ਖ਼ੁਰਮ ਪਰਵੇਜ਼ ਨੂੰ ਤੁਰੰਤ ਰਿਹਾਅ ਕੀਤਾ ਜਾਵੇ – ਜਮਹੂਰੀ ਅਧਿਕਾਰ ਸਭਾ, ਸ਼੍ਰੋਮਣੀ ਪੰਜਾਬੀ ਦਲ

ਚੰਡੀਗੜ੍ਹ (ਸਮਾਜ ਵੀਕਲੀ) : ਇੱਥੋਂ ਪ੍ਰੈੱਸ ਬਿਆਨ ਜਾਰੀ ਕਰਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਜੰਮੂ-ਕਸ਼ਮੀਰ ਤੋਂ ਮਨੁੱਖੀ ਹੱਕਾਂ ਦੇ ਸਿਰਕੱਢ ਕਾਰਕੁੰਨ ਅਤੇ ਮਨੁੱਖਾਂ ਹੱਕਾਂ ਦੀਆਂ ਜੱਥੇਬੰਦੀਆਂ ਦੇ ਸਾਂਝੇ ਮੰਚ ਜੇ.ਕੇ.ਸੀ.ਸੀ.ਐੱਸ (ਜੰਮੂ-ਕਸ਼ਮੀਰ ਕੁਲੀਸ਼ਨ ਆੱਫ ਸਿਵਿਲ ਸੁਸਾਇਟੀ) ਦੇ ਪ੍ਰੋਗਰਾਮ ਕੁਆਰਡੀਨੇਟਰ ਖੁਰਮ ਪਰਵੇਜ਼ ਨੂੰ ‘ਕੌਮੀ ਜਾਂਚ ਏਜੰਸੀ (ਐੱਨ.ਆਈ.ਏ) ਵੱਲੋਂ ਗਿ੍ਰਫਤਾਰ ਕਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਸ ਨੂੰ ਪੁੱਛਗਿੱਛ ਦੇ ਬਹਾਨੇ ਹਿਰਾਸਤ ਵਿਚ ਲੈ ਕੇ ਗਿ੍ਰਫ਼ਤਾਰ ਕਰ ਲਿਆ ਗਿਆ।

ਖੁਰਮ ਪਰਵੇਜ਼ ਜੇ.ਕੇ.ਸੀ.ਸੀ.ਐੱਸ ਤੋਂ ਇਲਾਵਾ ਏ.ਐੱਫ.ਏ.ਡੀ (ਏਸ਼ੀਅਨ ਫੈਡਰੇਸ਼ਨ ਅਗੇਂਸਟ ਇਨਵੌਲੰਟੀਅਰੀ ਡਿਸਐਪੀਅਰੈਂਸ) ਦੇ ਚੇਅਰਪਰਸਨ ਵੀ ਹਨ। 2006 ਵਿਚ ਕਸ਼ਮੀਰ ਵਿਚ ਮਨੁੱਖੀ ਹੱਕਾਂ ਸੰਬੰਧੀ ਆਵਾਜ਼ ਉਠਾਉਣ ਲਈ ਉਸ ਦੀ ਘਾਲਣਾ ਬਦਲੇ ‘ਰਿਬੌਕ ਹਿਊਮਨ ਰਾਈਟਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ। ਜੰਮੂ ਵਿਚ ਚੋਣਾਂ ਸਮੇਂ ਉਹ ਬਾਰੂਦੀ ਸੁਰੰਗ ਦੀ ਲਪੇਟ ਵਿਚ ਆ ਗਏ ਸਨ ਜਿਸ ਕਾਰਨ ਉਨ੍ਹਾਂ ਦੀ ਇਕ ਲੱਤ ਕੱਟਣੀ ਪਈ ਸੀ।

