ਕਾਦਰ ਦੀ ਕੋਮਲ ਕਲਾ : ਤਿਤਲੀ “

(ਸਮਾਜਵੀਕਲੀ)- ਪਿਆਰੇ ਬੱਚਿਓ ! ਤਿਤਲੀ ਕਾਦਰ ( ਪਰਮਾਤਮਾ ) ਦੀ ਕੋਮਲ , ਨਾਜ਼ੁਕ ਤੇ ਹਰਮਨ ਪਿਆਰੀ ਰਚਨਾ ਹੈ , ਜਿਸ ਨੂੰ ਕਿ ਬੱਚੇ , ਬਜ਼ੁਰਗ ਤੇ ਨੌਜਵਾਨ ਹਰ ਕੋਈ ਦੇਖ ਕੇ ਖ਼ੁਸ਼ੀ ਤੇ ਆਨੰਦ ਮਹਿਸੂਸ ਕਰਦਾ ਹੈ । ਜਦੋਂ ਕੁਦਰਤ ਵਿੱਚ ਫੁੱਲਾਂ ਅਤੇ ਸਰ੍ਹੋਂ ਦੇ ਫੁੱਲਾਂ ‘ਤੇ ਬਹਾਰ ਆ ਜਾਂਦੀ ਹੈ ਅਤੇ ਕਣਕਾਂ ਨਿਸਰਨ ਲੱਗਦੀਆਂ ਹਨ ਤਾਂ ਆਲੇ – ਦੁਆਲੇ ਰੰਗ – ਬਿਰੰਗੀਆਂ , ਮਨਮੋਹਕ , ਪਿਆਰੀਆਂ ਤੇ ਨਾਜ਼ੁਕ ਤਿੱਤਲੀਆਂ ਫੁੱਲਾਂ, ਫਸਲਾਂ , ਦਰੱਖਤਾਂ , ਜੜ੍ਹੀਆਂ -ਬੂਟੀਆਂ , ਖੇਤਾਂ , ਪਹਾੜਾਂ ਆਦਿ ਨਜ਼ਦੀਕ ਮੰਡਰਾਉਣ ਲੱਗ ਪੈਂਦੀਆਂ ਹਨ । ਜੋ ਕਿ ਹਰ ਕਿਸੇ ਨੂੰ ਅਨੰਦਿਤ ਕਰਕੇ ਸਕੂਨ ਪ੍ਰਦਾਨ ਕਰਦੀਆਂ ਹਨ ।

ਤਿਤਲੀਆਂ ਦਿਨ ਦੇ ਸਮੇਂ ਉੱਡਦੀਆਂ ਹਨ ਅਤੇ ਫੁੱਲਾਂ ਤੋਂ ਰਸ ਚੂਸਦੀਆਂ ਹਨ ।ਤਿਤਲੀਆਂ ਉੱਤੇ ਕੁਦਰਤ ਨੇ ਕਈ ਰੰਗਾਂ ਦੀ ਕਲਾਕਾਰੀ ਹੋਈ ਹੁੰਦੀ ਹੈ । ਜਿਨ੍ਹਾਂ ਨੂੰ ਅਕਸਰ ਆਮ ਤੌਰ ‘ਤੇ ਦੇਖ ਕੇ ਅਸੀਂ ਕਿਸੇ ਹੋਰ ਚੀਜ਼ ਦੇ ਭੁਲੇਖੇ ਵਿੱਚ ਵੀਂ ਆ ਜਾਂਦੇ ਹਨ । ਇਹ ਇੱਕ ਮਿੱਤਰ ਕੀਟ ਹੈ , ਜਿਸ ਨੂੰ ਕਿ ਅਕਸਰ ਬੱਚੇ ਦੇਖ ਕੇ ਖੁਸ਼ ਹੋ ਜਾਂਦੇ ਹਨ । ਬੱਚਿਓ ! ਵਿਗਿਆਨੀਆਂ ਦਾ ਮੱਤ ਹੈ ਕਿ 39 ਕਰੋੜ ਸਾਲ ਪਹਿਲਾਂ ਧਰਤੀ ‘ਤੇ ਕੀਟ ਪੈਦਾ ਹੋਏ ਸਨ । ਰਿਤੂ ਰਾਜ ” ਬਸੰਤ ” ਦੇ ਆਗਮਨ ਨਾਲ ਹੀ ਰੰਗ – ਬਰੰਗੀਆਂ ਅਤੇ ਚਮਕਦਾਰ ਤਿਤਲੀਆਂ ਵਾਤਾਵਰਨ ਵਿੱਚ ਆਪਣੀ ਛਟਾ ਬਿਖੇਰਨ ਲੱਗ ਪੈਂਦੀਆਂ ਹਨ ਅਤੇ ਇੱਕ ਫੁੱਲ ਤੋਂ ਦੂਸਰੇ ਫੁੱਲ ‘ਤੇ ਮੰਡਰਾਉਣ ਲੱਗ ਪੈਂਦੀਆਂ ਹਨ । ਤਿਤਲੀਆਂ ਆਪਣੇ ਆਸ – ਪਾਸ ਦੇ ਵਾਤਾਵਰਣ ਵਿੱਚ ਕਈ ਮਹੱਤਵਪੂਰਨ ਫ਼ਸਲਾਂ , ਬਨਸਪਤੀ , ਫੁੱਲਾਂ ਆਦਿ ਦੇ ਬੀਜ ਇੱਧਰ ਤੋਂ ਉੱਧਰ ਪਹੁੰਚਾਉਣ ਵਿੱਚ ਬਹੁਤ ਮਹੱਤਵਪੂਰਨ ਤੇ ਜ਼ਿੰਮੇਵਾਰ ਭੂਮਿਕਾ ਨਿਭਾਉਂਦੀਆਂ ਹਨ । ਭੋਜਨ ਦੀ ਵਿਵਸਥਾ ਦੇ ਲਈ ਇੱਕ ਫੁੱਲ ਤੋਂ ਦੂਸਰੇ ਫੁੱਲ ਤੱਕ ਜਾਣ ਸਮੇਂ ਤਿੱਤਲੀ ਪ੍ਰਾਗਣ ਦੀ ਕਿਰਿਆ ਨੂੰ ਵੀ ਅੰਜਾਮ ਦਿੰਦੀ ਹੈ। ਪ੍ਰਾਗਣ ਤੋਂ ਬਾਅਦ ਧਰਤੀ ‘ਤੇ ਨਵੇਂ ਬੀਜ ਬਣਦੇ ਹਨ ਅਤੇ ਨਵੇਂ ਫੁੱਲ ਖਿੜਦੇ ਹਨ । ਇਸ ਤਰ੍ਹਾਂ ਕੁਦਰਤੀ ਤੰਤਰ ਨੂੰ ਦਰੁਸਤ ਰੱਖਣ ਲਈ ਸਹਾਇਤਾ ਮਿਲਦੀ ਹੈ। ਤਿਤਲੀ ਦੇ ਅੰਡੇ ਗੋਲਾਕਾਰ ਜਾਂ ਅੰਡਾਕਾਰ ਹੁੰਦੇ ਹਨ ਅਤੇ ਲੱਗਭਗ ਪੰਦਰਾਂ ਦਿਨ ਬਾਅਦ ਇਨ੍ਹਾਂ ਅੱੰਡਿਆਂ ਤੋਂ ਲਾਰਵਾ , ਬਾਅਦ ਵਿੱਚ ਪਿਉਪਾ ਅਤੇ ਫਿਰ ਤਿਤਲੀ ਬਣਦੀ ਹੈ ।

ਬੱਚਿਓ ! ਤਿਤਲੀ ਬਣਨ ਦੀ ਇਹ ਘਟਨਾ ਸਾਨੂੰ ਜੀਵਨ ਵਿੱਚ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਹੈ । ਤਿਤਲੀ ਅਤੇ ਪਤੰਗੇ ਵਿੱਚ ਅੰਤਰ ਹੁੰਦਾ ਹੈ। ਪਤੰਗਾ ਰੇਸ਼ਮ ਦਾ ਕੀੜਾ ਹੁੰਦਾ ਹੈ , ਜੋ ਤਿਤਲੀ ਵਾਂਗ ਲਾਰਵਾ ਪਿਊਪਾ ਤੋਂ ਰੂਪਾਂਤਰਿਤ ਹੋਇਆ ਹੁੰਦਾ ਹੈ । ਪਤੰਗੇ ਅਕਸਰ ਮੋਮਬੱਤੀਆਂ , ਬੱਲਬਾ , ਟਿਊਬ ਲਾਈਟਾਂ ਆਦਿ ਰੌਸ਼ਨੀਆਂ ਵੱਲ ਆਕਰਸ਼ਿਤ ਹੁੰਦੇ ਹਨ , ਪਰ ਇਹ ਵੀ ਖਾਸ ਹੈ ਕਿ ਕੇਵਲ ਨਰ ਪਤੰਗੇ ਹੀ ਰੋਸ਼ਨੀਆਂ ਵੱਲ ਆਕਰਸ਼ਿਤ ਹੁੰਦੇ ਹਨ । ਵੱਖ – ਵੱਖ ਖੇਤਰਾਂ ਵਿੱਚ ਅਲੱਗ – ਅਲੱਗ ਨਸਲਾਂ , ਰੰਗ ਰੂਪ , ਆਕਾਰ – ਪ੍ਰਕਾਰ ਤੇ ਆਕ੍ਰਿਤੀ ਦੀਆਂ ਦੀਆਂ ਤਿੱਤਲੀਆਂ ਦੇਖਣ ਨੂੰ ਮਿਲ ਜਾਂਦੀਆਂ ਹਨ । ਇਨ੍ਹਾਂ ਵਿੱਚੋਂ ਕੁੱਝ ਮੁੱਖ ਕਿਸਮਾਂ ਇਸ ਪ੍ਰਕਾਰ ਹਨ : ਕੇਸਰ – ਏ – ਹਿੰਦ , ਭੂਟਾਨ ਗਲੋਰੀ , ਅਪੋਲੋ , ਲੱਦਾਖ ਬੈਂਡੇਡ ਆਦਿ ਆਦਿ । ਤਿੱਤਲੀਆਂ ਪਰਵਾਸ ਵੀ ਕਰਦੀਆਂ ਹਨ। ਇਹ ਮਹਾਂਦੀਪਾਂ ਦੇ ਇੱਕ ਹਿੱਸੇ ਤੋਂ ਮਹਾਂਦੀਪਾਂ ਦੇ ਦੂਸਰੇ ਹਿੱਸੇ ਤੱਕ ਪੱਤਝੜ ਦੌਰਾਨ ਪ੍ਰਵਾਸ ਕਰਦੀਆਂ ਹਨ । ਤਿਤਲੀਆਂ ਝੀਲਾਂ ਸਮੁੰਦਰਾਂ ਆਦਿ ਨੂੰ ਪਾਰ ਕਰਨ ਤੋਂ ਪਹਿਲਾਂ ਦਰੱਖਤਾਂ ‘ਤੇ ਰਾਤ ਨੂੰ ਆਰਾਮ ਕਰਦੀਆਂ ਹਨ। ਕਈ ਕਰੋੜ ਮੋਨਾਰਕ ਤਿਤਲੀਆਂ ਦਾ ਮੈਕਸੀਕੋ ਦੀਆਂ ਪਹਾੜੀ ਢਲਾਨਾਂ ਨੂੰ ਢੱਕ ਲੈਣਾ ਬੇਨਜ਼ੀਰ ਕੁਦਰਤੀ ਖੂਬਸੂਰਤੀ ਦਾ ਇੱਕ ਸ਼ਾਨਦਾਰ ਨਜ਼ਾਰਾ ਹੈ ਅਤੇ ਦੁਨੀਆ ਦੀ ਅਜਿਹੀ ਅਦਭੁੱਤ ਘਟਨਾ ਹੈ ਜੋ ਹੋਰ ਕਿਧਰੇ ਮੌਜੂਦ ਨਹੀਂ ਹੈ ।

ਪੂਰਬ – ਉੱਤਰ ਰਾਜਾਂ ਵਿੱਚ ਤਿਤਲੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਮੌਜੂਦ ਹਨ । ਤਿਤਲੀਆਂ ਦੀ ਇਸ ਖੂਬਸੂਰਤ ਦੁਨੀਆ ਦਾ ਘਟਣਾ ਕੁਦਰਤੀ ਸੁੰਦਰਤਾ ਦੇ ਨਾਲ – ਨਾਲ ਮਨੁੱਖਤਾ ਦੇ ਲਈ ਵੀ ਸਹੀ ਨਹੀਂ । ਅੱਜ ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ , ਕੀਟ ਨਾਸ਼ਕਾਂ – ਨਦੀਨ ਨਾਸ਼ਕਾਂ ਦੀ ਹੋ ਰਹੀ ਵਰਤੋਂ , ਘੱਟ ਰਹੀਆਂ ਬੰਜਰ ਜ਼ਮੀਨਾਂ , ਸਫੈਦੇ ਦੇ ਪੌਦਿਆਂ ਦਾ ਘੱਟ ਜਾਣਾ , ਆਵਾਜਾਈ ਦੇ ਸਾਧਨਾਂ ਦਾ ਵਧਣਾ , ਆਵਾਜਾਈ ਦੇ ਸਾਧਨਾਂ ਦੀ ਵਧੇਰੇ ਵਰਤੋਂ , ਵਧ ਰਿਹਾ ਪ੍ਰਦੂਸ਼ਣ ਆਦਿ ਕਈ ਕਾਰਨਾਂ ਕਰਕੇ ਤਿਤਲੀਆਂ ਦੀ ਜਨਣ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਤੇ ਇਨ੍ਹਾਂ ਦੀ ਸੰਖਿਆ ਘਟ ਸਕਦੀ ਹੈ । ਪਿਆਰੇ ਬੱਚਿਓ ! ਸਾਨੂੰ ਤਿਤਲੀਆਂ ਦੀ ਹਿਫਾਜ਼ਤ ਲਈ ਵਰਤੋਂ ਵੱਧ ਤੋਂ ਵੱਧ ਫੁੱਲ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਆਲੇ – ਦੁਆਲੇ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਤਿਤਲੀਆਂ ਨੂੰ ਛੁੂਹਣ ਜਾਂ ਪਕੜਨ ਤੋਂ ਬਚਣਾ ਚਾਹੀਦਾ ਹੈ ।

                                                                                                         ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਜਣਾ ਕੇਂਦਰ ਵੱਲੋਂ ਜਰਮਨ ਦੇ ਰਾਜ-ਕਵੀ ਰਾਜਵਿੰਦਰ ਸਿੰਘ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ
Next articleਭਾਰਤ ਦੀ ਅਫਗਾਨੀਸਤਾਨ ਨੂੰ ਮਦਦ ਇੱਕ ਪੇ੍ਰਣਾ ਦਾਇਕ ਕਦਮ