HOME “ਆਓ ਕਰੀਏ ਪੰਜਾਬ ਦੀ ਗੱਲ”

“ਆਓ ਕਰੀਏ ਪੰਜਾਬ ਦੀ ਗੱਲ”

ਅਮਰਜੀਤ ਸਿੰਘ ਜੀਤ
   (ਸਮਾਜ ਵੀਕਲੀ)  ਜੇ ਪੰਜਾਬ ਦੀ ਭੁਗੋਲਿਕ ਸਥਿਤੀ ਅਤੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਅਟਕ ਤੇ ਜਮਨਾ ਦੇ ਵਿਚਕਾਰਲੇ ਖਿੱਤੇ ਵਿੱਚ ਵਹਿੰਦੇ ਪੰਜ  ਦਰਿਆਵਾਂ ਦੀ ਧਰਤੀ ਨੂੰ ਪੰਜਾਬ ਜਾਂ ਪੰਚ ਨਦ ਵਜੋਂ ਜਾਣਿਆ ਜਾਂਦਾ ਰਿਹਾ।ਇਹ ਧਰਤੀ ਪ੍ਰਾਚੀਨ ਕਾਲ ਤੋਂ ਹੀ ਹਿੰਦੋਸਤਾਨ ਦੀ ਸਰਹੱਦ ਦੇ ਤੌਰ ਤੇ ਖੜਗ ਭੁਜਾ ਬਣਦੀ ਰਹੀ। ਜਿੰਨੇ ਵੀ ਧਾੜਵੀ ਭਾਰਤ ਦੀ ਧਰਤੀ ਤੇ ਹਮਲਾ ਕਰਨ ਆਉਂਦੇ ਰਹੇ ਉਹਨਾਂ ਨੂੰ  ਪਹਿਲਾਂ ਪੰਜਾਬ ਨਾਲ ਟੱਕਰ ਲੈਣੀ ਹੀ ਪੈਂਦੀ ਸੀ, ਇੰਡੋ ਆਰੀਅਨ,ਇੰਡੋ ਸਿੰਥੀਆਨ,ਸਿਕੰਦਰ (ਯੂਨਾਨੀ), ਕੁਸ਼ਾਨ ,ਹਿੰਦ ਪਹਿਲਵੀ, ਹੂਨ ਲੋਕ, ਗਜ਼ਨਵੀ,ਤੁਰਕ ,ਮੰਗੋਲ ,ਮੁਗਲ ,ਈਰਾਨੀ ,ਅਫ਼ਗਾਨੀ ਮੁੱਕਦੀ ਗੱਲ  ਜਿੰਨੇ ਵੀ ਵਿਦੇਸ਼ੀ ਹਮਲਾਵਰ ਆਏ ਸਭ ਦਾ ਪਹਿਲਾਂ ਜੰਗ-ਯੁੱਧ ਪੰਜਾਬ ਦੇ ਲੋਕਾਂ ਨਾਲ ਹੀ ਹੁੰਦਾ ਰਿਹਾ।ਪੰਜਾਬੀ ਹਮੇਸ਼ਾਂ ਹੀ ਸੰਘਰਸ਼ਾਂ ਦੀ ਜਿੰਦਗੀ ਜਿਉਂਦੇ ਰਹੇ ,ਏਸੇ ਕਾਰਨ ਪੂਰੇ ਹਿੰਦੋਸਤਾਨ ਨਾਲੋਂ ਇਸਦਾ ਰਹਿਣ ਸਹਿਣ ਤੇ ਸਭਿਆਚਾਰ ਬਿਲਕੁਲ ਵੱਖਰਾ ਹੈ।ਇਕ ਕਹਾਵਤ ਪੰਜਾਬ ਵਿਚ ਅੱਜ ਤੱਕ ਚੱਲੀ ਆ ਰਹੀ ਹੈ
‘ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ’ ਪੰਜਾਬੀਆਂ ਦੇ ਸਬਰ -ਸੰਤੋਖ ,ਸਿਦਕ ਤੇ ਸਿਰੜ ਦੀ ਕਿਧਰੇ ਮਿਸਾਲ ਨਹੀਂ ,ਇੱਥੋਂ ਦੇ ਸੁਭਾਅ ਤੇ ਰਹਿਤਲ ਵਿਚ ਇਕ  ਨਾਬਰੀ ਹੈ।ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੋਂ ਛੁੱਟ ਪੂਰੇ ਹਿੰਦੋਸਤਾਨ ਸਮੇਤ ਪੰਜਾਬ  ਨੇ  ਲਗਭਗ ਅੱਠ ਸਦੀਆਂ ਦੀ ਗੁਲਾਮੀ ਦਾ ਸੰਤਾਪ ਹੰਢਾਇਆ ਹੈ।ਹਿੰਦੋਸਤਾਨ ਦੀ ਆਜਾਦੀ ਦੇ ਸੰਗਰਾਮ  ਵਿੱਚ ਵੀ ਪੰਜਾਬ ਤੇ ਬੰਗਾਲ ਦੇ ਲੋਕਾਂ ਦੀ ਭੂਮਿਕਾ ਬਹੁਤ ਵੱਡੀ ਤੇ ਅਹਿਮ ਰਹੀ ਹੈ। 15 ਅਗਸਤ 1947 ਨੂੰ   ਮਿਲੀ ਆਜਾਦੀ ਲਈ ਲਗਭਗ 82% ਕੁਰਬਾਨੀਆਂ ਦੇ ਕੇ ,ਪੂਰੇ ਦੇਸ਼ ਚੋਂ ਸਭ ਤੋਂ ਵੱਧ ਯੋਗਦਾਨ ਵੀ  ਪੰਜਾਬੀਆਂ ਨੇ ਪਾਇਆ।