HOME ਜਵੱਦੀ ਟਕਸਾਲ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦੇ ਭਰੇ...

ਜਵੱਦੀ ਟਕਸਾਲ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦੇ ਭਰੇ ਚਾਰ ਟਰੱਕ ਰਵਾਨਾ ਕੀਤੇ

1

ਬਿਪਤਾ ਦੇ ਵਕਤ ‘ਚ ਪੀੜਤਾਂ ਦੇ ਨਾਲ ਖੜੀਏ, ਸਿਰ ਆਈ ਆਫਤ ਨਾਲ ਨਜਿੱਠਣਾ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ- ਸੰਤ ਅਮੀਰ ਸਿੰਘ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਗੁਰਬਾਣੀ ਪ੍ਰਚਾਰ  ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਨਿਰੰਤਰ ਸੇਵਾਵਾਂ ਨਿਭਾਉਣ ਵਾਲੀ ਜਵੱਦੀ ਟਕਸਾਲ ਵੱਲੋਂ ਅੱਜ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੀੜਤ ਹੋਏ ਲੋਕਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦੇ ਭਰੇ ਚਾਰ ਟਰੱਕ ਰਵਾਨਾ ਕੀਤੇ। ਇਸ ਮੌਕੇ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਕਿ “ਜਵੱਦੀ ਟਕਸਾਲ” ਕੌਮ ਦੀ ਆਪਣੀ ਸੰਸਥਾ ਹੈ, ਇਸ ਲਈ ਹਰ ਔਖੇ ਵੇਲੇ ਲੋਕਾਂ ਨਾਲ ਖੜਨਾ ਸਾਡਾ ਫਰਜ਼ ਬਣ ਜਾਂਦਾ ਹੈ, ਕਿ ਆਪਣੇ ਭੈਣ-ਭਰਾਵਾਂ ਦੀ ਸਹਾਇਤਾ ਲਈ ਕਦਮ ਵਧਾਈਏ। ਉਹਨਾਂ ਦੱਸਿਆ ਕਿ ਪ੍ਰਾਪਤ ਹੋ ਰਹੀਆਂ ਖਬਰਾਂ ਅਨੁਸਾਰ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਜਿਸ ਕਰਕੇ ਲੱਖਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ, ਕੀਮਤੀ ਮਸ਼ੀਨਰੀ ਬਰਬਾਦ ਹੋ ਚੁੱਕੀ ਹੈ, ਹੱਸਦੇ ਵੱਸਦੇ ਘਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਲੋਕਾਂ ਦਾ ਕੀਮਤੀ ਸਰਮਾਇਆ ਮਾਲ ਡੰਗਰ ਹੜ੍ਹ ਦੇ ਪਾਣੀ ਵਿੱਚ ਰੁੜ ਗਿਆ ਹੈ। ਇਸ ਲਈ ਆਪਣੇ ਭੈਣ-ਭਰਾਵਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਹੋਰ ਲੋੜੀਦੀਆਂ ਵਸਤਾਂ ਉਹਨਾਂ ਹੜ੍ਹ ਪੀੜਤਾਂ ਤੱਕ ਭੇਜਣ ਲਈ “ਜਵੱਦੀ ਟਕਸਾਲ” ਦੇ ਵਿਦਿਆਰਥੀ ਅਤੇ ਸੇਵਾਦਾਰ ਉਚੇਚੇ ਤੌਰ ਤੇ ਅੱਜ ਰਵਾਨਾ ਹੋਏ। ਇੱਕ ਸਵਾਲ ਦੇ ਜਵਾਬ ਵਿੱਚ ਬਾਬਾ ਜੀ ਨੇ ਦੱਸਿਆ ਕਿ ਰਾਹਤ ਸਮੱਗਰੀ ‘ਚ ਤਰਪਾਲਾਂ, ਆਟਾ, ਚਾਵਲ, ਦਾਲਾਂ, ਚਾਹ ਪੱਤੀ, ਚੀਨੀ, ਸੁੱਕਾ ਦੁੱਧ, ਜੀਵਨ ਰਖਸ਼ਕ ਦਵਾਈਆਂ, ਬਿਸਤਰੇ, ਮੱਛਰ ਤੋਂ ਬਚਾਅ ਲਈ ਦਵਾਈਆਂ ਅਤੇ ਨਵੇਂ ਬਸਤਰ ਆਦਿ ਭੇਜੇ ਗਏ ਹਨ।  ਉਨ੍ਹਾਂ ਪ੍ਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਗੁਰੂ ਸਾਹਿਬਾਨਾਂ ਦੀ ਵਰੋਸਾਈ ਧਰਤੀ ਪੰਜਾਬ ਦੇ ਲੋਕ ਲੇਹ ਲਦਾਖ, ਜੰਮੂ ਕਸ਼ਮੀਰ, ਕੇਰਲਾ, ਨੇਪਾਲ, ਮੇਘਾਲਿਆ, ਉਤਰਾਖੰਡ ਆਦਿ ਤੋਂ ਇਲਾਵਾ  ਹਮੇਸ਼ਾਂ ਆਫਤਾਂ ਸਮੇਂ ਦੇਸ਼ ਦੁਨੀਆ ਅੰਦਰ ਪੀੜ੍ਹਤਾਂ ਨਾਲ ਖੜਦੇ ਆਏ ਹਨ, ਪਰ ਕਦੇ ਕੋਈ ਹੋਰ ਧਾਰਮਿਕ ਸੰਸਥਾ ਪੰਜਾਬੀਆਂ ਤੇ ਖਾਸਕਰ ਸਿੱਖਾਂ ਲਈ ਅੱਗੇ ਕਿਉਂ ਨਹੀਂ ਆਈ। ਇਸ ਕਰਕੇ ਹਜ਼ਾਰਾਂ ਲੋਕ ਜੋ ਬੇਘਰ ਹੋ ਚੁੱਕੇ ਨੇ, ਇਸੇ ਤਰ੍ਹਾਂ ਬੇਜਵਾਨ ਪਸ਼ੂ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ, ਬਿਪਤਾ ਦੇ ਇਸ ਵਕਤ ਵਿੱਚ ਅਸੀਂ ਉਹਨਾਂ ਪੀੜ੍ਹਤਾਂ ਦੇ ਨਾਲ ਖੜੀਏ, ਸਿਰ ਆਈ ਆਫਤ ਨਾਲ ਨਜਿੱਠਣਾ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ। ਪਲੈਟੀਨਮ ਲੇਨ ਦੁੱਗਰੀ, ਗਗਨਦੀਪ ਸਿੰਘ (ਖਾਲਸਾ ਪਰਿਵਾਰ), ਜਗਜੀਤ ਸਿੰਘ ਭੰਮ ਜਵੈਲਰ, ਅਨਮੋਲ ਕਾਰ ਬਜ਼ਾਰ ਅਤੇ ਪਰਮਜੀਤ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਂਦਰ ਪੰਜਾਬ ਹੜ੍ਹਾਂ ਤੇ ਰਾਹਤ ਕਾਰਜਾਂ ‘ਚ ਤੇਜ਼ੀ ਲਿਆਵੇ ਅਤੇ ਜਲਦੀ ਰਾਹਤ ਪੈਕੇਜ ਦਾ ਐਲਾਨ ਕਰੇ – ਸੰਤ ਸ਼ਮਸ਼ੇਰ ਸਿੰਘ ਜਗੇੜਾ
Next articleਹਮ ਨਹੀ ਚੰਗੇ ਬੁਰਾ ਨਹੀ ਕੋਇ ॥