ਮੇਕ ਇਨ ਇੰਡੀਆ ਤੇ ਆਤਮ-ਨਿਰਭਰ ਭਾਰਤ ਮਹਾਤਮਾ ਗਾਂਧੀ ਦੇ ਸਵਦੇਸ਼ੀ ਅੰਦੋਲਨ ਦੀ ਨਵੀਂ ਪਰਿਭਾਸ਼ਾ: ਅਮਿਤ ਸ਼ਾਹ

ਅਹਿਮਦਾਬਾਦ (ਸਮਾਜ ਵੀਕਲੀ):  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਦੀਆਂ ਮੇਕ ਇਨ ਇੰਡੀਆ, ਆਤਮ-ਨਿਰਭਰ ਭਾਰਤ ਅਤੇ ‘ਵੋਕਲ ਫਾਰ’ ਲੋਕਲ ਵਰਗੀਆਂ ਯੋਜਨਾਵਾਂ ਮਹਾਤਮਾ ਗਾਂਧੀ ਵੱਲੋਂ ਚਲਾਏ ਗਏ ਸਵਦੇਸ਼ੀ ਅੰਦੋਲਨ ਦੀਆਂ ਨਵੀਆਂ ਪਰਿਭਾਸ਼ਾਵਾਂ ਹਨ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦੇ ਨਿਰਮਾਣ ਲਈ ਮਹਾਤਮਾ ਗਾਂਧੀ ਵੱਲੋਂ ਅੱਗੇ ਵਧਾਏ ਗਏ ਵਿਚਾਰਾਂ ਨੂੰ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਕਈ ਸਾਲਾਂ ਤੱਕ ਵਿਸਾਰ ਦਿੱਤਾ ਗਿਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਇਕ ਨਵੀਂ ਜ਼ਿੰਦਗੀ ਦਿੱਤੀ। ਸ਼ਾਹ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ ਦੇ ਕੰਧ ਚਿੱਤਰ ਦਾ ਉਦਘਾਟਨ ਕਰਨ ਆਏ ਸਨ। ਜ਼ਿਕਰਯੋਗ ਹੈ ਕਿ ਗਾਂਧੀ ਦੀ ਬਰਸੀ ਨੂੰ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ ਵੱਲੋਂ ਲਗਾਇਆ ਗਿਆ ਕੰਧ ਚਿੱਤਰ ਸਾਬਰਮਤੀ ਨਦੀ ਦੇ ਤੱਟ ’ਤੇ ਇਕ ਕੰਧ ਦੀ ਸ਼ੋਭਾ ਵਧਾਉਂਦਾ ਹੈ। ਇਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਂਦੇ ਗਏ ਕਲਾਕਾਰਾਂ ਨੇ 2975 ਮਿੱਟੀ ਦੇ ਭਾਂਡਿਆਂ ਦੀ ਮਦਦ ਨਾਲ 100 ਵਰਗ ਮੀਟਰ ਦੀ ਐਲੂਮੀਨੀਅਮ ਪਲੇਟ ’ਤੇ ਬਣਾਇਆ ਹੈ। ਇਨ੍ਹਾਂ ਕਲਾਕਾਰਾਂ ਨੂੰ ਇੱਥੇ ਸਿਖਲਾਈ ਦਿੱਤੀ ਗਈ ਸੀ।

ਸ਼ਾਹ ਨੇ ਕਿਹਾ, ‘‘ਮਹਾਤਮਾ ਗਾਂਧੀ ਨੇ ਸਿਰਫ਼ ਦੇਸ਼ ਦੀ ਆਜ਼ਾਦੀ ਖ਼ਾਤਰ ਲੜਾਈ ਨਹੀਂ ਲੜੀ ਬਲਕਿ ਉਨ੍ਹਾਂ ਨੇ ਆਜ਼ਾਦੀ ਮਿਲਣ ਤੋਂ ਬਾਅਦ ਸਵਦੇਸ਼ੀ, ਸੱਤਿਆਗ੍ਰਹਿ, ਸਵੈਭਾਸ਼ਾ, ਸਾਧਨ ਸ਼ੁੱਧੀ, ਅਪਰੀਗ੍ਰਹਿ, ਪ੍ਰਾਰਥਨਾ ਅਤੇ ਸਾਦਗੀ ਰਾਹੀਂ ਦੇਸ਼ ਦੇ ਪੁਨਰਨਿਰਮਾਣ ਦੇ ਤਰੀਕੇ ਵੀ ਸੁਝਾਏ ਸਨ। ਉਨ੍ਹਾਂ ਕਿਹਾ, ‘‘ਮੇਕ ਇਨ ਇੰਡੀਆ, ਆਤਮਨਿਰਭਰ ਭਾਰਤ ਅਤੇ ਵੋਕਲ ਫਾਰ ਲੋਕਲ ਵਰਗੀਆਂ ਕੇਂਦਰ ਦੀਆਂ ਨਵੀਆਂ ਯੋਜਨਾਵਾਂ ਸਵਦੇਸ਼ੀ ਦੀਆਂ ਨਵੀਆਂ ਪਰਿਭਾਸ਼ਾਵਾਂ ਹਨ।’’ ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ‘ਸਵੈਭਾਸ਼ਾ’ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਭਾਰਤੀ ਭਾਸ਼ਾਵਾਂ ਨੂੰ ਉਚਿਤ ਅਹਿਮੀਅਤ ਦੇਵੇਗੀ ਕਿਉਂਕਿ ਜੇਕਰ ਭਾਰਤ ਆਪਣੀਆਂ ਭਾਸ਼ਾਵਾਂ ਤੋਂ ਕੱਟਿਆ ਗਿਆ ਤਾਂ ਉਹ ਆਪਣੇ ਸੱਭਿਆਚਾਰ, ਇਤਿਹਾਸ, ਸਾਹਿਤ ਤੇ ਵਿਆਕਰਨ ਤੋਂ ਵੱਖ ਹੋ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਂਧੀ ਦੀ ਬਰਸੀ ਮੌਕੇ ਹਿੰਦੂ ਮਹਾਸਭਾ ਵੱਲੋਂ ਗੋਡਸੇ ਨੂੰ ਸ਼ਰਧਾਂਜਲੀ
Next articleਝੂਠੇ ਵਾਅਦੇ ਕਰ ਕੇ ਡਰਾਮੇਬਾਜ਼ੀ ਕਰ ਰਹੇ ਨੇ ਕੇਜਰੀਵਾਲ: ਸੁਖਬੀਰ