ਸਮਾਜ ਵੀਕਲੀ ਯੂ ਕੇ
ਕੇਵਲ ਸਿੰਘ ਰੱਤੜਾ
8283830599
ਧਰਮ ਅਤੇ ਵਿਗਿਆਨ ਦੇ ਰਿਸ਼ਤੇ ਨੂੰ ਲੰਬੇ ਸਮੇਂ ਤੋਂ ਤਣਾਅ ਨਾਲ ਵੱਧ ਅਤੇ ਸਹਿਯੋਗ ਨਾਲ ਘੱਟ ਜੋੜਿਆ ਗਿਆ ਹੈ। ਅਕਸਰ ਇਨ੍ਹਾਂ ਨੂੰ ਕੱਟੜ ਵਿਰੋਧੀ ਜਾਂ ਦੁਸ਼ਮਣ ਵਜੋਂ ਵੀ ਦਰਸਾਇਆ ਜਾਂਦਾ ਹੈ। ਧਰਮਾਂ ਦੇ ਬਹੁਤੇ ਪ੍ਰਚਾਰਕ ਸਾਇੰਸ ਦੀਆਂ ਪ੍ਰਾਪਤੀਆਂ ਨੂੰ ਰੱਬ ਦੇ ਸਿਸਟਮ ਵਿੱਚ ਘੁੱਸਪੈਠ ਦੱਸਕੇ ਵਿਗਿਆਨ ਨੂੰ ਕੁਦਰਤ ਦਾ ਕਾਤਲ ਐਲਾਨ ਦਿੰਦੇ ਹਨ। ਉਹਨਾਂ ਮੁਤਾਬਕ ਪੁਰਾਣੇ ਸਮਿਆਂ ਵਿਚਲੀ ਜੀਵਨ ਜਾਚ ਦੇ ਤੌਰ ਤਰੀਕੇ ਹੀ ਸਹੀ ਸਨ। ਪ੍ਰਸਪਰ ਨਿਰਭਰਤਾ ਮਨੁੱਖੀ ਸੱਭਿਅਤਾ ਨੂੰ ਆਪਸੀ ਏਕਤਾ ਅਤੇ ਵਿਲੱਖਣਤਾ ਪ੍ਰਦਾਨ ਕਰਦੀ ਸੀ। ਕੁਦਰਤੀ ਆਫ਼ਤਾਂ ਜਿਵੇਂ ਬੀਮਾਰੀਆਂ, ਹੜ੍ਹ, ਅਕਾਲ, ਭੂਚਾਲ ਅਤੇ ਤਾਕਤਵਰਾਂ ਦੇ ਹਮਲਿਆਂ ਨਾਲ ਜੂਝਣ ਲਈ ਸਮੂਹਾਂ ਦਾ ਆਪਸੀ ਸਹਿਯੋਗ ਬਹੁਤ ਜ਼ਰੂਰੀ ਸੀ ।ਧਰਮ ਦੇ ਸਾਂਝੇ ਭਰੋਸੇ ਹੀ ਸਭ ਤੋਂ ਕਾਰਗਰ ਵਸੀਲੇ ਅਤੇ ਪਰਖੇ ਹੋਏ ਢੰਗ ਸਨ। ਮਨੁੱਖੀ ਇਤਿਹਾਸ ਵਿੱਚ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਖੋ ਵੱਖਰੇ ਧਰਮਾਂ ਨੇ ਜਨਮ ਲਿਆ । ਸਪੱਸ਼ਟ ਕਾਰਣ ਭੂਗੋਲਿਕ ਲੋੜਾਂ, ਖੁਰਾਕ ਅਤੇ ਕਬੀਲਿਆਂ ਵਿੱਚ ਅਸਰੁੱਖਿਆ ਦੀ ਭਾਵਨਾ ਵਿੱਚੋਂ ਜਨਮੀ ਸਰੇਸ਼ਟਤਾ ਸਿੱਧ ਕਰਨ ਦੀ ਪ੍ਰਬਲ ਸ਼ਕਤੀ ਸੀ। ਆਵਾਜਾਈ ਦੇ ਸਾਧਨਾਂ ਦਾ ਮੱਠੇ ਹੋਣਾ ਜਾਂ ਅੜਚਣਾਂ ਭਰਪੂਰ ਹੋਣਾ ਅਤੇ ਸਮੂਹਾਂ ਦੇ ਆਪਣੇ ਕੁਲ੍ਹ ਦੇਵਤਾ ਦੇ ਮੌਲਿਕ ਆਸਰੇ ਨੇ ਹੀ ਰੱਬ ਦੇ ਵਿਭਿੰਨ ਸੰਕਲਪਾਂ ਨੂੰ ਜਨਮ ਦਿੱਤਾ ਸੀ।