(ਸਮਾਜ ਵੀਕਲੀ) ‘ਸਲੀਕਾ’ ਭਾਵ ਜ਼ਿੰਦਗੀ ਜਿਊਣ ਦਾ ਸਮਾਜ- ਪ੍ਰਵਾਣਿਤ ਢੰਗ, ਜੀਵਨ -ਸ਼ੈਲੀ,ਇੱਕ ਜੀਵਨ-ਜਾਚ। ਕਿਸੇ ਕੰਮ ਨੂੰ ਕਰਨ ਦਾ ਅਜਿਹਾ ਢੰਗ, ਜਿਸ ਨਾਲ ਦੂਜਿਆਂ ‘ਤੇ ਪ੍ਰਭਾਵ ਵਧੀਆ ਪਵੇ ਉਸੇ ਨੂੰ ਸਲੀਕਾ ਮੰਨਿਆ ਜਾਂਦਾ ਹੈ । ਛੋਟੇ -ਵੱਡੇ ਹਰ ਕੰਮ ਵਿੱਚ ਸਲੀਕੇ ਦੀ ਬਹੁਤ ਮਹੱਤਤਾ ਹੈ। ਖਾਣਾ ਪਕਾਉਣ, ਪਰੋਸਣ, ਕੱਪੜੇ ਪਹਿਨਣ, ਗੱਲਬਾਤ ਕਰਨ ਤੋਂ ਹੀ ਮਨੁੱਖ ਦਾ ਸਲੀਕਾ ਝਲਕਦਾ ਹੈ। ਮਹਿੰਗੇ ਬਰਾਂਡਿਡ ਕੱਪੜੇ ਪਹਿਨ ਕੇ ਵੀ ਜੇ ਕਿਸੇ ਇਨਸਾਨ ਦੇ ਪੱਲੇ ਸਲੀਕਾ ਹੀ ਨਹੀਂ , ਤਾਂ ਲੋਕ ਉਸ ਦਾ ਦਿਲੋਂ ਸਤਿਕਾਰ ਨਹੀਂ ਕਰਦੇ ।
ਸਿਆਣਿਆਂ ਦਾ ਕਥਨ ਹੈ ਕਿ ਆਦਮੀ ਆਪਣੀ ਦਸਤਾਰ, ਰਫ਼ਤਾਰ ਤੇ ਗੁਫ਼ਤਾਰ ਤੋਂ ਪਛਾਣਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਤਾਂ ਸਲੀਕਾ ਘਰਾਂ ਵਿੱਚ ਰਹਿੰਦਿਆਂ ਮਾਪਿਆਂ ਤੇ ਵੱਡੇ ਬਜ਼ੁਰਗਾਂ ਤੋਂ ਸਿੱਖਿਆ ਜਾਂਦਾ ਸੀ।ਪਰ ਅੱਜ ਕੱਲ੍ਹ ਟੈਲੀਵਿਜ਼ਨ, ਫ਼ਿਲਮਾਂ, ਕੰਪਿਊਟਰ ਤੇ ਸੋਸ਼ਲ ਮੀਡੀਆ ਆਦਿ ਤੋਂ ਵੀ ਸਲੀਕਾ ਸਿੱਖਦੇ ਹਾਂ। ਹੁਣ ਤਾਂ ਸਲੀਕਾ ਸਿਖਾਉਣ ਵਾਲੇ ਸਕੂਲ ਵੀ ਖੁੱਲ੍ਹ ਗਏ ਹਨ।
ਜਿਉਂ-ਜਿਉਂ ਮਨੁੱਖ ਦਾ ਜੀਵਨ ਗੁੰਝਲਦਾਰ ਹੋ ਰਿਹਾ , ਤਿਵੇਂ-ਤਿਵੇਂ ਸਲੀਕੇ ਦੀ ਲੋੜ ਹੋਰ ਵਧਦੀ ਜਾ ਰਹੀ ਹੈ।ਹੋਰ ਤਾਂ ਹੋਰ,ਆਪਣੀ ਧੀ -ਪੁੱਤ ਦਾ ਰਿਸ਼ਤਾ ਕਰਨ ਵੇਲੇ ਵੀ ਸਭ ਤੋਂ ਪਹਿਲਾਂ, ਚੁਣੇ ਗਏ ਸਾਥੀ ਤੇ ਉਸਦੇ ਪਰਿਵਾਰ ਦਾ ਸਲੀਕਾ ਹੀ ਵੇਖਿਆ ਜਾਂਦਾ ਹੈ।
