ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): 2024 ਨੂੰ ਅਲਵਿਦਾ ਮੌਕੇ ਅਤੇ ਨਵੇਂ ਸਾਲ ਦੇ ਸੁਆਗਤ ਸਮੇਂ ਰੋਪੜ ਸ਼ਹਿਰ ਦੇ ਦੋ ਸਮਾਜ-ਸੇਵੀ ਸ਼ਖਸ ਇਸ ਰੰਗਲੀ ਦੁਨੀਆਂ ਤੋਂ ਰੁਖਸਤ ਹੋ ਗਏ। ਸ਼ਹਿਰ ਦੇ ਮੰਨੇ-ਪ੍ਰਮੰਨੇ ਬਖਤਾਵਰ ਮੱਲ ਜੈਨ ਪਰਿਵਾਰ ਦੇ ਤੇਜਪਾਲ ਜੈਨ (90 ਸਾਲ) 31 ਦਸੰਬਰ ਨੂੰ ਅਤੇ ਵਰਿੰਦਰਪਾਲ ਜੈਨ (80 ਸਾਲ) 02 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ। ਦੋਵੇਂ ਸ਼ਖਸੀਅਤਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਜਿਉਂਦੇ ਜੀਅ ਪ੍ਰਗਟ ਕੀਤੀਆਂ ਇੱਛਾਵਾਂ ਮੁਤਾਬਕ ਅੱਖਾਂ ਦਾਨ ਕਰ ਦਿੱਤੀਆਂ। ਜਿਸ ਲਈ ਉਨ੍ਹਾਂ ਇਸ ਖੇਤਰ ਵਿੱਚ ਕਾਰਜਸ਼ੀਲ ਨੈਣਾ ਜੀਵਨ ਜੋਤੀ ਕਲੱਬ ਨਾਲ਼ ਰਾਬਤਾ ਬਣਾਇਆ। ਉਪਰੰਤ ਕਲੱਬ ਵੱਲੋਂ ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਦੀ ਟੀਮ ਤੋਂ ਇਹ ਕਾਰਜ ਨੇਪਰੇ ਚੜ੍ਹਵਾਇਆ। ਟੀਮ ਮੁਖੀ ਡਾ. ਰਮੇਸ਼ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਵਜੋਂ ਸੰਖੇਪ ਵਿੱਚ ਇਸ ਵਿਸ਼ੇ ‘ਤੇ ਚਾਨਣਾ ਪਾਇਆ ਕਿ ਇੱਕ ਮਨੁੱਖ ਵੱਲੋਂ ਦਾਨ ਕੀਤੀਆਂ ਦੋ ਅੱਖਾਂ ਇੱਕ ਇੱਕ ਕਰਕੇ ਦੋ ਜੋਤਹੀਣਾਂ ਨੂੰ ਲਗਾਈਆਂ ਜਾਂਦੀਆਂ ਹਨ। ਸੋ ਹੁਣ ਇਹਨਾਂ ਦੋ ਮਰਹੂਮ ਅੱਖਾਂ-ਦਾਨੀਆਂ ਕਰਕੇ ਚਾਰ ਵੇਖਣ ਤੋਂ ਅਸਮਰੱਥ ਮਨੁੱਖ ਵੇਖਣ ਦੇ ਕਾਬਲ ਹੋ ਜਾਣਗੇ। ਉਨ੍ਹਾਂ ਪਰਿਵਾਰਕ ਮੈਂਬਰਾਂ ਅਤੇ ਨੈਣਾਂ ਜੋਤੀ ਕਲੱਬ ਦੀ ਸ਼ਲਾਘਾ ਕਰਦਿਆਂ ਹਾਜਰੀਨਾਂ ਨੂੰ ਵੀ ਬੇਨਤੀ ਕੀਤੀ ਕਿ ਸਮਾਜ ਨੂੰ ਅੱਖਾਂ ਅਤੇ ਅੰਗ-ਦਾਨ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਮੌਕੇ ਪਰਿਵਾਰਕ ਜੀਆਂ ਤੋਂ ਇਲਾਵਾ, ਕਲੱਬ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj