ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬੇਗਮਪੁਰੇ ਦੀ ਉਸਾਰੀ ਮੌਕੇ ਜੇਲ ਗਈਆਂ ਔਰਤਾਂ ਦਾ ਕੀਤਾ ਗਿਆ ਸਨਮਾਨ (25 ਜੁਲਾਈ ਨੂੰ ਜਬਰ ਵਿਰੋਧੀ ਰੈਲੀ ਸੰਗਰੂਰ ਵਿੱਚ ਕਰਨਗੀਆਂ ਹਜਾਰਾਂ ਔਰਤਾਂ ਸਮੂਲੀਅਤ) (ਸ਼ਾਦੀਹਰੀ ਤੋਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਲਖਵਿੰਦਰ ਸਿੰਘ ਦੀ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਵਿੱਚ ਕੀਤੀ ਗਈ ਨਿਖੇਧੀ) ਇਹ ਮੀਟਿੰਗ ਭਵਾਨੀਗੜ ਦੇ ਗੁਰਦੁਆਰਾ ਗੁਰੂ ਰਵਿਦਾਸ ਬੇਗਮਪੁਰਾ ਸਾਹਿਬ ਵਿੱਚ ਜਸਵੀਰ ਕੌਰ, ਅਮਨਦੀਪ ਕੌਰ ਬੌੜਾਂ, ਗੁਰਦੇਵ ਕੌਰ ਸੁਖਵਿੰਦਰ ਕੌਰ, ਕਿਰਨਜੀਤ ਕੌਰ ਤੋਲੇਵਾਲ, ਆਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਨੇਪਰੇ ਚਾੜ੍ਹਿਆ। ਇਸ ਪ੍ਰੋਗਰਾਮ ਵਿਚ ਡਾਕਟਰ ਜਤਿੰਦਰ ਸਿੰਘ, ਐਡਵੋਕੇਟ ਆਰਤੀ ਡਾਕਟਰ ਮੋਨਿਕਾ ਸਬਰਵਾਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ਼ੀਤਲ ਰੰਗ ਮੰਚ ਦੁਆਰਾ ਜਮੀਨੀ ਘੋਲ ਵਿੱਚ ਔਰਤਾਂ ਦੀ ਭੂਮਿਕਾ ਨੂੰ ਦਰਸ਼ਾਉਂਦਾ ਨਾਟਕ ਵੀ ਖੇਡਿਆ ਗਿਆ। ਮੁੱਖ ਮਹਿਮਾਨ ਡਾਕਟਰ ਜਤਿੰਦਰ, ਐਡਵੋਕੇਟ ਆਰਤੀ ਅਤੇ ਮੋਨਿਕਾ ਸਬਰਵਾਲ ਨੇ ਕਿਹਾ 16ਵੀਂ 17ਵੀਂ ਸਦੀ ਵਿੱਚ ਬੇਗਮਪੁਰੇ ਦਾ ਸੁਪਨਾ ਅੱਜ 21ਵੀਂ ਸਦੀ ਵਿੱਚ ਪੂਰੇ ਕਰਨ ਦੀ ਕੋਸ਼ਿਸ਼ ਨਵੇਂ ਅਯਾਮ ਸਿਰਜ ਰਹੀ ਹੈ। ਬੇਗਮਪੁਰੇ ਦੀ ਇਹ ਲੜਾਈ ਨੇ ਅੱਜ ਹਰ ਚਿੰਤਨਸ਼ੀਲ ਮਨੁੱਖ ਨੂੰ ਝੰਝੋੜਿਆ ਹੈ ਅਤੇ ਇਹ ਅੱਜ ਸਾਡੇ ਮਨੁੱਖ ਹੋਣ ਦਾ ਹੀ ਸੰਘਰਸ਼ ਹੈ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਸਬੀਰ ਕੌਰ ਹੜੀਕੇ ਅਤੇ ਸੁਖਵਿੰਦਰ ਕੌਰ ਮੰਡੌੜ ਨੇ ਕਿਹਾ ਕਿ ਜਮੀਨ ਦੀ ਕਾਣੀ ਵੰਡ ਦੇ ਖਿਲਾਫ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹੈ ਅਤੇ ਪਿਛਲੀ ਵੀ ਤਰੀਕ ਨੂੰ ਬੇਗਮਪੁਰੇ ਦੀ ਉਸਾਰੀ ਲਈ ਪਹੁੰਚੇ ਸੈਂਕੜੇ ਦਲਿਤਾਂ ਨੂੰ ਪੁਲਿਸ ਜਬਰ ਰਾਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅਜੇ ਵੀ ਬਿੱਕਰ ਸਿੰਘ ਹਥੋਆ ਸਮੇਤ ਕੁਝ ਸਾਥੀ ਜੇਲ ਵਿੱਚ ਹਨ । ਪੁਲਿਸ ਦੁਆਰਾ ਲਗਾਤਾਰ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸ਼ਾਦੀਹਰੀ ਤੋਂ ਆਗੂ ਲਖਵਿੰਦਰ ਸਿੰਘ ਨੂੰ ਸੰਗਰੂਰ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਦੀ ਵੀ ਔਰਤ ਵਿੰਗ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ।ਆਗੂਆਂ ਕਿਹਾ ਕਿ ਜਮੀਨ ਦੀ ਕਾਣੀ ਵੰਡ ਦੇ ਖਿਲਾਫ ਇਹ ਸੰਘਰਸ਼ ਜਾਰੀ ਰਹੇਗਾ। ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਿੱਚ ਹਜ਼ਾਰਾਂ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਦੇ ਮੈਦਾਨ ਵਿੱਚ ਆਉਂਦੀਆਂ ਹਨ ਪਰ ਸਮੇਂ ਦੀ ਚੁਨੌਤੀ ਦੇ ਮੁਤਾਬਿਕ ਅੱਜ ਔਰਤਾਂ ਦੀ ਜੋਨਲ ਕਮੇਟੀ ਦੀ ਚੋਣ ਕੀਤੀ ਗਈ। ਆਗੂਆਂ ਨੇ ਕਿਹਾ ਕਿ 25 ਜੁਲਾਈ ਨੂੰ ਸੰਗਰੂਰ ਵਿਖੇ ਗ੍ਰਿਫਤਾਰ ਸਾਥੀਆਂ ਦੀ ਰਿਹਾਈ ਲਈ ਜਥੇਬੰਦੀ ਉੱਪਰ ਲਾਈ ਅਣਐਲਾਨੀ ਪਾਬੰਦੀ ਹਟਾਉਣ ਲਈ, ਸੀਲਿੰਗ ਐਕਟ ਤੋਂ ਉੱਪਰਲੀ ਜਮੀਨ ਵੰਡਾਉਣ ਅਤੇ ਪੁਲਿਸ ਰਾਜ ਬਣਾਉਣ ਦੇ ਖਿਲਾਫ ਕੀਤੀ ਜਾ ਰਹੀ ਰੈਲੀ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਔਰਤ ਵਿੰਗ ਵੱਲੋਂ ਹਜ਼ਾਰਾਂ ਔਰਤਾਂ ਸ਼ਮੂਲੀਅਤ ਕਰਨਗੀਆਂ । ਇਸ ਮੌਕੇ ਜਸਬੀਰ ਕੌਰ ਹੇੜੀ ਕੇ ਪ੍ਰਧਾਨ ਸੁਖਵਿੰਦਰ ਕੌਰ ਮੰਡੌੜ ਸਕੱਤਰ ਗੁਰਦੇਵ ਕੌਰ ਮੀਤ ਪ੍ਰਧਾਨ ਅਤੇ ਰਾਜ ਕੌਰ ਬਡਰੁੱਖਾਂ ਖਜਾਨਚੀ ਸਮੇਤ ਅਮਨਦੀਪ ਕੌਰ, ਸੁਖਵਿੰਦਰ ਕੌਰ ਨਰਮਾਣਾ, ਭਜਨ ਕੌਰ ਝਨੇੜੀ, ਪਰਮਜੀਤ ਕੌਰ ਬਾਲਦ ਕਲਾਂ, ਕੁਲਜਿੰਦਰ ਕੌਰ ਮੰਡੋੜ, ਕੁਲਜੀਤ ਕੌਰ ਬਿਨਾਹੇੜੀ, ਕਿਰਨਜੀਤ ਕੌਰ ਕਕਰਾਲਾ, ਕਿਰਨਜੀਤ ਕੌਰ ਤੋਲੇਵਾਲ ਆਧਾਰਤ ਜੋਨਲ ਕਮੇਟੀ ਦੀ ਚੋਣ ਕੀਤੀ ਗਈ। ਜਿਸ ਨੂੰ ਸਾਰੀਆਂ ਔਰਤਾਂ ਨੇ ਹੱਥ ਖੜੇ ਕਰਕੇ ਪਾਸ ਕੀਤਾ। ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੀਆਂ ਔਰਤਾਂ ਜੋ 20 ਮਈ ਦੇ ਬੇਗਮਪੁਰੇ ਪ੍ਰੋਗਰਾਮ ਮੌਕੇ ਜੇਲ੍ਾਂ ਵਿੱਚ ਗਈਆਂ ਉਹਨਾਂ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਰਾਜ ਕੌਰ ਬਡਰੁੱਖਾਂ ਨੇ ਨਿਭਾਈ।
ਜਾਰੀ ਕਰਤਾ,
ਜਸਬੀਰ ਕੌਰ ਹੇੜੀਕੇ,
62393,69289