ਇੱਕ ਪੈਗੰਬਰ ਦੀ ਸਰਦਾਰੀ ਹੇਠ ਕਠੋਰ ਅਨੁਸ਼ਾਸਨ ਹੀ ਪੈਰੋਕਾਰਾਂ ਨੂੰ ਬੰਨ੍ਹਕੇ ਰੱਖ ਸਕਦਾ ਹੈ। ਭਾਵੇਂ ਕਿ ਧਰਮ ਦੇ ਨਾਂ ਤੇ ਜਿਹਾਦ ਦੇ ਝੰਡੇ ਹੇਠ ਲੱਖਾਂ ਮਾਸੂਮ ਲੋਕਾਂ ਦੀ ਹੱਤਿਆ ਸਿਰਫ ਧਾਰਮਿਕ ਵਖਰੇਵਾਂ ਅਤੇ ਵੱਡੇ ਖੇਤਰ ਉੱਤੇ ਰਾਜਸੀ ਕਬਜ਼ਾ ਹੀ ਸੀ।ਇਹ ਵਰਤਾਰੇ ਯੂਰੋਪ , ਖਾੜੀ ਦੇ ਦੇਸ਼,ਭਾਰਤ ਮਹਾਂਦੀਪ ਅਤੇ ਅਫਰੀਕਾ ਵਿੱਚ ਵੀ ਲੋਕਾਂ ਨੂੰ ਸਭਿਅਕ ਕਰਨ ਦੇ ਨਾਂ ਹੇਠ ਪ੍ਰਚਾਰੇ ਗਏ।
ਅਸੀਂ ਧਰਮ ਨੂੰ ਮਨੁੱਖੀ ਸੋਚ ਦੇ ਸੀਮਤ ਦਾਇਰੇ ਦੇ ਰਾਹੀਂ ਕੁਦਰਤ ਦੀ ਅਸੀਮਤਾ ਅਤੇ ਅਨੇਕ ਰਹੱਸਾਂ ਬਾਰੇ ਅਗਿਆਨਤਾ ਵਿੱਚੋਂ ਪੈਦਾ ਹੋਏ ਹਾਂ-ਪੱਖੀ ਵਿਸ਼ਵਾਸ ਨੂੰ ਮੁੱਢ ਮੰਨ ਸਕਦੇ ਹਾਂ। ਧਰਮ ਨੇ ਬਹੁਤ ਸਾਰੇ ਕੀਮਤੀ ਗ੍ਰੰਥ, ਬੋਲੀ ਵਿਕਾਸ, ਅੰਤਰ- ਸੰਵਾਦ, ਟਕਰਾਅ ਅਤੇ ਸੌਰ ਮੰਡਲ ਬਾਰੇ ਗਿਆਨ ਨੂੰ ਸਾਂਭਕੇ ਰੱਖਿਆ ਹੈ। ਪਰ ਅਜੋਕੇ ਯੁੱਗ ਦੇ ਵਪਾਰਿਕ ਮਾਲਕਾਂ ਵੱਲੋਂ ਮੰਡੀ ਕਲਚਰ ਵਿੱਚ ਰਹਿ ਰਹੇ ਹਰ ਮਨੁੱਖ ਨੂੰ ਵਿਗਿਆਨ ਦੀਆਂ ਜਾਦੂਮਈ ਪ੍ਰਾਪਤੀਆਂ ਰਾਹੀਂ ਆਪਣੇ ਵਪਾਰ ਨੂੰ ਵਧਾਉਣ ਲਈ ਵਰਤਿਆ ਜਾ ਰਿਹਾ ਹੈ।ਪੈਸੇ ਦੀ ਦੌੜ ਵਿੱਚ ਸਾਫ ਤੌਰ ਤੇ ਉਹਨਾਂ ਤੋਂ ਸਰਬੱਤ ਦੇ ਭਲੇ ਦੇ ਆਦਰਸ਼ ਨੂੰ ਸੇਧਿਤ ਕੋਈ ਵੀ ਪਹਿਲਕਦਮੀ ਕਿਆਸੀ ਹੀ ਨਹੀਂ ਜਾ ਸਕਦੀ।
