(ਸਮਾਜ ਵੀਕਲੀ)
ਕਵਿਤਾਵਾਂ ਸੰਗ ਉਹ ਰਚਮਿਚ ਜਾਣਾ ਲੋਚਦੀ ਹੈ
ਹਰੇਕ ਇਨਸਾਨ ਵਿੱਚ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ, ਜੋ ਉਸਨੂੰ ਸਮਾਜ ਵਿੱਚ ਕੁਝ ਵਿਲੱਖਣ ਕਾਰਜ ਕਰਨ ਲਈ ਪ੍ਰੇਰਿਤ ਕਰਦੀ ਹੈ।
ਇਵੇਂ ਹੀ ਜ਼ਿਲ੍ਹਾ ਫ਼ਰੀਦਕੋਟ ਦੇ ਇਕ ਛੋਟੇ ਜਿਹੇ ਪਿੰਡ ਧੂੜਕੋਟ ਦੀ ਜੰਮਪਲ ਕੁਲਵਿੰਦਰ ਕੌਰ ਬਰਾੜ ਨੂੰ ਪ੍ਰਮਾਤਮਾ ਨੇ ਲਿਖਣ ਦੀ ਬੇਹੱਦ ਪਿਆਰੀ ਕਲਾ ਬਖਸ਼ੀ ਹੈ। ਮੈਨੂੰ ਉਸਦੀ ਸਾਹਿਤਕ ਚੇਟਕ ਬਾਬਤ ਇਕ ਸਾਹਿਤਕਾਰ ਸਾਥੀ ਦੁਆਰਾ ਪਤਾ ਲੱਗਾ ਤਾਂ ਮੈਂ ਕੁਲਵਿੰਦਰ ਕੌਰ ਨਾਲ ਰਾਬਤਾ ਕਾਇਮ ਕੀਤਾ। ਮੈਨੂੰ ਉਸਦੇ ਗੱਲਬਾਤ ਦੇ ਲਹਿਜੇ ਨੇ ਬੇਹੱਦ ਪ੍ਰਭਾਵਿਤ ਕੀਤਾ। ਉਸਦੀ ਪੰਜਾਬੀ ਬੋਲੀ ਪ੍ਰਤੀ ਖਿੱਚ ਨੇ ਮੈਨੂੰ ਖੁਸ਼ੀ ਦਿੱਤੀ ਕੇ ਇਕ ਛੋਟੇ ਜਿਹੇ ਪਿੰਡ ਦੀ ਜੰਮਪਲ ਕੁੜੀ ਆਪਣੀ ਵਿਰਾਸਤ ਲਈ ਐਨੀ ਗੰਭੀਰ ਹੈ।ਕੁਲਵਿੰਦਰ ਉੱਚੀ-ਲੰਮੀ, ਸੋਹਣੀ-ਸੁਨੱਖੀ, ਸਾਊ ਤੇ ਮਿਲਾਪੜੇ ਸੁਭਾਅ ਵਾਲੀ ਸ਼ੀਹਣੀ ਪੰਜਾਬਣ ਮੁਟਿਆਰ ਹੈ।
ਉਸਨੇ ਛੇਵੀਂ ਜਮਾਤ ਵਿੱਚ ਪੜਦਿਆਂ ਹੀ ਇੱਕ ਕਹਾਣੀ ਲਿਖੀ ਤਾਂ ਪਰਿਵਾਰ ਵਿੱਚ ਅਨਪੜ੍ਹਤਾ ਤੇ ਸਾਹਿਤਕ ਮਾਹੌਲ ਨਾ ਹੋਣ ਕਾਰਨ ਉਸਦੀ ਰਚਨਾ ਦਾ ਮਜ਼ਾਕ ਬਣਾਇਆ ਗਿਆ ਅਤੇ ਉਸ ਦੀ ਰੁਚੀ ਨੂੰ ਅੱਗੇ ਵਧਾਉਣ ਦੀ ਥਾਂ ਅੰਦਰ ਹੀ ਦਬਾ ਦਿੱਤਾ ਗਿਆ। ਇਸ ਹੌਂਸਲਾ ਢਾਹੂ ਘਟਨਾ ਨੇ ਉਸਨੂੰ ਐਨਾ ਨਿਰਾਸ਼ ਕਰ ਦਿੱਤਾ ਕਿ ਉਸਨੇ ਲੰਬਾ ਸਮਾਂ ਲਿਖਣ ਵੱਲੋਂ ਚੁੱਪ ਵੱਟ ਲਈ। ਫਿਰ ਬੀ,ਏ ਤੱਕ ਦੀ ਪੜ੍ਹਾਈ ਦੌਰਾਨ ਉਸ ਨੇ ਕੋਈ ਵੀ ਨਵੀਂ ਰਚਨਾ ਨਾ ਲਿਖੀ ਪਰ ਮੈਗਜ਼ੀਨ ਤੇ ਰਸਾਲਿਆਂ ਨੂੰ ਪੜ੍ਹਨਾ ਜਾਰੀ ਰੱਖਿਆ ਅਤੇ ਬੀ,ਏ ਵਿਚ ਉਸਨੇ ਸਾਹਿਤ ਨਾਲ ਸਬੰਧਿਤ ਵਿਸ਼ਾ ਹੀ ਚੁਣਿਆ।
ਸਾਹਿਤ ਉਸਦੀ ਰਗ ਰਗ ਵਿੱਚ ਜੋ ਸਮਾਇਆ ਸੀ। ਜਿਸ ਤਰ੍ਹਾਂ ਢਿੱਡ ਲਈ ਰੋਟੀ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਰੂਹ ਦੇ ਸਕੂਨ ਲਈ ਉਸਨੂੰ ਸਾਹਿਤ ਨਾਲ ਜੁੜਨ ਦੀ ਖਿੱਚ ਰਹਿੰਦੀ ਹੈ।ਮਨ ਅੰਦਰਲੀ ਕਲਪਨਾ ਦੇ ਉਛਾਲੇ ਉਸਨੂੰ ਟਿਕਣ ਨਹੀਂ ਦੇ ਰਹੇ ਸਨ । ਉਸਨੇ ਆਪਣੇ ਮਨ ਦੇ ਵਲਵਲਿਆਂ ਨੂੰ ਕਾਗਜ਼ਾਂ ‘ਤੇ ਉਲੀਕਦਿਆਂ ਕਵਿਤਾਵਾਂ ਦਾ ਰੂਪ ਦੇ ਦਿੱਤਾ ਜੋ ਕਿ ਬੀ, ਐੱਡ ਕਾਲਜ ਦੇ ਸਾਲਾਨਾ ਮੈਗਜ਼ੀਨ ਵਿੱਚ ਛਪੀਆਂ, ਜਿੰਨਾ ਨੇ ਉਸਨੂੰ ਅਥਾਹ ਖੁਸ਼ੀ ਦਿੱਤੀ।
ਫਿਰ ਜ਼ਿੰਦਗੀ ਦਾ ਲੰਮਾ ਸੰਘਰਸ਼ ਚੱਲਿਆ। ਪਰਿਵਾਰਕ ਸਾਥ ਨਾ ਮਿਲਣ ਕਾਰਨ ਉਸਦਾ ਅਖ਼ਬਾਰਾਂ ਵਿਚ ਰਚਨਾਵਾਂ ਛਪਾਉਣ ਦਾ ਸੁਪਨਾ ਅਧੂਰਾ ਰਹਿ ਗਿਆ ਪਰ ਉਸ ਨੇ ਹਿੰਮਤ ਨਾ ਹਾਰੀ ਤੇ ਕਵਿਤਾਵਾਂ ਤੇ ਕਹਾਣੀਆਂ ਲਿਖਣ ਦਾ ਹੌਂਸਲਾ ਬਰਕਰਾਰ ਰੱਖਿਆ ਅਤੇ ਉਸਦਾ ਕਾਗਜ਼ਾਂ ਦੀ ਹਿੱਕ ਉੱਪਰ ਝਰੀਟਾਂ ਮਾਰਨ ਦਾ ਇਸ਼ਕ ਜਿਉਂਦਾ ਰਿਹਾ। ਇੱਕ ਦਿਨ ਫੇਸ਼ਬੁੱਕ ਤੋਂ ਮੇਰਾ ਫੋਨ ਨੰਬਰ ਮਿਲਣ ‘ਤੇ ਮੇਰੇ ਨਾਲ ਰਚਨਾ ਛਪਵਾਉਣ ਦੀ ਗੱਲ ਕੀਤੀ ਮੇਰੇ ਹਾਂ ਕਹਿਣ ਤੇ ਉਸਨੇ ਆਪਣੀ ਇੱਕ ਰਚਨਾ ਭੇਜੀ ਜੋ ਕਿ ਥੋੜੇ ਸਮੇਂ ਬਾਅਦ ਹੀ ਅਖ਼ਬਾਰ ਦਾ ਹਿੱਸਾ ਬਣ ਗਈ। ਅਖਬਾਰ ਦੇ ਪੰਨੇ ‘ਤੇ ਆਪਣੀ ਲਿਖਤ ਦੇਖ ਉਸਦੇ ਅੰਦਰਲੇ ਸਾਹਿਤਕ ਪੰਛੀ ਨੇ ਲੰਬੀ ਪਰਵਾਜ਼ ਭਰੀ ਤੇ ਸਾਹਿਤਕ ਅਸਮਾਨੀ ਵਿਹੜੇ ਨੇ ਉਸਨੂੰ ਸ਼ਰਸ਼ਾਰ ਕਰ ਦਿੱਤਾ।
ਉਸਦੀ ਪਹਿਲੀ ਕਵਿਤਾ ‘ਅੰਨਦਾਤਾ’ ਕਿਸਾਨੀ ਜੀਵਨ ‘ਤੇ ਲਿਖੀ ਗਈ, ਜਿਸ ਦੀਆਂ ਸਤਰਾਂ ਇਸ ਪ੍ਰਕਾਰ ਹਨ÷
ਅੰਨਦਾਤਾ
ਕਿਉਂ ਅੰਨਦਾਤਾ ਕਰਜ਼ਾਈ ਹੋ ਗਿਆ,
ਖੇਤਾਂ ਦਾ ਰਾਖਾ ਦੁੱਖਦਾਈ ਹੋ ਗਿਆ।
ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ
ਆਪਣੇ ਹੀ ਘਰ ਵਿੱਚ ਗਾਹ ਪੈ ਗਿਆ
ਖੇਤਾਂ ਦਾ ਮਾਲਕ ਅਸਥਾਈ ਹੋ ਗਿਆ
ਕਿਉਂ ਅੰਨਦਾਤਾ ਕਰਜ਼ਾਈ ਹੋ ਗਿਆ।
ਚਾਦਰ ਦੇਖ ਕੇ ਪੈਰ ਪਸਾਰੇ ਜੱਟ
ਅੱਡਰੇ ਸ਼ੌਕ ਨੂੰ ਮਨੋਂ ਵਿਸਾਰੇ ਜੱਟ
ਫਿਰ ਆਪੇ ਹੋ ਜਾਉ ਸੁਖਦਾਈ ਜੱਟ
ਫਿਰ ਕਦੇ ਨਾ ਹੋਊ ਕਰਜ਼ਾਈ ਜੱਟ।
ਇੱਕ ਮਾਂ, ਮਜ਼ਦੂਰ ਔਰਤ, ਜ਼ਿੰਦਗੀ, ਗੁਆਚੇ ਲੋਕ, ਬੁਜ਼ਦਿਲ ਕੁੜੀ, ਮੇਰੇ ਪਿੰਡ ਦੇ ਲੋਕ, ਧੌਲਾ ਬਲਦ, ਮੇਰੇ ਸ਼ਬਦ, ਅਜ਼ਾਦ ਆਦਿ ਸ਼ਬਦ ਕੁਲਵਿੰਦਰ ਕੌਰ ਬਰਾੜ ਦੀਆਂ ਰਚਿਤ ਕਵਿਤਾਵਾਂ ਦੇ ਸਿਰਲੇਖ ਹਨ।