ਚੰਗੇ ਸਮੇਂ ਦੀ ਉਡੀਕ ਵਿੱਚ

ਨਵਨੀਤ ਢਿੱਲੋਂ

(ਸਮਾਜ ਵੀਕਲੀ) ਯੂਨੀਵਰਸਿਟੀ ਵਿੱਚ ਪੜ੍ਹਦੇ ਹੋਏ ,ਇੱਕ ਵਾਰੀ ਸਾਡੇ ਇੱਕ ਗੈਸਟ ਪ੍ਰੋਫੈਸਰ ਨੇ ਸਟੇਜ ਤੇ ਆ ਕੇ ਸਾਡੇ ਸਭਨਾਂ ਕੋਲੋਂ ਇਹ ਕਹਿ ਕੇ ਮਾਫੀ ਮੰਗੀ ਸੀ, ਕਿ ਬੱਚਿਓ ਸਾਡੀ ਪੀੜੀ ਸ਼ਰਮਸ਼ਾਰ ਹੈ ,ਕੀ ਅਸੀਂ ਤੁਹਾਡੇ ਵਰਤਣ ਯੋਗ ਵਾਤਾਵਰਨੀ ਸਰੋਤ ਖਰਾਬ ਕਰ ਚੁੱਕੇ ਹਾਂ।ਉਸ ਵੇਲੇ ਉਸ ਮਾਫੀ ਦੇ ਸ਼ਬਦਾਂ ਦਾ ਅਸਲ ਅਰਥ ਸੱਚਮੁੱਚ ਪਤਾ ਨਹੀਂ ਸੀ ,ਲੇਕਿਨ ਅੱਜ ਬੇਸ਼ੱਕ ਉਹਨਾਂ ਦੇ ਕਹੇ ਹਰ ਸ਼ਬਦ ਦਾ ਭਾਵ ਪਤਾ ਲੱਗ ਚੁੱਕਾ ਹੈ ।
ਮਨੁੱਖੀ ਸੁਭਾਅ ਦਾ ਇੱਕ ਬੜਾ ਅਜੀਬ ਪਹਿਲੂ ਹੈ। ਦਰਅਸਲ ਜਦੋਂ ਕੋਈ ਚੀਜ਼ ਬਹੁਤਾਤ ਵਿੱਚ ਮਿਲੀ ਹੋਵੇ ਤਾਂ ਉਸਦੀ ਕਦਰ ਉਨੀ ਹੀ ਘੱਟ ਪੈਂਦੀ ਹੈ ।ਸਾਡੇ ਦਾਦੇ ਪੜਦਾਦੇ ਉਹਨਾਂ ਸਮਿਆਂ ਵਿੱਚ ਜਿਉਂ ਕੇ ਗਏ ਨੇ ਜਾਂ ਇੰਝ ਆਖ ਲਈਏ ਕਿ ਜ਼ਿੰਦਗੀ ਨੂੰ ਮਾਣ ਕੇ ਗਏ ਨੇ ,ਜਿਨ੍ਹਾਂ ਸਮਿਆਂ ਵਿੱਚ ਲਹਿਰਾਉਦੇਂ ਰੁੱਖਾਂ ਦੀ ਥੋੜ ਨਹੀਂ ਸੀ ,ਅੱਗੇ ਨਿਕਲਣ ਦੀ ਹੋੜ ਨਹੀਂ ਸੀ ਵੱਡੇ ਵੱਡੇ ਖੇਤ ਸਨ ਵਿੱਚੋਂ ਨਿਕਲਦੀ ਗੱਡੀ ਦੀ ਲੀਹ ਜਾਂ ਵੱਡੀ ਰੋਡ ਨਹੀਂ ਸੀ । ਇਹੋ ਜਿਹਾ ਕਿੰਨਾ ਈ ਕੁਝ ਲਿਖਿਆ ਜਾ ਸਕਦੈ ,ਜੋ ਇਹ ਦਰਸਾਉਂਦਾ ਹੈ ਕਿ ਉਹ ਵੇਲਾ ਹਸੀਨ ਸੀ । ਉਸ ਵੇਲੇ ਦੇ ਲੋਕ ਪੈਸੇ ਪੱਖੋਂ ਭਾਵੇਂ ਗਰੀਬ ਹੋਣ ਲੇਕਿਨ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਨਾਲ ਸਿਰੋਂ ਪੈਰ ਤੱਕ ਲੱਦੇ ਪਏ ਸਨ। ਸ਼ਾਇਦ ਤਾਹੀਓ ਕਦਰ ਵੀ ਨਹੀਂ ਸੀ। ਹੌਲੀ ਹੌਲੀ ਤਰੱਕੀ ਤਾਂ ਹੋ ਗਈ ,ਲੇਕਿਨ ਓਹੀ ਤਰੱਕੀ ਅਸਲ ਵਿੱਚ ਸਾਡਾ ਸਰਵਨਾਸ਼ ਕਰਨ ਦੀ ਕਗਾਰ ਤੇ ਉਪੜੀ ਪਈ ਹੈ। ਪਾਣੀਆਂ ਵਿੱਚ ਜ਼ਹਿਰ ਘੁਲਿਆ ਪਿਆ। ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਅਨੁਸਾਰ 100 ਮੀਟਰ ਤੱਕ ਦੀ ਡੁੰਘਾਈ ਤੇ ਮਿਲਦਾ ਪਾਣੀ ਆਉਂਦੇ 12 ਸਾਲਾਂ ਵਿੱਚ ਖਤਮ ਹੋ ਜਾਵੇਗਾ ਅਤੇ 300 ਮੀਟਰ ਦੀ ਡੁੰਘਾਈ ਤੇ ਮਿਲਣ ਵਾਲਾ ਪਾਣੀ 20 ਤੋਂ 25 ਸਾਲਾਂ ਦੇ ਵਿੱਚ ਸਾਨੂੰ ਹਰਗਿਜ਼ ਨਹੀਂ ਮਿਲੇਗਾ ,ਨਾਲ ਦੀ ਨਾਲ ਵਿਭਾਗੀ ਰਿਪੋਰਟਾਂ ਅਨੁਸਾਰ ਇਹ ਵੀ ਸਾਫ ਕੀਤਾ ਗਿਆ ਹੈ 35.78 ਬਿਲੀਅਨ ਕਿਊਬਿਕ ਮੀਟਰ ਪਾਣੀ ਜ਼ਮੀਨ ਤੋਂ ਕੱਢਿਆ ਜਾ ਰਿਹਾ ਹੈ ਜਿਸ ਵਿੱਚੋਂ 96.65% ਪਾਣੀ ਸਿਰਫ ਤੇ ਸਿਰਫ ਚਾਵਲ ਦੀ ਫਸਲ ਲਈ ਵਰਤਿਆ ਜਾ ਰਿਹਾ ਹੈ । ਜਦੋਂ ਕਿ 0.53%ਇੰਡਸਟਰੀ ਅਤੇ 2.82% ਸਿਰਫ ਘਰਾਂ ਦੇ ਆਮ ਕੰਮ ਕਾਜ ਲਈ ਵਰਤਿਆ ਜਾ ਰਿਹਾ ਹੈ । ਜਿੱਥੋਂ ਤੱਕ ਹਵਾ ਦੀ ਗੁਣਵੱਤਾ ਦਾ ਸਵਾਲ ਹੈ । ਸਾਰੇ ਜਾਣਦੇ ਨੇ ਕਿ ਉੱਤਰੀ ਭਾਰਤ ਵਿੱਚ ਪੰਜਾਬ ਤੇ ਸਾਡੇ ਨਾਲ ਲੱਗਦੇ ਰਾਜਾਂ ਹਰਿਆਣਾ ਆਦਿ ਵਿੱਚ ਝੋਨੇ ਦੀ ਫਸਲ ਬਹੁਤਾਤ ਵਿੱਚ ਉਗਾਈ ਜਾਂਦੀ ਹੈ ,ਅਤੇ ਇਸ ਦੇ ਵਿੱਚ ਵਾਧੂ ਬਚੇ ਅੰਸ਼ ਜਿਵੇਂ ਕਿ ਪਰਾਲੀ ਜਿਸ ਨੂੰ ਅੱਗ ਲਾ ਕੇ ਖਤਮ ਤਾਂ ਕਰ ਦਿੱਤਾ ਜਾਂਦਾ ਹੈ ,ਪ੍ਰੰਤੂ ਉਸਦੇ ਅੰਸ਼ ਹਵਾ ਵਿੱਚ ਘੁਲ ਕੇ ਵਾਤਾਵਰਣ ਨੂੰ ਦੂਸ਼ਿਤ ਕਰ ਦਿੰਦੇ ਹਨ। ਇਸੇ ਕਾਰਨ ਪੰਜਾਬ ਵਿੱਚ ਉਹ ਦੋ ਮਹੀਨੇ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ ,ਤੇ ਗਵਾਂਢੀ ਰਾਜਾਂ ਵਿੱਚ ਵੀ ਇਸਦਾ ਸੇਕ ਤੇ ਅਸਰ ਵੇਖਣ ਨੂੰ ਮਿਲਦਾ ਹੈ ।ਅੰਤ ਵਿੱਚ ਮਿੱਟੀ ਜੋ ਕਿ ਮਿੱਟੀ ਨਹੀਂ ਰਹੀ । ਜਿਸ ਵਿੱਚ ਉਹ ਪਹਿਲਾਂ ਵਰਗੀ ਖੁਸ਼ਬੂ ਬਿਲਕੁਲ ਨਹੀਂ ਆਉਂਦੀ। ਇੱਕ ਰਿਸਰਚ ਵਿੱਚ ਵੇਖਿਆ ਗਿਆ ਕਿ ਭਾਰੀਆਂ ਧਾਤਾਂ ਜਿਵੇਂ ਕਿ ਕਰੋਮੀਅਮ, ਨਿਕਲ ,ਕਾਪਰ, ਆਰਸੈਨਿਕ, ਜਿੰਕ ,ਕੈਡਮੀਅਮ ਤੇ ਲੈਡ ਭਾਰੀ ਮਾਤਰਾ ਵਿੱਚ ਸਾਡੀ ਮਿੱਟੀ ਵਿੱਚ ਪਾਏ ਗਏ ਹਨ,ਜੋ ਹੌਲੀ ਹੌਲੀ ਸਾਡੀ ਭੋਜਨ ਲੜੀ ਵਿੱਚ ਇਕੱਠੇ ਹੋ ਰਹੇ ਹਨ ਤੇ ਜਿਨਾਂ ਦਾ ਇਨਸਾਨਾਂ ਅਤੇ ਜਾਨਵਰਾਂ ਦੋਹਾਂ ਉੱਤੇ ਬਹੁਤ ਹੀ ਮਾਰੂ ਪ੍ਰਭਾਵ ਹੈ। ਸਾਡੇ ਭੂ ਵਿਗਿਆਨੀਆਂ ਮੁਤਾਬਿਕ ਰਹਿੰਦੇ ਕੁਝ ਕੁ ਸਾਲਾਂ ਤੱਕ ਪੰਜਾਬ ਦਾ ਇਕੱਲਾ ਮਾਲਵਾ ਇਲਾਕਾ ਹੀ ਨਹੀਂ ,ਬਲਕਿ ਬਹੁਤੇ ਇਲਾਕੇ ਕੈਂਸਰ,ਸਾਹ ਦੀਆਂ ਬਿਮਾਰੀਆਂ,ਚਮੜੀ ਦੀਆਂ ਬਿਮਾਰੀਆਂ ਆਦਿ ਤੋਂ ਗ੍ਰਸਤ ਹੋ ਜਾਣਗੇ। ਮੈਂ ਇਹ ਸੋਚਦੀ ਹੁੰਦੀ ਆ ਕਿ ਸਾਡੀ ਪੀੜੀ ਦਾ ਕੀ ਕਸੂਰ ਸੀ ? ਅਸੀਂ ਤਾਂ ਹਾਲੇ ਜਵਾਨੀ ਵਿੱਚ ਹਾਂ ਸਾਡੀ ਵਾਰੀ ਕੁਝ ਵੀ ਨਹੀਂ ਬਚਿਆ ਨਾ ਪਾਣੀ ,ਨਾ ਹਵਾ ,ਨਾ ਮਿੱਟੀ ਤੇ ਧਰਤੀ ਵੀ ਪਰਾਈ ਜਾਪਣ ਲੱਗ ਗਈ। ਤਾਹੀਓ ਚੰਗੇ ਹਵਾ ਪਾਣੀ ਦੀ ਤਾਂਘ ,ਪੈਸੇ ਕਮਾਉਣ ਦੀ ਖਿੱਚ ਸੱਤ ਸਮੁੰਦਰੋਂ ਪਾਰ ਲੈ ਆਈ,ਤੇ ਉਸ ਤੋਂ ਜਿਆਦਾ ਦੁੱਖ ਇਹ ਸੋਚ ਕੇ ਹੁੰਦਾ ਕਿ ਚਲੋ ਸਾਡੀ ਪੀੜੀ ਦਾ ਤਾਂ ਫਿਰ ਮਾੜਾ ਮੋਟਾ ਸਰ ਗਿਆ ਜੇ ਪਰ ਸਾਡੇ ਬੱਚੇ ਉਹ ਕੀ ਮਾਨਣਗੇ ? ਜ਼ਹਿਰੀਲੀ ਹਵਾ ਜਾਂ ਹੈਵੀ ਮੈਟਲ ਨਾਲ ਭਰਿਆ ਪਾਣੀ ,ਜਿਹੜਾ ਕਾਲੇ ਪਾਣੀ ਤੋਂ ਵੀ ਭੈੜਾ ਹੈ ,ਜਾਂ ਮਿੱਟੀ ?ਜਿਸ ਵਿੱਚ ਰੇਹਾਂ ਪਾਏ ਬਿਨਾ ਕੁਝ ਉੱਗਦਾ ਹੀ ਨਹੀਂ। ਆਓ ਹੰਭਲਾ ਮਾਰੀਏ ਕੁਝ ਤਾਂ ਸਵਾਰੀਏ ਜਿੰਨਾ ਕੁ ਵੀ ਹੋ ਸਕਦਾ । ਘਰਾਂ ਤੋਂ ਸ਼ੁਰੂਆਤ ਕਰੀਏ ਬੱਚਿਆਂ ਨੂੰ ਜਾਗਰੂਕ ਕਰੀਏ,ਕਿਸਾਨੀ ਨੂੰ ਬਦਲਣ ਦੀ ਕੋਸ਼ਿਸ਼ ਕਰੀਏ,ਬਦਲਵੀਆਂ ਫਸਲਾਂ ਉਗਾਈਏ, ਮਿੱਟੀ ਚ ਜਾਨ ਭਰੀਏ। ਕੋਸ਼ਿਸ਼ ਕਰਿਆ ਕੀ ਨਹੀਂ ਹੋ ਸਕਦਾ। ਜਿੰਨਾ ਹੋ ਸਕੇ ਆਪਣੀ ਹਿੱਸੇਦਾਰੀ ਪਾਈਏ ,ਕਿਉਂਕਿ ਮੈਂ ਹਰਗਿਜ਼ ਨਹੀਂ ਚਾਹੁੰਦੀ ਕਿ ਕਿਸੇ ਸਟੇਜ ਤੇ ਮੈਨੂੰ ਵੀ ਆਪਣੀ ਪੀੜੀ ਤੋਂ ਬਿਲਕੁਲ ਸਾਡੇ ਉਸ ਗੈਸਟ ਪ੍ਰੋਫੈਸਰ ਵਾਂਗੂ ਮਾਫੀ ਮੰਗਣੀ ਪਵੇ ,ਕਿ ਬੱਚਿਓ ਮਾਫ ਕਰਿਓ ਅਸੀਂ ਤੁਹਾਡੀ ਪੀੜੀ ਦੇ ਸਰੋਤ ਵਰਤਣ ਯੋਗ ਵੀ ਨਹੀਂ ਛੱਡੇ।
ਚੰਗੇ ਸਮੇ ਦੀ ਉਡੀਕ ਵਿੱਚ…

ਨਵਨੀਤ ਢਿੱਲੋਂ
ਸਾਇੰਸ ਮਿਸਟ੍ਰੈਸ
ਜ਼ਿਲ੍ਹਾ ਅੰਮ੍ਰਿਤਸਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਤੀਜ ਦਾ ਤਿਉਹਾਰ ਔਰਤਾਂ ਦੇ ਸਨਮਾਨ ਅਤੇ ਉਹਨਾਂ ਦੀ ਸ਼ਕਤੀ ਦਾ ਪ੍ਰਤੀਕ ਹੈ : ਏਆਈਜੀ ਮਨਜੀਤ ਕੌਰ
Next articleਜੋਨ ਪੱਧਰੀ ਕੁਸ਼ਤੀ ਮੁਕਾਬਲੇ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਦੋ ਵਿਦਿਆਰਥੀਆਂ ਨੇ ਹਾਸਲ ਕੀਤੇ ਗੋਲਡ ਮੈਡਲ।