HOME ਕੁਲਵਿੰਦਰ ਸਿੰਘ ਜੌਹਲ ਬਣਨਗੇ ਲੈਸਟਰ ਦੇ ਪਹਿਲੇ ਸਿੱਖੀ ਸਰੂਪ ਵਾਲੇ ਪਗੜੀਧਾਰੀ ਸਿੱਖ...

ਕੁਲਵਿੰਦਰ ਸਿੰਘ ਜੌਹਲ ਬਣਨਗੇ ਲੈਸਟਰ ਦੇ ਪਹਿਲੇ ਸਿੱਖੀ ਸਰੂਪ ਵਾਲੇ ਪਗੜੀਧਾਰੀ ਸਿੱਖ ਲਾਰਡ ਮੇਅਰ

2
ਕੁਲਵਿੰਦਰ ਸਿੰਘ ਜੌਹਲ

* ਅੱਜ 14 ਮਈ ਦਿਨ ਵੀਰਵਾਰ ਨੂੰ ਤਾਜਪੋਸੀ ਸਮਾਗਮ ਦੌਰਾਨ ਲੰਭਾਲਣਗੇ ਅਹੁਦਾ

ਲੈਸਟਰ (ਇੰਗਲੈਂਡ),   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ ਦੇ ਪ੍ਰਮੁੱਖ ਸ਼ਹਿਰ ਲੈਸਟਰ ਦੇ ਸਿਆਸੀ ਇਤਿਹਾਸ ਵਿੱਚ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ, ਜਦੋਂ ਕੌਸਲਰ ਕੁਲਵਿੰਦਰ ਸਿੰਘ ਜੌਹਲ 14 ਮਈ ਦਿਨ ਵੀਰਵਾਰ ਨੂੰ ਲੈਸਟਰ ਦੇ ਟਾਊਨ ਸੈਂਟਰ ਵਿਖੇ ਹੋਣ ਵਾਲੇ ਸ਼ਾਨਦਾਰ ਤਾਜਪੋਸ਼ੀ ਸਮਾਗਮ ਦੌਰਾਨ ਪਹਿਲੇ ਸਿੱਖੀ ਸਰੂਪ ਵਾਲੇ ਚੁਣੇ ਜਾ ਰਹੇ ਹਨ, ਕੁਲਵਿੰਦਰ ਸਿੰਘ ਜੌਹਲ ਇਕ ਅੱਜ ਲੈਸਟਰ ਸਿਟੀ ਕੋਸਲ ਵਿਖੇ ਹੋਣ ਵਾਲੇ ਵਿਸਾਲ ਤਾਜਪੋਸੀ ਸਮਾਰੋਹ ਮੌਕੇ ਲਾਰਡ ਮੇਅਰ ਵਜੋਂ ਅਹੁਦਾ ਸੰਭਾਲਣਗੇ। ਇਸ ਨਾਲ ਉਹ ਲੈਸਟਰ ਦੇ ਇਤਿਹਾਸ ਵਿੱਚ ਪਹਿਲੇ ਪਗੜੀਧਾਰੀ ਸਿੱਖ ਲਾਰਡ ਮੇਅਰ ਬਣ ਜਾਣਗੇ। ਉਨ੍ਹਾਂ ਦੀ ਚੋਣ ਨਾਲ ਸਿੱਖ ਅਤੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ ਨੇੜਲੇ ਪਿੰਡ ਤੇਹੰਗ ਨਾਲ ਸਬੰਧਤ ਕੁਲਵਿੰਦਰ ਸਿੰਘ ਜੌਹਲ 6 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਸਮੇਤ ਇੰਗਲੈਂਡ ਆ ਵੱਸੇ ਸਨ। ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਜੌਹਲ ਅਤੇ ਮਾਤਾ ਤਰਸੇਮ ਕੌਰ ਜੌਹਲ ਨੇ ਪਰਿਵਾਰ ਨੂੰ ਮਿਹਨਤ ਅਤੇ ਸੇਵਾ ਦੇ ਸੰਸਕਾਰ ਦਿੱਤੇ। ਚਾਰ ਭੈਣਾਂ ਵਾਲੇ ਪਰਿਵਾਰ ਵਿੱਚ ਪਲੇ ਕੁਲਵਿੰਦਰ ਸਿੰਘ ਜੌਹਲ ਨੇ ਆਪਣੀ ਪੜ੍ਹਾਈ ਲੈਸਟਰ ਵਿੱਚ ਹੀ ਪੂਰੀ ਕੀਤੀ, ਅਤੇ ਬਾਅਦ ਵਿੱਚ ਰਸਲ ਕਾਸਟਿੰਗਜ਼ ਲਿਮਿਟੇਡ ਵਿੱਚ ਕਰੀਬ 25 ਸਾਲ ਤੱਕ ਸੇਵਾ ਨਿਭਾਈ। 