(ਸਮਾਜ ਵੀਕਲੀ) ਸੰਨ 1988, ਜਦੋਂ ਪੰਜਾਬ ‘ਚ ਕਈ ਦਿਨ ਬਹੁਤ ਬਾਰਿਸ਼ ਹੋਈ, ਚਾਰੇ ਪਾਸੇ ਜਲ – ਥਲ ਇਕੋ ਜਿਹਾ ਹੋ ਗਿਆ ਤਦ ਕਈ ਦਿਨ ਪਿੰਡਾਂ ਵਿੱਚ ਬਿਜਲੀ ਵੀ ਨਹੀਂ ਆਈ, ਬਾਕੀ ਚੀਜ਼ਾਂ ਬਿਨਾਂ ਤਾਂ ਔਖੇ – ਸੌਖੇ ਸਭ ਦਾ ਸਰ ਗਿਆ, ਪਰ ਅੱਠਵੇਂ ਕੁ ਦਿਨ ਇੱਕ ਸਮੱਸਿਆ ਨੇ ਤਕਰੀਬਨ ਸਾਰਿਆਂ ਨੂੰ ਘੇਰ ਲਿਆ, ਉਹ ਸੀ ਆਟੇ ਦੀ, ਕੁਝ ਕੁ ਪਿੰਡ ਵਾਲਿਆਂ ਦੀ ਕਣਕ, ਗਿਆਨ ਦੀ ਚੱਕੀ ‘ਤੇ ਪਈ ਸੀ ਤੇ ਕੁਝ ਕੁ ਨੇ ਦਾਣੇ ਧੋ – ਸਵਾਰ, ਛੱਟ ਕੇ ਚੱਕੀ ‘ਤੇ ਭੇਜਣ ਲਈ ਤਿਆਰ ਰੱਖੇ ਹੋਏ ਸਨ, ਪਰ ਕਈ ਦਿਨ ਬਿਜਲੀ ਨਾ ਆਉਣ ਕਰਕੇ ਚੱਕੀ ਚੱਲੀ ਨਹੀਂ ਤੇ ਸਭ ਕੁਛ ਧਰਿਆ – ਧਰਾਇਆ ਰਹਿ ਗਿਆ ਸੀ।
ਅੱਠਵੇਂ ਕੁ ਦਿਨ ਜਦ ਥੋੜ੍ਹੇ ਵਕਤ ਮੀਂਹ ਰੁਕਿਆ ਤਦ ਸਭ ਗਿਆਨ ਦੀ ਚੱਕੀ ਵਲ ਗਏ, ਓਧਰ ਗਿਆਨ ਡੱਬਿਆਂ ਨਾਲ ਰੂੰ – ਪਿੰਜਣੀ ਕੋਲ ਖੜ੍ਹਾ ਪਾਣੀ ਕੱਢ ਰਿਹਾ ਸੀ, ਸਭ ਆ ਕੇ ਏਹੀ ਪੁੱਛਦੇ, ਗਿਆਨ ਕੀ ਹਾਲ ਆ…? ਅੱਗੋਂ ਗਿਆਨ ਆਪਣੇ ਸੁਭਾਅ ਮੁਤਾਬਿਕ ਹੱਸਦਾ ਹੋਇਆ ਆਖਦਾ, “ਭਰਾਵਾ ਹਾਲ ਕਾਹਦਾ, ਮੀਹ ਨੇ ਪੂਰਾ ਮੁਲਖ ਨੱਪਿਆ ਪਿਆ, ਦੋ ਕੁ ਦਿਨ ਤਾਂ ਮੈਂ ਵੀ ਆਇਆ ਸੀ ਚੱਕੀ ‘ਤੇ, ਪਰ ਫੇਰ ਜੌਹਲਾਂ ਵਾਲੇ ਚੋਅ ਦਾ ਪਾਣੀ ਗਲ – ਗਲ ਤੱਕ ਚੜ੍ਹਿਆ ਫਿਰਦਾ ਸੀ, ਮੈਂ ਜਦ ਵੀ ਸੈਕਲ ਏਧਰ ਨੂੰ ਤੋਰਨ ਲਗਦਾ ਮੁੰਢੀਰ ਆਖਦੀ, “ਆਜੋ ਬਈਂ ਵੇਖਣ ਚਲੀਏ ਗਿਆਨ ਡੁੱਬਣ ਚੱਲਿਆ…. ਭਰਾਵਾ… ਘਰਦੇ ਸੈਕਲ ਖੋਹ ਕੇ ਤੂੜੀ ਵਾਲੇ ਕੋਠੇ ‘ਚ ਖੜਾ ਕਰਦੇ ਤੇ ਆਖਦੇ ਮੀਂਹ ਵੇਖਲੈ…ਲੈਟ ਤੇ ਹੈ ਨਹੀਂ….ਚੱਕੀ ਤੇ ਜਾ ਕੇ ਕੀ ਕਰਨਾ… ਹੱਥ ਨਾਲ ਘੁੰਮਾਏਗਾ ਬਿਨਾ ਬੱਤੀ ਤੋਂ….”. ਅੱਜ ਸਵੇਰ ਦਾ ਮੀਂਹ ਰੁਕਿਆ, ਚੋਅ ਦਾ ਪਾਣੀ ਥੋੜਾ ਉਤਰਿਆ ਤਾਂ ਭਰਾਵਾ ਘਰਦਿਆਂ ਨੇ ਆਉਣ ਦਿੱਤਾ, ਤੂੰ ਦਸ ਕਿਵੇਂ ਆਂ ..? ਅੱਗਿਓ ਸਭ ਏਹੀ ਆਖਦੇ ਦਾਣੇ ਤੇਰੀ ਚੱਕੀ ‘ਤੇ ਪਏ ਆ ਤੇ ਓਧਰ ਘਰ ਆਟਾ ਮੁੱਕਿਆ ਪਿਆ, ਅੱਗੋਂ ਗਿਆਨ ਵੀ ਹੱਸ ਕੇ ਕਹਿੰਦਾ,”ਜੇ ਲੈਟ ਹੁੰਦੀ ਪਹਿਲਾ ਤਾਂ ਤੇਰਾ ਗਲਾ ਕੱਢ ਦਿੰਦਾ, ਜੇ ਸਰਦਾ ਤਾਂ ਦੋ ਕੁ ਕਿਲੋ ਆਟਾ ਲੈ ਜਾਹ, ਬਾਕੀ ਜਦ ਚੱਕੀ ਚੱਲੂ ਫੇਰ ਲੈ ਜਾਈ, ਦੁਪਹਿਰ ਦੇ ਆਏ ਗਿਆਨ ਨੇ ਸ਼ਾਮ ਤੱਕ ਚੱਕੀ ਤੇ ਪਿਆ ਸਾਰਾ ਆਟਾ ਦੋ – ਦੋ ਕਿੱਲੋ ਕਰਕੇ ਅੱਧੇ ਪਿੰਡ ਦੇ ਦੋ ਡੰਗ ਸਾਰ ਦਿੱਤੇ, ਸਭ ਨੂੰ ਉਮੀਦ ਸੀ ਕਿ ਰਾਤ ਤੱਕ ਬੱਤੀ ਆ ਹੀ ਜਾਉ, ਪਰ ਬੱਤੀ ਤਾਂ ਕੀ ਆਉਣੀ ਸੀ ਰਾਤ ਨੂੰ ਫੇਰ ਮੀਹ ਆ ਗਿਆ,