ਆਖਰ ਆਜਾਦੀ ਦੇ ਨਾਂ ਥੱਲੇ ਸਭ ਤੋਂ ਪਹਿਲਾਂ ਵੰਡ ਪੰਜਾਬ ਤੇ ਬੰਗਾਲ ਦੀ ਹੀ ਹੋਈ, ਭਾਰਤ-ਪਾਕਿਸਤਾਨ ਦੋ ਮੁਲਕ ਹੋਂਦ ਚ ਆ ਗਏ। ਕਹਿੰਦੇ ਹਨ ਕਿ ਵੰਡ ਦਾ ਮਾਪ ਦੰਡ ਆਬਾਦੀ ਦੇ ਆਧਾਰ ਤੇ ਰੱਖਿਆ ਗਿਆ ਸੀ ਬਹੁਤੇ ਪੰਜਾਬੀ ਮੁਸਲਮਾਨ ਸਨ,ਹਿੰਦੂ -ਸਿੱਖਾਂ ਦੀ ਵਸੋਂ ਘੱਟ ਹੋਣ ਕਾਰਨ ਪੰਜਾਬ ਦੇ ਬਟਵਾਰੇ ਵਿਚ ਸਿੱਖ ਤੀਜੀ ਧਿਰ ਵਜੋਂ ਅਹਿਮ ਸਨ।ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ  ,ਭਾਰਤ ਸਰਕਾਰ ,ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਇਕ ਚੈਨਲ ਤੇ ਡਿਬੇਟ ਰਾਹੀਂ ਦੱਸ ਰਹੇ ਸੀ “ਪੰਜਾਬ ਦੇ ਬਟਵਾਰੇ ਲਈ  ਮੁਹੰਮਦ ਅਲੀ ਜਿਨਾਹ ਨੇ ਇਕ ਮੀਟਿੰਗ ਦੌਰਾਨ ਸਿੱਖ ਲੀਡਰਾਂ ਨੂੰ ਪਾਕਿਸਤਾਨ ‘ਚ ਰਹਿਣ ਲਈ ਸੁਰੱਖਿਆ ਤੇ ਵਿਸ਼ੇਸ਼ ਹੱਕਾਂ ਦੀ ਗਰਾਂਟਿਡ ਪੇਸ਼ਕਸ਼ ਕੀਤੀ ਤਾਂ ਕਿ ਪੰਜਾਬ ਦਾ ਬਟਵਾਰਾ ਨਾ ਹੋਵੇ ਅਗਰ ਸਿੱਖ ਜਿਨਾਹ ਦੀ ਪੇਸ਼ਕਸ਼ ਕਬੂਲ ਕਰ ਲੈਂਦੇ ਸਾਰਾ ਪੰਜਾਬ ਪਾਕਿਸਤਾਨ ‘ਚ ਚਲਾ ਜਾਣਾ ਸੀ ਤੇ ਬਾਹਘੇ-ਅਟਾਰੀ ਦੀ ਥਾਂ ਪੰਜਾਬ ਦੀ ਸਰਹੱਦ ਗੁੜਗਾਂਵ ਹੋਣੀ ਸੀ” ਪਰ ਕਾਗਰਸ ਲੀਡਰਸ਼ਿਪ ਵਲੋਂ ਜਵਾਹਰ ਲਾਲ ਨਹਿਰੂ ਨੇ ਵੀ  ਸਿੱਖ ਲੀਡਰਾਂ ਨਾਲ ਵਾਅਦਾ ਕੀਤਾ ਸੀ ਕਿ  “ਉਤਰੀ ਭਾਰਤ ਚ ਇਕ ਅਜਿਹਾ ਖਿੱਤਾ ਰਾਖਵਾਂ ਹੋਵੇਗਾ ਜਿੱਥੇ ਸਿੱਖ ਆਪਣੇ ਸਭਿਆਚਾਰ ਤੇ ਧਾਰਮਿਕ ਆਜਾਦੀ ਦਾ ਨਿੱਘ ਮਾਣ ਸਕਣਗੇ, ਕਾਂਗਰਸ ਕਦੇ ਵੀ ਸਿੱਖਾਂ ਨਾਲ ਵਿਸ਼ਵਾਸਘਾਤ ਨਹੀਂ ਕਰੇਗੀ ,ਲਾਹੌਰ ਦੇ ਮਤੇ  ਮੁਤਾਬਕ ਕੋਈ ਵੀ ਸੰਵਿਧਾਨ ਅਜੇਹਾ ਨਹੀਂ ਬਣਾਇਆ ਜਾਵੇਗਾ ਜੋ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ ,ਜੇ ਕਾਂਗਰਸ ਵਿਸ਼ਵਾਸਘਾਤ ਕਰਦੀ ਹੈ ਤਾਂ ਸਿੱਖਾਂ ਨੂੰ ਹੱਕ ਹੋਵੇਗਾ  ,ਉਹ ਹੱਥ ਤਲਵਾਰ ਲੈ ਕੇ ਹੱਲ ਕੱਢ ਸਕਣ ,ਪਰਮਾਤਮਾ ਤੇ ਪੂਰੀ ਮਨੁੱਖ ਜਾਤੀ ਉਹਨਾਂ ਦੀ ਸਹਾਇਤਾ ਕਰੇਗੀ” । ਇਸ ਤਰ੍ਹਾਂ ਸਿੱਖਾਂ ਨੂੰ ਭਾਰਤ ਵਿੱਚ ਆਪਣੇ  ਹਿੱਤ ਸੁਰੱਖਿਅਤ ਜਾਪੇ। ਸਿੱਖ ਲੀਡਰਾਂ ਨੂੰ ਭਾਰਤ ਚ ਰਹਿਣਾ ਜਿਆਦਾ ਸੁਰੱਖਿਆਤ ਇਸ ਲਈ ਵੀ ਲੱਗਿਆ ਕਿਉਂ ਕੇ ਸਿੱਖਾਂ ਤੇ ਸਨਾਤਨੀਆਂ ਦੀ ਕਿਤੇ ਨਾ ਕਿਤੇ ਆਪਸੀ ਵਿਰਾਸਤੀ ਨੇੜ੍ਹਤਾ ਵੀ ਸੀ। ਪੰਜਾਬ ਵੰਡਿਆ ਗਿਆ ਲਗਭਗ 10 ਲੱਖ ਪੰਜਾਬੀ ਇਸ ਦੀ ਭੇਟ ਚੜ੍ਹ ਗਏ। ਜਿਸ ਦੇ ਜਖਮ ਅਜ ਤਕ ਵੀ ਰਿਸਦੇ ਜਾਪਦੇ ਹਨ।
ਅਜਾਦੀ ਦੇ ਤੁਰੰਤ ਬਾਅਦ ਭਾਰਤ ਸਰਕਾਰ ਵੱਲੋਂ ਇਕ ਸਰਕੂਲਰ  ਰਾਹੀਂ ਪੱਛਮੀ ਪੰਜਾਬ ਚੋਂ ਆਉਣ ਵਾਲੇ ਸ਼ਰਨਾਰਥੀ ਸਿੱਖਾਂ ਨੂੰ ਕ੍ਰਾਇਮ ਪੇਸ਼ਾ ਕਰਾਰ ਦੇ ਕੇ ਪ੍ਰਸ਼ਾਸਨ ਨੂੰ ਸਾਵਧਾਨ ਰਹਿਣ ਲਈ  ਕਿਹਾ ਗਿਆ। ਜਿਸ ਕਾਰਨ ਸਿੱਖਾਂ ਦੇ ਮਨਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ, ਮਾਸਟਰ ਤਾਰਾ ਸਿੰਘ ਨੇ ਜਦ ਨਹਿਰੂ ਨੂੰ ‘ਕੀਤੇ ਵਾਅਦੇ’ ਯਾਦ ਕਰਾਏ ਤਾਂ ਉਹ ਸਾਫ ਮੁਕਰ
 ਗਿਆ ਕਹਿਣ ਲੱਗਾ ਹੁਣ ਵਕਤ ਬਦਲ ਗਿਆ ਹੈ। ਮਾਸਟਰ ਤਾਰਾ ਸਿੰਘ ਵਲੋਂ ਪੰਜਾਬੀ ਸੂਬੇ ਦੀ ਮੰਗ 1952 ਤੋਂ ਵੀ ਪਹਿਲਾਂ ਪੂਰੇ ਜੋਰ ਨਾਲ ਕਰਨੀ ਸ਼ੁਰੂ ਕਰ ਦਿੱਤੀ ਸੀ । ਨਵੰਬਰ 1956 ਨੂੰ  ਭਾਰਤੀ  ਰਾਜ ਪੁਨਰਗਠਨ ਐਕਟ ਰਾਹੀਂ ਬਾਕੀ ਕਈ ਰਾਜ ਤਾਂ ਭਾਸ਼ਾ ਤੇ ਸਭਿਆਚਾਰਕ ਭਿੰਨਤਾਵਾਂ ਨੂੰ ਮੁੱਖ ਰੱਖ ਕੇ ਗਠਿਤ ਕਰ ਦਿੱਤੇ ਗਏ ਪਰ ਪੰਜਾਬ ਬਾਰੇ ਕੁਝ ਵੀ ਨਹੀਂ ਕੀਤਾ।ਪੰਜਾਬ ਦੀ ਇਸ ਮੰਗ ਨੂੰ ਵੱਖਵਾਦੀ ਸਮਝ ਕੇ ਨੁਕਰੇ ਲਾਈ ਰੱਖਿਆ।ਪੰਜਾਬੀ ਸੂਬੇ ਦੀ ਮੰਗ ਜੋਰ ਫੜ ਗਈ, ਮੋਰਚਾ ਲਾਇਆ ਗਿਆ ਅਣਗਿਣਤ ਕੁਰਬਾਨੀਆਂ ਉਪਰੰਤ ਆਖਰ ਨਵੰਬਰ 1966 ਨੂੰ ਭਾਰਤੀ ਰਾਜ ਪੁਨਰਗਠਨ,ਐਕਟ ਰਾਹੀਂ ਪੰਜਾਬੀ ਸੂਬਾ ਬਣਿਆ ਤਾਂ ਇਸ ਵਿੱਚੋਂ ਬਹੁਤੇ ਪੰਜਾਬੀ ਬੋਲਦੇ ਇਲਾਕੇ ਨਵੇਂ ਬਣੇ ਹਰਿਆਣਾ ਨੂੰ ਦੇ ਦਿੱਤੈ ਗਏ ਕਾਫੀ ਹਿੱਸਾ ਹਿਮਾਚਲ ਨੂੰ ਦੇ ਦਿੱਤਾ ਗਿਆ  ਮੁੱਕਦੀ ਗੱਲ ਅਜੋਕਾ ਪੰਜਾਬ ਪੁਰਾਣੇ ਪੰਜਾਬ ਦਾ ਕੇਵਲ 14% ਖੇਤਰਫਲ ਹੀ ਰਹਿ ਗਿਆ ਹੈ।60% ਤੋਂ ਵੱਧ  ਪਹਿਲਾਂ ਹੀ ਪਾਕਿਸਤਾਨ (ਲਹਿੰਦਾ ਪੰਜਾਬ ) ‘ਚ ਚਲਾ ਗਿਆ ਸੀ , 26% ਹਿੱਸਾ ਹਰਿਆਣਾ ਤੇ ਹਿਮਾਚਲ ਨੂੰ ਮਿਲ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਖੋ ਕੇ ਹਰਿਆਣਾ ਨਾਲ ਸਾਂਝੀ ਕਰ ਕੇ, ਯੂਨੀਅਨ ਟੈਰਟਰੀ ਬਣਾ ਦਿੱਤੀ ਗਈ ।ਇਸਦੇ ਪਾਣੀ,ਬਿਜਲੀ ਅਤੇ ਡੈਮਾਂ ਦਾ ਕੰਟਰੋਲ ਪੰਜਾਬ ਤੋਂ ਖੋ ਲਿਆ ਗਿਆ ਹੈ।ਅਜ ਪੰਜਬ ਕੋਲ ਭਾਰਤ ਦੇ ਖੇਤਰਫਲ ਦਾ ਸਿਰਫ 1.53%  ਹੀ ਏਰੀਆ ਹੈ। ਜਿਹੜਾ ਸੂਬਾ ਐਨੀ ਜੱਦੋਜਹਿਦ ਬਾਅਦ ਭਾਸ਼ਾ ਤੇ ਇਕ ਘੱਟ ਗਿਣਤੀ ਸਭਿਆਚਾਰ ਦੇ ਆਧਾਰ ਤੇ ਬਣਿਆ ਹੋਵੇ ਉਸਨੂੰ ਵਿਸ਼ੇਸ਼ ਤੌਰ ਤੇ ਬਚਾਉਣ ਦੀ ਲੋੜ ਹੁੰਦੀ ਹੈ ।