ਮੈਂ ਇੱਥੇ ਪਾਠਕਾਂ ਦੀ ਜਾਣਕਾਰੀ ਹਿੱਤ ਦੱਸ ਦੇਵਾਂ ਕਿ ਕੁਲਵਿੰਦਰ ਇਕ ਉੱਭਰਦੀ ਲੇਖਿਕਾ ਹੈ। ਹੌਲੀ ਹੌਲੀ ਉਸਦੀਆਂ ਲਿਖਤਾਂ ਵਿੱਚ ਪਕਿਆਈ ਜਰੂਰ ਆਵੇਗੀ। ਜਿਵੇਂ ਜਿਵੇਂ ਕੋਈ ਕਾਰੀਗਰ ਆਪਣੀਆਂ ਕਲਾਕ੍ਰਿਤਾਂ ਉਲੀਕਦਾ ਜਾਂਦਾ ਹੈ, ਤਿਉਂ ਤਿਉਂ ਉਨ੍ਹਾਂ ਅੰਦਰ ਨਿਖਾਰ ਪਨਪਦਾ ਜਾਂਦਾ ਹੈ। ਉਸਦੀ ਇਕ ਰਚਨਾ ਦਾ ਰੂਪ ਦੇਖੋ ÷
ਮੇਰੇ ਸ਼ਬਦ
ਮੇਰੇ ਸ਼ਬਦ
ਮੇਰੀ ਕਲਮ ਦਾ ਸ਼ਿੰਗਾਰ ਬਣਨ ਤੋਂ ਪਹਿਲਾਂ
ਹਜ਼ਾਰ ਵਾਰ ਸੋਚਦੇ
ਕਿਧਰੇ ਕੋਈ ਵਿਵਾਦ ਨਾ ਹੋ ਜਾਈਏ
ਮੇਰੇ ਅਠਖੇਲੀਆਂ ਕਰਦੇ
ਖਿਆਲਾਂ ਦੀ ਲੜੀ ਨੂੰ
ਇਹ ਆਖ ਖਾਮੋਸ਼ ਕਰ ਦਿੰਦੇ
ਕਿਤੇ ਕੋਈ ਫ਼ਸਾਦ ਨਾ ਹੋ ਜਾਈਏ
ਬਿਆਨਣਾ ਚਾਹੁੰਦੀ ਹਾਂ
ਸਮਕਾਲੀ ਹਲਾਤਾਂ ਨੂੰ
ਪਰ ਚੁੱਪ ਹਾਂ ਕਿ
ਮੁੱਕਦੇ ਸਾਹਾਂ ਦੀ ਮਿਆਦ ਨਾ ਹੋ ਜਾਈਏ
ਉਹ ਮਜ਼ਦੂਰ ਔਰਤਾਂ ਦੀ ਤ੍ਰਾਸਦੀ ਨੂੰ ਕਿਸ ਤਰ੍ਹਾਂ ਸਮਝਦੀ ਹੈ, ਉਸਦੇ ਰਚਨਾ ਦੇ ਰੰਗ ਤੋਂ ਪਤਾ ਲੱਗਦਾ ਹੈ÷
ਸੂਖਮ ਜਿਹੇ ਤਨ ਦੇ ਉੱਤੇ, ਕਿਸੇ ਕਹਿਰ ਕਮਾਇਆ ਬੰਦੇ
ਨਿਕੰਮੇ ਸਾਈਂ ਦੇ ਘਰ ਤੋਰਿਆ, ਜਿੱਥੇ ਜਾਹ ਮੁੱਕੇ ਨਾ ਧੰਦੇ।
ਉਹ ਪੰਜਾਬੀ ਬੋਲੀ, ਪੰਜਾਬੀ ਪਹਿਰਾਵਾ, ਪੰਜਾਬੀ ਵਿਰਸੇ ਨੂੰ ਪਿਆਰ ਕਰਦੀ ਹੋਈ ਆਪਣੇ ਦੇਸ਼ ਵਿਚ ਹੀ ਰਹਿਣਾ ਚਾਹੁੰਦੀ ਹੈ। ਉਹ ਸਮਾਜ ਵਿਚ ਮਰਦ ਦੀ ਪ੍ਰਧਾਨਗੀ ਨੂੰ ਆਪਣੀ ਰਚਨਾ ਵਿਚ ਇਸ ਤਰ੍ਹਾਂ ਪੇਸ਼ ਕਰਦੀ ਹੈ।
ਮੇਰੇ ਬੋਲਣ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ
ਖਾਮੋਸ਼ ਕਰਵਾ ਦਿੰਦੇ ਨੇ ਉਹਦੇ ਨੈਣ
ਮੇਰੀ ਜੀਭ ਨੂੰ ਦਬਾ ਦਿੰਦੀ
ਉਹਦੀ ਗਰਜਵੀਂ ਆਵਾਜ਼