14 ਸਤੰਬਰ 2016 ਵਿਚ ਖੁਰਮ ਪਰਵੇਜ਼ ਨੂੰ ਯੂ.ਐੱਨ.ਹਿਊਮਨ ਰਾਇਟਸ ਕਾਊਂਸਲ ਦੇ ਸੈਸ਼ਨ ਵਿਚ ਜਨੇਵਾ ਵਿਚ ਬੋਲਣ ਦਾ ਸੱਦਾ ਦਿੱਤਾ ਗਿਆ ਸੀ। ਪਰ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਉਸਨੂੰ ਏਅਰਪੋਰਟ ਉੱਪਰ ਰੋਕ ਲਿਆ ਗਿਆ ਅਤੇ ਗਿ੍ਰਫ਼ਤਾਰ ਕਰ ਲਿਆ। ਉਸ ਨੂੰ 15 ਸਤੰਬਰ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹ ’ਚ ਰੱਖਣ ਤੋਂ ਬਾਦ 30 ਨਵੰਬਰ 2016 ਨੂੰ ਰਿਹਾਅ ਕੀਤਾ ਗਿਆ ਸੀ। ਅਕਤੂਬਰ 2020 ’ਚ ਵੀ ਖ਼ੁਰਮ ਦੀ ਰਿਹਾਇਸ਼ ਅਤੇ ਦਫ਼ਤਰ ਸਮੇਤ ਜੰਮੂ-ਕਸ਼ਮੀਰ ਵਿਚ ਬਹੁਤ ਸਾਰੇ ਕਾਰਕੁੰਨਾਂ ਅਤੇ ਪੱਤਰਕਾਰਾਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਗਈ ਸੀ। ਹੁਣ ਫਿਰ ਉਸ ਨੂੰ ‘ਦਹਿਸ਼ਤਵਾਦੀ ਜਥੇਬੰਦੀਆਂ’ ਨੂੰ ਫੰਡ ਦੇਣ ਦਾ ਇਲਜ਼ਾਮ ਲਗਾ ਕੇ ਇੰਡੀਅਨ ਪੀਨਲ ਕੋਡ ਦੀਆਂ ਸੰਗੀਨ ਧਾਰਾਵਾਂ ਅਤੇ ਯੂ.ਏ.ਪੀ.ਏ ਤਹਿਤ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪਹਿਲਾਂ ਹੀ ਦੇਸ਼ ਦੇ 20 ਦੇ ਕਰੀਬ ਬੁੱਧੀਜੀਵੀ ਅਤੇ ਜਮਹੂਰੀ ਹੱਕਾਂ ਤੇ ਸ਼ਹਿਰੀ ਆਜ਼ਾਦੀਆਂ ਦੇ ਕਾਰਕੁੰਨ ਤਿੰਨ ਸਾਲ ਤੋਂ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿਚ ਡੱਕੇ ਹੋਏ ਹਨ।

ਖ਼ੁਰਮ ਪ੍ਰਵੇਜ਼ ਦੀ ਗਿ੍ਰਫ਼ਤਾਰੀ ਉਸੇ ਸੂਚੀ ਵਿਚ ਇਕ ਹੋਰ ਵਾਧਾ ਹੈ। ਇਹ ਵਿਚਾਰ ਪ੍ਰਗਟਾਵੇ ਅਤੇ ਆਪਣੇ ਸਮਾਜ ਦੇ ਹਿਤਾਂ ਲਈ ਆਵਾਜ਼ ਉਠਾਉਣ ਦੇ ਜਮਹੂਰੀ ਹੱਕ ਉੱਪਰ ਫਾਸ਼ੀਵਾਦੀ ਹਮਲਾ ਹੈ ਅਤੇ ਸਮੂਹ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਇਸ ਦਾ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਪੰਜਾਬੀ ਦਲ ਸੰਜੁਕਤ ਦੇ ਆਗੂਆਂ ਰਮੇਸ਼ ਸਰਸ਼ਾਰ ਜਲੰਧਰੀ, ਯਾਦਵਿੰਦਰ ਦੀਦਾਵਰ, ਵਾਹਦ ਰੇਰੂ ਨੇ ਮੰਗ ਕੀਤੀ ਹੈ ਕਿ ਕੇਂਦਰੀ ਹਕੂਮਤ ਜਮਹੂਰੀ ਹੱਕਾਂ ਤੇ ਸ਼ਹਿਰੀ ਆਜ਼ਾਦੀਆਂ ਦੀ ਲਹਿਰ ਉੱਪਰ ਹਮਲੇ ਬੰਦ ਕਰੇ, ਸਾਰੇ ਝੂਠੇ ਕੇਸ ਵਾਪਸ ਲਏ ਜਾਣ ਅਤੇ ਖ਼ੁਰਮ ਪਰਵੇਜ਼ ਸਮੇਤ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਸਮੂਹ ਬੁੱਧੀਜੀਵੀਆਂ/ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਕ ਦਿਲਾਂ ਦੇ
Next articleਕਿਸਾਨੀ ਸੰਘਰਸ਼ ਦਾ ਇਕ ਸਾਲ ਇਨਕਲਾਬ ਦੇ ਰਾਹ