ਪਰ ਕੇਂਦਰੀ ਸਰਕਾਰਾਂ ਆਜਾਦੀ ਤੋਂ ਹੁਣ ਤੱਕ ਇਸ ਨੂੰ ਰਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ,ਪਹਿਲਾਂ 1984 ਦੇ ਕਾਲੇ ਦੌਰ ਵਿਚ ਹਰ ਹਰਵਾ ਵਰਤ ਕੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਗਿਆ, ਡਰ ਕਾਰਨ ਮਾਝੇ ਵੱਲ ਬਹੁਤੇ ਮਾਪਿਆਂ ਨੇ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ਾਂ ਦੇ ਰਾਹ ਪਾ ਦਿੱਤਾ,1984 ਤੋਂ ਬਾਅਦ ਸਰਕਾਰਾਂ ਨੇ ਨਸ਼ਿਆਂ ਦੇ ਸੌਦਾਗਰਾਂ ਵੱਲ ਉਕਾ ਧਿਆਨ ਨਹੀਂ ਦਿੱਤਾ ਬਹਿਲਾ ਫੁਸਲਾ ਕੇ ਨੌਜਵਾਨੀ ਨਸ਼ਿਆਂ ਵੱਲ ਤੋਰ ਦਿੱਤੀ,ਸਭ ਤੋਂ ਮਾੜੀ ਗੱਲ ਇਹ ਹੋਈ ਕਿ ਸਾਡੀ ਨੌਜਵਾਨੀ ਨੂੰ ਵਿਦੇਸ਼ਾਂ ਦੇ ਸਬਜਬਾਗ ਵਿਖਾ ਕੇ  ਐਮੀਗਰੇਸ਼ਨ ਏਜੰਟਾਂ ਨੇ ਪੰਜਾਬ ਖਾਲੀ ਕਰਨ ‘ਚ ਕਸਰ ਨਹੀਂ ਛੱਡੀ। ਕੇਂਦਰੀ ਸਿਆਸੀ ਪਾਰਟੀਆਂ ਨੇ ਤਾਂ ਜੋ ਕਰਨਾ ਸੀ ਉਹਨਾਂ ਨੇ ਕੀਤਾ, ਸਾਡੀ ਆਪਣੀ ਖੇਤਰੀ ਪਾਰਟੀ ਨੇ ਵੀ ਸਿਰਫ ਰਾਜ ਹੀ ਕੀਤਾ । ਸੱਚ ਤਾਂ ਇਹ ਕਿ ਸਾਡੀ ਹਾਕਮ ਜਮਾਤ  ਕੁਰਸੀ ਯੁੱਧ ਚ ਜੇਤੂ ਹੋਕੇ ਸਿਰਫ ਰਾਜਸੀ ਸੁੱਖ ਭੋਗਣ ਨੂੰ ਹੀ ਆਪਣਾ ਨਿਸ਼ਾਨਾ ਮੰਨੀ ਬੈਠੀ ਹੈ , ਕਿਸੇ ਵੀ ਦੇਸ਼ ਦੀ ਹਕੂਮਤ ਦਾ ਇਹ ਫਰਜ ਹੁੰਦਾ ਹੈ ਕਿ ਆਪਣੇ ਮੁਲਕ ਦੇ ਲੋਕਾਂ ਦੇ ਚੰਗੇ ਜੀਵਨ ਲਈ ਹਰ ਸੰਭਵ  ਯਤਨ ਕਰੇ।ਪਰ ਸੱਚੀ ਗੱਲ ਇਹ ਕਿ ਸਾਡੀ ਹਾਕਮ ਜਮਾਤ ਚ ਸੁਹਿਰਦਤਾ ਦੀ ਬੇਹੱਦ ਘਾਟ ਹੈ ।ਪੰਜਾਬ ਦੇ ਮੁਖੀਆਂ ਚੋਂ ਸਿਰਫ ਲਛਮਣ ਸਿੰਘ ਗਿੱਲ  ਹੀ ਅਜਿਹੇ ਮੁੱਖ ਮੰਤਰੀ ਰਹੇ ਜਿਹਨਾਂ ਨੇ ਪੰਜਾਬ ਭਾਸ਼ਾ ਐਕਟ ਬਣਾ ਕੇ ਪੰਜਾਬੀ ਮਾਂ ਬੋਲੀ ਦੀ ਅਸੀਸ ਪ੍ਰਾਪਤ ਕੀਤੀ ਹੈ।ਹੁਣ ਭਾਸ਼ਾ ਵਿਭਾਗ ਦਾ ਕੰਮ ਹੈ ਕਿਸ ਤਰ੍ਹਾਂ ਇਸ ਨੂੰ ਦ੍ਰਿੜ੍ਹਤਾ ਨਾਲ ਲਾਗੂ ਕਰਨਾ ਹੈ। ਅੱਜ ਪੰਜਾਬ ਦੇ ਬਹੁਤੇ ਸਕੂਲਾਂ ਵਿਚ  ਪੰਜਾਬੀ ਬੋਲਣ ਤੇ ਪਾਬੰਦੀ ਹੈ ਹੈਰਾਨੀਜਨਕ ਤੱਥ ਇਹ ਹੈ ਕਿ ਮਾਪੇ ਅਜਿਹੇ ਸਕੂਲਾਂ ਵਿਚ ਲੱਖਾਂ ਰੁਪਏ  ਦਾਨ ਰੂਪੀ ਰਿਸ਼ਵਤ ਦੇ ਕਿ ਬੱਚਿਆਂ ਦੇ ਦਾਖਲੇ ਕਰਾ ਰਹੇ ਹਨ। ਬਹੁਤੇ ਸਰਦੇ ਪੁੱਜਦੇ ਪੰਜਾਬੀ ਤਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਹੀ ਨਹੀਂ ਕਰਾਉਂਦੇ।
ਪੰਜਾਬ  ‘ਹਰੀ ਕਰਾਂਤੀ’ ਦੇ ਦੌਰ ਤੋਂ  ਬੇਸ਼ੱਕ  ਪੂਰੇ ਹਿੰਦੋਸਤਾਨ ਦਾ ਪੇਟ ਭਰਦਾ ਆ ਰਿਹਾ ਹੈ ਪਰ ਪੰਜਾਬੀ ਕਿਸਾਨ ਕਰਜਾਈ ਹੁੰਦਾ ਜਾ ਰਿਹਾ ,ਹਰੀ ਕਰਾਂਤੀ ਨੇ ਪੰਜਾਬ  ਨੂੰ ਅਜਿਹੀ ਖੁਸ਼ਹਾਲੀ  ਬਖਸ਼ੀ ਕਿ ਪੰਜਾਬ  ਦਾ ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਗਿਆ।  ਪਿਛਲੇ ਤਿੰਨ ਦਹਾਕਿਆਂ ਤੋਂ ਪ੍ਰਵਾਸੀ ਮਜਦੂਰਾਂ ਦੀ ਆਮਦ ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ,ਸਾਡੀ ਖੇਤੀ ਚ ਆਇਆ ਬਦਲਾਵ  ਅਤੇ ਇੱਥੋਂ ਦੀਆਂ ਉਦਯੋਗਿਕ ਇਕਾਈਆਂ ਵੀ  ਇਸ ਪ੍ਰਵਾਸ ‘ਚ ਹੋਰ  ਵਾਧਾ ਕਰ ਰਹੀਆਂ ਹਨ।। ਮਾਲਵੇ ਦੀ ਨਰਮਾ ਪੱਟੀ, ਨਰਮੇ ਕਪਾਹ ਨੂੰ ਉੱਕਾ ਹੀ ਵਿਸਾਰ ਗਈ ਅੱਜ ਸਾਰੇ ਪੰਜਾਬ ਵਿੱਚ ਝੋਨੇ ਦੀ ਸਰਦਾਰੀ ਹੈ।ਇਕ ਹੋਰ ਅਹਿਮ ਗੱਲ ਇਹ ਹੋਈ ਕਿ ਪੰਜਾਬੀਆਂ ਨੇ ਖਾਸ ਕਰਕੇ ਵੱਡੇ ਕਿਸਾਨਾਂ ਨੇ ਚਾਰ ਦਹਾਕਿਆਂ ਤੋਂ  ਪਰਿਵਾਰ ਨਿਯੋਜਨ ਨੂੰ ਇਸ ਤਰ੍ਹਾਂ ਲਾਗੂ ਕਰ ਲਿਆ ਜੇ ਪਹਿਲਾ ਲੜਕਾ ਪੈਦਾ ਹੋ ਗਿਆ ਤਾਂ ਦੂਸਰਾ ਬੱਚਾ ਪੈਦਾ ਹੀ ਨਹੀਂ  ਕੀਤਾ ,ਜਿਹੜਾ ‘ਕੱਲਾ- ਕਾਹਰਾ ਸੀ ਉਹ ਵੀ ਵਿਦੇਸ਼ੀਂ ਤੋਰ ਦਿੱਤਾ । ਪਿੱਛੇ ਸਾਰਾ ਕਾਰੋਬਾਰ ਤੇ ਖੇਤੀ ਕੇਵਲ ਮਜ਼ਦੂਰਾਂ ਦੇ ਹੱਥ ਰਹਿ ਗਈ।  ਇਸ ਕਾਰਨ ਪ੍ਰਵਾਸੀ ਮਜ਼ਦੂਰ ਕਿਸਾਨਾਂ ਦੀ ਮਜਬੂਰੀ ਵੀ ਬਣ ਗਏ। ਹੁਣ ਮਜਦੂਰਾਂ ਦੇ ਭੇਸ ‘ਚ ਅਪਰਾਧੀ ਅਤੇ ਬਿਹਾਰ-ਬੰਗਾਲ ਚੋਂ ਕੱਢੇ ਬੰਗਲਾ ਦੇਸ਼ੀ ਸ਼ਰਨਾਰਥੀ ਤੇ ਰੋਹਿੰਗਿਆਂ ਦੇ ਆਉਣ ਦਾ ਵੀ ਸ਼ੱਕ ਕੀਤਾ ਜਾ ਰਿਹਾ ,ਯੂ ਪੀ ਦੇ ਮੁੱਖ ਮੰਤਰੀ ਦੀ ਸਖਤੀ ਕਰਨ ਉੱਥੋਂ ਭੱਜੇ ਅਪਰਾਧੀ ਕਿਸਮ ਦੇ ਲੋਕਾਂ ਦੇ ਵੀ ਪੰਜਾਬ ਵਿਚ ਆਉਣ ਦਾ ਖਦਸਾ ਬਣਿਆ ਹੋਇਆ ਹੈ।ਪੰਜਾਬ ਦੇ ਲੋਕਾਂ ਵਿੱਚ ਇਕ ਡਰ ਬਣ ਗਿਆ ਹੈ। ਇਹ ਵੀ ਸ਼ੱਕ ਕੀਤਾ ਜਾ ਰਿਹਾ ਕਿ ਇਕ ਸ਼ਾਜਿਸ਼ ਅਧੀਨ ਪੰਜਾਬ ਦੇ ਸਭਿਆਚਾਰ ਤੇ ਬੋਲੀ ਨੂੰ ਤਹਿਸ-ਨਹਿਸ ਕਰਨ ਲਈ ਇੱਥੋਂ ਦੀ ਭੂਗੋਲਿਕ ਸਥਿਤੀ ਬਦਲੀ ਜਾ ਰਹੀ। ਉਹ ਸੂਬਾ ਜਿਸ ਕੋਲ ਸਿਰਫ 1.53% ਏਰੀਆ ਹੀ ਭਾਰਤ ਦੇ ਕੁੱਲ ਖੇਤਰਫਲ ਦਾ ਹੈ ਉੱਥੇ ਇਸ ਤਰ੍ਹਾਂ ਦਾ ਜਮਘਟਾ ਲਾਉਣਾ ਕਿੱਥੋਂ ਤੀਕ ਜਾਇਜ ਹੈ ,ਹਰ ਇਕ ਕੰਮ ਦੀ ਇਕ ਸੀਮਾ ਹੁੰਦੀ ਹੈ।ਹੁਣ ਲੋਕ ਹੋਰ ਨਹੀਂ ਬਰਦਾਸ਼ਤ ਕਰ ਸਕਦੇ। ਸੰਨ 2000ਤੋਂ 2014 ਤੱਕ  ਭਾਸ਼ਾ ਤੇ ਸੰਸਕ੍ਰਿਤਕ ਭਿੰਨਤਾ ਕਾਰਨ ਭਾਰਤ ਵਿੱਚ ਚਾਰ ਰਾਜ ਹੋਰ ਹੋਂਦ ‘ਚ ਆ ਗਏ  ਹਨ।  ਜੇਕਰ ਕਿਸੇ ਰਾਜ ਦੀ ਭਾਸ਼ਾ ਤੇ ਸਭਿਆਚਾਰ ਨੂੰ ਦੂਜੇ ਰਾਜਾਂ ਦੇ ਸਭਿਆਚਾਰਾਂ ‘ਚ ਰਲ ਗੱਡ ਹੀ ਕਰਨਾ ਹੈ ਤਾਂ ਇਹ ਚਾਰ ਨਵੇਂ ਰਾਜ ਬਣਾਏ ਹੀ ਕਿਉਂ ??