ਦੂਜੇ ਦਿਨ ਸਵੇਰੇ ਅੱਠ ਕੁ ਵਜੇ ਮੀਹ ਹਟਿਆ, ਸਾਢੇ ਕੁ ਨੌ ਵਜੇ ਗਿਆਨ ਨੇ ਆ ਕੇ ਚੱਕੀ ਖੋਲ੍ਹੀ, ਲੋਕ ਫੇਰ ਆਉਣ ਲੱਗੇ, ਪਰ ਅੱਜ ਗਿਆਨ ਦੇ ਵੀ ਹੱਥ ਖੜ੍ਹੇ ਸਨ, ਚੱਕੀ ‘ਤੇ ਕਣਕ ਦੇ ਗੱਟੇ ਤਾਂ ਬਥੇਰੇ ਪਏ ਸੀ ਪਰ ਆਟਾ ਕਿਲੋ- ਖੰਡ ਵੀ ਨਹੀਂ ਸੀ, ਹਾਂ ਪਰ ਗਿਆਨ ਦੇ ਸੁਭਾਅ ਮੁਤਾਬਿਕ ਓਸ ਦੇ ਚੇਹਰੇ ਤੇ ਓਸ ਦੀਆਂ ਗੱਲਾਂ ‘ਚ ਹਾਸਾ ਜ਼ਰੂਰ ਸੀ, ਓਹ ਸਭ ਨੂੰ ਹੱਸ – ਹੱਸ ਆਖਦਾ, “ਅੱਜ ਭਾਈ ਸ਼ਹਿਰੋ ਡਬਲ – ਰੋਟੀਆਂ ਈ ਲੈ ਆਓ, ਚਾਹ ‘ਚ ਡੋਬ – ਡੋਬ ਖਾਇਓ, ਸਵਾਦ ਬੜੀਆਂ ਲਗਦੀਆਂ ਮੀਹ ਪੈਂਦੇ ‘ਚ…. “
ਦੁਪਹਿਰ ਕੁ ਵੇਲੇ ਸੋਹਣ ਸਿਹੁੰ ਹੁਰਾਂ ਦਾ ਤਲਵਿੰਦਰ ਆ ਗਿਆ ਤੇ ਕਹਿਣ ਲੱਗਾ, “ਗਿਆਨ ਯਾਰ ਕਰਲਾ ਕੁਸ਼, ਅੱਗੋਂ ਗਿਆਨ ਵੀ ਹੱਸਦਿਆਂ ਬੋਲਿਆ, “ਮੇਰੇ ਕੋਲ ਕਿਹੜਾ ਸ਼ਹਿਰੀਆਂ ਵਾਂਗ ਟੈਲੀਫੂਨ ਏ, ਕਿ ਘੰਟੀ ਮਾਰ ਕੇ ਬਿਜਲੀ ਵਾਲਿਆਂ ਨੂੰ ਪੁੱਛਾਂ ਕਿ ਲੈਟ ਕਿੰਨੇ ਵਜੇ ਆਉ….? ਹਾਂ ਤੂੰ ਏਹ ਕੰਮ ਕਰ ਸਕਦਾ, ਟਰੈਕਟਰ ਚੁੱਕ… ਤੇ ਸ਼ਹਿਰ ਜਾ ਕੇ ਪਿੰਡ ਦੀ ਬੱਤੀ ਦੋ ਕੁ ਘੰਟੇ ਲਈ ਚਾਲੂ ਕਰਾਦੇ… ਪਹਿਲਾ ਪੀਹਣ ਤੇਰਾ ਹੀ ਪਾਉਂ ਚੱਕੀ ‘ਚ…” ਅੱਗੋਂ ਤਲਵਿੰਦਰ ਬੋਲਿਆ, “ਤੂੰ ਪੀਹਣ ਪਾ ਮੇਰਾ…ਚੱਕੀ ਤੇਰੀ ਮੈਂ ਚਲਾਉਂਦਾ, ਹਾਸੇ – ਹਾਸੇ ‘ਚ ਤਲਵਿੰਦਰ ਘਰ ਗਿਆ ਤੇ ਟ੍ਰੈਕਟਰ ਲੈ ਆਇਆ, ਬਾਹਰ ਗਿਆਨ ਨੇ ਇਕ ਪੁਲੀ ਘੁਲਾੜੀ ਲਈ ਰੱਖੀ ਹੋਈ ਸੀ, ਤਲਵਿੰਦਰ ਨੇ ਜੁਗਾੜ ਕਰਕੇ ਲੰਮਾਂ ਪਟਾ, ਇਕ ਪਾਸੇ ਓਸ ਪੁਲੀ ਨੂੰ ਤੇ ਦੂਜੇ ਪਾਸੇ ਟਰੈਕਟਰ ਦੀ ਪੁਲ਼ੀ ‘ਤੇ ਚਾੜ੍ਹ ਕੇ ਚੱਕੀ ਚਲਾ ਦਿਤੀ, “ਲੈ ਬਈ ਗਿਆਨ, ਪਾ ਮੇਰਾ ਪੀਹਣ, ਚੱਲ ਗਈ ਤੇਰੀ ਚੱਕੀ,” ਗਿਆਨ ਨੇ ਕਣਕ ਦੇ ਗੱਟਿਆਂ ਦੇ ਢੇਰ “ਚੋ ਸੋਹਣ ਸਿੰਘ ਦੇ ਨਾਂ ਦਾ ਬੋਰਾ ਕੱਢਿਆ ਤੇ ਪਾ ਤਾ ਚੱਕੀ ‘ਚ, ਪਿੱਛੇ ਖੜ੍ਹੇ ਲੰਬੜਾਂ ਦੇ ਛਿੰਦੇ ਨੇ ਆਪਣਾ ਬੋਰਾ ਕੱਢਿਆ ਤੇ ਗਿਆਨ ਵਲ ਇਸ਼ਾਰਾ ਕਰਕੇ ਬੋਲਿਆ, “ਆਹ ਵੀ ਪਾ ਦੇ… ਮੈਂ ਕਹਿ ਦਿੰਨਾ ਤਲਵਿੰਦਰ ਨੂੰ… ,” ਹਸਦੇ ਹਸਦੇ ਗਿਆਨ ਨੇ ਛਿੰਦੇ ਦਾ ਬੋਰਾ ਜਦ ਚੱਕੀ ‘ਚ ਪਾਇਆ ਤਾਂ ਪਿਛੇ ਤਿੰਨ ਜਣੇ ਹੋਰ ਆਪੋ – ਆਪਣੇ ਬੋਰੇ ਕੱਢੀ ਖੜ੍ਹੇ ਸਨ, “ਗਿਆਨ ਆਹ ਵੀ ਫੜੀ…” ਗਿਆਨ ਫੇਰ ਹੱਸਦਾ – ਹੱਸਦਾ ਬੋਲਿਆ, ” ਤਲਵਿੰਦਰ ਨੂੰ ਪੁੱਛ ਵੀ ਲਓ, ਕਿ ਚਲਾਊਗਾ ਹੋਰ ਪੰਦਰਾਂ – ਵੀਹ ਮਿੰਟ ਟ੍ਰੈਕਟਰ… ਕਿਤੇ ਮੈਂ ਤੇਰਾ ਪੀਣ੍ਹ ਚੱਕੀ ‘ਚ ਪਾਵਾਂ ਤੇ ਤਲਵਿੰਦਰ ਪਟਾ ਲਾਹ ਕੇ ਟਰੈਕਟਰ ਲੈ ਕੇ ਘਰ ਜਾ ਵੜ੍ਹੇ…,” ਨੰਗਲੀਏ ਸੇਮ ਨੇ ਤਲਵਿੰਦਰ ਨੂੰ ਆਵਾਜ਼ ਮਾਰੀ , “ਓ ਤਲਵਿੰਦਰਾ…. ਚੱਲਣ ਦੇ ਟਰੈਕਟਰ ਆਪਣਾ ਹੀ ਪੀਹਣ ਪਾਇਆ ਆ ਗਿਆਨ ਨੇ….,” ਦੇਖਾ – ਦੇਖੀ ਚੱਕੀ ‘ਤੇ ਅੱਧੇ ਘੰਟੇ ‘ਚ ਰੌਣਕ ਲੱਗ ਗਈ, ਕ਼ਈ ਚੱਕੀ ‘ਤੇ ਪਈ ਆਪਣੀ ਕਣਕ ਦੇ ਬੋਰੇ ਨਾਮ ਪੜ੍ਹ- ਪੜ੍ਹ ਕੇ ਗਿਆਨ ਵੱਲ ਕਰੀ ਜਾ ਰਹੇ ਸਨ ਤੇ ਕ਼ਈ ਘਰੋਂ ਸਾਈਕਲਾਂ ‘ਤੇ ਕਣਕ ਲੱਦੀ ਚੱਕੀ ਵੱਲ ਆ ਰਹੇ ਸਨ, ਮਹਿੰਦਰ ਸਿਹੁੰ ਦੇ ਵੱਡੇ ਮੁੰਡੇ ਘੋਲੇ ਨੇ ਘਰੋਂ ਡੀਜ਼ਲ ਦਾ ਕੈਨ ਲਿਆ ਕੇ ਟ੍ਰੈਕਟਰ ‘ਚ ਪਾ ਦਿੱਤਾ, ਤੇ ਨਾਲ ਹੀ ਥਾਪੀ ਦੇ ਕੇ ਆਖਿਆ, “ਤਲਵਿੰਦਰਾ ਚਲਣ ਦੇ… ਢੋਲੋਆਲੀਆ ਦੇ ਕੇਬੀ ਨੇ ਡੱਬੇ ‘ਚ ਬਰੋਜਾ ਗਰਮ ਕਰਕੇ ਪਟੇ ਤੇ ਲਾਇਆ…”ਲੈ ਬਈ ਹੁਣ ਨਹੀਂ ਪਟਾ ਕਰਦਾ ਸਲਿੱਪ”…ਓਧਰ ਗਿਆਨ ਇਕ ਦਾ ਬੋਰਾ ਪਾਉਂਦਾ, ਦੂਜੇ ਚਾਰ ਹੋਰ ਤਿਆਰ ਖੜ੍ਹੇ ਹੁੰਦੇ, ਉਲਝਿਆ ਗਿਆਨ ਹੱਸੀ ਵੀ ਜਾਂਦਾ ਤੇ ਕਾਪੀ ‘ਤੇ ਕਣਕ ਦਾ ਤੋਲ ਵੇਖੀ ਵੀ ਜਾਂਦਾ, ਪਰ ਅਖੀਰ ਉਹਨੇ ਕਾਪੀ ਵੀ ਪਾਸੇ ਰਖਤੀ ਤੇ ਹੱਸਦਾ ਬੋਲਿਆ,”ਛੱਡੋ ਅੱਜ ਤੋਲ ਤਲਾਉਣਾ, ਮੈਂ ਉਪਰੋ ਕਣਕ ਪਾਈ ਜਾਨਾ ਤੁਸੀ ਆਪੇ ਅੰਦਾਜ਼ੇ ਨਾਲ ਆਟੇ ਵਾਲਾ ਬੋਰਾ ਚੱਕੀ ਦੀਆ ਕੁੰਡੀਆਂ ਤੋਂ ਲਾਹਉਂਦੇ ਜਾਓ….