ਕਾਬੁਲ ਹਮਲਾ: ਅਮਰੀਕਾ ਨੇ ਸਾਜ਼ਿਸ਼ਘਾੜੇ ਨੂੰ ਡਰੋਨ ਹਮਲੇ ’ਚ ਮਾਰ ਕੇ ਲਿਆ ਬਦਲਾ

 

  • ਅਮਰੀਕੀ ਨਾਗਰਿਕਾਂ ਨੂੰ ਅਗਲੇ ਕੁਝ ਦਿਨਾਂ ’ਚ ਕੱਢਣ ਦੇ ਯਤਨਾਂ ਨੂੰ ਮੁਸ਼ਕਲ ਸਮਾਂ ਦੱਸਿਆ
  • ਮ੍ਰਿਤਕਾਂ ਦੀ ਗਿਣਤੀ ਵਧ ਕੇ 183 ਹੋਈ

ਵਾਸ਼ਿੰਗਟਨ (ਸਮਾਜ ਵੀਕਲੀ); ਅਮਰੀਕਾ ਨੇ ਅਫ਼ਗਾਨਿਸਤਾਨ ਦੇ ਨਾਂਗਹਾਰ ਸੂਬੇ ’ਚ ਡਰੋਨ ਹਮਲਾ ਕਰਕੇ ਇਸਲਾਮਿਕ ਸਟੇਟ ਖੁਰਾਸਾਨ ਦੇ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਕਾਬੁਲ ਦੇ ਹਵਾਈ ਅੱਡੇ ਉਪਰ ਹੋਏ ਹਮਲੇ ਦੀ ਸਾਜ਼ਿਸ਼ ਘੜੀ ਸੀ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਹਮਲੇ ਦਾ ਬਦਲਾ ਲੈਣ ਦੇ ਕੀਤੇ ਵਾਅਦੇ ਦੇ ਇਕ ਦਿਨ ਅੰਦਰ ਹੀ ਇਹ ਹਵਾਈ ਹਮਲਾ ਕੀਤਾ ਗਿਆ ਹੈ। ਉਧਰ ਬਾਇਡਨ ਦੀ ਕੌਮੀ ਸੁਰੱਖਿਆ ਟੀਮ ਨੇ ਕਿਹਾ ਹੈ ਕਿ ਕਾਬੁਲ ’ਚ ਇਕ ਹੋਰ ਦਹਿਸ਼ਤੀ ਹਮਲਾ ਹੋ ਸਕਦਾ ਹੈ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਮੁਤਾਬਕ ਕਾਬੁਲ ’ਚੋਂ ਲੋਕਾਂ ਨੂੰ ਕੱਢਣ ਦਾ ਮਿਸ਼ਨ ਅਗਲੇ ਕੁਝ ਦਿਨਾਂ ਲਈ ਬਹੁਤ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਕਾਬੁਲ ’ਚ ਹੋਏ ਧਮਾਕਿਆਂ ਦੌਰਾਨ 13 ਅਮਰੀਕੀ ਸੈਨਿਕਾਂ ਸਮੇਤ 183 ਵਿਅਕਤੀ ਹਲਾਕ ਹੋ ਗਏ ਸਨ। ਇਲਾਮਿਕ ਸਟੇਸਟ ਖੁਰਾਸਾਨ ਨੇ ਕਾਬੁਲ ਦੇ ਹਾਮਿਦ ਕਰਜ਼ਾਈ ਕੌਮਾਂਤਰੀ ਹਵਾਈ ਅੱਡੇ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਸੀ। ਅਮਰੀਕੀ ਸੈਂਟਰਲ ਕਮਾਂਡ ਦੇ ਤਰਜਮਾਨ ਕੈਪਟਨ ਬਿਲ ਅਰਬਨ ਨੇ ਦੱਸਿਆ ਕਿ ਅਮਰੀਕੀ ਫ਼ੌਜ ਨੇ ਮਨੁੱਖ ਰਹਿਤ ਵਾਹਨ ਰਾਹੀਂ ਹਮਲਾ ਕਰਕੇ ਆਪਣੇ ‘ਨਿਸ਼ਾਨੇ’ ਨੂੰ ਫੁੰਡ ਲਿਆ ਹੈ। ਉਸ ਨੇ ਦਾਅਵਾ ਕੀਤਾ ਕਿ ਡਰੋਨ ਹਮਲੇ ’ਚ ਆਮ ਨਾਗਰਿਕਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਬਾਇਡਨ ਨੇ ਕੱਲ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਜ਼ਿਊਂਦਾ ਨਹੀਂ ਛੱਡਣਾ ਚਾਹੁੰਦੇ ਹਨ। ਡਰੋਨ ਰਾਹੀਂ ਕੀਤੇ ਗਏ ਹਮਲੇ ਅਤੇ ਕਾਬੁਲ ਦੇ ਹਾਲਾਤ ਬਾਰੇ ਕੌਮੀ ਸੁਰੱਖਿਆ ਟੀਮ ਨੇ ਰਾਸ਼ਟਰਪਤੀ ਨੂੰ ਜਾਣਕਾਰੀ ਦਿੱਤੀ।

ਇਸ ਮੌਕੇ ਚੋਟੀ ਦੇ ਕਮਾਂਡਰਾਂ ਅਤੇ ਕੂਟਨੀਤਕਾਂ ਸਮੇਤ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀਡੀਓ ਕਾਨਫਰੰਸ ਰਾਹੀਂ ਹਾਜ਼ਰੀ ਭਰੀ। ਉਨ੍ਹਾਂ ਦੱਸਿਆ ਕਿ ਔਖੇ ਹਾਲਾਤ ਦਰਮਿਆਨ ਅਮਰੀਕੀ ਫ਼ੌਜੀ ਲੋਕਾਂ ਨੂੰ ਕੱਢਣ ਦੇ ਇਤਿਹਾਸਕ ਅਪਰੇਸ਼ਨ ਨੂੰ ਅੰਜਾਮ ਦੇ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਵਿਦੇਸ਼ ਮੰਤਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਅਮਰੀਕੀ ਫ਼ੌਜ ਦੇ ਹਟਣ ਬਾਅਦ ਵੀ ਕੂਟਨੀਤਕ ਕੋਸ਼ਿਸ਼ਾਂ ਜਾਰੀ ਰੱਖ ਕੇ ਅਮਰੀਕੀ ਨਾਗਰਿਕਾਂ ਅਤੇ ਅਫ਼ਗਾਨਾਂ ਨੂੰ ਕੱਢਣ ਦੇ ਯਤਨ ਜਾਰੀ ਰੱਖਣ। ਉਧਰ, ਤਾਲਿਬਾਨ ਨੇ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਲਈ ਇਸ ਨੂੰ ਸੀਲ ਕਰ ਦਿੱਤਾ ਹੈ। ਵਿਦੇਸ਼ੀ ਨਾਗਰਿਕਾਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣ ਲਈ ਉਡਾਣਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਜਬਰ-ਜਨਾਹ ਕਾਂਡ: ਚਾਰ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ
Next articleਚੀਨ-ਅਮਰੀਕਾ ਵਿਚਾਲੇ ਫ਼ੌਜ ਪੱਧਰ ਦੀ ਪਹਿਲੀ ਗੱਲਬਾਤ ਹੋਈ