2016 ਵਿੱਚ ਫਾਊਂਡਰੀ ਬੰਦ ਹੋਣ ਤੱਕ ਉਹ ਮਜ਼ਦੂਰ ਹੱਕਾਂ ਅਤੇ ਟਰੇਡ ਯੂਨੀਅਨ ਮੁੱਲਾਂ ਨਾਲ ਜੁੜੇ ਰਹੇ, ਜਿਸ ਨੇ ਉਨ੍ਹਾਂ ਦੇ ਜੀਵਨ ਵਿੱਚ ਸਬਰ ਅਤੇ ਲੋਕ ਹਿੱਤ ਲਈ ਕੰਮ ਕਰਨ ਦੀ ਸੋਚ ਹੋਰ ਮਜ਼ਬੂਤ ਕੀਤੀ। ਸਿੱਖ ਧਰਮ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਕੁਲਵਿੰਦਰ ਸਿੰਘ ਜੌਹਲ ਨੇ ਲੰਬੇ ਸਮੇਂ ਤੱਕ ਭਾਈਚਾਰਕ ਅਤੇ ਧਾਰਮਿਕ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਉਹ ਗੁਰਦਵਾਰਾ ਸ੍ਰੀ ਗੁਰੂ ਨਾਨਕ ਦੇਵ ਲੈਸਟਰ ਦੇ ਲੰਮਾ ਸਮਾ ਜਨਰਲ ਸਕੱਤਰ ਵੀ ਰਹੇ , ਅਤੇ 2002 ਵਿੱਚ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਗੁਰਦੁਆਰਾ ਦੌਰੇ ਦੌਰਾਨ ਪ੍ਰਬੰਧਾਂ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਜੀਐਨਜੀ ਫੁੱਟਬਾਲ ਕਲੱਬ ਨੂੰ ਸ਼ਹਿਰ ਦੀਆਂ ਸਭ ਤੋਂ ਵੱਡੀਆਂ ਅਤੇ ਸਮਾਵੇਸ਼ੀ ਖੇਡ ਸੰਸਥਾਵਾਂ ਵਿੱਚ ਸ਼ਾਮਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਖਾਸ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਹਰ ਵਰਗ ਲਈ ਖੇਡਾ ਦੇ ਮੌਕੇ ਪੈਦਾ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਸਥਾਨਕ, ਖੇਤਰੀ ਅਤੇ ਰਾਸ਼ਟਰੀ ਪੱਧਰ ’ਤੇ ਕੀਤੀ ਜਾਂਦੀ ਹੈ। ਉਹ ਲੈਸਟਰ ਦੇ ਬਰਾਊਨਸਟੋਨ ਪਾਰਕ ਅਤੇ ਰੌਲੀ ਫੀਲਡਜ਼ ਇਲਾਕੇ ਵਿੱਚ ਹੀ ਪਲੇ ਅਤੇ ਉਥੇ ਹੀ ਰਹਿੰਦੇ ਹੋਏ ਸਮਾਜ ਸੇਵਾ ਨਾਲ ਜੁੜੇ ਰਹੇ। ਸਾਲ 2015 ਵਿੱਚ ਉਹ ਲੇਬਰ ਪਾਰਟੀ ਵੱਲੋਂ ਕੌਂਸਲਰ ਚੁਣੇ ਗਏ,ਅਤੇ ਉਸ ਤੋਂ ਬਾਅਦ ਹੁਣ ਤੱਕ ਉਹ ਲਗਾਤਾਰ ਕੌਸਲਰ ਵਜੋ ਚੌਣਾ ਜਿੱਤ ਕੇ ਲਗਾਤਾਰ ਆਪਣੇ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਹਨ। ਲੋਕਾਂ ਨਾਲ ਸਿੱਧਾ ਸੰਪਰਕ, ਸਾਦਗੀ ਅਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਕਾਰਨ ਉਨ੍ਹਾਂ ਨੂੰ ਸ਼ਹਿਰ ਵਿੱਚ ਵਿਸ਼ੇਸ਼ ਮਾਣ-ਸਤਿਕਾਰ ਮਿਲਿਆ ਹੈ। ਲਾਰਡ ਮੇਅਰ ਵਜੋਂ ਉਹ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਅਤੇ ਲੈਸਟਰ ਹਸਪਤਾਲ ਸਹਾਇਤਾ ਸੰਸਥਾ ਦੇ ਕੰਮਾਂ ਨੂੰ ਉਤਸ਼ਾਹਿਤ ਕਰਨਗੇ। ਇਹ ਸੰਸਥਾਵਾਂ ਭੁੱਖਮਰੀ, ਬੇਘਰਤਾ, ਡਾਇਬਟੀਜ਼ ਅਤੇ ਕਿਡਨੀ ਰੋਗਾਂ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਕੰਮ ਕਰ ਰਹੀਆਂ ਹਨ। ਜੌਹਲ ਦਾ ਕਹਿਣਾ ਹੈ ਕਿ ਉਹ ਲੈਸਟਰ ਦੇ ਹਰ ਵਸਨੀਕ ਦੀ ਸੇਵਾ ਖੁੱਲ੍ਹੇ ਦਿਲ, ਨਿਮਰਤਾ ਅਤੇ ਸਤਿਕਾਰ ਨਾਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਦੀ ਪਤਨੀ ਮਨਜੀਤ ਕੌਰ ਜੌਹਲ, ਜਿਨ੍ਹਾਂ ਨਾਲ ਉਨ੍ਹਾਂ ਦਾ 32 ਸਾਲਾਂ ਦਾ ਵਿਆਹੀ ਜੀਵਨ ਹੈ, ਲੇਡੀ ਮੇਅਰੈੱਸ ਵਜੋਂ ਸਮਾਗਮਾਂ ਵਿੱਚ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਦੀ ਧੀ ਗੁਰਸਿਮਰਨ ਕੌਰ ਹੇਅਰ, ਜੋ ਡੀ ਮੋਂਟਫੋਰਟ ਯੂਨੀਵਰਸਿਟੀ ਤੋਂ ਮੀਡੀਆ ਗ੍ਰੈਜੂਏਟ ਹਨ ਅਤੇ ਖੇਡ ਸਮਾਗਮਾਂ ਨਾਲ ਜੁੜੇ ਮੀਡੀਆ ਖੇਤਰ ਵਿੱਚ ਕੰਮ ਕਰ ਰਹੇ ਹਨ, ਕਨਸੋਰਟ ਵਜੋਂ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਦਾ ਪੁੱਤਰ ਅਸ਼ਵੀਰ ਸਿੰਘ ਜੌਹਲ ਵੀ ਪਰਿਵਾਰਕ ਸਮਾਗਮਾਂ ਵਿੱਚ ਸ਼ਮੂਲੀਅਤ ਕਰੇਗਾ। 14 ਮਈ ਨੂੰ ਹੋਣ ਵਾਲੇ ਤਾਜਪੋਸ਼ੀ ਸਮਾਗਮ ਨੂੰ ਲੈ ਕੇ ਲੈਸਟਰ ਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਨੂੰ ਭਾਈਚਾਰੇ ਲਈ ਇਤਿਹਾਸਕ ਪਲ ਵਜੋਂ ਦੇਖਿਆ ਜਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਾਨਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ” : ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ
Next articleबोधिसत्व बाबा साहिब अंबेडकर एजुकेशन सोसाइटी की महत्वपूर्ण बैठक सम्पन्न