ਦਰੀਆਂ ਬੁਣਨਾ

ਰਾਜਿੰਦਰ ਰਾਣੀ

(ਸਮਾਜ ਵੀਕਲੀ)

ਫੁਲਕਾਰੀ ਵਾਂਗ ਹੀ ਚਾਦਰਾਂ, ਖੇਸ ਤੇ ਦਰੀਆਂ ਪਹਿਲਾਂ ਹੱਥਾਂ ਨਾਲ ਅੱਡੇ ਉੱਪਰ ਹੱਥੇ ਦੀ ਸਹਾਇਤਾ ਨਾਲ ਬੁਣੀਆਂ ਜਾਂਦੀਆਂ ਸਨ। ਹੁਣ ਕੁਝ ਪਿੰਡਾਂ ਨੂੰ ਛੱਡਕੇ ਲਗਪਗ ਬਾਕੀ ਪੰਜਾਬ ਵਿਚ ਦਰੀਆਂ ਤੇ ਖੇਸ ਬੁਣਨ ਦਾ ਕੰਮ ਬੰਦ ਹੀ ਹੋ ਗਿਆ ਹੈ। ਦਰੀਆਂ ਵਿਚ ਫੁਲਕਾਰੀ ਵਾਂਗ ਵੱਖੋ ਵੱਖਰੇ ਡਿਜ਼ਾਇਨ ਪਾਏ ਜਾਂਦੇ ਸਨ। ਮੁਟਿਆਰਾਂ ਦੇ ਦਾਜ ਦਾ ਮਹੱਤਪੂਰਨ ਹਿੱਸਾ ਮੰਨੀਆਂ ਜਾਣ ਵਾਲੀਆਂ ਦਰੀਆਂ ਵਿਚ ਫੁੱਲ-ਬੂਟੀਆਂ, ਪੰਛੀ, ਡੱਬੀਆਂ ਤੇ ਹੋਰ ਕਈ ਪ੍ਰਕਾਰ ਦੇ ਨਮੂਨੇ ਬੁਣੇ ਜਾਂਦੇ ਸਨ, ਪਰ ਅੱਜ ਦੇ ਗੱਦਿਆਂ ਨੇ ਦਰੀਆਂ ਨੂੰ ਪੂਰੀ ਤਰ੍ਹਾਂ ਖੁੰਜੇ ਲਾ ਦਿੱਤਾ ਹੈ।

ਇਸੇ ਤਰ੍ਹਾਂ ਖੇਸ ਤੇ ਚਾਦਰਾਂ ਵੀ ਆਪਣੀ ਜੂਨ ਹੰਢਾ ਚੁੱਕੀਆਂ ਜਾਪਦੀਆਂ ਹਨ। ਖੇਸ ਵੀ ਸੂਤ ਨਾਲ ਅੱਡੇ ਜਾਂ ਖੱਡੀ ਉੱਪਰ ਬੁਣਕੇ ਤਿਆਰ ਕੀਤਾ ਜਾਂਦਾ ਸੀ। ਜਦੋਂ ਕਦੇ ਕਿਸੇ ਮੁਟਿਆਰ ਦਾ ਵਿਆਹ ਨੇੜੇ ਆ ਜਾਂਦਾ ਸੀ ਤਾਂ ਸਾਰੀਆਂ ਔਰਤਾਂ ਮਿਲਕੇ ਖੇਸ ਦੇ ਬੰਬਲ ਵੱਟਦੀਆਂ ਸਨ। ਕਪਾਹ ਤੋਂ ਰੂੰ ਅਲੱਗ ਤੇ ਵੇਲਣੇ ਦੀ ਮੱਦਦ ਨਾਲ ਵੜੇਵੇਂ ਅਲੱਗ ਕੀਤੇ ਜਾਂਦੇ ਸਨ।ਰੂੰ ਨੂੰ ਪਿੰਜ ਕੇ ਪਹਿਲਾਂ ਰੂੰ ਦੀਆਂ ਕੰਨੇ ਦੀ ਮੱਟੀ ਨਾਲ ਪੂਣੀਆਂ ਵੱਟੀਆਂ ਜਾਂਦੀਆਂ ਸਨ।

