ਥੋੜ੍ਹਾ ਜਿਹਾ ਸਬਰ ਰੱਖੋ

(ਸਮਾਜ ਵੀਕਲੀ)– ਘਰ ਨੂੰ ਤਾਲਾ ਮਾਰ ਕੇ ਦਸ-ਵੀਹ ਦਿਨ ਲਈ ਬਾਹਰ ਘੁੰਮਣ ਚਲੇ ਜਾਈਏ ਜਾਂ ਫਿਰ ਕਿਸੇ ਇਹੋ ਜਿਹੇ ਬੰਦੇ ਦੇ ਹਵਾਲੇ ਕਰ ਜਾਈਏ ਜੋ ਸਿਰਫ਼ ਗੰਦ ਪਾਉਣ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਾ ਕਰੇ ਤਾਂ ਆ ਕੇ ਘਰ ਦੀਆਂ ਸਫਾਈਆਂ ਕਰਨ ਨੂੰ ਪਹਿਲਾਂ ਸੋਚਣਾ ਪਵੇਗਾ ਕਿ ਕਿੱਥੋਂ ਸ਼ੁਰੂ ਕਰੀਏ ਤੇ ਕਿੰਨਾ ਸਮਾਂ ਲੱਗੇਗਾ। ਆਪਣੇ ਹੀ ਘਰ ਨੂੰ ਵਧੀਆ ਘਰ ਬਣਾਉਣ ਵਿੱਚ ਕਈ ਦਿਨ ਲੱਗ ਜਾਂਦੇ ਹਨ।ਆਪਣੇ ਪੰਜਾਬ ਦੀ ਵੀ ਹੁਣ ਤੱਕ ਕੁਝ ਇਹੋ ਜਿਹੀ ਦਸ਼ਾ ਹੀ ਰਹੀ ਹੈ। ਸੱਤਰ ਸਾਲ ਦਾ ਵਿਗੜਿਆ ਸਿਸਟਮ ਸਤਾਰਾਂ ਦਿਨਾਂ ਵਿੱਚ ਤਾਂ ਨਹੀਂ ਠੀਕ ਹੋ ਸਕਦਾ। ਹਜੇ ਤਾਂ ਨਵੀਂ ਸਰਕਾਰ ਬਣੀ ਨੂੰ ਕੁਝ ਦਿਨ ਹੀ ਹੋਏ ਹਨ ਕਿ ਪਿਛਲੇ ਸੱਤਾਧਾਰੀ ਆਪਣੇ ਆਪਣੇ ਸਿਰ ਉੱਪਰ ਚੁੱਕਣ ਲੱਗ ਪਏ ਹਨ। ਆਲੋਚਕ ਆਲੋਚਨਾ ਕਰਨ ਲੱਗ ਪਏ ਹਨ।ਜਨਤਾ ਦੇ ਆਮ ਜਾਂ ਖਾਸ ਵਰਗ, ਗ਼ਰੀਬ ਵਰਗ, ਬੇਰੁਜ਼ਗਾਰ ਨੌਜਵਾਨ, ਪੈਨਸ਼ਨਾਂ ਦੇ ਮੁੱਦੇ ਜਾਂ ਕਿਸਾਨਾਂ ਨਾਲ ਜੁੜੇ ਮਸਲਿਆਂ ਵਾਲੇ ਲੋਕ,ਸਭ ਆਪਣੇ ਆਪਣੇ ਮੁੱਦੇ ਲੈਕੇ ਧਰਨਿਆਂ ਦੀਆਂ ਤਿਆਰੀਆਂ ਸ਼ੁਰੂ ਕਰ ਰਹੇ ਹਨ ਜਾਂ ਟੀਕਾ ਟਿੱਪਣੀ ਕਰ ਰਹੇ ਹਨ।ਮੇਰਾ ਖਿਆਲ ਹੈ ਕਿ ਇਸ ਸਭ ਪਿੱਛੇ ਕੁੱਝ ਕੁ ਹਾਰੀਆਂ ਪਾਰਟੀਆਂ ਦਾ ਹੱਥ , ਕੁਝ ਕੁ ਲੋਕਾਂ ਦਾ ਉਤਾਵਲਾਪਣ ਅਤੇ ਕੁਝ ਕੁ ਨਵੀਂ ਸਰਕਾਰ ਦੀਆਂ ਘੋਸ਼ਣਾਵਾਂ ਅਤੇ ਜਨਤਾ ਦੀਆਂ ਆਸਾਂ ਦੀ ਗ਼ਲਤਫਹਿਮੀ ਕਾਰਨ ਪੈਦਾ ਹੋ ਰਹੇ ਹਨ।