ਦੂਜੇ ਪਾਸੇ ਸਾਇੰਸ ਨੇ ਧਰਮਾਂ ਦੇ ਕੁੱਝ ਕੁ ਪੁਰਾਣੇ ਐਲਾਨਾਮਿਆਂ ਨੂੰ ਤਾਂ ਉਲਟਾ ਹੀ ਦਿੱਤਾ ਹੈ।ਆਵਾਜਾਈ ਅਤੇ ਸੰਚਾਰ ਸਾਧਨਾਂ ਵਿੱਚ ਕ੍ਰਾਂਤੀਕਾਰੀ ਤਰੱਕੀ ਹੋਈ ਹੈ। ਸਮੇਂ ਅਤੇ ਰਫ਼ਤਾਰ ਨੇ ਸਾਰੀ ਦੁਨੀਆਂ ਨੂੰ ਇੰਨਾਂ ਗਤੀਸ਼ੀਲ ਹਲੂਣਾ ਦਿੱਤਾ ਹੈ ਕਿ 24 ਘੰਟਿਆਂ ਦੇ ਵਿੱਚ ਹੀ ਮਨੁੱਖ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਦੁਨੀਆਂ ਦੇ ਦੂਸਰੇ ਹਿੱਸੇ ਵਿੱਚ ਪਹੁੰਚ ਸਕਦਾ ਹੈ। ਸੁਰੱਖਿਆ ਲਈ ਧਮਾਕੇ ਵਾਲੇ ਮਾਰੂ ਹਥਿਆਰ ਬਜ਼ਾਰ ਵਿੱਚ ਮਿਲ ਸਕਦੇ ਹਨ।ਸਮਾਜਿਕ ਸਮੂਹਾਂ ਜਾਂ ਸਰੀਰਕ ਸ਼ਕਤੀ ਨੂੰ ਹੁਣ ਤਾਕਤ ਜਾਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਜ਼ਰੂਰੀ ਨਹੀਂ ਮੰਨਿਆ ਜਾਂਦਾ ਸਗੋਂ ਮਸ਼ੀਨੀ ਜਾਂ ਉਦਯੋਗਿਕ ਉਪਕਰਣਾਂ ਨੂੰ ਰਿਮੋਟ ਕੰਟਰੋਲ ਰਾਂਹੀ ਲਗਭਗ ਸੌ ਪ੍ਰਤੀਸ਼ਤ ਸਹੀ ਨਤੀਜਿਆਂ ਨੂੰ ਹਾਸਲ ਕੀਤਾ ਜਾ ਸਕਦਾ ਹੈ।ਬਹੁਤੇ ਦੇਸ਼ਾਂ ਨੇ ਆਪਣੀ ਪੈਦਲ ਸੈਨਾ ਵਿੱਚ ਵੱਡੀ ਕਟੌਤੀ ਕੀਤੀ ਹੈ।ਮਸ਼ੀਨੀ ਤਰੱਕੀ ਰਾਹੀਂ ਪਿਛਲੇ ਸਮਿਆਂ ਵਿੱਚ ਕੋਲੇ ਦੀਆਂ ਖਾਣਾਂ ਵਿੱਚ ਫਸੇ ਕਾਮਿਆਂ ਨੂੰ ਬਚਾਇਆ ਗਿਆ ਅਤੇ ਕਈ ਥਾਵਾਂ ਤੇ ਸੁਨਾਮੀ ਦੀ ਅਗਾਮੀ ਭਵਿੱਖਵਾਣੀ ਨਾਲ ਲੱਖਾਂ ਮਨੁੱਖੀ ਜਾਨਾਂ ਨੂੰ ਬਚਾ ਲਿਆ ਜਾਂਦਾ ਹੈ।ਅੱਜ ਕੱਲ੍ਹ ਖਿੱਤਿਆਂ ਤੋਂ ਅੱਗੇ ਅਮੀਰੀ ਅਤੇ ਗਰੀਬੀ ਨੂੰ ਮਹਾਂਦੀਪਾਂ ਦੇ ਪੱਧਰ ਤੇ ਵਾਚਿਆ ਜਾ ਰਿਹਾ ਹੈ। ਕਰੰਸੀ ਦਾ ਮਿਆਰ ਵਿਸ਼ਵ ਮੰਡੀ ਨੂੰ ਕੰਟਰੋਲ ਕਰਦਾ ਹੈ। ਹੁਣ ਕਲੋਨੀ ਰਾਜ ਭਾਵੇਂ ਨਹੀਂ ਪਰ ਆਪਣੇ ਕੁਦਰਤੀ ਸਾਧਨਾਂ ਨੂੰ ਬਚਾ ਕੇ ਸਸਤੇ ਰੇਟਾਂ ਉੱਤੇ ਲੋੜੀਦੇਂ ਖਣਿਜ ਅਤੇ ਤੇਲ ਗਰੀਬ ਦੇਸ਼ਾਂ ਤੋਂ ਹਥਿਆਇਆ ਜਾ ਰਹੇ ਹਨ।
