ਝੂਠੇ ਵਾਅਦੇ ਕਰ ਕੇ ਡਰਾਮੇਬਾਜ਼ੀ ਕਰ ਰਹੇ ਨੇ ਕੇਜਰੀਵਾਲ: ਸੁਖਬੀਰ

ਪਟਿਆਲਾ (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਕੂੜ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਝੂਠੇ ਵਾਅਦੇ ਕਰ ਕੇ ਡਰਾਮੇਬਾਜ਼ੀ ਕਰ ਰਹੇ ਹਨ ਅਤੇ ਪੰਜਾਬੀਆਂ ਨੂੰ ਗੁਮਰਾਹ ਕਰਨਾ ਚਾਹੁੰਦੇ ਹਨ। ਸੁਖਬੀਰ ਅੱਜ ਇੱਥੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਰਿਹਾਇਸ਼ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਆਏ ਸਨ, ਜਿੱਥੇ ਉਨ੍ਹਾਂ ਨੇ ਕਈ ਸਾਬਕਾ ਐੱਮਸੀ ਤੇ ਹੋਰ ਕਾਂਗਰਸੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਤਸੱਲੀ ਹੈ ਕਿ ਹੋਰ ਕੋਈ ਪੰਜਾਬ ਵਿਚ ਜਿੱਤੇ ਜਾਂ ਨਾ ਪਰ ਪਟਿਆਲਾ ਦਿਹਾਤੀ ਤੋਂ ਜਸਪਾਲ ਸਿੰਘ ਜ਼ਰੂਰ ਜਿੱਤੇਗਾ।

ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ-ਇਕ ਅਜਿਹੀ ਪਾਰਟੀ ਹੈ, ਜੋ ਪੰਥ ਤੇ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਬਾਕੀ ਪਾਰਟੀਆਂ ਪੰਜਾਬ ਵਿੱਚ ਝੂਠੇ ਵਾਅਦੇ ਕਰ ਕੇ ਡਰਾਮੇਬਾਜ਼ੀ ਕਰ ਰਹੀਆਂ ਹਨ। ਪੰਜਾਬੀਆਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਐੱਸਵਾਈਐੱਲ ਕੱਢਣ ਲਈ ਸੁਪਰੀਮ ਕੋਰਟ ਵਿਚ ਲਿਖਤੀ ਰੂਪ ’ਚ ਦਿੱਤਾ ਹੈ। ਇਸੇ ਤਰ੍ਹਾਂ ਉਹ ਥਰਮਲ ਪਲਾਂਟ ਬੰਦ ਕਰਨ ਦੀ ਹਮਾਇਤ ਵੀ ਕਰ ਰਹੇ ਹਨ। ਕੇਜਰੀਵਾਲ ਵੀ ਪੰਜਾਬ ਦੇ 111 ਦਿਨਾਂ ਦੇ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਵਾਂਗ ਪੰਜਾਬ ਨਾਲ ਝੂਠੇ ਵਾਅਦੇ ਕਰ ਰਹੇ ਹਨ। ਚੰਨੀ ਨੇ ਪੰਜਾਬ ਦੇ ਲੋਕਾਂ ਨਾਲ ਜਿੰਨੇ ਵੀ ਐਲਾਨ ਕੀਤੇ, ਉਨ੍ਹਾਂ ’ਚੋਂ ਕੋਈ ਵੀ ਪੂਰਾ ਨਹੀਂ ਹੋਇਆ। ਪੰਜਾਬ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਹਨ। ਇਸੇ ਤਰ੍ਹਾਂ ਕੇਜਰੀਵਾਲ ਰੋਜ਼ਾਨਾ ਹੀ ਪੰਜਾਬ ਦੇ ਲੋਕਾਂ ਦੇ ਝੋਲੇ ਵਿਚ ਝੂਠ ਦੀਆਂ ਪੰਡਾਂ ਪਾ ਰਹੇ ਹਨ। ਝੂਠ ਬੋਲਦੇ ਹੋਏ ਉਹ ਬਿਲਕੁਲ ਨਹੀਂ ਝਿਜਕਦੇ। ਇਸ ਮੌਕੇ ਸੁਖਬੀਰ ਨੇ ਹਰਬੰਸ ਸਿੰਘ ਲੰਗ ਤੇ ਹਰਫੂਲ ਸਿੰਘ ਭੰਗੂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਪੀਏਸੀ ਦੇ ਮੈਂਬਰ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮੋਹਨ ਗੇਰਾ, ਸਰਿਤਾ ਗੇਰਾ, ਸੁਭਾਸ਼ ਗਲੇਚਾ, ਅਸ਼ੋਕ ਚਾਵਲਾ, ਸੁਨੀਲ ਮਹਿਤਾ ਤੇ ਹੋਰ ਵੱਖ-ਵੱਖ ਪਾਰਟੀਆਂ ਦੇ ਵਰਕਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ।

