ਜਿੰਦਰੇ ਤੋੜ ਕੇ ਕਰਿਆਨੇ ਦੀ ਦੁਕਾਨ ‘ਚ ਚੋਰੀ ਦੋ ਦਿਨ ਬਾਅਦ ਹੋਰ ਘਰਾਂ ਵਿੱਚ ਵੀ ਚੋਰੀ ਦੀ ਕੀਤੀ ਕੋਸ਼ਿਸ਼, ਸ਼ਰੇਆਮ ਗਲੀਆਂ ‘ਚ ਘੁੰਮਦੇ ਚੋਰਾਂ ਵਿੱਚੋਂ ਇੱਕ ਆਇਆ ਲੋਕਾਂ ਅੜਿੱਕੇ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਸਬਾ ਅੱਪਰਾ ਅਤੇ ਆਸ-ਪਾਸ ਦੇ ਪਿੰਡਾਂ ‘ਚ ਚੋਰੀ ਦੀ ਵਾਰਦਾਤ ਹੋਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ | ਚੋਰ ਬੀਤੀ ਰਾਤ ਨਿਧੜਕ ਹੋ ਕੇ ਸ਼ਰੇਆਮ ਬਿਨ੍ਹਾਂ ਕਿਸੇ ਡਰ ਭੈਅ ਦੇ ਅੱਪਰੇ ਦੀਆਂ ਗਲੀਆਂ ‘ਚ ਘੁੰਮਦੇ ਹੋਏ ਕੈਮਰਿਆਂ ‘ਚ ਕੈਦ ਵੀ ਹੋ ਗਏ ਜਦ ਕਿ ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਬੀਤੀ ਰਾਤ ਅਣਪਛਾਤੇ ਚੋਰਾਂ ਨੇ ਕਸਬਾ ਅੱਪਰਾ ਦੇ ਮੁੱਖ ਬਜ਼ਾਰ ਸਥਿਤ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ ਦੇ ਨਾਲ ਲੱਗਦੇ ਗੁਦਾਮ ਦੇ ਤਾਲੇ ਤੋੜ ਕੇ ਦੁਕਾਨ ‘ਚ ਦਾਖਲ ਹੋ ਕੇ ਹਜ਼ਾਰਾਂ ਦੀ ਨਕਦੀ ਅਤੇ ਹੋਰ ਸਮਾਨ ਬੇ-ਖੋਫ਼ ਹੋਕੇ ਚੋਰੀ ਕਰ ਲਿਆ | ਚੋਰ ਕਿੰਨੇ ਬੇਖੌਫ਼ ਹਨ ਇਸ ਗੱਲ ਦਾ ਪਤਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਚੋਰਾਂ ਵਲੋਂ ਕੀਤੀ ਜਾ ਰਹੀ ਵਾਰਦਾਤ ਨੂੰ ਦੇਖਣ ਉਪਰੰਤ ਪਤਾ ਲੱਗਦਾ ਹੈ ਕਿ ਕਿਵੇਂ ਦੋ ਚੋਰ ਬਿਨਾਂ ਕਿਸੇ ਖੌਫ਼ ਤੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ | ਦੁਕਾਨ ਦੇ ਮਾਲਕ ਜੈ ਕਿਸ਼ਨ ਖੋਸਲਾ ਅਤੇ ਉਹਨਾਂ ਦੇ ਪੁੱਤਰਾਂ ਵਿੱਕੀ ਖੋਸਲਾ ਤੇ ਸੋਨੂੰ ਖੋਸਲਾ ਨੇ ਦੱਸਿਆ ਕਿ ਉਹ ਰਾਤ ਤਕਰਬਿਨ ਨੌਂ ਵਜੇ ਦੁਕਾਨ ਬੰਦ ਕਰਕੇ ਆਪਣੇ ਚੱਕ ਸਾਹਬੂ ਰੋਡ ਸਥਿਤ ਘਰ ਚਲੇ ਗਏ, ਅਗਲੇ ਦਿਨ ਸਵੇਰੇ ਦੁਕਾਨ ‘ਤੇ ਆਏ ਤਾਂ ਦੇਖਿਆ ਕਿ ਦੁਕਾਨ ਨਾਲ ਹੀ ਜੁੜੇ ਹੋਏ ਗੋਦਾਮ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਦੁਕਾਨ ਦੇ ਕੈਸ਼ ਬਾਕਸ ਵਿੱਚ ਪਏ 60 ਹਜ਼ਾਰ ਰੁਪਏ ਨਕਦ ਅਤੇ ਹੋਰ ਸਮਾਨ ਚੋਰੀ ਹੋ ਚੁੱਕਾ ਸੀ | ਉਹਨਾਂ ਕਿਹਾ ਕਿ ਇਸ ਚੋਰੀ ਦੀ ਘਟਨਾ ਦੀ ਸੂਚਨਾ ਪੁਲਿਸ ਚੌਕੀ ਅੱਪਰਾ ਵਿਖੇ ਦੇ ਦਿੱਤੀ ਗਈ ਹੈ | ਇਸ ਵਾਰਦਾਤ ਤੋਂ ਦੋ ਦਿਨ ਬਾਅਦ ਭਾਈ ਮਿਹਰ ਚੰਦ ਮੰਦਰ ਵਾਲੀ ਗਲੀ ਵਿੱਚ ਅੱਧੀ ਰਾਤ ਨੂੰ ਘੁੰਮਦੇ ਹੋਏ ਚੋਰਾਂ ਨੂੰ ਅਚਾਨਕ ਕਿਸੇ ਮੁਹੱਲਾ ਵਾਸੀ ਨੇ ਆਪਣੇ ਮੋਬਾਇਲ ਦੀ ਸਕਰੀਨ ‘ਤੇ ਦੇਖ ਕੇ ਸਾਰੇ ਮੁਹੱਲਾ ਵਾਸੀਆਂ ਨੂੰ ਸੂਚਿਤ ਕੀਤਾ ਤਾਂ ਮੁਹੱਲਾ ਵਾਸੀਆਂ ਨੇ ਬੜੀ ਬਹਾਦਰੀ ਨਾਲ ਚੋਰਾਂ ਦਾ ਪਿੱਛਾ ਕਰਕੇ ਇੱਕ ਨੂੰ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ | ਬਾਅਦ ਵਿੱਚ ਕੈਮਰੇ ਦੇਖਣ ਉਪਰੰਤ ਪਤਾ ਲੱਗਾ ਕਿ ਚੋਰਾਂ ਨੇ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਇੱਕ ਐਨ. ਆਰ. ਆਈ. ਦੇ ਬੰਦ ਪਏ ਘਰ ਦੇ ਵੀ ਜਿੰਦਰੇ ਤੋੜ ਕੇ ਚੋਰੀ ਦੀ ਕੋਸ਼ਿਸ਼ ਕੀਤੀ ਗਈ, ਪਰ ਹੋਏ ਨੁਕਸਾਨ ਵਾਰੇ ਕੁੱਝ ਪਤਾ ਨਹੀਂ ਲੱਗ ਸਕਿਆ | ਇਸ ਤੋਂ ਇਲਾਵਾ ਉਕਤ ਚੋਰਾਂ ਨੇ ਸ਼ਿਵ ਮੰਦਰ ਨੇੜੇ ਵੀ ਕਈ ਘਰਾਂ ‘ਚ ਵੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ | ਚੌਕੀ ਇੰਚਾਰਜ ਸੁਖਵਿੰਦਰ ਸਿੰਘ ਮੁਲਤਾਨੀ ਨੇ ਕਿਹਾ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰ ਜਲਦ ਹੀ ਫੜੇ ਜਾਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਾਵਰ ਲਿਫਟਰ ਕ੍ਰਿਸ਼ਨ ਰਾਮ ਨੇ 720 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤਿਆ ਸਿਲਵਰ ਮੈਡਲ
Next articleਅੱਪਰਾ ਵਿਖੇ ‘ਤੀਆਂ ਦਾ ਤਿਉਹਾਰ’ ਧੂਮਧਾਮ ਨਾਲ ਮਨਾਇਆ