ਕਿਸਾਨ ਅੰਦੋਲਨ 2020 ਵੇਲੇ ਦੇਖਿਆ ਗਿਆ ਕੇ ਕੇਂਦਰੀ ਰਾਜਸੀ ਸੱਤਾਧਾਰੀਆਂ ਵੱਲੋਂ ਅਜਿਹਾ ਮਾਹੌਲ ਸਿਰਜਿਆ ਗਿਆ ਕਿ ਹਰ ਪੱਗ ਵਾਲੇ ਨੂੰ ਖਾਲਿਸਤਾਨੀ ਕਹਿ ਕੇ ਚਿੜਾਇਆ ਜਾਣਾ ਆਮ ਗੱਲ ਹੋ ਗਈ ਸੀ। ਹੱਕੀ ਮੰਗਾਂ ਰੋਲਣ ਲਈ ਹਰ ਤਰ੍ਹਾਂ ਦੇ ਪੈਂਤੜੇ ਖੇਡੇ ਗਏ। ਜੇ ਅੱਜ ਵੇਖੀਏ ਸਿੱਖੀ ਦੀ ਗੱਲ ਕਰਨ ਵਾਲੇ ਨੂੰ ਅੱਤਵਾਦੀ,ਵੱਖਵਾਦੀ ਪਿਛਾਕੜ ਸੋਚ ਤੇ ਹੋਰ ਪਤਾ ਨਹੀਂ ਕੀ ਕੁਝ ਕਿਹਾ ਜਾਂਦਾ ਹੈ।ਪੰਜਾਬ ,ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨ ਵਾਲਿਆਂ ਤੇ ਉਹੀ ਦੋਸ਼ ਲੱਗ ਰਹੇ ਹਨ ਜੋ ਪਿਛਲੇ ਕਿਸਾਨ ਅੰਦੋਲਨ ਦੌਰਾਨ ਆਮ ਕਿਸਾਨਾਂ ਤੇ ਲੱਗਦੇ ਸਨ।  ਪਿਛਲੇ ਦਿਨਾਂ ਵਿਚ ਇਕ ਪ੍ਰਵਾਸੀ ਦਰਿੰਦੇ ਵੱਲੋਂ ਇਕ ਪੰਜ ਸਾਲ ਦੇ ਬੱਚੇ ਦਾ ਕਤਲ ਬੜੀ ਬੇਰਹਿਮੀ ਨਾਲ  ਕਰ ਦਿੱਤਾ ਗਿਆ,ਇਸ ਘਟਨਾ ਨੇ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖ  ਦਿੱਤਾ।ਪੰਜਾਬ ਦਾ ਕੋਈ ਵੀ ਸੰਵੇਦਨਸ਼ੀਲ ਮਨੁੱਖ ਅਜੇਹਾ ਨਹੀਂ ਹੋਵੇਗਾ ਜਿਸ ਨੇ ਇਸ ਦਾ ਬੇਇੰਤਹਾ ਦੁੱਖ ਨਾ ਮਨਾਇਆ ਹੋਵੇ,ਮੌਜੂਦਾ ਸੰਕਟ ਚ ਹੀ ਦੇਖ ਲਓ ਕੋਈ ਵੀ ਸਿਆਸੀ ਨੇਤਾ ਬੱਚੇ ਦੇ ਮਾਪਿਆਂ ਨਾਲ ਦੁੱਖ ਤੱਕ ਪ੍ਰਗਟ ਕਰਨ ਤੱਕ ਨਹੀਂ ਪਹੁੰਚਿਆ ਸਿਵਾਏ ‘ਸੁਖਪਾਲ ਸਿੰਘ ਖਹਿਰਾ’ ਜਾਂ  ਇਕ-ਦੋ ਹੋਰ, ਜਦ ਕਿ ਪੰਜਾਬ ਦਾ ਹਰ ਦਰਦੀ ਅੱਜ ਗਹਿਰੇ ਦੁੱਖ ‘ਚ ਸ਼ਾਮਲ ਹੈ। ਜੇ ਇਹ ਹਾਕਮ ਸੁਹਿਰਦ ਹੋਣ ਤਾਂ ਅਜਿਹੇ ਸੰਕਟ ਉਭਰਨ ਹੀ ਨਾ। ਇਹ ਸੱਚ ਹੈ ਕਿ ਮਨੁੱਖ ਰੋਜੀ ਰੋਟੀ ਦੀ ਤਲਾਸ਼ ਚ ਘਰੋਂ ਬੇਘਰ ਹੋ ਕੇ ਦੇਸ਼-ਵਿਦੇਸ਼ ਚ ਜਿਥੇ ਵੀ ਸੁਖਾਵਾਂ ਮਾਹੌਲ ਮਿਲੇ ਪਹੁੰਚ ਜਾਂਦਾ ਹੈ  । ਸਾਨੂੰ ਇਹ ਵੀ ਪਤਾ ਹੈ ਕਿ ਬੇਸ਼ੱਕ ਇਕ ਦੋਸ਼ੀ ਕਾਰਨ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਸਜਾ ਦੇਣੀ ਠੀਕ  ਨਹੀਂ , ਨਾ ਹੀ ਸਾਰੇ ਅਪਰਾਧਿਕ ਬਿਰਤੀ ਦੇ ਹਨ। ਇਕ ਕਿਰਤੀ ਨੂੰ ਆਪਣੇ ਪਰਿਵਾਰ ਪਾਲਣ ਤੋਂ ਵਿਹਲ ਨਹੀਂ ਮਿਲਦੀ ਉਸਨੇ ਕੋਈ ਸਿਆਸਤ ਜਾਂ ਅਪਰਾਧ ਚ ਰੁੱਚੀ ਤਾਂ ਕੀ ਰੱਖਣੀ ਹੈ,ਪਰ ਅੱਜ ਧਨਾਢਾਂ ਵੱਲੋਂ ਬਿਹਾਰ ਨੂੰ ਗੁਜਰਾਤ ਬਣਾਇਆ ਜਾ ਰਿਹਾ ਹੈ ਤੇ ਪੰਜਾਬ ਨੂੰ ਯੂ ਪੀ ਬਿਹਾਰ, ਪੂਰੀ ਦੁਨੀਆ ਤੇ ਨਿਊ ਵਰਲਡ ਆਰਡਰ ਲਾਗੂ ਕਰਨ ਲਈ ਬੜੀ ਤੇਜੀ ਨਾਲ ਕਾਰਪੋਰੇਟ ਘਰਾਣੇ ਵੱਧ ਰਹੇ ਹਨ ।