ਉਨ੍ਹਾਂ ਪੂਣੀਆਂ ਨੂੰ ਸੁਆਣੀਆਂ ਚਰਖੇ ਉੱਪਰ ਕੱਤ ਕੇ ਗਲੋਟੇ ਬਣਾਉਂਦੀਆਂ ਸਨ।ਗਲੋਟਿਆਂ ਨੂੰ ਅਟੇਰਨੇ ਉੱਪਰ ਵਲ ਕੇ ਅੱਟੀਆਂ ਬਣਾਈਆਂ ਜਾਂਦੀਆਂ ਸਨ।ਅਟੇਰਨ ਉੱਪਰ ਰੰਗ ਬਰੰਗਾ ਸੂਤ ਲਪੇਟਿਆ ਬਹੁਤ ਹੀ ਸੋਹਣਾ ਲੱਗਦਾ ਸੀ।ਅਟੇਰਨ ਗਲੋਟਿਆਂ ਤੋਂ ਅੱਟੀਆਂ ਬਣਾਉਣ ਲਈ ਵਰਤਿਆ ਜਾਣ ਵਾਲਾ ਇੱਕ ਲੱਕੜ ਦਾ ਸੰਦ ਹੁੰਦਾ ਸੀ। ਅਟੇਰਨ ਤਿੰਨ ਡੰਡੀਆਂ ਦਾ ਬਣਿਆ ਹੁੰਦਾ ਸੀ।ਇਨ੍ਹਾਂ ਤਿੰਨਾਂ ਡੰਡੀਆਂ ਨੂੰ ਗੂਹੀਆਂ ਆਖਦੇ ਸਨ। ਅਟੇਰਨ ਤੋਂ ਬਾਅਦ ਫਿਰ ਇਨ੍ਹਾਂ ਅੱਟੀਆਂ ਨੂੰ ਊਰੀ ਉੱਪਰ ਚੜ੍ਹਾ ਕੇ ਸੂਤ ਨੂੰ ਊਰੀ ਦੀ ਵਰਤੋਂ ਸੂਤ ਦੀਆਂ ਅੱਟੀਆਂ ਬਨਾਉਣ ਲਈ ਕੀਤੀ ਜਾਂਦੀ ਸੀ।ਇਹ ਗੋਲ ਚਰਖੜੀ ਹੁੰਦੀ ਹੈ।ਇਸ ਦੇ ਉੱਪਰ ਸੂਤ ਦੀਆਂ ਅੱਟੀਆਂ ਚੜ੍ਹਾ ਕੇ ਇਸ ਨੂੰ ਦੂਹਰਾ-ਤੀਹਰਾ ਜਾਂ ਚਾਰ ਲੜਾ ਕਰਕੇ ਦਰੀਆਂ ਬਣਾਉਣ ਲਈ ਤਿਆਰ ਕੀਤਾ ਜਾਂਦਾ ਸੀ।

