
(ਸਮਾਜ ਵੀਕਲੀ) ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਜਿੱਥੇ ਆਵਾਜਾਈ ਦੇ ਅਨੇਕਾਂ ਸਾਧਨ ਉਪਲੱਬਧ ਹਨ, ਉੱਥੇ ਹੀ ਸਾਈਕਲ ਵਰਗਾ ਪੁਰਾਣਾ ਤੇ ਪ੍ਰਭਾਵਸ਼ਾਲੀ ਸਾਧਨ ਅਜੇ ਵੀ ਆਪਣੀ ਅਹਿਮੀਅਤ ਨੂੰ ਕਾਇਮ ਰੱਖੇ ਹੋਏ ਹੈ। ਇਹ ਨਾ ਸਿਰਫ਼ ਸਭ ਤੋਂ ਸਸਤਾ ਵਾਹਨ ਹੈ, ਸਗੋਂ ਵਾਤਾਵਰਨ-ਮਿੱਤਰ ਅਤੇ ਸਿਹਤਮੰਦ ਜੀਵਨ ਦੀ ਕੁੰਜੀ ਵੀ ਹੈ।
ਸਾਈਕਲ ਇਕ ਅਜਿਹਾ ਵਾਹਨ ਹੈ ਜੋ ਪ੍ਰਦੂਸ਼ਣ ਤੋਂ ਰਹਿਤ ਹੈ, ਜਿਸ ਦੀ ਵਰਤੋਂ ਨਾਲ ਨਾ ਸਿਰਫ਼ ਥੋੜ੍ਹਾ ਜਿਹਾ ਭਾਰ ਢੋਇਆ ਜਾ ਸਕਦਾ ਹੈ, ਸਗੋਂ ਇਸ ਨਾਲ ਮਨੁੱਖ ਦੀ ਸਰੀਰਕ ਕਸਰਤ ਵੀ ਹੁੰਦੀ ਹੈ। ਸਮੇਂ ਦੇ ਨਾਲ ਮੋਟਰ ਵਾਹਨਾਂ ਨੇ ਜਿੱਥੇ ਸਾਡਾ ਸਮਾਂ ਬਚਾਇਆ ਹੈ, ਉੱਥੇ ਹੀ ਸਾਡੀ ਸਰੀਰਕ ਸਰਗਰਮੀ ਨੂੰ ਵੀ ਘੱਟ ਕਰ ਦਿੱਤਾ ਹੈ। ਜਿਸ ਦਾ ਨਤੀਜਾ,ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਹੋਰ ਕਈ ਬਿਮਾਰੀਆਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪਰ ਜੇਕਰ ਅਸੀਂ ਦਿਨ ਦਾ ਥੋੜ੍ਹਾ ਜਿਹਾ ਸਮਾਂ ਕੱਢ ਕੇ ਸਾਈਕਲ ਚਲਾਈਏ,ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਾਅ ਹੋ ਸਕਦਾ ਹੈ।
ਅੱਜਕੱਲ੍ਹ ਦਾ ਮਨੁੱਖ ਮੰਜ਼ਿਲ ਤੱਕ ਛੇਤੀ ਪਹੁੰਚਣ ਦੀ ਦੌੜ ‘ਚ ਵਿਖਾਵੇ ਦੀ ਜ਼ਿੰਦਗੀ ਜੀਉਣ ਲੱਗ ਪਿਆ ਹੈ। ਵਿਅਰਥ ਦੀ ਸ਼ਾਨੋ-ਸ਼ੌਕਤ ਵਾਸਤੇ ਅਸੀਂ ਇੱਕਲੇ ਹੋਣ ਦੇ ਬਾਵਜੂਦ ਵੀ ਕਾਰਾਂ ਚਲਾ ਰਹੇ ਹਾਂ, ਜਿਸ ਨਾਲ ਨਾ ਸਿਰਫ਼ ਆਰਥਿਕ ਬੋਝ ਵੱਧ ਰਿਹਾ ਹੈ, ਸਗੋਂ ਪ੍ਰਦੂਸ਼ਣ ਅਤੇ ਟਰੈਫਿਕ ਜਾਮ ਵੀ ਵਧ ਰਹੇ ਹਨ।
ਜਦੋਂ ਸਾਨੂੰ ਡਾਕਟਰ ਸਲਾਹ ਦਿੰਦੇ ਹਨ ਕਿ ਸਵੇਰੇ – ਸਵੇਰੇ ਸਾਈਕਲ ਚਲਾਇਆ ਕਰੋ, ਤਾਂ ਅਸੀਂ ਜਿਮ ‘ਚ ਜਾ ਕੇ ਬਨਾਉਟੀ ਸਾਈਕਲਾਂ ਤੇ ਪੈਸਾ ਖਰਚ ਕਰਦੇ ਹਾਂ। ਭਲਾ, ਉਹੀ ਕਸਰਤ ਅਸੀਂ ਕੁਦਰਤ ਦੀ ਹਵਾ ਖਾਂਦੇ ਹੋਏ ਮੁਫ਼ਤ ‘ਚ ਸੜਕਾਂ ਤੇ ਨਹੀਂ ਕਰ ਸਕਦੇ। ਅਸੀਂ ਅਕਸਰ ਬਜ਼ੁਰਗਾਂ ਨੂੰ ਵੇਖਦੇ ਹਾਂ ਜੋ ਅੱਜ ਵੀ ਅੱਸੀ-ਅੱਸੀ ਸਾਲ ਦੀ ਉਮਰ ਵਿੱਚ ਸਾਈਕਲ ਚਲਾ ਰਹੇ ਹਨ ਅਤੇ ਸਿਹਤਮੰਦ ਜੀਵਨ ਜੀ ਰਹੇ ਹਨ। ਉਹ ਮੰਨਦੇ ਹਨ ਕਿ ਸਾਈਕਲ ਉਨ੍ਹਾਂ ਲਈ ਕੋਈ ਸਧਾਰਣ ਵਾਹਨ ਨਹੀਂ, ਸਗੋਂ ਸੰਜੀਵਨੀ ਬੂਟੀ ਹੈ।