ਜੇ ਤੋਲ- ਤੁਲਾਈ ਦੇ ਚੱਕਰ ‘ਚ ਪਏ ਰਹੇ ਤਾਂ ਚੱਕੀ ਨਹੀਂ ਸੀ ਚੱਲਣੀ, ਮਸੀਂ – ਮਸੀਂ ਤਲਵਿੰਦਰ ਨੇ ਜੁਗਾੜ ਕੀਤਾ…,” ਕੋਲ ਖੜ੍ਹਾ ਬਾਪੂ ਠੋਲ੍ਹਾ ਸਿਹੁੰ ਬੋਲਿਆ, “ਉਹ ਭਾਈ ਏਸ ਵੇਚਾਰੇ ਦਾ ਵੀ ਸੋਚ ਲਿਓਂ…ਪਿਹਾਈ ਵੀ ਦਿੰਦੇ ਜਾਇਓ… ਕਿਤੇ ਅੱਲੜ੍ਹ ਪਿੰਡੀਏ ਨੂੰ ਅੱਜ ਸੁੱਕਾ ਈ ਨਾ ਮਾਂਜ ਦਇਓ…,ਕੰਮ ਸੌਰ ਰਿਹਾ ਥੋਡਾ ਵੇਚਾਰਾ,” ਬੱਸ ਫੇਰ ਕਿ ਸੀ ਕਿਸੇ ਨੇ ਵੀ ਗਿਆਨ ਨੂੰ ਹਿਸਾਬ ਨਹੀਂ ਪੁੱਛਿਆ, ਆਪੇ ਹੀ ਸਭ ਬੰਨ੍ਹੀ ‘ਤੇ ਪਏ ਗੱਲੇ ‘ਚ ਦਸ…ਵੀਹ…ਤੀਹ ਰੁਪਈਏ ਪਾਉਣ ਲੱਗੇ, ਜਿਸ ਗਰੀਬ ਕੋਲ ਪੈਸੇ ਨਹੀਂ ਵੀ ਸੀ, ਗਿਆਨ ਨੇ ਓਸ ਨੂੰ ਵੀ ਮੰਨ੍ਹਾਂ ਨਹੀਂ ਕੀਤਾ ਸਗੋਂ ਆਵਾਜ਼ ਮਾਰ ਕੇ ਓਸਦੀ ਕਣਕ ਖ਼ੁਦ ਫੜਕੇ ਪੀਹਣ ਲਈ ਚੱਕੀ ‘ਚ ਪਾਈ, ਚੱਕੀ ਦੇ ਖੁੱਲ੍ਹੇ ਵੇਹੜੇ ‘ਚ ਏਨੇ ਕੁ ਸਾਈਕਲ ਖੜ੍ਹੇ ਸਨ ਜਿੰਨੇ ਕੁ ਟਾਂਡੇ ਵਾਲੇ ਸਿਨਮੇ ‘ਚ ਚੰਗੀ ਫਿਲਮ ਲੱਗੀ ਹੋਣ ਤੇ ਖੜੇ ਹੁੰਦੇ…, ਸੁੱਚੂ ਬਾਬਾ ਚਾਹ ਦੀ ਡੋਲਣੀ ਭਰ ਕੇ ਘਰੋਂ ਲੈ ਆਇਆ, ਤੇ ਗਲਾਸ ‘ਚ ਪਾ ਕੇ ਗਿਆਨ ਨੂੰ ਦਿੰਦਿਆਂ ਬੋਲਿਆ, “ਚਾਹ ਵੀ ਪੀ ਲੈ….ਥੱਕ ਨਾ ਜਾਈ ਕਿਤੇ ਗਿਆਨ,” ਓਧਰ ਗੁਰਦਵਾਰੇ ਦਾ ਗ੍ਰੰਥੀ ਸੁਖਦੇਵ ਸਿੰਘ ਵੀ ਸਾਈਕਲ ‘ਤੇ ਕਣਕ ਲੈ ਕੇ ਆ ਗਿਆ ਤੇ ਚੱਕੀ ‘ਤੇ ਲੱਗੀ ਰੌਣਕ ਵੇਖ ਕੇ ਬੋਲਿਆ “ਗਿਆਨ….