ਆਓ ਮਾਨਸਿਕ ਬੋਝ ਰਹਿਤ ਜ਼ਿੰਦਗੀ ਜਿਊਣਾ ਸਿੱਖੀਏ

ਸੰਜੀਵ ਸਿੰਘ ਸੈਣੀ
ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ) ਅਕਸਰ ਆਮ ਸੁਣਦੇ ਹਾਂ ਕਿ ਮਾਨਸ ਜੀਵਨ ਦੁਰਲੱਭ ਹੈ, ਇਸਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ।ਅੱਜ ਸਾਡੇ ਸਮਾਜ ਦਾ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਮਾਨਸਿਕ ਬੋਝ ਨੂੰ ਲੈ ਕੇ ਘੁੰਮ ਰਿਹਾ ਹੈ। ਜਿਸ ਮਰਜ਼ੀ ਇਨਸਾਨ ਨੂੰ ਪੁੱਛ ਲਵੋ ਅੱਗੇ ਤੋਂ ਇਹੀ ਜਵਾਬ ਦਿੰਦਾ ਹੈ ਕਿ ਮੈਨੂੰ ਤਾਂ ਟੈਂਸ਼ਨ ਬਹੁਤ ਹੈ, ਮੇਰੀ ਮਾਨਸਿਕ ਸਥਿਤੀ ਸਹੀ ਨਹੀਂ ਹੈ। ਹਰ ਇਨਸਾਨ ਇਸ ਬ੍ਰਹਿਮੰਡ ਦਾ ਹਿੱਸਾ ਹੈ ।ਭਾਰਤ ਦੇ ਕਦਮ ਚੰਨ ਤੱਕ ਪੁੱਜ ਚੁੱਕੇ ਹਨ। ਸੁਣਨ ਵਿੱਚ ਵੀ ਆਇਆ ਕਿ ਕਈ ਬੰਦਿਆਂ ਨੇ ਚੰਨ ਤੇ ਥਾਂ ਖ਼ਰੀਦ ਕੇ ਰਜਿਸਟਰੀ ਤੱਕ ਕਰਵਾ ਲਈ ਹੈ। ਜਿੰਨੀਂ ਜਿਆਦਾ ਵਿਗਿਆਨ ਤਰੱਕੀ ਕਰ ਰਿਹਾ ਹੈ, ਨਵੀਆਂ ਨਵੀਆਂ ਕਾਡਾਂ ਹੋ ਰਹੀਆਂ ਹਨ ।ਉਲਟਾ ਇਨਸਾਨ ਦਾ ਜੀਵਨ ਟੈਨਸ਼ਨਾਂ ਵਿੱਚੋਂ ਗੁਜਰ ਰਿਹਾ ਹੈ। ਉਸਦੇ ਜੀਵਨ ‘ਚੋਂ ਆਨੰਦ ਖਤਮ ਹੁੰਦਾ ਜਾ ਰਿਹਾ ਹੈ । ਅੱਜ ਦੇ ਇਨਸਾਨ ਨੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ ਹੈ ।ਕੁਦਰਤ ਅੱਜ ਬੇਸ਼ੁਮਾਰ ਖਜ਼ਾਨਿਆਂ ਨਾਲ ਭਰਪੂਰ ਹੈ। ਕਿੰਨੀ ਹੀ ਸੋਹਣੀ ਕੁਦਰਤ ਹੈ। ਪੈਸੇ ਦੀ ਲਾਲਸਾ ਕਾਰਨ ਅਸੀਂ ਕੁਦਰਤ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਆਨੰਦ ਨਹੀਂ ਮਾਣ ਰਹੇ ਹਾਂ। ਪੈਸਾ ਇਕੱਠਾ ਕਰਨ ਦੀ ਲਾਲਸਾ ਨੇ ਮਨੁੱਖ ਤੇ ਕੁਦਰਤ  ਵਿੱਚ ਬਹੁਤ ਜ਼ਿਆਦਾ ਦੂਰੀ ਬਣਾ ਦਿੱਤੀ ਹੈ। ਮਨੁੱਖ ਮਸ਼ੀਨ ਬਣ ਚੁੱਕਿਆ ਹੈ ।ਕੁਦਰਤ ਦਾ ਲਗਾਤਾਰ ਨਾਸ਼ ਕਰ ਰਿਹਾ ਹੈ। ਮੁਨਾਫ਼ੇ ਲਈ ਮਨੁੱਖ ਨੇ ਕੁਦਰਤ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ। 2012 ‘ਚ ਉੱਤਰਾਖੰਡ ਵਿੱਚ ਜੋ ਹੜਾਂ ਕਰਨ ਤਬਾਹੀ ਮਚੀ ਉਹ  ਦਿਲ ਕੰਬਾ ਦੇਣ ਵਾਲੀ ਸੀ ।ਪਾਰਕ ਵਿੱਚ ਖੜੀਆਂ ਗੱਡੀਆਂ ਹੀ ਰੁੜ ਗਈਆਂ ।ਅਕਸਰ ਅਸੀਂ ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਵੱਲ ਨੂੰ ਕੂਚ ਕਰਦੇ ਹਨ, ਤਾਂ ਜੋ ਸਾਨੂੰ ਠੰਡਕ ਮਹਿਸੂਸ ਹੋਵੇ ।ਪੈਸੇ ਦੀ ਹੋੜ ਕਾਰਨ ਉੱਥੇ ਵੀ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀ ਗਈਆਂ। ਪਿਛਲੇ ਹੀ ਸਾਲ ਸੁਣਨ ਵਿੱਚ ਆਇਆ ਸੀ ਕਿ ਉੱਤਰਾਖੰਡ ਦੇ ਕਈ ਜ਼ਿਲਿਆਂ ਤੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ। ਪ੍ਰਾਕ੍ਰਿਤੀ ਨੂੰ ਤਹਿਸ ਨਹਿਸ ਕਰਨ ਵਿੱਚ ਮਨੁੱਖ ਨੇ ਕੋਈ ਕਸਰ ਨਹੀਂ ਛੱਡੀ ਹੈ। ਕੁਦਰਤ ਬੇਅੰਤ ਹੈ। ਦੋ ਕੁ ਸਾਲ ਪਹਿਲਾਂ ਪੁਆਧ ਖੇਤਰ ਵਿੱਚ ਵੀ ਹੜਾਂ ਦੀ ਮਾਰ ਝੱਲਣੀ ਪਈ। ਪੁਆਧ ਖੇਤਰ ਵਿੱਚ ਅਸਮਾਨ ਛੁਹੰਦੀ ਇਮਾਰਤਾਂ ਆਮ ਦੇਖੀਆਂ ਜਾ ਸਕਦੀਆਂ ਹਨ ।ਕਰੋੜਾਂ ਦੀ ਜਮੀਨ ਵੇਚ ਦਿੱਤੀ ਗਈ। ਕਹਿਣ ਦਾ ਮਤਲਬ ਹੈ ਕਿ ਪੈਸੇ ਪਿੱਛੇ ਇਨਸਾਨ ਕੁੱਝ ਵੀ ਕਰ ਰਿਹਾ ਹੈ। ਉਸਨੂੰ ਆਉਣ ਵਾਲੇ ਭਵਿੱਖ ਦੀ ਚਿੰਤਾ ਨਹੀਂ ਹੈ। ਆਪਣੀ ਸਮਝ ਗਵਾ ਬੈਠਾ ਹੈ ।