ਜੇਕਰ ਗੱਲ ਪੁਰਾਣੇ ਸਮਿਆਂ ਦੀ ਕਰੀਏ ਤਾਂ ਸਾਈਕਲ ਕਿਸੇ ਸਮੇਂ ਆਵਾਜਾਈ ਦਾ ਸਭ ਤੋਂ ਮੁੱਖ ਸਾਧਨ ਹੁੰਦਾ ਸੀ। ਵਿਦਿਆਰਥੀ, ਕਿਸਾਨ, ਮਜ਼ਦੂਰ, ਹਰ ਵਰਗ ਦਾ ਆਦਮੀ ਸਾਈਕਲ ਦੁਆਰਾ ਆਪਣਾ ਦਿਨ ਚੰਗੀ ਤਰ੍ਹਾਂ ਬਿਤਾਉਂਦਾ ਸੀ। ਇਹ ਗਰੀਬ ਦਾ ਸਾਥੀ ਸੀ ਤੇ ਮੱਧਵਰਗ ਦੀ ਸ਼ਾਨ ਸੀ। ਉਨ੍ਹਾਂ ਸਮਿਆਂ ‘ਚ ਜਦੋਂ ਵਿਆਹ-ਸ਼ਾਦੀਆਂ ਹੁੰਦੀਆਂ ਸਨ, ਤਾਂ ਜਵਾਈ ਨੂੰ ਤੋਹਫ਼ੇ ਵਜੋਂ ਸਾਈਕਲ ਦਿੱਤੀ ਜਾਂਦੀ ਸੀ ਅਤੇ ਉਹ ਵੀ ਟੌਹਰ ਨਾਲ ਆਪਣੇ ਸੁਹਰੇ-ਘਰ ਸਾਈਕਲ ‘ਤੇ ਜਾਂਦਾ ਹੁੰਦਾ ਸੀ।
ਸਾਈਕਲ ਦੇ ਵਧਦੇ ਮਹੱਤਵ ਨੂੰ ਵੇਖਦਿਆਂ ਹੀ ਹਰ ਸਾਲ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਮਕਸਦ ਲੋਕਾਂ ਵਿੱਚ ਸਾਈਕਲ ਦੀ ਉਪਯੋਗਿਤਾ, ਸਿਹਤ ਤੇ ਵਾਤਾਵਰਣ ਨਾਲ ਇਸਦੇ ਸੰਬੰਧ ਅਤੇ ਆਰਥਿਕ ਲਾਭਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਕਈ ਸਥਾਨਾਂ ਤੇ ਇਸ ਦਿਨ ਸਾਈਕਲ ਰੈਲੀਆਂ, ਰੇਸਾਂ ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜੋ ਲੋਕਾਂ ਨੂੰ ਸਾਈਕਲਿੰਗ ਵੱਲ ਉਤਸ਼ਾਹਿਤ ਕਰਦੇ ਹਨ।
ਇਹ ਦਿਵਸ ਸਿਰਫ਼ ਇਕ ਦਿਨ ਦੀ ਯਾਦ ਨਹੀਂ, ਸਗੋਂ ਇਹ ਲੰਬੇ ਸਮੇਂ ਲਈ ਸੋਚ ਬਦਲਣ ਦੀ ਲੋੜ ਹੈ। ਸੋ ਆਓ! ਅਸੀਂ ਵੀ ਇਹ ਸੋਚ ਅਪਨਾਉਣ ਦੀ ਕੋਸ਼ਿਸ਼ ਕਰੀਏ ਕਿ ਦਿਨ ‘ਚ ਘੱਟੋ ਘੱਟ ਇੱਕ-ਦੋ ਘੰਟੇ ਸਾਈਕਲ ਜ਼ਰੂਰ ਚਲਾਈਏ। ਇਹ ਨਾ ਸਿਰਫ਼ ਸਾਡੀ ਸਿਹਤ ਨੂੰ ਚੰਗਾ ਰੱਖੇਗਾ, ਸਗੋਂ ਧਰਤੀ ਨੂੰ ਵੀ ਸਾਫ ਸੁਥਰਾ ਬਣਾਏਗਾ। ਆਓ, ਸਾਈਕਲ ਨੂੰ ਫਿਰ ਤੋਂ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਈਏ ਤੇ ਇਕ ਬਿਹਤਰ ਭਵਿੱਖ ਵੱਲ ਕਦਮ ਵਧਾਈਏ।
ਬਲਦੇਵ ਸਿੰਘ ਬੇਦੀ
ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