ਨਿਊ ਵਰਲਡ ਆਰਡਰ ਦਾ ਪਹਿਲਾ ਮੁੱਢਲਾ ਕਦਮ ਹੀ ਹਰ ਖਾਸ ਸਭਿਆਚਾਰ ਅਤੇ ਉਹ ਸੰਸਕ੍ਰਿਤਕ ਧੁਰੇ ਜਿਹਨਾਂ ਦੁਆਲੇ ਲੋਕ ਪੂਰੀ ਸ਼ਿੱਦਤ ਨਾਲ ਜੁੜੇ ਹੋਣ ਜਾਂ ਜੁੜ ਸਕਦੇ ਹੋਣ ,ਨੂੰ ਬਰਬਾਦ ਕਰਕੇ ਖਿਚੜੀ ਸਭਿਆਚਾਰ ਪੈਦਾ ਕਰਨਾ ਹੈ। ਅਜਿਹੀ ਸੋਚ ਹੀ ਅਸਾਡੇ ਆਪਣੇ ਕੁਝ ਅਖੌਤੀ ਵਿਦਵਾਨਾਂ ਦੀ ਜਾਪਦੀ ਹੈ,ਉਹ ਪੰਜਾਬ ਦੀ ਗੱਲ ਸੁਣਨ ਲਈ ਤਿਆਰ ਨਹੀਂ ।ਸਾਰੀ ਦੁਨੀਆ ਨੂੰ ਪਤਾ ਹੈ ਪੰਜਾਬੀ ਦੁਨੀਆ ਭਰ ਦੇ ਸਭ ਤੋਂ ਵੱਧ ਮਾਨਵਵਾਦੀ ਤੇ ਰਹਿਮ ਦਿਲ ਲੋਕ ਹਨ। ਉਹਨਾਂ ਦੀ ਮਜਬੂਰੀ ਹੈ ਉਹ ਸੁਰੱਖਿਆਤ ਹੋਣਾ ਲੋਚਦੇ ਹਨ। ਉਹ ਆਪਣੇ ਸਭਿਆਚਾਰ ਤੇ ਮਾਂ ਬੋਲੀ ਦੀ ਵੱਖਰੀ ਪਹਿਚਾਣ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ। ਅਜੋਕੇ ਹਾਲਾਤ ‘ਚ ਅੱਜ ਵਧਦੀ ਆਬਾਦੀ ਦੀਆਂ ਸੱਮਸਿਆਵਾਂ ਨੂੰ ਮੁੱਖ ਰੱਖ ਕੇ ਹਾਕਮ ਧਿਰ ਨੂੰ ਐਸ਼ੋ-ਆਰਾਮ ਚੋਂ ਵਕਤ ਕੱਢ ਕੇ ਦਰਪੇਸ਼ ਨਿੱਤ ਨਵੀਆਂ ਚਣੌਤੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।ਪ੍ਰਵਾਸ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਹ ਕੇਵਲ ਪੰਜਾਬ  ਲਈ ਹੀ ਨਹੀਂ ਪੂਰੇ ਭਾਰਤ ‘ਚ ਹੋਣਾ ਚਾਹੀਦਾ ਹੈ। ਇਕ ਪ੍ਰਦੇਸ਼ ਤੋਂ ਦੂਜੇ ਪ੍ਰਦੇਸ਼ ਵਿਚ  ਜਾ ਕੇ ਕੰਮ ਕਰਨ ਵਾਲੇ ਪ੍ਰਵਾਸੀ ਕਾਮਿਆਂ ,ਜਿਹਨਾਂ ਨੇ ਲੰਬੀ ਦੇਰ ਦੂਜੀ ਸਟੇਟ ‘ਚ ਰਹਿਣਾ ਉਹਨਾਂ ਲਈ ਆਪਣੀ ਪਿਤਰੀ ਸਟੇਟ ਦਾ ਆਧਾਰ ਕਾਰਡ ਪਹਿਚਾਣ ਪੱਤਰ ਵਜੋਂ  ਹੋਣ ਦੇ ਨਾਲ ਨਾਲ ਪ੍ਰਵਾਨਤ ਵੈਰੀਫਿਕੇਸ਼ਨ ਵੀ ਜਰੂਰੀ ਹੋਵੇ,ਬਿਨਾਂ ਪਹਿਚਾਣ ਪੱਤਰ ਜਾਂ ਵੈਰੀਫਿਕੇਸ਼ਨ ਦੂਜੀ ਸਟੇਟ ਵਾਲੇ ਤੁਰੰਤ ਉਸਨੂੰ ਬਾਹਰ ਕਰ ਦੇਣ ਤਾਂ ਕੋਈ ਇਤਰਾਜ ਹੋਣਾ ਹੀ ਨਹੀਂ ਚਾਹੀਦਾ, ਦੂਜੀ ਸਟੇਟ ‘ਚ ਪ੍ਰਵਾਸੀ ਕਾਮਿਆਂ ਲਈ ਸਮਾਂਬੱਧ ਨਵਿਆਉਣ ਯੋਗ ਵਰਕ ਪਰਮਿਟ ਜਾਰੀ ਕੀਤੇ ਜਾਣ। ਵੈਲਿਡ ਵਰਕ ਪਰਮਿਟ ਮਿਲਣ ਨਾਲ ਪ੍ਰਵਾਸੀ ਕਾਮਿਆਂ ਦੇ ਹਿੱਤ ਵੀ ਸੁਰੱਖਿਅਤ ਹੋ ਸਕਣਗੇ । ਕੋਈ ਵੀ ਕਿਰਤ ਕਰੇ ਰੱਜ ਕੇ ਖਾਵੇ। ਪਰ ਪੰਜਾਬ ਦੀ ਧਰਤੀ ਐਨੀ ਵੱਡੀ ਨਹੀਂ ਜਿਹੜੀ ਪੂਰੇ ਹਿੰਦੋਸਤਾਨ ਨੂੰ ਆਪਣੇ ਚ ਸਮੋ ਲਵੇ। ਬਿਹਤਰ ਇਹੀ ਹੈ  ਸਭ ਰੁਜ਼ਗਾਰ ਕਰਨ, ਆਪਣੇ ਪ੍ਰਦੇਸ਼ ਮੁੜਨ ਦੇ ਅਰਮਾਨ ਵੀ  ਸੰਜੋਈ ਰੱਖਣ। ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾਵੇ ਪੰਜਾਬ ‘ਚ ਉਹ  ਵਿਸ਼ੇਸ਼ ਕਾਨੂੰਨ ਬਣਾਵੇ ਜੋ ਬਾਕੀ 14 ਭਾਰਤੀ ਸਟੇਟਾਂ ਚ (ਆਰਟੀਕਲ 371 ਤਹਿਤ) ਪਹਿਲਾਂ ਬਣਿਆ ਹੋਇਆ ਹੈ ਜਿਸ ਰਾਹੀ ਉੱਥੋਂ ਦੀ ਭਾਸ਼ਾ ਤੇ ਸਭਿਆਚਾਰਕ ਆਜਾਦੀ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਹ ਕਹਿ ਕੇ ਹੱਕੀ ਮੰਗ ਨੂੰ ਦਬਾਉਣਾ ਕਿ ਪੰਜਾਬੀ ਵੀ ਦੂਜੀਆਂ ਸਟੇਟਾਂ ਵਿਚ ਵਸਦੇ ਹਨ ਕਦਾਚਿਤ ਠੀਕ  ਨਹੀਂ ,ਨਵੰਬਰ 84 ਦੀ ਯਾਦ ਕਰਾਕੇ, ਧਮਕਾਉਣਾ ਇਕ ਮੁਜਿਰਮ-ਆਨਾ ਵਿਵਹਾਰ ਹੈ ।ਪੰਜਾਬ ਦੇ ਸ਼ਾਂਤੀ ਪਸੰਦ ਲੋਕ ਸਪੱਸ਼ਟ ਮੰਗ ਕਰਦੇ ਹਨ ਪੰਜਾਬ ਬਿਲਕੁਲ ਵੱਖਰੀ ਕਿਸਮ ਦੀ ਰਹਿਤਲ ਵਾਲਾ ਘੱਟ ਗਿਣਤੀ ਸਭਿਆਚਾਰਕ ਰਾਜ ਹੈ ,ਇਸਦੀ ਸਰਹੱਦੀ ਇਲਾਕਾਈ, ਭਾਸ਼ਾਈ ਤੇ ਸਭਿਆਚਾਰਕ ਭਿੰਨਤਾ ਨੂੰ ਬਚਾਉਣ ਲਈ ਇਸ ਨੂੰ ਵਿਸ਼ੇਸ਼ ਆਰਟੀਕਲ 371,ਤਹਿਤ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਵੇ।  ਹਿਮਾਚਲ, ਰਾਜਸਥਾਨ, ਉਤਰਾਖੰਡ ,ਸਿੱਕਮ ,ਗੁਜਰਾਤ ਆਦਿ ,  ਸੁਰੱਖਿਅਤ ਰਾਜਾਂ ਵਾਂਗ ,ਪੰਜਾਬ ਵਿਚ  ਵੀ ਕਿਸੇ ਵੀ ਗੈਰ ਪੰਜਾਬੀ ਨੂੰ ਇੱਥੋਂ ਦੀ ਵਾਹੀਯੋਗ ਜਮੀਨ ਖਰੀਦਣ ਦਾ ਅਧਿਕਾਰ ਤੇ ਸਥਾਨਕਤਾ ਬਿਨਾਂ ਸ਼ਰਤ ਅਤੇ ਪਰਖ ਕਾਲ ਪਾਸ ਕੀਤੇ ਵਗੈਰ ਨਾ ਦਿੱਤਾ ਜਾਵੇ।
ਅਮਰਜੀਤ ਸਿੰਘ ਜੀਤ 
9417287122
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੱਜ ਉਹੀ ਤਰੀਕ ਹੈ
Next articleਇਹ ਇੱਕ ਇਸ਼ਾਰਾ ਹੈ, ਕਾਸ਼!ਕੋਈ ਸਮਝੇ।