ਕੱਤੇ ਹੋਏ ਸੂਤ ਨੂੰ ਵੱਖ-ਵੱਖ ਰੰਗਾਂ ਨਾਲ ਰੰਗਿਆ ਜਾਂਦਾ ਸੀ। ਦਰੀਆਂ ਬਣਾਉਣ ਲਈ ਲੱਕੜ ਦੇ ਮੰਜੇ ਦੇ ਵਰਗਾ ਇਕ ਵੱਡਾ ਚੌਰਸ ਢਾਂਚਾ ਬਣਾਇਆ ਜਾਂਦਾ ਸੀ।ਜਿਸ ਨੂੰ ਅੱਡਾ ਆਖਦੇ ਸਨ। ਦਰੀ ਦਾ ਅੱਡੇ ਦੇ ਚਾਰ ਪਾਵਿਆਂ ਨੂੰ ਧਰਤੀ ਵਿੱਚ ਗੱਡ ਕੇ ਅੱਗੇ ਅਤੇ ਪਿਛਲੇ ਪਾਸੇ ਬਾਂਸ ਜਾਂ ਬਾਲੇ ਰੱਸੀ ਨਾਲ ਬੰਨ੍ਹ ਲਏ ਜਾਂਦੇ ਸਨ। ਉਨ੍ਹਾਂ ਉੱਤੇ ਪੁਰਾਣਾ ਕੱਪੜਾ ਵਲ੍ਹੇਟਿਆ ਜਾਂਦਾ ਸੀ, ਤਾਂ ਕਿ ਧਾਗੇ ਨੂੰ ਲੱਕੜੀ ਦੀ ਘਾਸ ਵੱਜ ਕੇ ਟੁੱਟ ਨਾ ਸਕੇ। ਅੱਡੇ ਉੱਪਰ ਚਿੱਟੀ ਰੀਲ ਦੇ ਧਾਗੇ ਨਾਲ ਤਾਣਾ ਪਾਇਆ ਜਾਂਦਾ ਸੀ। ਤਾਣੇ ਦੀਆਂ ਘੁੰਡੀਆਂ ਇੱਕ ਲੋਹੇ ਦੀ ਸੀਖ ਉੱਪਰੋਂ ਦੀ ਪਾਈਆਂ ਜਾਂਦੀਆਂ ਸਨ।ਜਿਸ ਨੂੰ ਤਾਣਾ ਬੰਨ੍ਹਣਾ ਵੀ ਆਖਿਆ ਜਾਂਦਾ ਸਨ। ਲੋਹੇ ਦੀ ਸੀਖ ਅੱਡੇ ਦੇ ਆਸੇ ਪਾਸੇ ਇੱਟਾਂ ਰੱਖ ਕੇ ਉਹਦੇ ਉਪਰ ਰੱਖੀ ਜਾਂਦੀ ਸੀ। ਜਿਸ ਨੂੰ ਉੱਪਰ ਹੇਠ ਕਰਨ ਨਾਲ ਤਾਣਾ ਚਲਦਾ ਅਤੇ ਉਸ ਵਿੱਚੋਂ ਦੀ ਸੂਤ ਦੀਆਂ ਗੁੱਛੀਆਂ ਲੰਘਾਈਆਂ ਜਾਂਦੀਆਂ ਸਨ। ਜਿਸ ਨੂੰ ਸਨ ਆਖਦੇ ਸੀ।

ਦਰੀ ਬਣਾਉਣ ਵੇਲੇ ਦਰੀ ਦੀ ਚੁਰਾਈ ਬਰਾਬਰ ਰੱਖਣ ਲਈ ਪਣਖ ਦੀ ਵਰਤੋਂ ਕੀਤੀ ਜਾਂਦੀ ਸੀ।ਪਣਖ ਇੱਕ ਫੱਟੀ ਜੜੀ ਦੋਨਾਂ ਭਾਗਾਂ ਵਿਚ ਵੰਡੀ ਹੁੰਦੀ ਸੀ। ਹੁੰਦੀ ਸੀ ਜੋ ਦੋਨਾਂ ਪਾਸਿਆਂ ਤੋਂ ਬਰੀਕ ਅਤੇ ਸਿਰਿਆਂ ਤੇ ਕਿੱਲ ਲੱਗੇ ਹੁੰਦੇ ਸਨ। ਇਨ੍ਹਾਂ ਕਿੱਲਾਂ ਨੂੰ ਹੀ ਦਰੀ ਦੇ ਕਿਨਾਰਿਆਂ ਵਿਚ ਫਸਾ ਕੇ ਫੱਟੀਆਂ ਨੂੰ ਆਪਸ ਵਿੱਚ ਬੰਨ੍ਹਿਆ ਜਾਂ ਪੇਚ ਨਾਲ ਕੱਸਿਆ ਜਾਂਦਾ ਸੀ। ਦਰੀ ਨੂੰ ਬਣਾਉਣ ਵਿਚ ਉਂਗਲਾਂ ਅਤੇ ਹੱਥਾਂ ਦੀ ਬਹੁਤ ਕਸਰਤ ਹੁੰਦੀ ਸੀ।ਹੱਥੀਂ ਬਣਾਈਆਂ ਹੋਈਆਂ ਦਰੀਆਂ ਵਧੇਰੇ ਹੰਢਣਸਾਰ ਹੁੰਦੀਆਂ ਸਨ। ਦਰੀਆਂ ਬੁਣਨਾ ਪੰਜਾਬ ਦੀਆਂ ਪੇਂਡੂ ਔਰਤਾਂ ਦਾ ਸ਼ੌਕ ਹੁੰਦਾ ਸੀ। ਦਰੀ ਨੂੰ ਸਹੀ ਤਰ੍ਹਾਂ ਠੋਕਣ ਲਈ ਲੱਕੜ ਦੇ ਪੰਜੇ ਦੀ ਵਰਤੋਂ ਕੀਤੀ ਜਾਂਦੀ ਸੀ।

ਪੰਜਾ ਉਸ ਨੂੰ ਇਸ ਲਈ ਬੋਲਿਆ ਜਾਂਦਾ ਸੀ ਕਿ ਹੱਥ ਦੇ ਪੰਜੇ ਵਰਗਾ ਹੁੰਦਾ ਸੀ। ਜਿਸ ਵਿਚ ਪੰਜ ਜਾਂ ਸੱਤ ਕਿੱਲ ਲੱਗੇ ਹੁੰਦੇ ਸਨ।ਹੱਥੀ ਵਾਲੇ ਇਸ ਪੰਜੇ ਨੂੰ ਸੁਆਣੀਆਂ ਘੁੰਗਰੀਆਂ ਵੀ ਬੰਨ੍ਹ ਲੈਂਦੀਆਂ ਸਨ। ਦਰੀ ਨੂੰ ਠੋਕਣ ਵੇਲੇ ਇਨ੍ਹਾਂ ਦੀ ਆਵਾਜ਼ ਬਹੁਤ ਹੀ ਖੂਬਸੂਰਤ ਰਾਗ ਪੈਦਾ ਕਰਦੀ ਸੀ।ਦਰੀਆਂ ਦੇ ਸੂਤ ਉਪਰ ਸੁਆਣੀਆਂ ਬਹੁਤ ਮਿਹਨਤ ਕਰਦੀਆਂ ਸਨ।ਕਪਾਹ ਚੁਗ, ਸੁਕਾ ਕੇ ਪਿੰਜਣੀ ਫਿਰ ਇਸ ਦਾ ਸੂਤ ਕੱਤ ਕੇ ਉਸ ਨੂੰ ਚਾਰ ਤੰਦੀ ਕਰਕੇ ਰੰਗ ਰੰਗਿਆ ਜਾਂਦਾ ਸੀ।ਪਹਿਲਾਂ ਜਦੋਂ ਰੰਗ ਨਹੀਂ ਸਨ ਮਿਲਦੇ ਤਾਂ ਕਿੱਕਰ ਦੇ ਸੱਕਾਂ ਦਾ ਸੂਤ ਨੂੰ ਰੰਗ ਚਾਰਿਆ ਜਾਂਦਾ ਸੀ।

ਰੰਗ ਵਿਚ ਥੋੜ੍ਹਾ ਜਿਹਾ ਮੋਟਾ ਲੂਣ ਪਾਇਆ ਜਾਂਦਾ ਸੀ। ਜਿਸ ਨਾਲ ਰੰਗ ਪੱਕਾ ਰਹਿੰਦਾ ਸੀ। ਸੂਤ ਨੂੰ ਰੰਗ ਚਾਡ਼੍ਹਣ ਸਮੇਂ ਚਿੱਟੇ ਰੱਖੇ ਹੋਏ ਸੂਤ ਨੂੰ ਟੀਨੋਪਾਲ ਵੀ ਲਾਈ ਜਾਂਦੀ ਸੀ।ਰੰਗ ਕਰਨ ਤੋਂ ਬਾਅਦ ਕਈ ਸੁਆਣੀਆਂ ਠੰਢੀ ਸੁਆਹ ਵਿੱਚ ਸੂਤ ਨੂੰ ਦੱਬ ਦਿੰਦੀਆਂ ਸਨ ਤਾਂ ਕਿ ਰੰਗ ਹੋਰ ਪੱਕਾ ਹੋ ਸਕੇ।ਕਈ-ਕਈ ਦਿਨ ਸੂਤ ਦੀਆਂ ਅੱਟੀਆਂ ਲੱਛੇ ਸੁੱਕਦੇ ਰਹਿੰਦੇ ਸਨ।ਜਦੋਂ ਬਾਜ਼ਾਰਾਂ ਵਿਚੋਂ ਵੱਖ- ਵੱਖ ਰੰਗ ਮਿਲਣੇ ਸ਼ੁਰੂ ਹੋਏ ਤਾਂ ਦੋ ਕਿੱਲੋ ਸੂਤਰ ਨੂੰ ਪਾਈਆ-ਪਾਈਆ ਕਰ ਕੇ ਚਾਰ ਰੰਗ ਨਾਲ ਰੰਗਿਆ ਜਾਂਦਾ ਸੀ। ਇਕ ਦਰੀ ਨੂੰ ਪਾਇਆ ਚਿੱਟਾ ਤਾਣਾ ਅਤੇ ਦੋ ਕਿੱਲੋ ਸੂਤਰ ਲੱਗਦਾ ਹੁੰਦਾ ਸੀ।ਦਰੀ ਦੀ ਚੁੜਾਈ ਸਵਾ ਮੀਟਰ ਅਤੇ ਲੰਬਾਈ ਢਾਈ ਮੀਟਰ ਹੁੰਦੀ ਸੀ।

ਦਰੀ ਦੋ ਜਾਣੀਆਂ ਬਣਾਉਂਦੀਆਂ ਸਨ। ਚਾਰ-ਚਾਰ ਉਂਗਲਾਂ ਤਾਣਾ ਚੁੱਕ ਡੋਰੀ ਪਾਈ ਜਾਂਦੀ ਸੀ।ਪਹਿਲਾਂ ਥੋੜ੍ਹੀ ਜਿਹੀ ਦਰੀ ਪੀੜ੍ਹੀ ਜਾਂ ਫੱਟੀ ਤੇ ਬੈਠ ਕੇ ਬਣਾਈ ਜਾਂਦੀ ਫਿਰ ਉਸ ਤੋਂ ਬਾਅਦ ਇੱਕ ਦੋ ਗਿੱਠ ਬਣ ਜਾਂਦੀ ਤਾਂ ਅੱਡੇ ਤੇ ਆਸੇ-ਪਾਸੇ ਇੱਟਾਂ ਰੱਖ ਕੇ ਇਕ ਫੱਟਾ ਰੱਖਿਆ ਜਾਂਦਾ ਸੀ। ਜਿਸ ਉੱਤੇ ਬੈਠ ਕੇ ਦਰੀ ਅੱਗੇ ਬਣਦੀ ਸੀਅੱਜ ਮਸ਼ੀਨੀਕਰਨ ਨੇ ਹੱਥੀਂ ਕਿਰਤ ਕਰਨ ਵਾਲਿਆਂ ਨੂੰ ਵਿਹਲੇ ਕਰ ਦਿੱਤਾ ਹੈ।