ਇਸ ਕੁਰੱਖਤ ਵਰਤਾਰੇ ਵਿੱਚੋਂ ਹੀ ਧਰਮ ਉੱਤੇ ਅਧਾਰਿਤ ਵਿਸ਼ਵ ਨੈਤਿਕ ਸਭਿਆਚਾਰ ਦੀ ਲੋੜ ਭਾਸਦੀ ਹੈ। ਪ੍ਰਮਾਤਮਾ ਦੀ ਦੈਵੀ ਅਕਾਲ ਸ਼ਕਤੀ ਅਤੇ ਮਨੁੱਖੀ ਮਨ ਦੇ ਅਚੇਤ ਅਤੇ ਸੁਚੇਤ ਪਹਿਲੂ ਨੂੰ ਸਮਝਣ ਅਤੇ ਸਮਝਾਉਣ ਦੀ ਬਹੁਤ ਜ਼ਰੂਰਤ ਹੈ। ਧਾਰਮਿਕਤਾ ਦੇ ਅਟੁੱਟ ਹਿੱਸੇ ਹਨ ਮਨੁੱਖੀ ਹੋਂਦ, ਮਕਸਦ ਅਤੇ ਹਕੀਕਤ ਦੇ ਸੁਆਲਾਂ ਦੇ ਜਵਾਬ ਲੱਭਣ ਦੀ ਸੁਹਿਰਦ ਕੋਸ਼ਿਸ਼ ਕਰਨਾ।ਉਨ੍ਹਾਂ ਦੇ ਸਾਂਝੇ ਮਕਸਦਾਂ, ਵੱਖ-ਵੱਖ ਪੱਧਤੀਆਂ ਅਤੇ ਇਤਿਹਾਸਕ ਸੰਬੰਧਾਂ ਦਾ ਅਧਿਐਨ ਕਰ ਕੇ ਅਸੀਂ ਇਸ ਗੱਲ ਨੂੰ ਸਮਝ ਸਕਦੇ ਹਾਂ ਕਿ ਇਹ ਖੇਤਰ ਮੁਕਾਬਲੇਬਾਜੀ਼ ਦਾ ਨਹੀਂ, ਸਗੋਂ ਦੋਸਤੀ ਦਾ ਵੀ ਬਣ ਸਕਦਾ ਹੈ।
ਸਾਂਝੇ ਮਕਸਦ: ਸਮਝ ਅਤੇ ਅਰਥ
ਆਪਣੇ ਮੂਲ ਵਿੱਚ, ਧਰਮ ਅਤੇ ਵਿਗਿਆਨ ਦੋਵੇਂ ਹੀ ਮਨੁੱਖਤਾ ਨੂੰ ਸਮਝ ਅਤੇ ਅਰਥ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਵਿਗਿਆਨਿਕ ਕੁਦਰਤੀ ਵਸਤਾਂ ਅਤੇ ਉਹਨਾਂ ਦੀ ਬਣਤਰ ਦੀ ਮਸ਼ੀਨੀ ਜਾਂਚ ਕਰਦਾ ਹੈ, ਨਿਰੀਖਣ, ਪ੍ਰਯੋਗ ਅਤੇ ਤਰਕ ਰਾਹੀਂ ਅਸਤਿਤਵ ਦੇ “ਕਿਵੇਂ” ਦਾ ਪਤਾ ਲਗਾਉਂਦਾ ਹੈ। ਧਰਮ, ਦੂਜੇ ਪਾਸੇ, ਅਕਸਰ “ਕਿਉਂ” ਦੇ ਜਵਾਬ ਦਿੰਦਾ ਹੈ, ਨੈਤਿਕ ਚੌਕਠ, ਮਕਸਦ ਅਤੇ ਜੀਵਨ ਦੀ ਮਹਾਨ ਕਹਾਣੀ ਵਿੱਚ ਇੱਕ ਅਹਿਸਾਸ ਪ੍ਰਦਾਨ ਕਰਦੀ ਹੈ।ਉਦਾਹਰਨ ਲਈ, ਮਨੁੱਖੀ ਮੂਲ ਦਾ ਸੁਆਲ ਲਓ। ਵਿਗਿਆਨ ਵਿਕਾਸ ਦੀ ਵਿਸਥਾਰਤ ਕਹਾਣੀ ਦਿੰਦਾ ਹੈ, ਸਮਝਾਉਂਦਾ ਹੈ ਕਿ ਜੀਵਨ ਕਿਵੇਂ ਲੱਖਾਂ ਸਾਲਾਂ ਵਿੱਚ ਵਿਕਸਤ ਹੋਇਆ। ਧਰਮ ਇਸ ਸਮਝ ਨੂੰ ਪੂਰਾ ਕਰਦਾ ਹੈ, ਮਨੁੱਖੀ ਜੀਵਨ ਦੇ ਆਧਿਆਤਮਿਕ ਮਹੱਤਵ ਨੂੰ ਸਮਝਾਉਂਦਾ ਹੈ ਅਤੇ ਇਸ ਗੱਲ ’ਤੇ ਚਰਚਾ ਕਰਦਾ ਹੈ ਕਿ ਮਨੁੱਖੀ ਹੋਂਦ ਦਾ ਕੀ ਵਡੇਰਾ ਮਕਸਦ ਹੋ ਸਕਦਾ ਹੈ। ਇਹ ਨਜ਼ਰੀਏ ਇਕ-ਦੂਜੇ ਨਾਲ ਟਕਰਾਉਂਦੇ ਨਹੀਂ, ਸਗੋਂ ਇਕ-ਦੂਜੇ ਦਾ ਸਹਿਯੋਗ ਕਰਕੇ ਹੋਰ ਨਵੇਂ ਰਹੱਸ ਖੋਲਦੇ ਹਨ।ਵਿਗਿਆਨ ਜੀਵਨ ਦੀ ਕਠਿਨਾਈ ਲਈ ਸਹਿਣਸ਼ੀਲਤਾ ਦਾ ਪਤਾ ਲਗਾਉਂਦਾ ਹੈ, ਜਦਕਿ ਧਰਮ ਉਸ ਦੇ ਅਰਥ ਨੂੰ ਸਮਝਾਉਂਦਾ ਹੈ।
ਇਤਿਹਾਸਕ ਸੰਬੰਧ- ਵਿਗਿਆਨ ਅਤੇ ਧਰਮ ਦੇ ਇਤਿਹਾਸ ਵਿੱਚ ਆਪਸੀ ਪ੍ਰਭਾਵ ਅਤੇ ਸਾਂਝੇ ਵਿਕਾਸ ਦੇ ਬਹੁਤ ਉਦਾਹਰਨ ਭਰੇ ਪਏ ਹਨ। ਧਾਰਮਿਕ ਸੰਸਥਾਵਾਂ ਅਤੇ ਚਿੰਤਕ ਅਕਸਰ ਵਿਗਿਆਨਕ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਰਹੇ ਹਨ। ਇਸਲਾਮੀ ਸੁਨਹਿਰੀ ਯੁੱਗ (8ਵੀਂ ਤੋਂ 13ਵੀਂ ਸਦੀ) ਦੌਰਾਨ, ਮੁਸਲਮਾਨ ਵਿਗਿਆਨੀਆਂ ਜਿਵੇਂ ਕਿ ਇਬਨ ਅਲ-ਹੈਥਮ ਨੇ ਚਮਕਦਾਰੀ ਯੋਗਦਾਨ ਦਿੱਤੇ। ਇਸੇ ਤਰ੍ਹਾਂ, ਮੱਧਯੁਗੀ ਯੂਰਪ ਵਿੱਚ, ਕੈਥੋਲਿਕ ਚਰਚ ਨੇ ਕੋਪਰਨਿਕਸ ਅਤੇ ਗੈਲੀਲਿਓ ਵਰਗੇ ਵਿਗਿਆਨੀਆਂ ਨੂੰ ਸਮਰਥਨ ਦਿੰਦਿਆਂ ਵਿਗਿਆਨਕ ਖੋਜਾਂ ਨੂੰ ਪ੍ਰੋਤਸਾਹਨ ਦਿੱਤਾ।ਗੈਲੀਲਿਓ ਮਾਮਲੇ ਵਰਗੇ ਸਟੰਬਕ ਆਮ ਤੌਰ ’ਤੇ ਸਿਰਫ਼ ਉਮੀਦਾਂ ਦਾ ਵਿਸ਼ੇਸ਼ ਮਾਮਲਾ ਨਹੀਂ ਹਨ। ਬਹੁਤ ਸਾਰੇ ਵਿਗਿਆਨੀ ਆਪਣੇ ਧਰਮ ਤੋਂ ਪ੍ਰੇਰਿਤ ਰਹੇ ਹਨ।ਉਦਾਹਰਨ ਵਜੋਂ, ਆਇਜ਼ਕ ਨਿਊਟਨ ਨੇ ਆਪਣੇ ਵਿਗਿਆਨਕ ਖੋਜਾਂ ਨੂੰ ਦਿਵਿਆ ਕਰਮ ਦੇ ਸਬੂਤ ਵਜੋਂ ਦੇਖਿਆ। ਇਨ੍ਹਾਂ ਉਦਾਹਰਣਾਂ ਨਾਲ ਇਹ ਸਾਬਤ ਹੁੰਦਾ ਹੈ ਕਿ ਧਰਮ ਅਤੇ ਵਿਗਿਆਨ ਪੁਰਾਣੇ ਸਮੇਂ ਤੋਂ ਪੂਰਨਤਾ ਦੇ ਮੌਕੇ ਬਣਾਉਂਦੇ ਆਏ ਹਨ।
ਪੱਧਤੀਆਂ ਵਿੱਚ ਅੰਤਰ- ਧਰਮ ਅਤੇ ਵਿਗਿਆਨ ਦੇ ਵਿਚਾਲੇ ਤਣਾਅ ਅਕਸਰ ਉਨ੍ਹਾਂ ਦੀਆਂ ਵੱਖ-ਵੱਖ ਪੱਧਤੀਆਂ ਕਾਰਨ ਹੁੰਦਾ ਹੈ। ਵਿਗਿਆਨ ਦਾ ਅਧਾਰ ਤਜਰਬੇ ਅਤੇ ਤਰਕ ’ਤੇ ਹੈ, ਜਦਕਿ ਧਰਮ ਦਾ ਜ਼ਿਆਦਾ ਜ਼ੋਰ ਭਰੋਸੇ,ਰਿਵਾਇਤਾਂ, ਵਿਸ਼ਵਾਸ ਅਤੇ ਅਧਿਆਤਮਿਕ ਅਨੁਭਵ ’ਤੇ ਹੈ। ਇਹ ਅੰਤਰ ਸੰਘਰਸ਼ ਨਹੀਂ, ਸਗੋਂ ਦੋਹਾਂ ਖੇਤਰਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਾ ਹੈ। ਉਦਾਹਰਨ ਲਈ, ਜਦਕਿ ਵਿਗਿਆਨ ਦਇਆ ਦੇ ਜੀਵਵਿਗਿਆਨਕ ਮੂਲ ਨੂੰ ਸਮਝਾਉਂਦਾ ਹੈ, ਧਰਮ ਦਇਆਵਾਨ ਬਣਨ ਦੇ ਨੈਤਿਕ ਕਾਰਣ ਦਿੰਦਾ ਹੈ। ਇਸ ਤਰ੍ਹਾਂ, ਧਰਮ ਅਤੇ ਵਿਗਿਆਨ ਇਕੱਠੇ ਇੱਕੋ ਹੀ ਕੇਂਦਰ ਬਿੰਦੂ ਵੱਲ ਵੱਧਣ ਦਾ ਕੰਮ ਕਰ ਸਕਦੇ ਹਨ।
ਦੋਹਾਂ ਖੇਤਰਾਂ ਦੀ ਏਕਤਾ- ਧਰਮ ਅਤੇ ਵਿਗਿਆਨ ਦੇ ਵਿਚਕਾਰ ਕਮਜ਼ੋਰ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਦੋਹਾਂ ਹੀ ਪਾਸਿਆਂ ਤੋਂ ਯਤਨ ਹੋ ਰਹੇ ਹਨ। ਪੋਪ ਫ੍ਰਾਂਸਿਸ ਦੀ ਐਨਸਾਈਕਲਿਕਲ ਲੌਡਾਟੋ ਸੀ ਇਸ ਗੱਲ ਦਾ ਉਦਾਹਰਨ ਹੈ ਕਿ ਧਰਮ ਅਤੇ ਵਿਗਿਆਨ ਇੱਕ ਹੋ ਸਕਦੇ ਹਨ।ਇਸੇ ਤਰ੍ਹਾਂ, ਜਦੋਂ ਵੀ ਵਿਗਿਆਨਿਕ ਖੋਜਾਂ ਵਿਗਿਆਨ ਦੀਆਂ ਹੱਦਾਂ ਤੋਂ ਬਾਹਰ ਦੇ ਸੁਆਲ ਪੁੱਛਦੀਆਂ ਹਨ ਤਾਂ ਉਨ੍ਹਾਂ ਦੇ ਜਵਾਬ ਲਈ ਧਾਰਮਿਕ ਵਿਚਾਰ ਲਿਆ ਜਾ ਸਕਦਾ ਹੈ। ਸਿਧਾਂਤਿਕ ਵਿਗਿਆਨੀ ਜਿਹਨਾਂ ਨੇ ਧਰਮ ਨੂੰ ਆਪਣੀ ਖੋਜ ਦਾ ਮੂਲ ਬਣਾਇਆ ਹੈ, ਉਹ ਇਹ ਸਿਖਾਉਂਦੇ ਹਨ ਕਿ ਵਿਗਿਆਨ ਅਤੇ ਧਰਮ ਦੁਨੀਆਂ ਦੇ ਇਕੋ ਸੱਚ ਨੂੰ ਵੱਖ-ਵੱਖ ਢੰਗ ਨਾਲ ਦੇਖਣ ਵਾਲੀਆਂ ਦੋ ਖਿੜਕੀਆਂ ਹਨ।
