HOME ਸਕੂਲਾਂ ਵਿੱਚ ਕਿਚਨ ਗਾਰਡਨ ਅਤੇ ਈਕੋ ਕਲੱਬ: ਹਰਿਆਲੀ ਵੱਲ ਇੱਕ ਨਿਵੇਕਲੀ ਪੁਲਾਂਘ

ਸਕੂਲਾਂ ਵਿੱਚ ਕਿਚਨ ਗਾਰਡਨ ਅਤੇ ਈਕੋ ਕਲੱਬ: ਹਰਿਆਲੀ ਵੱਲ ਇੱਕ ਨਿਵੇਕਲੀ ਪੁਲਾਂਘ

ਅਜੇ ਕੁਮਾਰ
     (ਸਮਾਜ ਵੀਕਲੀ)   ਅੱਜ ਦੇ ਸਮੇਂ ਵਿੱਚ ਜਿੱਥੇ ਪ੍ਰਦੂਸ਼ਣ, ਪਲਾਸਟਿਕ ਕੂੜਾ ਤੇ ਘਟਦੀ ਹਰਿਆਲੀ ਵੱਡੀ ਚਿੰਤਾ ਬਣ ਚੁੱਕੇ ਹਨ ਉੱਥੇ ਸਕੂਲਾਂ ਵਿੱਚ ਬਣ ਰਹੇ ਈਕੋ ਕਲੱਬ ਅਤੇ ਕਿਚਨ ਗਾਰਡਨ ਬੱਚਿਆਂ ਲਈ ਇੱਕ ਨਵੀਂ ਉਮੀਦ ਬਣਕੇ ਸਾਹਮਣੇ ਆ ਰਹੇ ਹਨ। ਇਹ ਸਿਰਫ਼ ਬੂਟੇ ਲਗਾਉਣ ਤੱਕ ਸੀਮਿਤ ਨਹੀਂ ਸਗੋਂ ਬੱਚਿਆਂ ਵਿੱਚ ਕੁਦਰਤ ਨਾਲ ਪਿਆਰ, ਸਿਹਤਮੰਦ ਜੀਵਨ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ਕਿਚਨ ਗਾਰਡਨ ਇੱਕ ਜੀਵੰਤ ਲੈਬੋਰਟਰੀ ਵਾਂਗ ਹੁੰਦਾ ਹੈ। ਜਿੱਥੇ ਬੱਚੇ ਕਿਤਾਬਾਂ ਤੋਂ ਬਾਹਰ ਨਿਕਲ ਕੇ ਮਿੱਟੀ ਨਾਲ ਜੁੜਨਾ ਸਿੱਖਦੇ ਹਨ। ਜਦੋਂ ਵਿਦਿਆਰਥੀ ਆਪਣੇ ਹੱਥਾਂ ਨਾਲ ਪਾਲਕ, ਟਮਾਟਰ, ਧਣੀਆਂ, ਮਿਰਚ ਜਾਂ ਹੋਰ ਸਬਜ਼ੀਆਂ ਉਗਾਉਂਦੇ ਹਨ ਤਾਂ ਉਨ੍ਹਾਂ ਵਿੱਚ ਮਿਹਨਤ, ਸਬਰ ਅਤੇ ਕੁਦਰਤ ਦੀ ਮਹੱਤਤਾ ਨੂੰ ਸਮਝਣ ਦੀ ਸੋਚ ਵਿਕਸਤ ਹੁੰਦੀ ਹੈ। ਬੱਚੇ ਇਹ ਵੀ ਜਾਣਦੇ ਹਨ ਕਿ ਰਸਾਇਣਕ ਖਾਦਾਂ ਦੀ ਥਾਂ ਜੈਵਿਕ ਖੇਤੀ ਅਤੇ ਕੰਪੋਸਟ ਖਾਦ ਸਾਡੀ ਸਿਹਤ ਲਈ ਕਿੰਨੀ ਲਾਭਦਾਇਕ ਹੈ। ਈਕੋ ਕਲੱਬ ਵਾਤਾਵਰਣ ਸੰਭਾਲ ਲਈ ਇੱਕ ਅਹਿਮ ਮੰਚ ਬਣ ਚੁੱਕਾ ਹੈ। ਇਸ ਦੇ ਜ਼ਰੀਏ ਬੱਚਿਆਂ ਨੂੰ ਰੁੱਖ ਲਗਾਉਣ, ਪਾਣੀ ਬਚਾਉਣ, ਪਲਾਸਟਿਕ ਤੋਂ ਦੂਰ ਰਹਿਣ ਅਤੇ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਵੱਖ-ਵੱਖ ਗਤੀਵਿਧੀਆਂ, ਜਿਵੇਂ ਬੂਟੇ ਲਗਾਉਣ, ਰੈਲੀਆਂ, ਪੋਸਟਰ ਮੇਕਿੰਗ, ਸਫ਼ਾਈ ਮੁਹਿੰਮਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਪਿਆਰ ਵਧਦਾ ਹੈ। ਕਿਚਨ ਗਾਰਡਨ ਅਤੇ ਈਕੋ ਕਲੱਬ ਬੱਚਿਆਂ ਨੂੰ ਸਿਰਫ਼ ਪੜ੍ਹਾਈ ਤੱਕ ਸੀਮਿਤ ਨਹੀਂ ਰੱਖਦੇ ਸਗੋਂ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਵੀ ਮਦਦ ਕਰਦੇ ਹਨ। ਜਦੋਂ ਬੱਚੇ ਇੱਕ ਛੋਟੇ ਬੀਜ ਨੂੰ ਬੂਟਾ ਬਣਦੇ ਵੇਖਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਕੁਦਰਤ ਲਈ ਸਤਿਕਾਰ ਪੈਦਾ ਹੁੰਦਾ ਹੈ। ਇਹ ਗਤੀਵਿਧੀਆਂ ਬੱਚਿਆਂ ਵਿੱਚ ਟੀਮ ਵਰਕ, ਅਨੁਸ਼ਾਸਨ ਅਤੇ ਸਾਂਝੇ ਕੰਮ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਸੋ ਅੱਜ ਲੋੜ ਹੈ ਕਿ ਹਰ ਸਕੂਲ ਵਿੱਚ ਈਕੋ ਕਲੱਬ ਅਤੇ ਕਿਚਨ ਗਾਰਡਨ ਨੂੰ ਹੋਰ ਵਧਾਇਆ ਜਾਵੇ ਤਾਂ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਵਾਤਾਵਰਣ ਦੀ ਸੰਭਾਲ ਅਤੇ ਸਿਹਤਮੰਦ ਜੀਵਨ ਜਿਉਣ ਦੀ ਸਿੱਖਿਆ ਮਿਲ ਸਕੇ। ਹਰ ਲਗਾਇਆ ਬੂਟਾ ਭਵਿੱਖ ਦੀ ਸੁਰੱਖਿਆ ਹੈ ਅਤੇ ਹਰ ਹਰਿਆਲੀ ਭਰਿਆ ਕੋਨਾ ਸਾਡੀ ਧਰਤੀ ਲਈ ਇੱਕ ਨਵੀਂ ਉਮੀਦ ਹੈ। “ਜੇ ਅਸੀਂ ਅੱਜ ਬੂਟਾ ਲਗਾਵਾਂਗੇ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ਼ ਹਵਾ ਅਤੇ ਸੁੰਦਰ ਵਾਤਾਵਰਣ ਦੇ ਸਕਾਂਗੇ।”
ਅਜੇ ਕੁਮਾਰ  ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਸੱਲੋਮਾਜਰਾ (ਚਮਕੌਰ ਸਾਹਿਬ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਾਰਡ ਨੰਬਰ 14 ਤੋ ਜਨਤਕ ਸੰਘਰਸ਼ਾਂ ਦੀ ਮੋਹਰੀ ਆਗੂ ਸੁਨੀਤਾ ਨੂੰ ਮੁਹੱਲਾ ਨਿਵਾਸੀਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
Next articleਮਾਂ ਦੀ ਖੁਸ਼ਬੂ”