ਨੌਜਵਾਨ ਪੀੜ੍ਹੀ ਵੀ ਆਪਣੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ। ਅੱਜ ਲੋੜ ਹੈ ਸਾਨੂੰ ਆਪਣਾ ਸੱਭਿਆਚਾਰ ਤੇ ਵਿਰਸਾ ਸੰਭਾਲਣ ਦੀ ਕਿਉਂਕਿ ਜੋ ਅਸੀਂ ਗੁਆ ਚੁੱਕੇ ਹਾਂ ਉਹ ਤਾਂ ਵਾਪਸ ਨਹੀਂ ਆ ਸਕਦਾ, ਪਰ ਜੋ ਸਾਡੇ ਕੋਲ ਮੌਜੂਦ ਹੈ, ਉਸਨੂੰ ਜ਼ਰੂਰ ਗੁਆਚਣ ਤੋਂ ਬਚਾਇਆ ਜਾ ਸਕਦਾ ਹੈ।ਸਾਡੇ ਪਿੰਡਾਂ ਵਿੱਚ ਰੰਗ ਬਰੰਗੀਆਂ ਦਰੀਆਂ ਅਤੇ ਡੱਬ ਖੜੱਬੇ ਖੇਸ ਚਾਦਰਾਂ ਨਾਲ ਕਿਸੇ ਸਮੇਂ ਆਮ ਹੀ ਘਰਾਂ ਦੇ ਸੰਦੂਕ ਭਰੇ ਹੋਇਆ ਕਰਦੇ ਸੀ। ਪੇਂਡੂੰ ਜੀਵਨ ਦਾ ਮੁੱਖ ਅਧਾਰ ਹੀ ਘਰ ਦਾ ਬਣਿਆ ਸਮਾਨ ਹੋਇਆ ਕਰਦਾ ਸੀ ।ਪੁਰਾਣੇ ਸਮਿਆਂ ਵਿੱਚ ਕੁੜੀ ਦੇ ਦਾਜ ਵਿੱਚ ਦਰੀਆਂ ਦੇਣ ਦਾ ਰਿਵਾਜ ਹੁੰਦਾ ਸੀ। ਕੁੜੀ ਨੂੰ ਵਿਆਹ ਦੇ ਦਾਜ ਵਿੱਚ 11 ਜਾਂ 21 ਦਰੀਆਂ ਸ਼ਗਨ ਵਜੋਂ ਦਿੱਤੀਆਂ ਜਾਂਦੀਆਂ ਸਨ।ਕੁੜੀਆਂ ਪੂਰਾ ਦਿਨ ਦਰੀਆਂ ਬਣਾਉਂਦੀਆਂ ਰਹਿੰਦੀਆਂ ਸਨ।

ਕੁੜੀ ਲਈ ਵਰ ਲੱਭਣ ਵਾਸਤੇ ਵਿਚੋਲੇ ਇਨ੍ਹਾਂ ਚੀਜ਼ਾਂ ਦੀ ਹੀ ਵਡਿਆਈ ਸਿਫਤ ਕਰਦੇ ਸਨ।ਕੁੜੀ ਬਹੁਤ ਹੀ ਸੋਹਣੀ ਕਸੀਦਾ-ਦਾਰੀ ਵੀ ਕਰ ਲੈਂਦੀ ਹੈ।ਇਸੇ ਹੀ ਭਾਵ ਨਾਲ ਕੁੜੀ ਦੀ ਮੰਗਣੀ ਕੀਤੀ ਜਾਂਦੀ ਸੀ।ਅੱਜ ਦੇ ਸਮੇਂ ਵਾਂਗ ਉਨ੍ਹਾਂ ਸਮਿਆਂ ਵਿੱਚ ਕੁੜੀਆਂ ਨੂੰ ਪੜ੍ਹਾਇਆ ਲਿਖਾਇਆ ਨਹੀਂ ਜਾਂਦਾ ਸੀ, ਅਤੇ ਨਾ ਹੀ ਨੌਕਰੀ ਕਰਵਾਈ ਜਾਂਦੀ ਸੀ।ਘਰ ਦੇ ਕੰਮ ਵਿੱਚ ਮਾਹਰ ਬਣਾਇਆ ਜਾਂਦਾ ਸੀ। ਰੋਟੀ-ਟੁੱਕ ਦਰੀਆਂ,ਫੁਲਕਾਰੀਆਂ, ਚਾਦਰਾਂ, ਸਰ੍ਹਾਣੇ, ਸ਼ੀਸ਼ੇ ਤੇ ਮੇਜ਼ ਦੇ ਕਵਰ ਅਤੇ ਝੋਲੇ ਬਣਾਉਣ ਵਿਚ ਕੁੜੀਆਂ ਇਨ੍ਹਾਂ ਕੰਮਾਂ ਦੀਆਂ ਬਹੁਤ ਜ਼ਿਆਦਾ ਮਾਹਰ ਹੁੰਦੀਆਂ ਸਨ।

ਦਰੀਆਂ ਦੀ ਧੋਆ-ਧੁਆਈ ਵੀ ਕਰਨੀ ਕੋਈ ਸੌਖੀ ਗੱਲ ਨਹੀਂ ਹੁੰਦੀ ਸੀ।ਅੱਜ ਕੱਲ੍ਹ ਦੀਆਂ ਮੁਟਿਆਰਾਂ ਕੋਲ ਤਾਂ ਦਰੀਆਂ ਵੀ ਨ੍ਹੀਂ ਚੁੱਕੀਆਂ ਜਾ ਸਕਦੀਆ। ਘਰ ਵਿੱਚ ਜਦੋਂ ਵੀ ਕੋਈ ਪ੍ਰਾਹੁਣਾ ਆਉਂਦਾ ਤਾਂ ਉਸ ਨੂੰ ਮੰਜੇ ਉੱਪਰ ਦਰੀ ਵਿਛਾ ਕੇ ਹੀ ਬਿਠਾਇਆ ਜਾਂਦਾ ਸੀ।ਦਰੀਆਂ ਸੂਤ ਦੀਆਂ ਹੋਣ ਕਰਕੇ ਗਰਮੀਆਂ ਦੇ ਮੌਸਮ ਵਿੱਚ ਬਹੁਤ ਹੀ ਠੰਢੀਆਂ ਲੱਗਦੀਆਂ ਸਨ।ਸਾਡੇ ਘਰ ਮੇਰੀ ਮਾਂ ਨੂੰ ਬਹੁਤ ਸ਼ੌਂਕ ਰਿਹਾ ਦਰੀਆਂ ਬੁਣਨ ਦਾ, ਹੁਣ ਤੱਕ ਦਰੀਆਂ ਬੁਣਦੀ ਰਹੀ। ਦਰੀਆਂ ਸਾਡੇ ਲਈ ਬਹੁਤ ਸਾਂਭ ਸਾਂਭ ਰੱਖਦੀ ਹੈ। ਹੁਣ ਪਿੰਡਾਂ ਵਿੱਚ ਟਾਵੇਂ-ਟਾਵੇਂ ਘਰਾਂ ਚ ਅਜੇ ਵੀ ਦਰੀਆਂ ਵਾਲਾ ਅੱਡਾ ਦੇਖਣ ਨੂੰ ਮਿਲਦਾ ਹੈ।ਪਰ ਦਰੀਆਂ ਬਣਾਉਣ ਵਾਲੀਆਂ ਨਹੀਂ ਲੱਭਦੀਆਂ ਹੋਣ।

ਇਸ ਕਲਾ ਨੂੰ ਜਿਉਂਦਾ ਰੱਖਣ ਦੀ ਹੁਣ ਤਾਂ ਦਰੀਆਂ ਆਰਟ ਗੈਲਰੀਆਂ,ਅਜਾਇਬ ਘਰਾਂ ਅਤੇ ਮੇਲਿਆਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਈਆਂ ਹਨ।ਅਸੀਂ ਪੰਜਾਬੀ ਆਪਣੀ ਪੁਰਾਣੀ ਕਿਸੇ ਚੀਜ਼ ਨੂੰ ਸਾਂਭਣ ਪੱਖੋਂ ਬਹੁਤ ਪਿੱਛੇ ਜਾ ਰਹੇ ਹਾਂ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਸਾਡੇ ਬੱਚੇ ਸਾਨੂੰ ਇਹ ਸਵਾਲ ਕਰਨ ਕੇ ਤੁਸੀਂ ਤਾਂ ਆਪਣੇ ਵਿਰਸੇ ਵਿੱਚ ਕਿਸੇ ਚੀਜ਼ ਨੂੰ ਵੀ ਸਾਂਭ ਨਹੀਂ ਸਕੇ।

ਰਾਜਿੰਦਰ ਰਾਣੀ

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸਾਉਣ ਦੀਆਂ ਤੀਆਂ*
Next articleਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