ਜੀਵਨ ਵਿੱਚ ਵਿਚਰਦਿਆਂ ਕਿਸੇ ਤੋਂ ਮਿਲੀ ਮੱਦਦ ਲਈ ਧੰਨਵਾਦ ਕਰਨਾ, ਨਿੱਕੀ ਤੋਂ ਨਿੱਕੀ ਭੁੱਲ ਲਈ ਖਿਮਾ ਮੰਗਣੀ ਅਤੇ ਦੂਜੇ ਲਈ ਸ਼ੁੱਭ-ਇੱਛਾਵਾਂ ਨਿਮਰਤਾ ਨਾਲ ਬੋਲ ਕੇ ਉਸ ਨੂੰ ਪਹਿਲ ਦੇਣੀ, ਬਜ਼ੁਰਗਾਂ ਦਾ ਸਤਿਕਾਰ ਕਰਨਾ,ਕਿਸੇ ਨੂੰ ਮੁਸ਼ਕਲ ਵਿੱਚ ਦੇਖ ਕੇ ਮਜ਼ਾਕ ਉਡਾਉਣ ਦੀ ਥਾਂ ਉਸ ਦੀ ਮੱਦਦ ਕਰਨਾ ਆਦਿ ਗੁਣਾਂ ਨੂੰ ਅਪਣਾ ਕੇ ਅਸੀਂ ਸਲੀਕੇਦਾਰ ਇਨਸਾਨਾਂ ਦੀ ਕਤਾਰ ਵਿੱਚ ਸ਼ਾਮਲ ਹੋ ਸਕਦੇ ਹਾਂ ।
ਉਂਜ ਤਾਂ ਸਲੀਕਾ ਮਰਦ ਔਰਤ ਦੋਵਾਂ ਲਈ ਜ਼ਰੂਰੀ ਗੁਣ ਮੰਨਿਆ ਜਾਂਦਾ ਹੈ ਪਰ ਸੁਆਣੀ ਲਈ ਤਾਂ ਸਲੀਕੇਦਾਰ ਹੋਣਾ ਅੱਤ ਲਾਜ਼ਮੀ ਹੈ।ਇੱਕ ਸੁੱਘੜ ਸਿਆਣੀ ਨੂੰਹ ਆਪਣੇ ਸਹੁਰੇ ਘਰ ਆ ਕੇ ਆਪਣੇ ਸਲੀਕੇ ਨਾਲ ਹੀ ਸਭ ਦਾ ਮਨ ਜਿੱਤ ਸਕਦੀ ਹੈ। ਘਰ ਆਏ ਮਹਿਮਾਨਾਂ ਨੂੰ ਗ੍ਰਹਿਣੀ ਜੇ ਸਾਦਾ ਖਾਣਾ ਵੀ ਸਲੀਕੇ ਨਾਲ ਪਰੋਸ ਦਵੇ ਤਾਂ ਹਰ ਪਾਸੇ ਉਸ ਦੀ ਸੋਭਾ ਹੁੰਦੀ ਹੈ। ਸਲੀਕਾ ਇੱਕ ਅਜਿਹਾ ਗੁਣ ਹੈ, ਜਿਸਨੂੰ ਅਪਨਾਉਣ ਲਈ ਕੋਈ ਵੱਡੇ ਖਰਚ ਕਰਨ ਦੀ ਲੋੜ ਨਹੀਂ ਪੈਂਦੀ, ਅਖ਼ੇ ਹਿੰਗ ਲੱਗੇ ਨਾਂ ਫਟਕੜੀ, ਰੰਗ ਚੋਖਾ ਆਵੇ, ਬੱਸ ਅਪਣਾ ਕਿਰਦਾਰ ਚੰਗੇ ਗੁਣਾਂ ਨਾਲ ਸਰਸ਼ਾਰ ਕਰ ਸਲੀਕੇਦਾਰ ਬਣਾ ਲਈਏ ਤਾਂ ਸਮਾਜ ਵਿੱਚ ਚੰਗਾ ਨਾਮਣਾ ਖੱਟ ਸਕਦੇ ਹਾਂ।
ਬੀਨਾ ਬਾਵਾ, ਲੁਧਿਆਣਾ।
(ਐੱਮ ਏ ਆਨਰਜ਼, ਐੱਮ ਫ਼ਿਲ, ਪੰਜਾਬੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj