ਪੱਤਰਕਾਰਿਤਾ ਭਾਵ ਚੋਥਾ ਸਤੰਭ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਆਓ ਚਰਚਾ ਕਰਦੇ ਪੱਤਰਕਾਰਿਤਾ ਤੇ ਜੋ ਕਿ ਦੇਸ਼ ਸਮਾਜ ਲੋਕਤੰਤਰ ਦਾ ਚੋਥਾ ਸਤੰਭ ਮੰਨਿਆ ਜਾਂਦਾ ਹੈ। ਇਤਿਹਾਸ ਦੇ ਪੰਨਿਆਂ ਦੇ ਝਾਤ ਮਾਰੀਏ ਤਾਂ ਪਤਾ ਚਲਦਾ ਹੈ ਪਿਛਲੇ ਸਮਿਆਂ ਤੋਂ ਹੀ ਪੱਤਰਕਾਰ-ਪ੍ਰੇਸ ਰਿਪੋਰਟਰ ਪੱਤਰਕਾਰਿਤਾ ਨੂੰ ਲੈਕੇ ਆਪਣੀ ਜਾਨ ਤੱਕ ਦੀ ਬਾਜ਼ੀ ਲਗਾ ਕੇ ਮੁਸ਼ਕਲ ਘੜੀਆਂ ਵਿੱਚ ਵੀ ਦੇਸ਼ ਸਮਾਜ ਤੱਕ ਹਰ ਇੱਕ ਖ਼ਬਰ ਪਹੁੰਚਾਉਂਦੇ ਰਹੇ ਹਨ। ਕੋਈ ਸਮਾਂ ਸੀ ਇੱਕ ਅਖ਼ਬਾਰ ਲਈ ਖਬਰਾਂ ਇਕਠੀਆਂ ਕਰਨ ਲਈ ਬਲੈਕ ਐਂਡ ਵਾਈਟ ਫੋਟੋ ਕੈਮਰੇ ਦਾ ਉਪਯੋਗ ਪੱਤਰਕਾਰਾਂ ਵੱਲੋਂ ਕੀਤਾ ਜਾਂਦਾ ਸੀ , ਸਮਾਂ ਯੁੱਗ ਬਦਲਣ ਦੇ ਨਾਲ ਨਾਲ ਵਿਗਿਆਨ ਨੇ ਹਰ ਇੱਕ ਖ਼ੇਤਰ ਵਿੱਚ ਤਰੱਕੀ ਕੀਤੀ।

ਅਲੱਗ ਅਲੱਗ ਖ਼ੇਤਰ ਵਿੱਚੋਂ ਇੱਕ ਖ਼ੇਤਰ ਕੈਮਰੇ ਦਾ ਵੀ ਵੀਡੀਓ ਕੈਮਰਾ, ਮੋਬਾਈਲ ਦੇ ਨਵੇਂ ਰੂਪ ਸਾਡੇ ਸਾਹਮਣੇ ਆਇਆ ਤੇ ਹੋਲ਼ੀ ਹੋਲ਼ੀ ਵੀਡੀਓ ਕੈਮਰੇ ਨਾਲ ਉੱਚ ਤਕਨੀਕ ਸੈਟ ਲਾਈਟ ਦੇ ਜ਼ਰੀਏ ਸਿੱਧਾ ਪ੍ਰਸਾਰਣ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੀ ਖ਼ਬਰ ਅੱਖ ਝਮਕਣ ਦੇ ਸਮੇਂ ਤੋਂ ਪਹਿਲਾਂ ਦੁਨੀਆਂ ਮੂਹਰੇ ਪਹੁੰਚਣੀ ਸ਼ੁਰੂ ਹੋ ਗਈ। ਇਹ ਤਾਂ ਗੱਲ ਸੀ ਉੱਚ ਤਕਨੀਕ ਨਾਲ ਖਬਰਾਂ ਨੂੰ ਦੁਨੀਆਂ ਮੂਹਰੇ ਰੱਖਣ ਦੀ, ਹੁਣ ਗੱਲ ਕਰਦੇ ਹਾਂ ਪੱਤਰਕਾਰਿਤਾ ਦੇ ਖੇਤਰ ਨਾਲ ਜੁੜੇ ਪੱਤਰਕਾਰਾਂ ਦੇ ਜਨੂੰਨ, ਜਜ਼ਬੇ ਦੀ।

ਆਪਾਂ ਦੇਖਿਆ ਹੀ ਹੈ ਰੂਸ ਦੀ ਸੈਨਾ ਨਾਲ ਯੁਕਰੇਨੀ ਸੈਨਾ ਨਾਲ ਆਹਮੋ ਸਾਹਮਣੇ ਦੀ ਲੜਾਈ ਵਿੱਚ ਪੱਤਰਕਾਰ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਚਲਦੀ ਬੰਬਾਰੀ ਵਿੱਚ ਡਟ ਕੇ ਸਿੱਧਾ ਪ੍ਰਸਾਰਣ ਕਰਦੇ ਹੋਏ ਪਲ਼ ਪਲ਼ ਦੀ ਖ਼ਬਰ ਪਿਛਲੇ ਇੱਕ ਸਾਲ ਤੋਂ ਲਗਾਤਾਰ ਦੁਨੀਆਂ ਤੱਕ ਪਹੁੰਚਾ ਰਹੇ ਸਨ ਅਤੇ ਪਹੁੰਚਾ ਰਹੇ ਹਨ। ਆਪਣੇ ਪਰਿਵਾਰ, ਬੱਚਿਆਂ, ਘਰ ਬਾਰ, ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਦੇ ਪੱਤਰਕਾਰ ਜੰਗ ਦੇ ਮੈਦਾਨ ਤੋਂ ਪਿੱਛੇ ਨਹੀਂ ਹਟੇ। ਅਜਿਹੇ ਮੌਕੇ ਇੱਕ ਆਮ ਇਨਸਾਨ ਜੰਗ ਦੇ ਮੈਦਾਨ ਵਿੱਚ ਖੜ੍ਹਾ ਹੋਣ ਬਾਰੇ ਸੋਚ ਵੀ ਨਹੀਂ ਸਕਦਾ, ਉੱਥੇ ਇਹ ਪੱਤਰਕਾਰ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੁੰਦੇ ਹਨ ਜੋ ਆਪਣੇ ਕਰਮ ਨੂੰ ਸੱਚੇ ਦਿਲੋਂ ਨਿਭਾਉਂਦੇ ਹੋਏ ਜਾਨ ਦੀ ਪ੍ਰਵਾਹ ਨਹੀਂ ਕਰਦੇ।

ਜੰਗ ਦੇ ਮੈਦਾਨ ਤੋਂ ਲੈਕੇ ਦੇਸ਼ ਦੇ ਘਰੇਲੂ ਹਾਲਾਤ ਵਿੱਚ ਵੀ ਧਰਨੇ, ਪ੍ਰਦਰਸ਼ਨ ਦੌਰਾਨ ਇਹ ਪੱਤਰਕਾਰ ਇੱਕ ਦੂਜੇ ਤੋਂ ਮੂਹਰੇ ਹੋ ਕੇ ਕਵਰੇਜ ਕਰਦੇ ਨਜ਼ਰ ਆਉਂਦੇ ਹਨ। ਆਪਣੇ ਅਖ਼ਬਾਰ ਜਾਂ ਚੈਨਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਸਭ ਤੋਂ ਵੱਧ ਮਿਹਨਤ ਪੱਤਰਕਾਰ ਦੀ ਹੀ ਹੁੰਦੀ ਹੈ। ਆਪਣੇ ਕੰਮ ਕਰਨ ਦੇ ਜਨੂੰਨ ਨੂੰ ਲੈਕੇ ਜਿੱਥੇ ਇਹ ਲੋਕ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਉੱਥੇ ਕਈ ਵਾਰ ਘੰਟਿਆਂ ਬੱਧੀ ਭੁੱਖੇ ਪਿਆਸੇ ਤੇ ਨੀਂਦਰੇ ਵੀ ਰਹਿੰਦੇ ਹਨ। ਪੱਤਰਕਾਰਿਤਾ ਦੇ ਇਸੇ ਜਜ਼ਬੇ ਨੂੰ ਦੁਨੀਆਂ ਸਲਾਮ ਕਰਦੀ ਹੈ, ਇੱਕ ਤੇਜ਼ ਤਰਾਰ ਪੱਤਰਕਾਰ ਆਪਣੇ ਸਵਾਲਾਂ ਰਾਹੀਂ ਸਾਹਮਣੇ ਵਾਲੇ ਨੂੰ ਗੱਲ ਨਹੀਂ ਆਉਣ ਦਿੰਦਾ ਤੇ ਕਈ ਮੋਕਿਆਂ ਤੇ ਕੁੱਝ ਲੋਕ ਪੱਤਰਕਾਰਾਂ ਦੇ ਸਵਾਲਾਂ ਦੇ ਘੇਰੇ ਤੋਂ ਬਚਣ ਲਈ ਭੱਜਦੇ ਨਜ਼ਰ ਆਉਂਦੇ ਹਨ।

ਇੱਕ ਪੱਤਰਕਾਰ ਵੱਲੋਂ ਇਕੱਠੀ ਕੀਤੀ ਇੱਕ ਇੱਕ ਖ਼ਬਰ ਦਾ ਪਾਠਕਾਂ ਨੂੰ ਵੀ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਜਿੱਥੇ ਅੱਜ ਕਲ੍ਹ ਟੀ ਵੀ ਚੈਨਲਾਂ ਅਤੇ ਮੋਬਾਇਲ, ਇੰਟਰਨੈੱਟ ਤੇ ਲੋਕ ਬੜੀ ਰੁਚੀ ਦਿਖਾਉਂਦੇ ਹਨ ਉੱਥੇ ਬਹੁਤ ਸਾਰੇ ਲੋਕਾਂ ਨੂੰ ਸਵੇਰ ਵੇਲੇ ਜਦੋਂ ਤੱਕ ਅਖ਼ਬਾਰ ਸਾਹਮਣੇ ਨਾ ਹੋਵੇ ਚਾਹ ਸਵਾਦ ਨਹੀਂ ਲਗਦੀ।‌ਇਹਨਾਂ ਪੱਤਰਕਾਰਾਂ ਦੀ ਬਦੌਲਤ ਹੀ ਖਬਰਾਂ ਰਾਹੀਂ ਆਮ ਆਦਮੀ ਤੱਕ ਜ਼ਰੂਰੀ ਸੂਚਨਾ ਦੇ ਨਾਲ ਨਾਲ ਆਪਣੇ ਗਿਆਨ ਵਿੱਚ ਵਾਧਾ ਕਰਨ ਮੌਕਾ ਮਿਲਦਾ ਹੈ।

ਸਿਆਣੇ ਕਹਿੰਦੇ ਹਨ ਇੱਕ ਇਨਸਾਨ ਜਨਮ ਲੈਣ ਤੋਂ ਲੈ ਕੇ ਤਾ ਉਮਰ ਕੁੱਝ ਨਾ ਕੁੱਝ ਨਵਾਂ ਸਿੱਖਦਾ ਹੀ ਰਹਿੰਦਾ ਹੈ ਤੇ ਇਨਸਾਨ ਦੇ ਗਿਆਨ ਵਿੱਚ ਵਾਧਾ ਕਰਨ ਲਈ ਅਖ਼ਬਾਰ ਇੱਕ ਅਧਿਆਪਕ ਦਾ ਕੰਮ ਕਰਦੇ ਹਨ, ਗਿਆਨ ਦੇ ਨਾਲ ਨਾਲ ਆਪਣੇ ਆਲ਼ੇ ਦੁਆਲ਼ੇ ਘਟਦੀ ਹੋਣੀ ਅਣਹੋਣੀ ਦਾ ਪਤਾ ਪੱਤਰਕਾਰਾਂ ਦੀ ਮਿਹਨਤ ਸਦਕਾ ਪ੍ਰਿੰਟ ਮੀਡੀਆ ਜਾਂ ਇਲੈਕਟ੍ਰਾਨਿਕ ਮੀਡੀਆ ਰਾਹੀਂ ਹੀ ਲਗਦਾ ਹੈ।
ਪੱਤਰਕਾਰਿਤਾ ਦੇ ਕੰਮ ਨਾਲ ਜੁੜੇ ਹਰ ਇੱਕ ਇਨਸਾਨ ਦੀ ਦੇਣ ਦੇਸ਼ ਸਮਾਜ ਕਦੇ ਭੁਲਾ ਨਹੀਂ ਸਕਦਾ।‌

ਪੱਤਰਕਾਰਿਤਾ ਦੇ ਇਸ ਸੱਚੇ ਸੁੱਚੇ ਕਾਰਜ਼ ਨੂੰ ਕੁੱਝ ਲੋਭੀਆਂ ਵੱਲੋਂ ਬਦਨਾਮ ਵੀ ਕੀਤਾ ਜਾ ਚੁੱਕਿਆ ਹੈ , ਪਰ ਕੋਈ ਫ਼ਰਕ ਨਹੀਂ ਪੈਂਦਾ ਸੱਚੇ ਪੱਤਰਕਾਰਾਂ ਨੂੰ ਹਮੇਸ਼ਾ ਸਲਾਮਾਂ ਹੀ ਹੁੰਦੀਆਂ ਹਨ ਤੇ ਇਜ਼ਤ ਸ਼ੋਹਰਤ ਵੀ ਖੂਬ ਮਿਲਦੀ ਹੈ ।‌ ਮੈਂ ਹਮੇਸ਼ਾ ਇਹੀ ਲੋਚਦਾ ਹਾਂ ਪੱਤਰਕਾਰਿਤਾ ਨਾਲ ਜੁੜੇ ਹਰ ਇੱਕ ਇਨਸਾਨ ਨੂੰ ਕਦੇ ਮਾਯੂਸੀ ਜਾਂ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਹਮੇਸ਼ਾ ਆਪਣੇ ਵਧਦੇ ਕਦਮਾਂ ਨਾਲ ਮੁਸ਼ਕਿਲ ਤੋਂ ਮੁਸ਼ਕਿਲ ਚੋਟੀ ਨੂੰ ਫ਼ਤਿਹ ਕਰਨ।

 ਨਿਰਮਲ ਸਿੰਘ ਨਿੰਮਾ ( ਸਮਾਜ ਸੇਵੀ)
ਮੋਬਾ:9914721831

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਗਿਆਂ ਤੇ ਸ਼ਿਕੰਜਾ
Next articleਮਾੜੇ ਹੁੰਦੇ ਨੇ…