ਜਲੰਧਰ ’ਚ ਸਭ ਤੋਂ ਵੱਧ ਕਰੋਨਾ ਪੀੜਤ

Coronavirus.

ਜਲੰਧਰ  (ਸਮਾਜਵੀਕਲੀ) – ਕਰੋਨਾਵਾਇਰਸ ਦਾ ਕਹਿਰ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਸ਼ਾਮ ਨੂੰ ਆਈਆਂ ਰਿਪੋਰਟਾਂ ਵਿੱਚ 9 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਲੰਧਰ ਵਿੱਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 78 ਤੱਕ ਪਹੁੰਚ ਗਿਆ ਹੈ। ਇਹ ਅੰਕੜਾ ਪੰਜਾਬ ਵਿੱਚੋਂ ਸਭ ਤੋਂ ਵੱਧ ਹੈ। ਸਿਵਲ ਹਸਪਤਾਲ ਵਿੱਚ ਕੋਵਿਡ-19 ਦੇ ਨੋਡਲ ਅਫ਼ਸਰ ਡਾਕਟਰ ਟੀਪੀ ਸਿੰਘ ਸੰਧੂ ਨੇ 9 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਅੱਜ ਪਾਜ਼ੇਟਿਵ ਆਏ ਕੇਸਾਂ ਵਿੱਚ 4 ਔਰਤਾਂ ਤੇ ਇਨ੍ਹਾਂ ਵਿੱਚੋਂ 6 ਮੀਡੀਆ ਹਾਊਸ ਨਾਲ ਜੁੜੇ ਹੋਏ ਹਨ।

ਅੱਜ ਪਾਜ਼ੇਟਿਵ ਆਏ ਮਰੀਜ਼ਾਂ ਵਿੱਚ ਤਿੰਨ ਰਾਜ ਨਗਰ ਦੀਆਂ ਔਰਤਾਂ ਹਨ, ਜਿਨ੍ਹਾਂ ਦੀ ਉਮਰ 65 ਸਾਲ ਤੇ 20 ਸਾਲ ਹੈ ਤੇ ਇੱਕ ਬੱਚੀ ਦੀ ਉਮਰ 9 ਸਾਲ ਹੈ। ਦੋ ਰਾਜਾ ਗਾਰਡਨ ਮਰਦ ਪਾਜ਼ੇਟਿਵ ਆਏ ਹਨ ਜਿਨ੍ਹਾਂ ਦੀ ਉਮਰ 52 ਸਾਲ ਤੇ 11 ਸਾਲ ਹੈ। ਕਰੋਲ ਬਾਗ ਦਾ ਆਦਮੀ 54 ਸਾਲ, ਬਸਤੀ ਸ਼ੇਖ ਇੱਕ ਲੜਕੀ 22 ਸਾਲ, ਸੰਤ ਨਗਰ ਤੋਂ 67 ਸਾਲ ਅਤੇ ਸਲੇਮਪੁਰ ਮੁਸਲਮਾਨਾ ਤੋਂ 78 ਸਾਲਾ ਵਿਅਕਤੀ ਸ਼ਾਮਲ ਹੈ।

ਹਾਲਾਂਕਿ 222 ਜਣਿਆਂ ਦੀਆਂ ਰਿਪੋਰਟਾਂ ਨੈਗਟਿਵ ਵੀ ਆਈਆਂ ਹਨ। ਸਿਵਲ ਹਸਪਤਾਲ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 653 ਜਣਿਆਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਹੁਣ ਤੱਕ ਸਿਰਫ 7 ਮਰੀਜ਼ ਹੀ ਠੀਕ ਹੋ ਕੇ ਘਰਾਂ ਨੂੰ ਮੁੜੇ ਹਨ। ਜਲੰਧਰ ਵਿੱਚ ਕਰੋਨਾਵਾਇਰਸ ਨਾਲ ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ। ਅੱਜ ਦੀ ਰਿਪੋਰਟ ਅਨੁਸਾਰ ਕਰੋਲ ਬਾਗ ਤੇ ਸਲੇਮਪੁਰ ਨਵੇਂ ਇਲਾਕੇ ਹਨ।

ਉਧਰ ਭਗਤ ਸਿੰਘ ਕਲੋਨੀ ਵਿੱਚ ਇੱਕ ਮਰੀਜ਼ ਦੇ ਪਾਜ਼ੇਟਿਵ ਆਉਣ ਕਾਰਨ ਉਹ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਤੇ ਸਿਹਤ ਵਿਭਾਗ ਦੀਆ ਟੀਮਾਂ ਨੇ ਉਥੇ ਗਲੀਆਂ ਸੀਲ ਕਰ ਦਿੱਤੀਆਂ ਹਨ ਤੇ ਇਲਾਕਾ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਪੈਟਰੋਲ ਪੰਪਾਂ ’ਤੇ ਤੇਲ ਪਾਉਣ ਵਾਲੇ ਕਰਿੰਦੇ ਵੀ ਪੀਪੀਈ ਕਿੱਟਾਂ ਪਾ ਕੇ ਗੱਡੀਆਂ ਵਿੱਚ ਤੇਲ ਪਾ ਰਹੇ ਹਨ। ਹਾਲਾਂਕਿ ਸਿਹਤ ਵਿਭਾਗ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਇਹ ਸਮੁਦਾਇਕ ਫੈਲਾਅ ਨਹੀਂ ਹੋ ਰਹੀ ਜਦਕਿ 12 ਜਣਿਆਂ ਦਾ ਅਜੇ ਵੀ ਕੋਈ ਥੁਹ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਨੂੰ ਕਰੋਨਾ ਦੀ ਲਾਗ ਕਿੱਥੋਂ ਲੱਗੀ ਸੀ।

Previous articleਕੇਂਦਰੀ ਸ਼ਾਸਨ ’ਚੋਂ ਲੋਕਰਾਜੀ ਜ਼ਿੰਮੇਵਾਰੀ ਵੱਡੇ ਪੱਧਰ ’ਤੇ ਗਾਇਬ: ਯੇਚੁਰੀ
Next articleਪ੍ਰੀਖਣ ਸਫ਼ਲ ਰਹੇ ਤਾਂ ਅਕਤੂਬਰ ਤਕ ਆ ਸਕਦੀ ਹੈ ਕਰੋਨਾ ਦੀ ਵੈਕਸੀਨ