*ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਮੁੱਦਾ ਉਠਾ ਕੇ ਭਾਰਤੀਆਂ ਨੂੰ ਆਜ਼ਾਦੀ ਦੇ ਅਧਿਕਾਰ (ਵੋਟ) ‘ਤੇ ਪੈ ਰਹੀ ਮਾਰ ਤੋਂ ਜਾਣੂ ਕਰਵਾਇਆ*
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਹੱਥਾਂ ਵਿੱਚ ਤਖਤੀਆਂ ਫੜ ਕੇ “ਵੋਟ ਚੋਰ ਗੱਦੀ ਛੋੜ” ਦੇ ਨਾਅਰਿਆਂ ਨਾਲ ਭਾਜਪਾ ਵੱਲੋਂ ਚੋਣ ਕਮਿਸ਼ਨ ਰਾਹੀਂ ਵੋਟਾਂ ਵਿੱਚ ਕੀਤੀ ਜਾ ਰਹੀ ਧਾਂਦਲੀ ਦਾ ਡੱਟ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਸਮੇਂ ਵਰਕਰਾਂ ਨੇ ਹੱਥਾਂ ਵਿੱਚ ਰਾਹੁਲ ਗਾਂਧੀ ਦੀ ਫੋਟੋ ਨਾਲ “ਵੋਟ ਚੋਰੀ ਸੇ ਆਜ਼ਾਦੀ – ਵੋਟ ਚੋਰੀ ਬੰਦ ਕਰੋ” ਦੇ ਸਲੋਗਨ ਫੜੇ ਹੋਏ ਸਨ। ਉਹਨਾਂ ‘ਤੇ ਸੋਨੀਆ ਗਾਂਧੀ, ਮਲਕ ਅਰਜਨ ਖੜਗੇ, ਭੁਪੇਸ਼ ਬੁਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਰਵਿੰਦਰ ਡਲਵੀ ਆਦਿ ਸੀਨੀਅਰ ਨੇਤਾਵਾਂ ਦੇ ਫੋਟੋ ਵੀ ਲਗਾਏ ਗਏ ਸਨ। ਇਸ ਸਮੇਂ ਵਿਰੋਧ ਜਤਾਉਂਦੇ ਵਰਕਰਾਂ ਨੇ ਬੈਚ ਵੀ ਲਗਾਏ ਹੋਏ ਸਨ। ਇਸ ਮੌਕੇ ਉਹਨਾਂ ਨਾਲ ਕਾਂਗਰਸੀ ਨੇਤਾ ਰਿਤਨੇਸ਼ ਕੁਮਾਰ ਅਤੇ ਬਲਜੀਤ ਮਾਲੜਾ ਹਾਜ਼ਰ ਸਨ। ਇਸ ਸਮੇਂ ਬਾਵਾ ਨੇ ਕਿਹਾ ਕਿ ਭਾਜਪਾ ਦਾ ਵਾਰ-ਵਾਰ ਚੋਣਾਂ ਵਿੱਚ ਵੋਟਾਂ ਰਾਹੀਂ ਧਾਂਦਲੀਆਂ ਕਰਕੇ ਅਤੇ ਚੋਣ ਕਮਿਸ਼ਨ ਨੂੰ ਵਰਤ ਕੇ ਜਿੱਤ ਪ੍ਰਾਪਤ ਕਰਨਾ ਭਾਰਤੀ ਲੋਕਤੰਤਰ ਨੂੰ ਕਲੰਕਿਤ ਕਰਦਾ ਹੈ। ਉਹਨਾਂ ਕਿਹਾ ਕਿ ਭਾਜਪਾ ਦਾ ਇਹ ਕਾਰਾ ਮਹਾਨ ਦੇਸ਼ ਭਗਤਾਂ ਵੱਲੋਂ ਆਪਣੀ ਜਾਨ ਦੀ ਅਹੂਤੀ ਦੇ ਕੇ ਲਈ ਆਜ਼ਾਦੀ ਦਾ ਸਭ ਤੋਂ ਵੱਡਾ ਅਪਮਾਨ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਿਆਸੀ ਪਾਰਟੀਆਂ ਜਿੰਨੀਆਂ ਮਰਜ਼ੀ ਚੋਣਾਂ ਲੜਨ ਪਰ ਚੋਣ ਕਮਿਸ਼ਨ ਰਾਹੀਂ ਲੱਖਾਂ ਵੋਟਾਂ ਕੱਟ ਕੇ, ਜਿਊਂਦਿਆਂ ਨੂੰ ਮਰੇ ਦਿਖਾ ਕੇ, ਇੱਕ ਇੱਕ ਭਾਜਪਾ ਨੇਤਾ ਦੇ ਘਰ ਵਿੱਚ ਸੈਂਕੜੇ ਨਕਲੀ ਵੋਟਾਂ ਬਣਾਉਣ ਨਾਲ ਜਿੱਤ ਤਾਂ ਭਾਜਪਾ ਦੀ ਹੋਣੀ ਹੈ। ਹੁਣ ਤਾਂ ਮੁਸ਼ਹਿਰਿਆਂ ‘ਚ ਕਵੀ ਵੀ ਕਹਿਣ ਲੱਗ ਪਏ ਹਨ ਕਿ ਬਟਨ ਕੋਈ ਵੀ ਦਬਾਓ ਵੋਟ ਭਾਜਪਾ ਨੂੰ ਜਾਏਗੀ। ਉਹਨਾਂ ਕਿਹਾ ਕਿ ਵੋਟ ਚੋਰੀ ਦਾ ਮੁੱਦਾ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਜੋ ਪਾਰਲੀਮੈਂਟ ‘ਚ ਵਿਰੋਧੀ ਧਿਰ ਦੇ ਨੇਤਾ ਹਨ ਨੇ, ਉਠਾ ਕੇ ਦੇਸ਼ ਦੇ ਲੋਕਾਂ ਨੂੰ ਵੋਟ ਦੇ ਅਧਿਕਾਰ ਅਤੇ ਭਾਜਪਾ ਦੀ ਵੱਡੀ ਧਾਂਦਲੀ ਤੋਂ ਜਾਗਰੂਕ ਕਰਕੇ ਸਹੀ ਅਰਥਾਂ ਵਿੱਚ ਦੇਸ਼ ਦੀ ਆਜ਼ਾਦੀ ਦੇ ਅਧਿਕਾਰਾਂ ਤੋਂ ਭਾਰਤੀਆਂ ਨੂੰ ਜਾਗਰੂਕ ਕੀਤਾ ਹੈ। ਇਸ ਲਈ ਬਿਹਾਰ ਅਤੇ ਦੇਸ਼ ਦੇ ਲੋਕ ਸੜਕਾਂ ‘ਤੇ ਆ ਕੇ ਰਾਹੁਲ ਗਾਂਧੀ ਦੀ ਜੈ ਜੈ ਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਚਿੱਟੀ ਟੀ-ਸ਼ਰਟ ਵੀ ਸ਼ਾਂਤੀ ਦਾ ਪੈਗਾਮ ਦਿੰਦੀ ਹੋਈ ਦੇਸ਼ ਲਈ ਲੜਨ, ਅੜਨ ਅਤੇ ਖੜਨ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਰਾਜਕੁਮਾਰ ਯਾਦਵ, ਅਮਿਤ ਕੁਮਾਰ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ, ਨਿਹੰਗ ਸੰਦੀਪ ਸਿੰਘ, ਬਲਵਿੰਦਰ ਸਿੰਘ, ਲਾਲਾ ਯਾਦਵ, ਮੁਹੰਮਦ ਤਮੰਨਾ, ਅਮੂਲ ਚੰਦ ਤਿਵਾਰੀ, ਰਘਵੀਰ ਯਾਦਵ, ਪਵਨ ਯਾਦਵ, ਲਲਨ ਪਾਲ, ਹੀਰਾ ਸਿੰਘ, ਸੰਜੇ ਠਾਕੁਰ, ਸੁਰੇਸ਼ ਯਾਦਵ, ਰਾਮ ਲਖਨ, ਮਨਮਿੰਦਰ ਸਿੰਘ ਅਤੇ ਬੋਬੀ ਆਦਿ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