ਕਦੋ ਕੁ ਤਕ ਚੱਕੀ ਚੱਲੂ,” ਅੱਗੋਂ ਗਿਆਨ ਵੀ ਹੱਸਦਾ ਬੋਲਿਆ, ਜਦੋ ਤੱਕ ਤੁਹਾਡੇ ਪਿੰਡ ਦੇ ਸਭ ਦੇ ਘਰਾਂ ‘ਚ ਦਸ ਕੁ ਦਿਨਾਂ ਦਾ ਖਾਣ ਜੋਗਾ ਆਟਾ ਨਹੀਂ ਹੁੰਦਾ…ਮੀਹ ਦਾ ਕੀ ਪਤਾ ਕਦ ਤਕ ਪੈਣਾ..”, ਗਿਆਨੀ ਸੁਖਦੇਵ ਸਿੰਘ ਬੋਲਿਆ, “ਫੇਰ ਗੁਰਦਵਾਰੇ ਲੌਸਮੈਂਟ ਕਰ ਦਈਏ..ਗਿਆਨ ਹੋਰ ਉੱਚੀ ਹਸਦਿਆਂ ਬੋਲਿਆ,” ਗਿਆਨੀ ਜੀ ਆਹ ਕੰਮ ਤਾਂ ਕਰ ਹੀ ਦਿਓ.. “, ਗਿਆਨੀ ਜੀ ਸਾਈਕਲ ਚੁੱਕਿਆ ਤੇ ਗੁਰਦਵਾਰੇ ਜਾ ਕੇ ਬੈਟਰੀ ਨੂੰ ਚੂੰਡੀਆਂ ਲਾ ਕੇ ਸਪੀਕਰ ‘ਚ ਬੋਲ ਦਿਤਾ, “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ…ਸਭ ਨਗਰ ਨਿਵਾਸੀ ਮਾਈਆਂ – ਭਾਈਆਂ ਨੂੰ ਬੇਨਤੀ ਹੈ ਕਿ ਗਿਆਨ ਦੀ ਚੱਕੀ ਤਲਵਿੰਦਰ ਹੁਰਾਂ ਦੇ ਟਰੈਕਟਰ ਨਾਲ ਚੱਲ ਰਹੀ ਏ , ਜਿਸਨੇ ਵੀ ਕਣਕ ਪਿਹਾਉਣੀ ਹੋਵੇ ਉਹ ਛੇਤੀ ਤੋਂ ਛੇਤੀ ਕਣਕ ਲੈ ਕੇ ਚੱਕੀ ਤੇ ਚਲਾ ਜਾਵੇ ਜੀ…ਮੀਹ ਕਣੀ ਤੇ ਲੈਟ ਦਾ ਕੋਈ ਪਤਾ ਨਹੀਂ ਜੀ…,” ਗੁਰਦਵਾਰੇ ਦੇ ਸਪੀਕਰ ਦੀ ਆਵਾਜ਼ ਆਸ – ਪਾਸ ਦੇ ਦੋ ਕੁ ਹੋਰ ਪਿੰਡਾਂ ਤੱਕ ਵੀ ਪਹੁੰਚ ਗਈ, ਸਭ ਕਣਕ ਲੈ ਕੇ ਗਿਆਨ ਦੀ ਚੱਕੀ ਵੱਲ ਹੋ ਤੁਰੇ, ਗਿਆਨ ਦੀ ਚੱਕੀ ਕਾਹਦੀ ਪੂਰੀ ਰੇਲ ਬਣੀ ਹੋਈ ਸੀ, ਅੱਠ ਘੰਟੇ ਚੱਕੀ ਚੱਲੀ, ਤਲਵਿੰਦਰ ਨੇ ਜਦ ਟਰੈਕਟਰ ਬੰਦ ਕੀਤਾ ਤਾਂ ਟ੍ਰੈਕਟਰ ਦੀ ਟੈਂਕੀ ਤੇਲ ਨਾਲ ਪੂਰੀ ਭਰੀ ਪਈ ਸੀ, ਕਈਆਂ ਨੇ ਆਪਣੇ ਘਰਾਂ ਤੋਂ ਡੀਜ਼ਲ ਲਿਆ ਕੇ ਟ੍ਰੈਕਟਰ ਦੀ ਟੈਂਕੀ ‘ਚ ਪਾ ਦਿਤਾ ਸੀ, ਸਾਰਾ ਪਿੰਡ ਤੇ ਨਾਲ ਦੇ ਦੋ ਪਿੰਡਾ ਦੇ ਘਰਾਂ ‘ਚ ਦਸ ਕੁ ਦਿਨ ਦਾ ਆਟਾ ਹੋ ਚੁੱਕਿਆ ਸੀ, ਓਧਰ ਗਿਆਨ ਨੇ ਇਹ ਨਹੀਂ ਵੇਖਿਆ ਕਿਸ ਦੇ ਪੈਸੇ ਆਏ ਕਿਸ ਦੇ ਨਹੀਂ ਆਏ, ਪਰ ਓਸਦੇ ਚਿਹਰੇ ‘ਤੇ ਅੱਜ ਪਹਿਲੇ ਨਾਲੋਂ ਵੀ ਵੱਧ ਹਾਸਾ,ਖੁਸ਼ੀ ਤੇ ਦਿਲ ਖੁਸ਼ ਕਰ ਦੇਣ ਵਾਲੀਆਂ ਮਸ਼ਕਰੀਆਂ ਕ਼ਈ ਗੁਣਾਂ ਵੱਧ ਸਨ, ਓਸਨੇ ਤਲਵਿੰਦਰ ਨੂੰ ਜੱਫੀ ਪਾ ਕੇ ਕਿਹਾ, “ਲੈ ਬਈ ਤਲਵਿੰਦਰਾ ਤੇਰਾ ਪੀਣ੍ਹ ਸਭ ਤੋਂ ਪਹਿਲਾਂ ਪਾਇਆ ਸੀ ਮੈਂ, ਵਾਅਦਾ ਪੂਰਾ ਕੀਤਾ ਆਪਾਂ…. ਤੇ ਤਲਵਿੰਦਰ ਦੇ ਟ੍ਰੈਕਟਰ ਤੇ ਓਸਦਾ ਆਟੇ ਦਾ ਬੋਰਾ ਰੱਖ ਕੇ ਹੱਸਦਿਆਂ ਓਸਨੂੰ ਤੋਰਿਆ, ਗਿਆਨ ਦੇ ਮੰਨ ‘ਚ ਇੱਕੋ ਤਸੱਲੀ ਸੀ ਕਿ ਅੱਜ ਰੱਬ ਨੇ ਮੌਕੇ ਦੀ ਸੇਵਾ ਲਈ, ਹਨੇਰਾ ਵੀ ਹੋ ਰਿਹਾ ਤੇ ਓਧਰ ਚੜ੍ਹਦੇ ਪਾਸਿਓਂ ਫੇਰ ਬੱਦਲ ਚੜ੍ਹ ਰਹੇ ਸਨ, ਗਿਆਨ ਨੇ ਚੱਕੀ ਦੇ ਦਰਵਾਜੇ ਬੰਦ ਕਰਦਿਆਂ, ਜਿੰਦਰਾ ਲਾਉਂਦਿਆਂ…ਚੱਕੀ ਦੇ ਦਰਵਾਜੇ ਨੂੰ ਮੱਥਾ ਟੇਕਦਿਆਂ ਆਖਿਆ,”ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰ ਖਾਹੀ ਖਾਹਿ॥”
ਜਗਮੋਹਨ ਕੌਰ,
ਬੱਸੀ ਪਠਾਣਾ