ਮੇਰੀ ਬਾਹਰੀ ਬੋਲਚਾਲ
ਬਣਦੀ ਉਹਦੇ ਸ਼ੱਕ ਦਾ ਸਵਾਲ
ਮੇਰੇ ਰਹਿਣ ਸਹਿਣ ਉੱਤੇ
ਕਿਉਂ ਹੈ ਉਸਦਾ ਅਧਿਕਾਰ
ਕੁਲਵਿੰਦਰ ਦੀ ਇਕ ਹੋਰ ਕਵਿਤਾ ਦਾ ਲਹਿਜਾ ਦੇਖੋ÷
ਕਾਸ਼ ! ਕੋਈ ਅਜਿਹਾ ਮਿਲ ਜੇ
ਬਿਨ ਮਤਲਬੀ ਚਿਹਰਾ ਮਿਲ ਜੇ
ਤਾਹਨੇ ਮਿਹਣੇ ਕੱਸਣ ਨਾਲੋਂ ਤਾਂ
ਦਰਿਆ ਦਿਲ ਕੋਈ ਜੇਰਾ ਮਿਲ ਜੇ
ਹਨੇਰਿਆਂ ਨੂੰ ਚੀਰਨ ਵਾਲਾ
ਉੱਗਦਾ ਨਵਾਂ ਸਵੇਰਾ ਮਿਲ ਜੇ
ਰੁੱਸਿਆ ਤਾਈਂ ਮਨਾਵਣ ਵਾਲਾ
ਖੇੜਿਆਂ ਵਾਲਾ ਵਿਹੜਾ ਮਿਲ ਜੇ
ਬੀਤੇ ਪਲ ਕੋਈ ਮੋੜ ਲਿਆਵੇ
ਕਾਂ ਕਾਂ ਕਰਦਾ ਬਨੇਰਾ ਮਿਲ ਜੇ
ਬੇਗਾਨਿਆਂ ਦੇ ਵਿੱਚ ਰਹਾਂ ਟੋਲਦੀ
ਕਿੱਧਰੇ ਕੋਈ ਜੇ ਮੇਰਾ ਮਿਲ ਜੇ।
ਦੋ ਤਿੰਨ ਸਾਲ ਤੋਂ ਕੁਲਵਿੰਦਰ ਦੀਆਂ ਰਚਨਾਵਾਂ ਅਨੇਕਾਂ ਅਖ਼ਬਾਰਾਂ ਵਿਚ ਛਪ ਰਹੀਆਂ ਹਨ ਜਿਹਨਾਂ ਵਿਚੋਂ ਸਮਾਜ ਵਿਕਲੀ,ਸਾਡੇ ਲੋਕ,ਡੇਲੀ ਹਮਦਰਦ,ਸਾਂਝੀ ਸੋਚ,ਦੁਆਬਾ ਐਕਸਪ੍ਰੈਸ ਦਿਨੋ ਦਿਨ ਬੀਬਾ ਜੀ ਦੀ ਕਲਮ ਨਿਖਰਦੀ ਜਾ ਰਹੀ ਹੈ
ਉਸਨੇ ਕਵਿਤਾਵਾਂ ਤੇ ਕਹਾਣੀਆਂ ਵਿਚ ਯਥਾਰਥ ਨੂੰ ਪੇਸ਼ ਕੀਤਾ ਜੋ ਸਮਾਜ ਵਿਚ ਰਹਿੰਦਿਆਂ ਉਸਨੇ ਅਨੁਭਵ ਕੀਤਾ।ਉਸ ਦੀ ਰਚਨਾ ਜਲਦੀ ਸਮਝ ਆਉਣ ਵਾਲੀ ਤੇ ਅਰਥ ਭਰਪੂਰ ਹੈ। ਰੱਬ ਕਰੇ ਉਹ ਮਿਹਨਤ ਕਰਦੀ ਰਹੇ ਤੇ ਸਾਹਿਤਕ ਖੇਤਰ ਵਿਚ ਆਪਣਾ ਨਾਮ ਰੌਸ਼ਨ ਕਰੇ।
ਰਮੇਸ਼ਵਰ ਸਿੰਘ
ਸੰਪਰਕ-9914880392
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly