(ਸਮਾਜ ਵੀਕਲੀ) ਮੈਂ ਜਾਣਦਾ ਹਾ, ਦੌਲਤ ਦੇ ਨਸ਼ੇ ਵਿਚ ਅੰਨ੍ਹੇ ਹੋਏ, ਆਪਣੀ ਹੀ ਹੈਂਕੜ ਵਿਚ ਚੂਰ ਉਹ ਲੋਕ, ਜਿਹਨਾ ਲਈ ਇਹ ਲਿਖਤ ਹੈ। ਉਹਨਾਂ ਤੱਕ ਤਾਂ ਇਹ ਲਿਖਤ ਪਹੁੰਚਣੀ ਹੀ ਨਹੀਂ। ਕਿਉਂਕਿ ਵਕਤ ਨੇ ਅੰਨ੍ਹੀ ਕੀਤੀ ਉਸ ਅੱਖ ਨੂੰ ਤਾਂ ਅਸੀਂ ਤੁਸੀਂ ਦਿਸਦੇ ਹੀ ਨਹੀਂ ਹੁੰਦੇ, ਜਿੰਨਾ ਚਿਰ ਕੁਦਰਤ ਜਾਂ ਰੱਬ, ਜਿਵੇਂ ਵੀ ਤੁਸੀਂ ਮੰਨਦੇ ਹੋ ਉਹਨਾਂ ਦੇ ਥੱਪੜ ਨਾ ਜੜ ਦੇਵੇ। ਕੁਦਰਤ ਹਮੇਸ਼ਾ ਸੰਤੁਲਨ ਬਣਾਈ ਰੱਖਣ ਲਈ ਇਸ਼ਾਰਾ ਦਿੰਦੀ ਹੈ। ਉਹ ਸੰਤੁਲਨ ਬੇਸ਼ਕ ਸਮਾਜਿਕ ਹੋਵੇ ਜਾ ਭੂਗੋਲਿਕ, ਪਰ ਕਿੰਨੇ ਹੀ ਤਰਾਂ ਦੇ ਨਸ਼ਿਆਂ, ਜਿਵੇਂ ਸੱਤਾ, ਤਾਕਤ ਤੇ ਪੈਸੇ ਦੇ ਨਸ਼ੇ ਵਿਚ ਚੂਰ ਆਦਮੀ ਇਹ ਸਮਝਦਾ ਹੀ ਨਹੀਂ। ।।। ਕੀ ਇਹ ਇੱਕ ਬਹੁਤ ਵੱਡਾ ਇਸ਼ਾਰਾ ਨਹੀਂ ? ਕਿ ਇੱਕ ਕਨੂੰਨ ਬਣਾਉਣ ਵਾਲੀ ਧਿਰ ਦਾ ਕਿੰਨਾ ਹੀ ਚਿਰ ਹਿੱਸਾ ਰਹੀ ਇੱਕ ਹਸਤੀ ਤੇ ਦੂਜੇ ਪਾਸੇ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਭ ਤੋਂ ਉੱਚ ਕੁਰਸੀ ਤੱਕ ਪਹੁੰਚਿਆ ਇੱਕ ਆਦਮੀ, ਜਦ ਉਹ ਪੂਰੀ ਪਾਵਰ ਵਿਚ ਸਨ, ਤਾਂ ਕਿਸੇ ਆਮ ਆਦਮੀ ਨੂੰ ਤਾਂ ਉਹ ਆਦਮੀ ਤਾਂ ਕੀ, ਕੋਈ ਕੀੜਾ ਮਕੌੜਾ ਵੀ ਨਹੀਂ ਸਮਝਦੇ ਸੀ। ਪਰ ਜਦ ਹੀ ਉਹ ਦੋਹਵੇਂ ਆਪੋ ਆਪਣੇ ਅਹੁਦਿਆਂ ਤੋਂ ਸਦਾ ਲਈ ਵਿਹਲੇ ਹੋਏ ਤਾਂ ਕੁਦਰਤ ਦੇ ਇੱਕ ਝੱਟਕੇ ਨੇ ਸਭ ਤਹਿਸ ਨਹਿਸ ਕਰ ਦਿੱਤਾ। ਇਕਲੌਤਾ ਪੁੱਤਰ ਵੀ ਗਿਆ, ਤੇ ਜਾਂਦਾ ਜਾਂਦਾ ਇਹ ਵੀ ਦੱਸ ਗਿਆ ਕਿ ਬਾਹਰੋਂ ਉੱਚੀਆਂ ਉੱਚੀਆਂ ਦਿਸਦੀਆਂ ਕੰਧਾਂ, ਅੰਦਰੋਂ ਕਿੰਨੀਆਂ ਖੋਖਲੀਆਂ ਹੁੰਦੀਆਂ ਨੇ। ਕੀ ਕੰਮ ਆਇਆ ਪੈਸਾ, ਕੀ ਕਰਨਾ ਅਜਿਹੇ ਪੈਸੇ ਦਾ ? ਜਦ ਇਹ ਪਤਾ ਹੋਵੇ ਕਿ ਆਹ ਦੂਰੋਂ ਸਲਾਮਾਂ ਕਰ ਰਹੇ ਲੋਕ,ਸਾਡੇ ਲੰਘਦੇ ਹੀ ਸਾਡੇ ਬਾਰੇ ਕੀ ਕਹਿਣਗੇ ? ਪਾਪਾਂ ਬਾਝੋ ਹੋਵਹਿ ਨਾਹੀ ਮੋਇਆਂ ਸਾਥ ਨਾ ਜਾਇ। ਪਰ ਕੀ ਪਤਾ, ਕਦ ਇਹ ਤੁਹਾਡੀ ਛਾਤੀ ਦਾ ਬੋਝ ਬਣ ਜਾਵੇ। ਸੋ ਪਤਾ ਹੈ, ਕਿ ਇੱਥੇ ਸਮਝਣਾ ਵਗੈਰਾ ਤਾਂ ਕਿਸੇ ਕੁਛ ਨਹੀਂ ਹੁੰਦਾ। ਪਰ ਫਿਰ ਵੀ ਆਪਣੇ ਪਿਆਰੇ ਮਿੱਤਰਾਂ ਸਾਹਮਣੇ ਦਿਲ ਦਾ ਗੁਬਾਰ ਹਲਕਾ ਫੁਲਕਾ ਕਰਕੇ ਆਪਣੇ ਆਪ ਨੂੰ ਤਸੱਲੀ ਦਿੰਦੇ ਰਹਿੰਦੇ ਹਾ। ਦੂਸਰਾ ਇਸ਼ਾਰਾ ਇੱਕ ਕੁਦਰਤ ਨੇ ਅੱਗੇ ਪਿੱਛੇ ਹੋਰ ਸਾਨੂੰ ਦਿਖਾ ਹੀ ਦਿੱਤਾ ਹੈ, ਭੁੱਲਰ ਵਾਲਾ। ਇਹ ਕਹਾਣੀ ਅੱਗੇ ਜਾ ਕੇ ਕਿੱਥੇ ਪਹੁੰਚਣੀ ਹੈ ਇਹ ਵਕਤ ਦੇ ਗਰਭ ਵਿੱਚ ਹੈ ਹਾਲੇ।
ਤੁਹਾਡੀ ਰਾਇ ਦੀ ਉਡੀਕ ਵਿਚ
ਤੁਹਾਡੇ ਸਭਨਾ ਦੇ ਦਿਲ ਵਿਚ ਵਸਣ ਵਾਲਾ
ਕੁਦਰਤ ਦੀ ਖੂਬਸੂਰਤੀ ਦਾ ਰਸ ਚੂਸਣ ਵਾਲ਼ਾ
ਵੈਦ ਬਲਵਿੰਦਰ ਸਿੰਘ ਢਿੱਲੋ
ਵਿੰਨੀਪੈਗ ਵਾਲਾ।