ਜਦੋਂ ਫਿਰ ਕੁਦਰਤ ਤੰਗ ਹੋ ਜਾਂਦੀ ਹੈ ਉਹ ਸੰਤੁਲਨ ਬਣਾਉਣ ਲਈ ਕੁੱਝ ਨਾ ਕੁੱਝ ਤਾਂ ਕਰਦੀ ਹੀ ਹੈ। ਫਿਰ ਇਨਸਾਨ ਇਸ ਨੂੰ “ਕੁਦਰਤ ਦਾ ਕਹਿਰ “ਹੀ ਕਹਿੰਦਾ ਹੈ। ਕਰੋਨਾ ਕਾਲ ਦਾ ਸਮਾਂ ਸਭ ਨੇ ਦੇਖਿਆ ਹੈ। ਜੀਵ ਜੰਤੂ ਆਜ਼ਾਦ ਸਨ। ਮਨੁੱਖ ਕੈਦ ਵਿੱਚ ਸੀ। ਦਰਿਆ ਤੱਕ ਸਾਫ ਹੋ ਚੁੱਕੇ ਸਨ। ਕੁਦਰਤ  ਨਵੀਂ ਵਹੁਟੀ  ਦੀ ਤਰ੍ਹਾਂ ਸੱਜ ਗਈ ਸੀ। ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ ।ਤਸਵੀਰਾਂ ਵੀ ਅਸੀਂ ਸਾਰਿਆਂ ਨੇ ਹੀ ਦੇਖੀਆਂ ਹਨ। ਵਿਚਾਰ ਕਰਨ ਵਾਲੀ ਗੱਲ ਹੈ ਕਿ ਅੱਜ ਵਿਦਿਆ ਦੀ ਕੋਈ ਕਮੀ ਨਹੀਂ ਹੈ। ਗਿਆਨ ਦਾ ਪ੍ਰਸਾਰ ਕਰਨ ਵਾਲੀਆਂ ਯੂਨੀਵਰਸਿਟੀਆਂ, ਕਾਲਜ ,ਸਕੂਲ ਬਹੁਤ ਗਿਣਤੀ ਵਿੱਚ ਹਨ। ਹਾਲਾਂਕਿ ਸਰਕਾਰ ਦਾ ਵੀ ਦਾਅਵਾ ਹੈ ਕਿ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਜਾਣਾ ਚਾਹੀਦਾ ਹੈ। ਡਿਗਰੀਆਂ ਤਾਂ ਲੈ ਰਹੇ ਹਨ ,ਪਰ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਹੈ। ਹੋਣਾ ਤਾਂ ਚਾਹੀਦਾ ਸੀ ਕਿ ਮਨੁੱਖ ਨੂੰ ਕੁਦਰਤ ਨਾਲ ਚੰਗੇ ਸੰਬੰਧ ਬਣਾਉਣੇ ਸਨ। ਆਨੰਦ ਮਾਨਣਾ ਸੀ, ਜੀਵਨ ਨੂੰ ਸੁਖਾਵਾਂ ਕਰਨਾ ਸੀ ,ਪਰ ਉਲਟਾ ਉਸਨੇ ਕੁਦਰਤ ਨੂੰ ਹੀ ਤਹਿਸ ਨਹਿਸ਼ ਕਰ ਦਿੱਤਾ। ਅਜੋਕਾ ਇਨਸਾਨ ਭੁੱਲ ਚੁੱਕਾ ਹੈ ਕਿ ਉਸਨੇ ਕੁਦਰਤ ਤੇ ਕਿੰਨਾ ਕਹਿਰ ਢਾਇਆ ਹੈ। ਗਲੋਬਲ ਵਾਰਮਿੰਗ ਲਗਾਤਾਰ ਹੋ ਰਹੀ ਹੈ। ਗਰਮੀਆਂ ਜਿਆਦਾ ਦੇਰ ਤੱਕ ਚੱਲਦੀਆਂ ਹਨ। ਸਰਦੀ ਕੁੱਝ ਕੁ ਮਹੀਨੇ ਪੈਂਦੀ ਹੈ।  ਜਦੋਂ ਬੱਚਾ ਛੋਟਾ ਹੁੰਦਾ ਹੈ ਉਸ ਨੂੰ ਕੋਈ ਵੀ ਸਮਝ ਨਹੀਂ ਹੁੰਦੀ। ਜਦੋਂ ਉਹ ਵੱਡਾ ਹੋਣ ਲੱਗ ਜਾਂਦਾ ਹੈ ਮਾਂ ਬਾਪ ਕਹਿੰਦੇ ਹਨ ਕਿ ਬੇਟਾ ਤੂੰ ਡਾਕਟਰ ਜਾਂ ਪਾਇਲਟ  ਜਾਂ ਵੱਡਾ ਬਿਜਨਸਮੈਨ ਬਣਨਾ ਹੈ। ਮਾਂ ਬਾਪ ਦਾ ਹੌਲੀ ਹੌਲੀ ਪ੍ਰੈਸ਼ਰ ਪੈਣ ਕਰਕੇ ਉਹ ਕਿਤਾਬਾਂ ਵਿੱਚ ਹੀ ਆਪਣਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ। ਅੱਜ ਮਨੁੱਖ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਰਿਹਾ ਹੈ। ਜਿਸ ਕੋਲ ਵੱਧ ਪੈਸਾ ਹੈ ਜੇ ਉਸਦਾ ਕਾਰੋਬਾਰ ਘਾਟੇ ਵਿੱਚ ਚਲਾ ਜਾਏ ਉਸ ਨੂੰ ਟੈਨਸ਼ਨ ਹੋ ਜਾਂਦੀ ਹੈ। ਅੱਜ ਇਨਸਾਨ ਦੀ ਸੋਚ ਸਿਰਫ ਆਪਣੇ ਤੱਕ ਹੀ ਸੀਮਿਤ ਰਹਿ ਚੁੱਕੀ ਹੈ। ਦੂਜਿਆਂ ਬਾਰੇ ਤਾਂ ਬਿਲਕੁਲ ਵੀ ਨਹੀਂ ਸੋਚਦਾ। ਦੂਜਿਆਂ ਦੇ ਰਾਹ ਵਿੱਚ ਕੰਡੇ ਸੁੱਟਣ ਦੀ ਨਿਰੰਤਰ ਪ੍ਰਕਿਰਿਆ ਤਾਂ ਉਸ ਦੇ ਦਿਮਾਗ ਵਿੱਚ ਚੱਲਦੀ ਰਹਿੰਦੀ ਹੈ। ਰੱਜ ਕੇ ਜਿਊਣਾ ਇਨਸਾਨ ਭੁੱਲ ਚੁੱਕਾ ਹੈ। ਉਠਦੇ ਸਾਰ ਹੀ ਦਵਾਈਆਂ ਲੈਂਦਾ ਹੈ ਤੇ ਰਾਤ ਤੱਕ ਪਤਾ ਨਹੀਂ ਕਿੰਨੀ ਕੁ  ਗੋਲੀਆਂ ਖਾ ਜਾਂਦਾ ਹੈ। ਇਹ ਅੱਜ ਦੇ ਇਨਸਾਨ ਦੀ ਕਹਾਣੀ ਹੈ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ।ਜਿੰਨਾ ਅਸੀਂ ਕੁਦਰਤ ਨਾਲ ਪਿਆਰ ਕਰਾਂਗੇ, ਕੁਦਰਤ ਸਾਡਾ ਦੁਗਣਾ ਕਰਕੇ ਮੋੜੇਗੀ ।ਕੁਦਰਤ ਸਾਡਾ ਖਾਸ ਧਿਆਨ ਰੱਖੇਗੀ ।ਵੱਧ ਤੋਂ ਵੱਧ ਸਮਾਂ ਕੁਦਰਤ ਨੂੰ ਦਈਏ। ਅੱਜ ਅਜਿਹੀ ਜੀਵਨ ਜਾਂਚ ਉਲੀਕਣ ਦੀ ਲੋੜ ਹੈ, ਜਿਸ ਵਿੱਚ ਮਨੁੱਖ ਜ਼ਿੰਦਗੀ ਦੇ ਹਰ ਪਲ ਨੂੰ ਮਾਣੇ।
ਮੋਹਾਲੀ ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਇਮਾਨਦਾਰੀ, ਕਾਬਲੀਅਤ ਅਤੇ ਸਾਦਗੀ ਦੀ ਮਿਸਾਲ ਸਨ ਲਾਲ ਬਹਾਦਰ ਸ਼ਾਸਤਰੀ”
Next articleਬਰਨਾਲਾ ਵਿੱਚ ਧੂੰਦ ਦਾ ਕਹਿਰ, 5 ਵਾਹਨ ਆਪਸ ਵਿੱਚ ਟਕਰਾਏ, ਲੈਕਚਰਾਰ ਦੀ ਮੌਤ, 6 ਜ਼ਖਮੀ