ਨੈਤਿਕ ਚੁਣੌਤੀਆਂ ਅਤੇ ਸਹਿਯੋਗ- ਵਿਗਿਆਨ ਅਤੇ ਧਰਮ ਦੇ ਰਿਸ਼ਤੇ ਨੂੰ ਸਹਿਯੋਗੀ ਬਣਾਉਣ ਦੀ ਇੱਕ ਬਹੁਤ ਜ਼ਰੂਰੀ ਵਜ੍ਹਾ ਇਹ ਹੈ ਕਿ ਇਹ ਸਮੁੱਚੇ ਜਟਿਲ ਨੈਤਿਕ ਮਸਲਿਆਂ ਦਾ ਹੱਲ ਲੱਭਿਆ ਜਾ ਸਕਦਾ ਹੈ।ਜਿਵੇਂ ਕਿ ਜੀਨੈਟਿਕ ਇੰਜੀਨੀਅਰਿੰਗ ਵਿਗਿਆਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰਾਂ ਵਿੱਚ, ਵਿਗਿਆਨਕ ਸਮਰਥਨ ਅਤੇ ਧਾਰਮਿਕ ਨੈਤਿਕ ਅਧਿਕਾਰ ਦੁਨੀਆਂ ਨੂੰ ਅੱਗੇ ਲੈ ਕੇ ਜਾ ਸਕਦੇ ਹਨ। ਇਸੇ ਤਰਾਂ ਆਈ ਵੀ ਐਫ ਦੀ ਵੱਧਦੀ ਵਰਤੋਂ ਧਾਰਮਿਕ ਪੈਰੋਕਾਰਾਂ ਲਈ ਪਚਾਉਣਾ ਸੌਖਾ ਨਹੀਂ। ਵਿਗਿਆਨ ਦੇ ਰਾਹੀਂ ਮਨੋਵਿਗਿਆਨਕ ਖੋਜਾਂ ਜਿਵੇਂ ਮਨ ਦੀਆਂ ਗਹਿਰਾਈਆਂ ਵਿੱਚੋਂ ਉਪਜੇ ਸੁਪਨਿਆਂ ਦੇ ਖਿਆਲ ਅਤੇ ਦ੍ਰਿਸ਼ਾਂ ਨੂੰ ਅਚੇਤਨ ਮਨ ਦੀਆਂ ਕਿਆਸਰਾਈਆਂ ਨੂੰ ਆਂਕਣਾ ਵੀ ਧਰਮਾਂ ਦੇ ਵਰਤਮਾਨ ਸਿਲੇਬਸ ਤੋਂ ਪਰਾਂ ਦੀ ਗੱਲ ਲੱਗਦੀ ਹੈ। ਪੌਦਿਆਂ ਅਤੇ ਜੀਵਾਂ ਵਿੱਚ ਨਾਂਹ ਪੱਖੀ ਸੈੱਲਾਂ ਨੂੰ ਬਦਲਕੇ ਬਿਮਾਰੀਆਂ ਨੂੰ ਕੰਟਰੋਲ ਕਰਨ ਵਿੱਚ ਹੋਈ ਖੋਜ ਨੇ ਤਾਂ ਸਮਾਜਿਕ ਵਿਗਿਆਨੀਆਂ ਨੂੰ ਵੀ ਚੱਕਰਾਂ ਵਿੱਚ ਪਾ ਦਿੱਤਾ ਹੈ।ਧਾਰਮਿਕ ਪਲੈਟਫਾਰਮ ਉੱਤੇ ਆਪਸੀ ਸੰਵਾਦ ਦੀ ਘਾਟ ਅਤੇ ਪੈਰੋਕਾਰਾਂ ਦੇ ਦਿਲ ਨੂੰ ਠੇਸ ਪਹੁੰਚਾਉਣ ਦੇ ਡਰ ਕਾਰਣ ਵਿਗਿਆਨਿਕ ਗੱਲਾਂ ਦਾ ਪ੍ਰਵਾਹ ਨਹੀਂ ਕੀਤਾ ਜਾਂਦਾ। ਪਰ ਇਹਨਾਂ ਦਾ ਆਪਸੀ ਸਤਿਕਾਰ ਅਤੇ ਸੰਵਾਦ ਹੀ ਨਵੀਂ ਪੀੜੀ ਨੂੰ ਨਾਲ ਤੋਰ ਸਕਦਾ ਹੈ। ਸੋਸ਼ਲ ਮੀਡੀਆ,ਨੈਟ ਸੰਚਾਰ, ਜਿੱਥੇ ਨੌਜਵਾਨਾਂ ਨੂੰ ਲੋਕਲ ਤੋਂ ਗਲੋਬਲ ਬਣਾਉਣ ਵਿੱਚ ਮਦਦ ਕਰਦਾ ਹੈ, ਉੱਥੇ ਹੀ ਸਾਇੰਸ ਅਤੇ ਧਰਮ ਦੇ ਸਬੰਧਾਂ ਉੱਤੇ ਨਜਰਸਾਨੀ ਲਈ ਵੀ ਮੰਗ ਕਰਦਾ ਹੈ। ਜਿੱਥੇ ਮਹਾਤਮਾ ਬੁੱਧ, ਮਹਾਵੀਰ,ਗੁਰੂ ਨਾਨਕ,ਭਗਵਾਨ ਰਾਮ,ਅਤੇ ਈਸਾ ਮਸੀਹ ਜੀ ਦੇ ਜੀਵਨ ਤੋਂ ਕਰੁਣਾ, ਹਮਦਰਦੀ, ਅਹਿੰਸਾ ਅਤੇ ਮਾਨਵਵਾਦੀ ਸੋਚ ਨੂੰ ਬਲ ਮਿਲਦਾ ਹੈ,ਉੱਥੇ ਹੀ 850 ਕਰੋੜ ਮਨੁੱਖਾਂ ਦਾ ਇਸ ਧਰਤੀ ਉੱਤੇ ਜੀਵਨ ਖੁਸ਼ਹਾਲ ਕਿਵੇਂ ਹੋਵੇ, ਇਸ ਲਈ ਸਾਧਨ ਜੁਟਾਉਣ ਵਿੱਚ ਵਿਗਿਆਨ ਦੀਆਂ ਪ੍ਰਾਪਤੀਆਂ ਨੂੰ ਸਾਰੇ ਮੁਲਕਾਂ ਵਿੱਚ ਸਾਂਝਾ ਕਰਕੇ ਵੱਡੇ ਪੱਧਰ ਤੇ ਉਤਪਾਦਨ ਅਤੇ ਵਪਾਰ ਲਈ ਬੇਮਿਸਾਲ ਮੌਕੇ ਪੈਦਾ ਹੋਏ ਹਨ। ਪੁਲਾੜ ਅਤੇ ਪਾਤਾਲ ਵਿੱਚ ਲਗਾਤਾਰ ਡੂੰਘੀਆਂ ਖੋਜਾਂ ਨੇ ਨਵੇਂ ਦਿਸਹੱਦਿਆਂ ਦਾ ਨਿਰਮਾਣ ਕੀਤਾ ਹੈ। ਇਸ ਲਈ ਕੁੱਝ ਕੁ ਅੰਤਰ ਵਿਰੋਧਾਂ ਨੂੰ ਨਵੇਂ ਪਰਿਪੇਖਾਂ ਵਿੱਚ ਰੱਖ ਕੇ ਸਹਿਯੋਗ, ਸੰਵਾਦ,ਖੋਜ ਅਤੇ ਲਗਾਤਾਰ ਮੁਲਾਂਕਣ ਨਾਲ ਵਿਸ਼ਵ ਪੱਧਰ ਉੱਤੇ ਇੱਕ ਨਵੀਂ ਲਹਿਰ ਖੜੀ ਕੀਤੀ ਜਾ ਸਕਦੀ ਹੈ ਕਿ ਵਿਗਿਆਨ ਅਤੇ ਧਰਮ ਦੇ ਰਿਸ਼ਤੇ ਵਿੱਚ ਦੋਸਤੀ ਨਾ ਸਿਰਫ਼ ਸੰਭਵ ਹੈ, ਸਗੋਂ ਲਾਜ਼ਮੀ ਹੈ ਤਾਂ ਕਿ ਮਨੁੱਖੀ ਸੋਚ ਨੂੰ ਬੰਨਿਆ ਨਾ ਜਾਵੇ ਅਤੇ ਵਿਰੋਧੀ ਵਿਚਾਰ ਨੂੰ ਦੁਸ਼ਮਣੀ ਨਾ ਸਮਝਿਆ ਜਾਵੇ।ਮਨੁੱਖੀ ਸਭਿਅਤਾ ਦੀ ਪਰਮ ਉਚਾਈ ਨੂੰ ਨਾਪਣਾ ਹਾਲੇ ਬਾਕੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly