ਭਾਰਤ ਦੀ ਅਫਗਾਨੀਸਤਾਨ ਨੂੰ ਮਦਦ ਇੱਕ ਪੇ੍ਰਣਾ ਦਾਇਕ ਕਦਮ

HARPREET SINGH BRAR

(ਸਮਾਜਵੀਕਲੀ)- ਭਾਰਤ ਨੇ ਮਨੁੱਖੀ ਮਦਦ ਦੇ ਰੂਪ `ਚ 1.6 ਟਨ ਜੀਵਨ ਰੱਖਿਅਕ ਦਵਾਈਆਂ ਅਫਗਾਨੀਸਤਾਨ ਭੇਜੀਆਂ ਹਨ। ਇਹਨਾ ਦਵਾਈਆਂ ਨੂੰ ਕਾਬੁਲ `ਚ ਵਿਸ਼ਵ ਸਿਹਤ ਸੰਗਠਨ ਦੇ ਨੁੰਮਾਇੰਦਿਆਂ ਦੇ ਹਵਾਲੇ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਇੰਦਰਾ ਗਾਂਧੀ ਬਾਲ ਹਸਪਤਾਲ ਵੱਲੋਂ ਵੰਡਿਆ ਜਾਵੇਗਾ। ਭਾਰਤ ਨੇ 50 ਹਜਾਰ ਟਨ ਕਣਕ ਭੇਜਣ ਦਾ ਵਾਅਦਾ ਵੀ ਕੀਤਾ ਹੈ। ਇਹ ਇਕ ਬਹੁਤ ਅਹਿਮ ਘਟਨਾਕ੍ਰਮ ਹੈ।ਜਦੋਂ ਲੰਘੀ 15 ਅਗਸਤ ਨੂੰ ਤਾਲਿਬਾਨ ਨੇ ਕਾਬੁਲ `ਤੇ ਕਬਜ਼ਾ ਕੀਤੀ ਸੀ, ਉਦੋਂ ਤੋਂ ਹੀ ਬਹੁਤ ਦਿਨਾਂ ਤਂਕ ਤਲਖੀ ਵਾਲਾ ਮਾਹੌਲ ਰਿਹਾ ਸੀ।ਵਿਸ਼ਵ ਬਿਰਾਦਰੀ ਦੀ ਨਜਰ ਇਸ ਗੱਲ `ਤੇ ਸੀ ਕਿ ਭਾਰਤ ਦੀ ਕੀ ਪ੍ਰਤੀਕਿਰਅਿਾ ਹੋਵੇਗੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਬੰਧਾ ਦਾ ਭਵਿੱਖ ਕੀ ਹੋਵੇਗਾ? ਇਸ ਮਾਹੌਲ `ਚ ਕੁਝ ਬਦਲਾਅ ਆਉਂਦਾ ਨਜਰ ਆ ਰਿਹਾ ਹੈ।ਦੱਸਣਯੋਗ ਹੈ ਕਿ ਹੋਰ ਖੇਤਰੀ ਦੇਸ਼ ਜਿਵੇਂ ਰੂਸ, ਮੱਧ ਏਸ਼ੀਆ ਆਦਿ ਤਾਲਿਬਾਨ ਦੇ ਲਗਾਤਾਰ ਸੰਪਰਕ ਵਿਚ ਹਨ।

ਤਾਲਿਬਾਨ ਨੇ ਵਾਰ ਵਾਰ ਇਹੋ ਕਿਹਾ ਹੈ ਕਿ ਦੱਖਣ ਏਸ਼ੀਆਈ ਦੇਸ਼ਾਂ ਅਤੇ ਹੋਰ ਗੁਆਂਢੀ ਮੁਲਕਾਂ ਸਮੇਤ ਪੂਰੀ ਦੂਨੀਆਂ ਨੇ ਨਾਲ ਉਹ ਚੰਗੇ ਸਬੰਧ ਰੱਖਣਾ ਚਾਹੁੰਦਾ ਹੈ। ਅਤੇ ਨਾਲ ਹੀ ਉਹ ਕਿਸੇ ਵੀ ਦੇਸ਼ ਦੇ ਖਿਲਾਫ ਅਫਗਾਨੀਸਤਾਨ ਦੀ ਧਰਤੀ ਦਾ ਇਸਤੇਮਾਲ ਨਹੀਂ ਹੋਣ ਦੇਵੇਗਾ।ਭਾਰਤ ਲੰਮੇ ਸਮੇਂ ਤੋਂ ਅਫਗਾਨੀਸਤਾਨ `ਚ ਕਈ ਵਿਕਾਸ ਯੋਜਨਾਵਾਂ ਚਲਾਉਂਦਾ ਰਿਹਾ ਹੈ, ਉਨ੍ਹਾਂ ਨੂੰ ਲੈਕੇ ਵੀ ਖਦਸ਼ੇ ਵਾਲੇ ਹਲਾਤ ਹਨ। ਪਰ ਪਿਛਲੇ ਮਹੀਨੇ ਦਿੱਲੀ `ਚ ਰੂਸ, ਮੱਧ ਏਸ਼ੀਆ ਅਤੇ ਕੁਝ ਹੋਰ ਦੇਸ਼ਾਂ ਦੀ ਗੱਲਬਾਤ ਤੋਂ ਬਾਅਦ ਰਾਹਤ ਦੇਣ ਵਾਲੇ ਸੰਕੇਤ ਮਿਲ ਰਹੇ ਹਨ।

ਭਾਰਤੀ ਕੂਟਨੀਤੀ ਦੇ ਰਵੱਈਏ `ਚ ਇਹ ਸਮਝ ਆਈ ਹੈ ਕਿ ਭਾਰਤ ਨੂੰ ਅਫਗਾਨੀਸਤਾਨ ਦੀ ਜਨਤਾ ਛੱਡਣਾ ਨਹੀਂ ਚਾਹੀਦੀ, ਇਹ ਸੱਚ ਹੈ ਕਿ ਅਫਗਾਨ ਜਨਤਾ ਦਰਮਿਆਨ ਭਾਰਤ ਦੀ ਇਕ ਸਕਰਾਤਮਕ ਅਤੇ ਭਰੋਸੇਯੋਗ ਛਵੀ ਬਰਕਰਾਰ ਰੱਖਣਾ ਬਹੁਤ ਜਰੂਰੀ ਹੈ। ਇਸੇ ਦ੍ਰਿਸ਼ਟੀਕੋਣ ਨਾਲ ਦਵਾਈਆਂ ਭੇਜੀਆਂ ਜਾ ਰਹੀਆਂ ਹਨ।ਅੱਗੇ ਕਰੋਨਾ ਦੇ ਟੀਕੇ ਵੀ ਮੁਹੱਈਆ ਕਰਵਾਏ ਜਾਣਗੇ। ਹਾਲਾਂਕਿ ਪਾਕਿਸਤਾਨ ਵੱਲੋਂ ਪੈਦਾ ਕੀਤੀਆਂ ਅੜਚਨਾ ਕਾਰਨ ਅਨਾਜ ਦੀ ਸਪਲਾਈ `ਚ ਕੁਝ ਦੇਰੀ ਹੋਈ, ਪਰ ਹੁਣ ਸਪਸ਼ਟ ਹੈ ਕਿ ਕਣਕ ਵੀ ਅਫਗਾਨੀਸਤਾਨ ਪਹੁੰਚ ਹੀ ਜਾਵੇਗੀ। ਅਫਗਾਨੀਸਤਾਨ ਇਕ ਬਹੁਤ ਵੱਡੇ ਮਨੁੱਖੀ ਸੰਕਟ ਦੀ ਦਹਿਲੀਜ਼ `ਤੇ ਹੈ ਅਤੇ ਇਸ ਨਾਲ ਪੂਰੀ ਦੁਨੀਆਂ ਚਿੰਤਤ ਹੈ। ਅਜਿਹੇ `ਚ ਭਾਰਤ ਵੱਲੋਂ ਕੀਤੀ ਗਈ ਪਹਿਲ ਨੂੰ ਦੋ ਤਰ੍ਹਾਂ ਨਾਲ ਦੇਖਣਾ ਚਾਹੀਦਾ, ਇਕ ਸਾਡੀ ਕੂਟਨੀਤਿਕ ਬਿਰਾਦਰੀ `ਚ ਇਹ ਸਪਸ਼ਟਤਾ ਕਿ ਸਾਨੂੰ ਅਫਗਾਨ ਜਨਤਾ ਦਾ ਸਾਥ ਨਹੀਂ ਛੱਡਣਾ ਚਾਹੀਦਾ, ਦੂਜੀ ਗੱਲ ਇਹ ਕਿ ਭਾਂਰਤ ਦੀ ਮਦਦ ਨਾਲ ਭਾਰਤ ਦੇ ਪ੍ਰਤੀ ਤਾਲਿਬਾਨ ਦੇ ਪਹਿਲਾਂ ਦੇ ਰਵੱਈਏ `ਤੇ ਅਸਰ ਵੀ ਪਵੇਗਾ। ਇਸ ਵਾਰ ਸੱਤਾ ਹਾਸਲ ਕਰਨ ਤੋਂ ਬਾਅਦ ਤਾਲਿਬਾਨ ਲਗਾਤਾਰ ਭਾਰਤ ਨੂੰ ਆਪਣੇ ਵਿਕਾਸ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਗੁਜ਼ਾਰਿਸ਼ ਕਰਦਾ ਰਿਹਾ ਹੈ।ਮਾਹਿਰ ਲਗਾਤਾਰ ਇਸ ਗੱਲ `ਤੇ ਜ਼ੋਰ ਦੇ ਰਹੇ ਸਨ ਕਿ ਸਾਨੂੰ ਤਾਲਿਬਾਨ ਦੇ ਨਾਲ ਸੰਪਰਕ ਦਾ ਇਕ ਚੈਨਲ ਬਣਾਉਣਾ ਚਾਹੀਦੈ ਅਤੇ ਗੱਲਬਾਤ ਸਥਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦਾ ਹੈ।

ਅੱਜ ਦੀ ਅਸਲੀਯਤ ਇਹੋ ਹੈ ਕਿ ਤਾਲਿਬਾਨ ਅਫਗਾਨੀਸਤਾਨ ਤੋਂ ਜਾਨਲੇਵਾ ਨਹੀਂ ਹੈ।ਅਹਿਮ ਗੱਲ ਇਹ ਹੈ ਕਿ ਸੰਯੁਕਤ ਰਾਸ਼ਟਰ ,ਵਿਸ਼ਵ ਸਿਹਤ ਸੰਗਠਨ ,ਰੈਡ ਕਰਾਸ ਜਿਹੀਆਂ ਅ਼ੰਤਰਾਸ਼ਟਰੀ ਸੰਸਥਾਵਾਂ ਵੀ ਗੰਭੀਰ ਮਨੁੱਖੀ ਸੰਕਟ ਨੂੰ ਟਾਲਣ ਦੀ ਕੋਸ਼ਿਸ਼ `ਚ ਜੁਟੀਆਂ ਹੋਈਆਂ ਹਨ। ਅਫਗਾਨ ਸਰਕਾਰ ਦੇ ਅਰਬਾਂ ਡਾਲਰ ਵਿਦੇਸ਼ੀ ਮਾਲੀ ਅਦਾਰਿਆਂ ਕੋਲ ਹਨ। ਉਹੀ ਤਾਲਿਬਾਨ ਮੰਗ ਰਿਹਾ ਹੈ, ਪਰ ਹਜੇ ਸ਼ਾਇਦ ਉਹ ਪੈਸਾ ਉਪਲਬਧ ਨਹੀਂ ਹੋ ਸਕੇਗਾ। ਵਿਸ਼ਵ ਬੈਂਕ ਨੇ ਵੀ ਆਪਣੀਆਂ ਕੁਝ ਯੋਜਨਾਵਾ ਨੂੰ ਮੁੜ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਸਹੀ ਤਰੀਕੇ ਨਾਲ ਅੰਤਰਾਸ਼ਟਰੀ ਮਦਦ ਨਹੀਂ ਮਿਲ ਪਾਉਂਦੀ ਹੈ ,ਤਾਂ ਵੱਡੀ ਗਿਣਤੀ `ਚ ਅਫਗਾਨੀ ਜਨਤਾ ਭਿਆਨਕ ਗਰੀਬੀ `ਚ ਚਲੀ ਜਾਵੇਗੀ। ਅਫਗਾਨੀਸਤਾਨ ਦੇ ਅਰਥਚਾਰੇ ਦਾ 21 ਫੀਸਦ ਹਿੱਸਾ ਅੰਤਰਾਸ਼ਟਰੀ ਮਦਦ ਤੋਂ ਹੀ ਆਉਂਦਾ ਹੈ।

ਅੱਜ ਤਾਲਿਬਾਨ ਸ਼ਾਸਨ ਨੂੰ ਕਿਸੇ ਵੀ ਮੁਲਕ ਨੇ ਕੂਟਨੀਤਿਕ ਮਾਨਤਾ ਨਹੀਂ ਦਿੱਤੀ ਹੈ ਅਤੇ ਸੰਯੁਕਤ ਰਾਸ਼ਟਰ ਵੀ ਉਸਦਾ ਨੁੰਮਾਇੰਦਾ ਨਹੀਂ ਹੈ। ਇਸ ਰਾਜਨੀਤਿਕ ਸੰਕਟ ਦੇ ਕਾਰਨ ਜੋ ਮਨੁੱਖੀ ਸੰਕਟ ਪੈਦਾ ਹੋ ਰਿਹਾ ਹੈ, ਉਸਦਾ ਹੱਲ ਲੱਭਣਾ ਜਰੂਰੀ ਹੈ। ਇਸ ਲਈ ਵਿਸ਼ਵ ਪੱਧਰ `ਤੇ ਇਹ ਸਹਿਮਤੀ ਬਣ ਰਹੀ ਹੈ ਕਿ ਮਨੁੱਖੀ ਅਧਾਰ `ਤੇ ਅੰਤਰਾਸ਼ਟਰੀ ਬਿਰਾਦਰੀ ਨੂੰ ਅਫਗਾਨੀਸਤਾਨ ਦੀ ਮਦਦ ਕਰਨੀ ਚਾਹੀਦੀ ਹੈ। ਇਸ ਸੰਦਰਭ `ਚ ਭਾਰਤ ਦੀ ਪਹਿਲ ਸ਼ਲਾਘਾਯੋਗ ਹੈ ਅਤੇ ਇਸ ਨਾਲ ਹੋਰ ਦੇਸ਼ਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ, ਕਿਉਂਕਿ ਦਵਾਈਆਂ ਅਤੇ ਅਨਾਜ ਜਿਹੀਆਂ ਵਸਤਾਂ ਦੀ ਵੰਡ ਅੰਤਰਾਸ਼ਟਰੀ ਸੰਸਥਾਵਾਂ ਦੇ ਹੱਥੋਂ ਹੀ ਹੋਵੇਗੀ।

ਅਜਿਹੇ ਸੰਕੇਤ ਹਨ ਕਿ ਅਪੈੇ੍ਰਲ ਤੱਕ ਅਮਰੀਕਾ ਅਤੇ ਯੁਰੋਪ ਦੇ ਦੇਸ਼ ਤਾਲਿਬਾਨ ਨਾਲ ਸਿੱਧਾ ਰਾਬਤਾ ਕਰਨ ਦੀ ਪ੍ਰਕਿਰਿਆ ਅਪਣਾਉਂਣਗੇ। ਇਨ੍ਹਾਂ ਹਲਾਤਾਂ ਨੂੰ ਦੇਖਦੇ ਹੋਏ ਵੀ ਭਾਰਤ ਦੀ ਪਹਿਲ ਬਹੁਤ ਅਹਿਮ ਹੋ ਜਾਂਦੀ ਹੈ। ਕਿਉਂਕਿ ਅਸੀਂ ਅਫਗਾਨ ਜਨਤਾ ਦੇ ਨਾਲ ਵੀ ਜੁੜੇ ਰਹਾਂਗੇ ਅਤੇ ਤਾਲਿਬਾਨ ਦੇ ਨਾਲ ਸਬੰਧ ਵੀ ਚੰਗੇ ਰਹਿਣਗੇ।ਭਾਰਤ ਨੇ ਸਪਸ਼ਟ ਸੰਕੇਤ ਵੀ ਦੇ ਦਿੱਤੇ ਹਨ ਕਿ ਅਫਗਾਨੀਸਤਾਨ `ਚ ਉਸਦੀ ਪੂਰੀ ਦਿਲਚਸਪੀ ਹੈ। ਅਤੇ ਉਹ ਜੰਗ ਨਾਲ ਪੀੜਤ ਦੇਸ਼ਾਂ ਦੇ ਨਾਲ ਮਿਲ ਕੇ ਅੱਗੇ ਵਧ ਰਿਹਾ ਹੈ। ਅਗਸਤ ਤੋਂ ਹੁਣ ਤੱਕ ਦੇ ਸਮੇਂ `ਤੇ ਨਜਰ ਮਾਰਾਂਗੇ ਤਾਂ ਇਕ ਵੱਡਾ ਫਰਕ ਨਜਰ ਆਉਂਦਾ ਹੈ ,ਭਾਰਤੀ ਹਕੂਮਤ ਦੁਵਿਧਾ ਦੇ ਹਲਾਤਾਂ ਤੋਂ ਬਾਹਰ ਨਿੱਕਲ ਚੁੱਕੀ ਹੈ। ਭਾਰਤ ਮਨੁੱਖੀ ਸਹਾਇਤਾ ਅਤੇ ਵਿਕਾਸ ਯੋਜਨਾਵਾਂ ਪ੍ਰਤੀ ਲਾਮਬੰਦ ਹੰੁਦਾ ਨਜਰ ਆ ਰਿਹਾ ਹੈ।ਫਿਲਹਾਲ ਭਾਰਤ ਦਾ ਸੰਕੇਤ ਇਹ ਹੈ ਕਿ ਅਸੀਂ ਅਫਗਾਨੀਸਤਾਨ ਜਨਤਾ ਦੇ ਨਾਲ ਖੜੇ ਹਾਂ।

ਹਰਪ੍ਰੀਤ ਸਿੰਘ ਬਰਾੜ
ਸਿਹਤ, ਸਿੱਖਿਆ ਅਤੇ ਸਮਾਜਕ ਲੇਖਕ
ਮੇਨ ਏਅਰ ਫੋਰਸ ਰੋਡ,ਬਠਿੰਡਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਦਰ ਦੀ ਕੋਮਲ ਕਲਾ : ਤਿਤਲੀ “
Next articleआई आर ई एफ केंद्रीय कार्यकारिणी की मीटिंग आयोजित