ਸ਼ਿਵ ਸੈਨਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ

ਸ਼੍ਰੋਮਣੀ ਅਕਾਲੀ ਦਲ ਅਤੇ ਸ਼ਿਵ ਸੈਨਾ (ਹਿੰਦੁਸਤਾਨ) ਦਾ ਆਪਸ ਵਿਚ ਗੱਠਜੋੜ ਹੋ ਗਿਆ ਹੈ। ਸ਼ਿਵ ਸੈਨਾ ਨੇ ਭਾਵੇਂ ਅਕਾਲੀ ਦਲ ਤੋਂ ਕੋਈ ਸੀਟ ਦੀ ਮੰਗ ਨਹੀਂ ਕੀਤੀ ਪਰ ਉਨ੍ਹਾਂ ਕਿਹਾ ਕਿ ਹਿੰਦੂ-ਸਿੱਖਾਂ ਦੀ ਏਕਤਾ ਲਈ ਇਹ ਗੱਠਜੋੜ ਜ਼ਰੂਰੀ ਹੈ। ਇਹ ਗੱਠਜੋੜ ਬੀਤੀ ਦੇਰ ਰਾਤ ਸ਼ਿਵ ਸੈਨਾ (ਹਿੰਦੁਸਤਾਨ) ਦੇ ਕੌਮੀ ਪ੍ਰਧਾਨ ਪਵਨ ਗੁਪਤਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀਵਾਲਤਾ ਨੂੰ ਹੋਰ ਪਰਪੱਕ ਕਰੇਗਾ। ਪਵਨ ਗੁਪਤਾ ਨੇ ਕਿਹਾ ਕਿ ਉਹ ਅਕਾਲੀ ਦਲ ਤੋਂ ਕਿਸੇ ਸੀਟ ਦੀ ਮੰਗ ਨਹੀਂ ਕਰਦੇ। ਉਹ ਸਿਰਫ ਪੰਜਾਬ ਵਿੱਚ ਅਮਨ-ਸ਼ਾਂਤੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਹਰ ਵਾਰ ਵੱਖਰੇ ਤੌਰ ’ਤੇ ਚੋਣ ਲੜਦੇ ਰਹੇ ਹਨ। ਉਨ੍ਹਾਂ ਨੂੰ ਪੰਜਾਬ ਵਿਚ ਇਕ ਫ਼ੀਸਦੀ ਦੇ ਕਰੀਬ ਵੋਟ ਪੈਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਦਾ ਪੰਜਾਬ ਵਿਚ ਕੋਈ ਅਧਾਰ ਨਹੀਂ ਹੈ, ਇਸ ਕਰਕੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਵਾਰ ਉਨ੍ਹਾਂ ਦੀ ਵੋਟ ਕਾਫੀ ਵਧੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਕ ਇਨ ਇੰਡੀਆ ਤੇ ਆਤਮ-ਨਿਰਭਰ ਭਾਰਤ ਮਹਾਤਮਾ ਗਾਂਧੀ ਦੇ ਸਵਦੇਸ਼ੀ ਅੰਦੋਲਨ ਦੀ ਨਵੀਂ ਪਰਿਭਾਸ਼ਾ: ਅਮਿਤ ਸ਼ਾਹ
Next articleਲੀਡਰੀ