ਕਹਿੰਦੇ ਹਨ ਕਿ ਪਹਿਲਾਂ ਤੇਲ ਦੇਖੋ ਤੇ ਫੇਰ ਤੇਲ ਦੀ ਧਾਰ ਦੇਖੋ। ਨਵੀਂ ਸਰਕਾਰ ਪ੍ਰਤੀ ਪੰਜਾਬ ਦੀ ਜਨਤਾ ਨੂੰ ਵੀ ਇਸੇ ਧਾਰਨਾ ਹੇਠ ਥੋੜ੍ਹਾ ਸਬਰ ਰੱਖਣ ਦੀ ਲੋੜ ਹੈ।ਜੇ ਹੁਣ ਐਨੇ ਵੱਡੇ ਬਹੁਮਤ ਨਾਲ ਜਿਤਾਇਆ ਹੈ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਸੋਚਣ ਲਈ ਵਕਤ ਵੀ ਦੇਣਾ ਪਵੇਗਾ। ਸਾਰੀਆਂ ਸਕੀਮਾਂ ਇੱਕੋ ਦਿਨ ਵਿੱਚ ਨਹੀਂ ਲਿਆਂਦੀਆਂ ਜਾ ਸਕਦੀਆਂ।ਸਾਰੇ ਫ਼ੈਸਲੇ ਵੀ ਇੱਕ ਮਹੀਨੇ ਵਿੱਚ ਤਾਂ ਨਹੀਂ ਲਏ ਜਾ ਸਕਦੇ। ਪੰਜਾਬੀਆਂ ਦੇ ਸੁਭਾਅ ਵਿੱਚ ਉਤਾਵਲਾਪਣ ਜ਼ਿਆਦਾ ਹੋਣ ਕਰਕੇ ਕਈ ਵਾਰ ਕਾਹਲੀ ਅੱਗੇ ਟੋਏ ਵਾਲੀ ਕਹਾਵਤ ਸਿੱਧ ਹੋ ਜਾਂਦੀ ਹੈ।ਇਸ ਉਤਾਵਲੇਪਣ ਕਾਰਨ ਹੀ ਪੰਜਾਬੀ ਹੁਣ ਤੱਕ ਲੋਟੂ ਸਰਕਾਰਾਂ ਦੇ ਹੱਥੇ ਚੜ੍ਹਦੇ ਆਏ ਹਨ।
ਦੂਜੇ ਪਾਸੇ ਪੰਜਾਬੀ ਲੋਕ ਆਪਣੇ ਸੁਭਾਅ ਦੇ ਸਮਝਦਾਰੀ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਵਾਲੇ ਪੱਖ ਕਾਰਨ ਹੀ ਤਾਂ ਦੇਸ਼ ਦੇ ਬਾਕੀ ਸੂਬਿਆਂ ਦੀ ਜਨਤਾ ਨਾਲੋਂ ਵੱਖਰੇ ਹਨ।ਇਹ ਪੰਜਾਬੀਆਂ ਦੀ ਕਮਜ਼ੋਰੀ ਨਹੀਂ ਬਲਕਿ ਇਹਨਾਂ ਦੀ ਵਿਸ਼ੇਸ਼ਤਾ ਹੈ। ਹਮੇਸ਼ਾ ਕ੍ਰਾਂਤੀ ਪੰਜਾਬ ਤੋਂ ਉੱਠ ਕੇ ਬਾਕੀ ਸੂਬਿਆਂ ਦੇ ਲੋਕਾਂ ਲਈ ਪ੍ਰੇਰਨਾ ਬਣੀ ਹੈ।ਇਸ ਵਾਰ ਵੀ ਪੰਜਾਬ ਵਿੱਚ ਆਈ ਲੋਕਤੰਤਰਿਕ ਕ੍ਰਾਂਤੀ ਕਾਰਨ ਜਿੱਥੇ ਇਸ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪੈ ਗਈਆਂ ਉੱਥੇ ਇਹ ਦੂਜਿਆਂ ਸੂਬਿਆਂ ਲਈ ਪ੍ਰੇਰਨਾ ਸਰੋਤ ਬਣ ਕੇ ਉੱਭਰੇਗੀ। ਜਦੋਂ ਤੋਂ ਨਵੀਂ ਸਰਕਾਰ ਬਣੀ ਹੈ ਉਦੋਂ ਤੋਂ ਕੁਝ ਨਾ ਕੁਝ ਕਿੰਤੂ ਪ੍ਰੰਤੂ ਵਾਲ਼ੀਆਂ ਧਾਰਨਾਵਾਂ ਉੱਠ ਰਹੀਆਂ ਹਨ।ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਇਸ ਸਭ ਪਿੱਛੇ ਵਿਰੋਧੀ ਧਿਰਾਂ ਤਾਂ ਕੰਮ ਕਰਦੀਆਂ ਹੀ ਹੋਣਗੀਆਂ ਪਰ ਆਮ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਵਾਲ਼ੀਆਂ ਭਾਵਨਾਵਾਂ ਵੀ ਬਹੁਤ ਹੱਦ ਤੱਕ ਜੁੜੀਆਂ ਹੋਈਆਂ ਹਨ।ਹਰ ਇੱਕ ਇਨਸਾਨ ਨੂੰ ਨਵੀਂ ਸਰਕਾਰ ਤੋਂ ਆਸ ਹੈ,ਉਮੀਦ ਹੈ।
ਪੰਜਾਬ ਦੇ ਲੋਕਾਂ ਨੇ ਰਵਾਇਤੀ ਰਾਜਸੀ ਪਾਰਟੀਆਂ ਨੂੰ ਪਹਿਲਾਂ ਪੰਜ ਪੰਜ ਸਾਲ ਅਤੇ ਫਿਰ ਦਸ ਦਸ ਸਾਲ ਦਾ ਵਕਤ ਦਿੱਤਾ। ਇਹ ਤਜ਼ਰਬੇ ਵੀ ਪੰਜਾਬੀਆਂ ਦੇ ਦਿਮਾਗ ਦੀ ਕਾਢ ਸੀ ਜੋ ਉਹਨਾਂ ਦੀਆਂ ਆਸਾਂ ਉਪਜ ਸੀ।ਹੁਣ ਰਿਕਾਰਡ ਤੋੜ ਬਹੁਮਤ ਨਾਲ ਨਵੀਂ ਪਾਰਟੀ ਨੂੰ ਮੌਕਾ ਦਿੱਤਾ। ਪੰਜਾਬੀਓ ਉਤਾਵਲੇ ਨਾ ਹੋਵੋ, ਪਹਿਲਾਂ ਇਸ ਸਰਕਾਰ ਦੀ ਵੀ ਕਾਰਗੁਜ਼ਾਰੀ ਕੁਝ ਮਹੀਨੇ ਦੇਖੋ, ਫਿਰ ਮੁਲਾਂਕਣ ਕਰੋ ਤੇ ਫਿਰ ਸੰਘਰਸ਼ ਦਾ ਰਾਹ ਅਪਣਾਇਓ। ਸੱਤਰ ਸਾਲਾਂ ਵਿੱਚ ਬਹੁਤ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪਾਂ ਨੇ ਅਮੀਰ ਕਰ ਦਿੱਤਾ ਹੈ। ਹੁਣ ਥੋੜ੍ਹਾ ਜਿਹਾ ਸਬਰ ਰੱਖਣ ਦੀ ਲੋੜ ਹੈ। ਹੁਣ ਤੱਕ ਦੀਆਂ ਸਰਕਾਰਾਂ ਨੇ ਪੰਜਾਬ ਦਾ ਕੁਝ ਨਹੀਂ ਸੰਵਾਰਿਆ ਹੈ।ਐਨਾ ਤਾਂ ਮੰਨਣਾ ਹੀ ਪਵੇਗਾ ਕਿ ਇਹ ਸਰਕਾਰ ਉਹਨਾਂ ਨਾਲੋਂ ਤਾਂ ਕੁਝ ਚੰਗਾ ਹੀ ਕਰੇਗੀ।ਹਰ ਚੁਣੇ ਹੋਏ ਨੁਮਾਇੰਦਿਆਂ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਅਤੇ ਜੋਸ਼ ਹੈ। ਆਪਣੀ ਕਾਹਲ਼ ਵਾਲੀ ਤਾਕ਼ਤ ਅਜ਼ਮਾਈ ਕਰਦੇ ਹੋਏ ਕਿਤੇ ਉਨ੍ਹਾਂ ਵਾਲੇ ਕੁਝ ਕਰਨ ਦੇ ਉਤਸ਼ਾਹ ਵਾਲੇ ਜਜ਼ਬੇ ਦਾ ਕਤਲ ਨਾ ਕਰ ਬੈਠਿਓ। ਥੋੜ੍ਹਾ ਜਿਹਾ ਸਬਰ ਨਾਲ ਉਹਨਾਂ ਨੂੰ ਪਰਖੋ ਅਤੇ ਉਹਨਾਂ ਦੀਆਂ ਗਲਤੀਆਂ ਤੋਂ ਉਹਨਾਂ ਨੂੰ ਜਾਣੂ ਕਰਵਾਓ।ਇਹ ਸਾਰੇ ਨੁਮਾਇੰਦੇ ਆਮ ਲੋਕਾਂ ਵਿੱਚ ਵਿਚਰਨ ਵਾਲੇ ਲੋਕ ਹਨ।ਇਸ ਲਈ ਉਹਨਾਂ ਦਾ ਸਾਥ ਦੇ ਕੇ ਉਹਨਾਂ ਦਾ ਸਾਥ ਲਵੋ।

ਬਰਜਿੰਦਰ ਕੌਰ ਬਿਸਰਾਓ
9988901324

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ਿਆਲ
Next articleਰੰਗ-ਬਿਰੰਗੀ ਦੁਨੀਆਂ