ਵੱਖ-ਵੱਖ ਵਰਗਾਂ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਚੇਤਨਾ ਪੈਦਾ ਕਰਨ ਹਿੱਤ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਅਤੇ ਸਥਾਨਕ ਜ਼ਿਲ੍ਹਾ ਭਾਸ਼ਾ ਦਫ਼ਤਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰੇਲਵੇ ਮੰਡੀ ਵਿਖੇ ਸ਼ਾਨਦਾਰ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਕੁਇਜ਼ ਮੁਕਾਬਲੇ ਬਾਅਦ ਕਰਵਾਏ ਗਏ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਸ਼੍ਰੀ ਰਾਜਨ ਅਰੋੜਾ ਨੇ ਮੁਕਾਬਲੇ ਲਈ ਭਾਗੀਦਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਆਪਣੇ ਵਿਰਸੇ ਨਾਲ ਸਾਂਝ ਪੈਦਾ ਕਰਨ ਲਈ ਭਾਸ਼ਾ ਵਿਭਾਗ ਵੱਲੋਂ ਅਜਿਹੇ ਕਰਵਾਏ ਜਾਂਦੇ ਮੁਕਾਬਲੇ ਪਾੜ੍ਹਿਆਂ ਲਈ ਬੜੇ ਉੁਪਯੋਗੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਵਿਦਿਆਰਥੀਆਂ ਲਈ ਆਉਣ ਵਾਲੇ ਵੱਡੇ ਇਮਤਿਹਾਨਾਂ ਦੌਰਾਨ ਵੀ ਸਹਾਈ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਉਪਰਾਲਿਆਂ ਵਿਚ ਸਰਗਰਮੀ ਨਾਲ ਭਾਗ ਲੈਣ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਜ਼ਿਲ੍ਹੇ ਭਰ ਦੇ ਵਿਦਿਆਰਥੀਆਂ ਨੇ ਇਸ ਕੁਇਜ਼ ਮੁਕਾਬਲੇ ਵਿੱਚ ਗਹਿਰੀ ਦਿਲਚਸਪੀ ਦਿਖਾਈ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦੇ ‘ੳ’ ਵਰਗ ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਕ੍ਰਮਵਾਰ ਤਾਨੀਆ ਸੈਕੰਡਰੀ ਸਕੂਲ ਨਸਰਾਲਾ, ਦੂਸਰਾ ਜਸਕੀਰਤ ਸੈਕੰਡਰੀ ਸਕੂਲ ਕੋ-ਐਜੂਕੇਸ਼ਨ ਘੰਟਾ ਘਰ ਅਤੇ ਨਿਸ਼ਾ ਚੌਧਰੀ ਹਾਈ ਸਕੂਲ, ਚੱਗਰਾਂ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ‘ਅ’ ਵਰਗ ਵਿੱਚੋਂ ਪਹਿਲਾ ਸਥਾਨ ਰਸ਼ਮੀ ਹਾਈ ਸਕੂਲ ਚੱਗਰਾਂ, ਦੂਸਰਾ ਨਵਜੀਤ ਕੌਰ ਸੈਕੰਡਰੀ ਸਕੂਲ ਅਹਿਰਾਣਾ ਕਲਾਂ ਅਤੇ ਹਰਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਂਬੜਾ ਨੇ ਤੀਸਰਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੇ ‘ੲ’ ਵਰਗ ਵਿੱਚੋਂ ਪਹਿਲਾ ਸਥਾਨ ਸ਼ਬਨਮਪ੍ਰੀਤ ਕੌਰ ਜੀ ਟੀ ਬੀ ਖ਼ਾਲਸਾ ਕਾਲਜ ਦਸੂਹਾ, ਦੂਸਰਾ ਸਥਾਨ ਬਲਰੀਨ ਕੌਰ ਖ਼ਾਲਸਾ ਕਾਲਜ ਦਸੂਹਾ ਅਤੇ ਹਰਜੋਤ ਸਿੰਘ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ।
ਭਾਸ਼ਾ ਵਿਭਾਗ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਕ੍ਰਮਵਾਰ ਭਾਸ਼ਾ ਵਿਭਾਗ ਦੀਆਂ 1000, 750 ਅਤੇ 500 ਰੁਪਏ ਦੀਆਂ ਕਿਤਾਬਾਂ ਦੇ ਸੈੱਟਾਂ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਸਕੂਲ ਪ੍ਰਿੰਸੀਪਲ ਰਾਜਨ ਅਰੋੜਾ ਨੂੰ ਭਾਸ਼ਾ ਵਿਭਾਗ ਦੀ ਸੰਸਾਰ ਪ੍ਰਸਿੱਧ ਪੁਸਤਕ ਗੁਲਸਿਤਾਂ ਬੋਸਤਾਂ ਨਾਲ ਅਤੇ ਕੁਇਜ਼ ਮੁਕਾਬਲੇ ਵਿੱਚ ਸਹਿਯੋਗ ਕਰਨ ਵਾਲੇ ਸਕੂਲ ਅਧਿਆਪਕਾਂ ਅਤੇ ਬੀ. ਐੱਡ. ਵਾਲੇ ਵਿਦਿਆਰਥੀਆਂ ਦਾ ਵੀ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ ਗਿਆ। ਧੰਨਵਾਦੀ ਸ਼ਬਦ ਡਾ. ਜਸਵੰਤ ਰਾਏ ਨੇ ਆਖੇ ਇਸ ਸਮੇਂ ਲਵਪ੍ਰੀਤ, ਲਾਲ ਸਿੰਘ, ਲੈਕ. ਗੁਰਦੀਪ ਕੌਰ, ਲੈਕ. ਭੁਪਿੰਦਰ ਕੌਰ, ਪ੍ਰੀਆ ਬੱਧਣ, ਕੋਮਲ, ਮੀਨਾਕਸ਼ੀ, ਪ੍ਰਭਜੋਤ ਕੌਰ, ਮੁਹੰਮਦ ਆਸਿਫ਼, ਵਨੀਤਾ ਰਾਣੀ, ਮੰਜੂ ਅਰੋੜਾ, ਗੁਰਪ੍ਰੀਤ ਕੌਰ, ਵਨੀਤਾ ਠਾਕੁਰ, ਹਰਜਿੰਦਰ ਕੌਰ, ਲੈਕ. ਸਰੋਜ, ਪੁਸ਼ਪਾ ਰਾਣੀ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly