕੋਣ ਮੁਤਾਬਕ ਸਾਰੇ ਪੁਰਸ਼ਾਂ ਵਿੱਚੋਂ ਬ੍ਰਾਹਮਣ ਸਰਵੋਤਮ ਮੰਨਿਆ ਜਾਂਦਾ ਹੈ ਰੁੱਖਾਂ ਵਿੱਚੋਂ ਪਿੱਪਲ। ਰਿਸ਼ੀ ਬਾਲਮੀਕ ਜਨਮ ਤੋਂ ਬ੍ਰਾਹਮਣ ਸਨ ਅਤੇ ਭਗਤ ਬਾਲਮੀਕ ਜੰਗਲ ਦੇ ਦ੍ਰਾਵੜੀ ਭੀਲ ਕਬੀਲੇ ਵਿੱਚੋਂ ਸਨ।ਆਰੀਅਨ ਬ੍ਰਾਹਮਣ, ਭੀਲਾਂ ਨੂੰ ਨਫਰਤ ਨਾਲ ਬਟਵਾਰਾ (ਲੁਟੇਰਾ)  ਤੇ ਸਪਚਾਰੋ (ਕੁੱਤੇ ਖਾਣਾ) ਵਰਗੇ ਵਿਸ਼ੇਸ਼ਣ ਨਾਲ ਪੁਕਾਰਦੇ ਸਨ। ਵਾਲਮੀਕੀ ਰਾਮਾਇਣ, ਤੁਲਸੀ ਰਾਮਾਇਣ ਭਗਵਤ ਪ੍ਰਾਣ ਦੀ ਬੰਸਾਵਲੀ ਤੇ ਬ੍ਰਹਮਾ ਦੇ ਅਵਤਾਰ ਰਿਸ਼ੀ ਵਾਲਮੀਕ ਜੀ ਉੱਚ ਕੋਟੀ ਦੇ ਬ੍ਰਾਹਮਣ ਅਤੇ ਰਾਮ ਭਗਤ ਹੋਣ ਤੋਂ ਇਲਾਵਾ ਇਕ ਰਾਜ ਕਮਾਰ ਵੀ ਸਨ।ਤੁਲਸੀ ਰਾਮਾਇਣ ਵਿੱਚ ਉਸ ਨੂੰ ਮਹਾਨ ਵਿਪਰ (ਬ੍ਰਾਹਮਣ) ਕਹਿ ਕੇ ਵਡਿਆਇਆ ਗਿਆ ਹੈ ਉਨ੍ਹਾਂ ਨੇ ਕੁਝ ਸਮਾਂ ਤਮਸਾ ਨਦੀ ਕੰਢੇ ਬਿਤਾਇਆ ਪ੍ਰੰਤੂ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਉਹ ਮੰਦਾਕਿਨੀ ਨਦੀ ਦੇ ਕੰਢੇ ਚਿਤਰਕੂਟ (ਜ਼ਿਲਾ ਬਾਂਦਾ, ਮੱਧ ਪ੍ਰਦੇਸ਼) ਨਾਂ ਦੇ ਪਹਾੜ ਉੱਤੇ ਸਥਾਈ ਆਸ਼ਰਮ  ਦੇ ਨੇੜੇ ਕੁਟੀਆ ਬਣਾ ਕੇ ਰਹਿੰਦੇ ਸਨ। ਸ੍ਰੀ ਰਾਮ, ਲਛਮਣ ਤੇ ਸੀਤਾ ਜੀ ਨੇ ਬਨਵਾਸ ਦੇ ਪਹਿਲੇ 8 ਸਾਲ ਇੱਥੇ ਗੁਜ਼ਾਰੇ। ਕਾਰਨ ਇਹ ਸੀ, ਗੁਰੂ ਵਿਸ਼ਿਸ਼ਟ ਜੀ ਦੇ ਭਰਾ, ਰਿਸ਼ੀ ਵਾਲਮੀਕ ਦੀ ਪਤਨੀ ਅਰੁੰਧਤੀ  ਤੇ ਸੀਤਾ ਜੀ ਦੋਵੇਂ ਸਹੇਲੀਆਂ ਸਨ। ਜਗਤਾਰ ਸਿੰਘ ਜੀ ਜਾਚਕ ਲਿਖਦੇ ਹਨ ਕਿ ਬਾਲਮੀਕੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਦੁਆਪਰ ਯੁਗ ਦੇ ਮੂਲਵਾਸੀ ਭਗਤ ਬਾਲਮੀਕ ਨਾਲ ਜੋੜਨ ਤੇ ਮਾਣ ਕਰਨ ਜਿਸ ਨੂੰ ਨੀਚ ਦਿਖਾਉਣ ਲਈ ਰਿਸ਼ੀ ਵਾਲਮੀਕ ਵਰਗੇ ਆਰੀਅਨ ਬ੍ਰਾਹਮਣਾਂ ਨੇ ਉਸਨੂੰ ਸ਼ੂਦਰ ਸ਼੍ਰੇਣੀ ਦੇ ਚੰਡਾਲਾਂ ਵਿੱਚ ਗਿਣਿਆ। ਬਟਵਾਰਾ (ਲੁਟੇਰਾ) ਅਤੇ ਸੁਪਚਾਰੋ (ਕੁੱਤੇ ਖਾਣਾ) ਵਰਗੇ ਘ੍ਰਿਣਤ ਵਿਸ਼ੇਸ਼ਣ ਦੇਣ ਲਈ ਕਈ ਮਨਘੜਤ ਕਹਾਣੀਆਂ ਘੜੀਆਂ। ਬਾਲਮੀਕੀ ਭਾਈਚਾਰਾ ਕਈ ਵਾਰ ਗੁਰੂ ਦਰਬਾਰ ਨਾਲ ਟਕਰਾਓ ਦੀ ਸਥਿਤੀ ਵਿੱਚ ਆ ਜਾਂਦਾ ਹੈ, ਜਿੱਥੇ ਗਰੀਬਾਂ ਤੇ ਮਜ਼ਲੂਮਾਂ ਦੇ ਹਮਦਰਦ, ਗੁਰੂ ਨਾਨਕ ਸਾਹਿਬ ਨੇ ਇਲਾਹੀ ਸਲੋਕ ਲਿਖਿਆ ਹੈ, ਜਿਸ ਵਿੱਚ ਸੰਸਾਰ ਨੂੰ ਬ੍ਰਾਹਮਣਾਂ ਦੀਆਂ ਮਿਥੀਆਂ ਨੀਚ ਜਾਤਾਂ ਦਾ ਸਾਥ ਦੇਣ ਤੇ ਉਨ੍ਹਾਂ ਨਾਲ ਖੜਨ ਦੀ ਪ੍ਰੇਰਨਾ ਮਿਲਦੀ ਹੈ। ਨੀਚਾ ਅੰਦਰਿ ਨੀਚ ਜਾਤਿ ਹੂ ਅਤਿ ਨੀਚੁ 11 ਨਾਨਕ ਤਿਨ ਕੈ ਸੰਗਿ ਸਾਥ ਵਡਿਆ ਸਿਉ ਕਿਆ ਰੀਸ11 ਜਿਥੈ ਨੀਚ ਸਮਾਲੀਅਨ ਤਿਥੈ ਨਦਰ ਤੇਰੀ ਬਖਸੀਸ11
(ਗ੍ਰੰਥ ਸਾਹਿਬ ਪੰਨਾ 15)
ਗੁਰਬਾਣੀ ਵਿੱਚ ਜਿਸ ਬਾਲਮੀਕ ਦਾ ਜ਼ਿਕਰ ਹੈ, ਉਹ ਇੱਕ ਸ਼ੂਦਰ ਸੀ ਜਿਸਨੇ ਆਰੀਆ ਰਾਜ ਤੋਂ ਬਗਾਵਤ ਕੀਤੀ ਹੋਈ ਸੀ। ਆਰੀਆ ਲੋਕਾਂ ਨੂੰ ਰਾਹ ਵਿੱਚ ਘੇਰ ਕੇ ਮਾਰ ਦਿੰਦਾ ਸੀ। ਇੱਕ ਹੋਰ ਭੀਲ ਉਂਗਲੀਮਾਲ ਦਾ ਜ਼ਿਕਰ ਵੀ ਮਿਲਦਾ ਹੈ, ਜਿਸ ਨੇ ਮਹਾਤਮਾ ਬੁੱਧ ਤੋਂ ਗਿਆਨ ਪ੍ਰਾਪਤ ਕੀਤਾ ਸੀ। ਕੌਡਾ ਰਾਖਸ਼ ਵੀ ਗੁਰੂ ਨਾਨਕ ਸਾਹਿਬ ਦਾ ਭਗਤ ਬਣ ਗਿਆ ਉਨ੍ਹਾਂ ਦਾ ਗੁਰਅਸਥਾਨ ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਹਿੱਸਾ ਬਣ ਚੁੱਕਾ ਹੈ। :ਉਸ ਸਮੇਂ ਕੁਝ ਦ੍ਰਾਵਿੜ ਲੋਕਾਂ ਦੁਆਰਾ, ਬ੍ਰਾਹਮਣਾਂ ਦੀ ਗੁਲਾਮੀ ਕਬੂਲੀ ਹੋਈ ਸੀ, ਤੇ ਸ਼ੂਦਰ ਬਣ ਕੇ ਤਿੰਨ ਵਰਗਾਂ ਬਾਣੀਏ, ਬ੍ਰਾਹਮਣਾਂ ਤੇ ਖੱਤਰੀਆਂ ਦੀ ਸੇਵਾ ਵਿੱਚ ਲੱਗੇ ਹੋਏ ਸਨ। ਜੋ ਕੁਦਰਤ ਦੇ ਬਣਾਏ ਬੰਦਿਆਂ ਨੂੰ, ਨੀਚ ਸਮਝ ਕੇ, ਨਫਰਤ ਕਰਦੇ ਹਨ, ਉਹ ਕਦੇ ਵੀ ਸਤਿਕਾਰ ਦੇ ਪਾਤਰ ਨ੍ਹੀਂ ਹੋ ਸਕਦੇ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ। ਫੋਨ ਨੰਬਰ: 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article,,,, ਫੌਜ ,,,,,
Next articleਪਛਤਾਇਆ ਵੀ