HOME ਅੰਤਮ ਅਰਦਾਸ/ ਮਿੰਨੀ ਕਹਾਣੀ

ਅੰਤਮ ਅਰਦਾਸ/ ਮਿੰਨੀ ਕਹਾਣੀ

1
ਮਹਿੰਦਰ ਸਿੰਘ ਮਾਨ
  (ਸਮਾਜ ਵੀਕਲੀ)   ਕੁਝ ਦਿਨ ਪਹਿਲਾਂ ਮੇਰੀ ਪਤਨੀ ਦੇ ਤਾਏ ਦੇ ਮੁੰਡੇ ਦੀ ਕੁਝ ਸਮਾਂ ਬੀਮਾਰ ਰਹਿਣ ਪਿੱਛੋਂ ਮੌਤ ਹੋ ਗਈ ਸੀ। ਉਹ ਮੇਰੀ ਪਤਨੀ ਤੋਂ ਉਮਰ ਵਿੱਚ ਪੰਦਰਾਂ ਕੁ  ਸਾਲ ਵੱਡਾ ਸੀ। ਅੱਜ ਮੈਂ ਆਪਣੀ ਪਤਨੀ ਨਾਲ ਉਸ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਪਣੇ ਸਹੁਰਾ ਪਿੰਡ ਜਾ ਰਿਹਾ ਸਾਂ। ਮੇਰੀ ਪਤਨੀ ਦੇ ਤਾਏ ਦੇ ਮੁੰਡੇ ਨੇ ਸਾਰੀ ਉਮਰ ਚੱਜ ਨਾਲ ਕੰਮ ਕਰਕੇ ਨਹੀਂ ਸੀ ਵੇਖਿਆ। ਮੈਂ ਜਦ ਵੀ ਉਸ ਦੇ ਘਰ ਜਾਂਦਾ, ਉਹ ਆਪਣੇ ਘਰ ਤੋਂ ਬਾਹਰ ਤਿੰਨ, ਚਾਰ ਸਾਥੀਆਂ ਨਾਲ ਤਾਸ਼ ਖੇਡਦਾ ਨਜ਼ਰ ਆਉਂਦਾ। ਉਸ ਦੇ ਘਰ ਨੂੰ ਉਸ ਦੇ ਦੋ ਮੁੰਡੇ ਹੀ ਮਜ਼ਦੂਰੀ ਕਰਕੇ ਚਲਾਉਂਦੇ ਸਨ। ਉਸ ਦੇ ਘਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਜਦ ਮੈਂ ਆਪਣੀ ਪਤਨੀ ਨਾਲ ਉਸ ਦੇ ਘਰ ਦੇ ਲਾਗੇ ਪਹੁੰਚਿਆ ਤਾਂ ਮੈਂ ਵੇਖਿਆ, ਗਲੀ ਵਿੱਚ ਟੈਂਟ ਲੱਗਾ ਹੋਇਆ ਸੀ। ਮੇਜ਼ਾਂ ਤੇ ਗੁਲਾਬ ਜਾਮਨ, ਰਸ ਗੁੱਲੇ, ਬਰਫੀ ਟਰੇਆਂ ਵਿੱਚ ਅਤੇ ਦੋ ਕੁ ਕਿਸਮ ਦੇ ਪਕੌੜੇ ਡੋਂਗਿਆਂ ਵਿੱਚ ਪਾ ਕੇ ਰੱਖੇ ਹੋਏ ਸਨ। ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੇ ਬੰਦਿਆਂ ਤੇ ਤੀਵੀਆਂ ਨੂੰ ਚਾਹ ਪੀਣ ਲਈ ਕਿਹਾ ਜਾ ਰਿਹਾ ਸੀ। ਇਹ ਵੇਖ ਕੇ ਮੈਂ ਅੰਦਾਜ਼ਾ ਲਾਇਆ ਕਿ ਰੋਟੀ ਦਾ ਪ੍ਰਬੰਧ ਵੀ ਇਸੇ ਤਰ੍ਹਾਂ ਦਾ ਹੋਵੇਗਾ। ਮੈਂ ਸੋਚਣ ਲੱਗ ਪਿਆ ਕਿ ਏਨਾ ਖਰਚ ਕੀਤੇ ਬਿਨਾਂ ਵੀ ਲੋਕਾਂ ਨੇ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਜਾਣਾ ਸੀ। ਅੰਤਮ ਅਰਦਾਸ ਨਾਲ ਮੇਰੀ ਪਤਨੀ ਦੇ ਤਾਏ ਦੇ ਮੁੰਡਿਆਂ ਸਿਰ ਇਕ ਲੱਖ ਤੋਂ ਵੱਧ ਦਾ ਕਰਜ਼ਾ ਸਿਰ ਚੜ੍ਹ ਜਾਣਾ ਸੀ। ਉਹ ਇਹ ਕਰਜ਼ਾ ਕਿਵੇਂ ਉਤਾਰਨਗੇ? ਉਹ ਤਾਂ ਪਹਿਲਾਂ ਹੀ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਾਉਂਦੇ ਹਨ। ਇਹ ਸੋਚਦਾ, ਸੋਚਦਾ ਮੈਂ ਚਾਹ ਪੀਤੇ ਬਿਨਾਂ ਹੀ ਉਸ ਪਾਸੇ ਵੱਲ ਨੂੰ ਤੁਰ ਗਿਆ ਜਿਸ ਪਾਸੇ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਸੀ ਤੇ ਮੇਰੀ ਪਤਨੀ ਚਾਹ ਪੀਣ ਲਈ ਉੱਥੇ ਹੀ ਰੁਕ ਗਈ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ ਕੇਨਾਲ ਰੋਡ ਨਵਾਂ ਸ਼ਹਿਰ-144514
ਫੋਨ    -9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੇਤਲੀਆਂ ਪੈੜਾਂ ਹੇਠ ਦੱਬਿਆ ਆਲਮ
Next article6 ਮਈ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ‘ਤੇ ਵਿਸ਼ੇਸ