HOME ਜਰਖੜ ਖੇਡਾਂ ਦੇ 40 ਵਰ੍ਹੇ – ਅੱਜ ਵੀ ਪੰਜਾਬ ਦੇ ਪੇਂਡੂ ਖੇਡ...

ਜਰਖੜ ਖੇਡਾਂ ਦੇ 40 ਵਰ੍ਹੇ – ਅੱਜ ਵੀ ਪੰਜਾਬ ਦੇ ਪੇਂਡੂ ਖੇਡ ਸੱਭਿਆਚਾਰ ਨੂੰ ਸੰਭਾਲੀ ਬੈਠੀਆਂ ਹਨ ਜਰਖੜ ਖੇਡਾਂ

3

ਜਰਖੜ ਖੇਡਾਂ ‘ਤੇ ਵਿਸ਼ੇਸ਼ ਰਿਪੋਰਟ

ਜਰਖੜ ਖੇਡਾਂ ਹੋਣਗੀਆਂ 13, 14 ਅਤੇ 15 ਫਰਵਰੀ 2026 ਨੂੰ

 (ਸਮਾਜ ਵੀਕਲੀ)   ਕਰਨੈਲ ਸਿੰਘ ਐੱਮ.ਏ. :- ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਚੁੱਕੀਆਂ ਜਰਖੜ ਖੇਡਾਂ ਆਪਣੇ 40 ਵਰ੍ਹੇ ਪੂਰੇ ਕਰ ਚੁੱਕੀਆਂ ਹਨ। ਇਸ ਵਰੇ 38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ  ਖੇਡਾਂ ਇਸ ਵਰ੍ਹੇ 13,14, ਅਤੇ 15 ਫਰਵਰੀ 2026 ਨੂੰ 6 ਕਰੋਡ਼ ਰੁਪਏ ਦੀ ਲਾਗਤ ਨਾਲ ਮਾਤਾ ਸਾਹਿਬ ਕੌਰ ਸਪੋਰਟਸ ਕੰਪਲੈਕਸ ਜਰਖੜ ਵਿੱਚ ਹੋ ਰਹੀਆਂ ਹਨ। ਖੇਡਾਂ ਪ੍ਰਤੀ ਸੁਹਿਰਦ ਲੋਕਾਂ, ਸਪਾਂਸਰ ਅਤੇ ਪ੍ਰਵਾਸੀ ਖੇਡ ਪ੍ਰਮੋਟਰਾਂ ਨੂੰ ਇਹ ਲੇਖ ਲਿਖਣ ਤੋਂ ਪਹਿਲਾ ਇੱਕ ਬੇਨਤੀ ਕਰਾਂਗਾ ਕਿ ਜੇਕਰ ਉਹ ਵਾਕਿਆ ਹੀ ਪੰਜਾਬ ਦੀਆਂ ਖੇਡਾਂ ਪ੍ਰਤੀ ਚਿੰਤਤ ਹਨ, ਤਾਂ ਜਰਖੜ ਖੇਡ ਸਟੇਡੀਅਮ ਦਾ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਉਣ। ਪਿੰਡ ਜਰਖੜ ਲੁਧਿਆਣਾ ਤੋਂ 12 ਕਿਲੋਮੀਟਰ ਦੂਰ ਮਲੇਰਕੋਟਲਾ ਰੋਡ ਨੇੜੇ ਆਲਮਗੀਰ ਸਾਹਿਬ ਨੇੜੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਹੈ। 2000 ਕੁ ਹਜ਼ਾਰ ਦੀ ਅਬਾਦੀ ਵਾਲੇ ਇਸ ਪਿੰਡ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਪਹਿਚਾਣ ਪੂਰੀ ਦੁਨੀਆ ਵਿੱਚ ਬਣਾ ਲਈ ਹੈ। ਖੇਡਾਂ ਤੋਂ ਇਲਾਵਾ ਵਿਰਾਸਤ ਨਾਲ ਸੰਬੰਧਿਤ ਇੱਕ ਅਜੂਬਾ “ਜੰਨਤ ਏ ਜਰਖੜ ” ਦਾ ਨਜ਼ਾਰਾ ਵੀ ਵੇਖਣ ਵਾਲਾ ਹੈ।

ਗੱਲ ਕਰੀਏ ਜਰਖੜ ਖੇਡਾਂ ਦੀ ਕਿ 1986 ’ਚ 1200 ਰੁਪਏ ਦੇ ਬਜਟ ਨਾਲ ਅਤੇ ਨਿੱਕੇ ਜਿਹੇ ਗਰਾਊਂਡ ‘ਚ ਹੋਈ ਖੇਡਾਂ ਦੀ ਸ਼ੁਰੂਆਤ ਨੇ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਮੁਲਕ ਦਾ ਇੱਕ ਅਜਿਹਾ ਨਿਵੇਕਲਾ ਸਟੇਡੀਅਮ ਜੋ ਮਾਤਾ ਸਾਹਿਬ ਕੌਰ ਦੇ ਨਾਮ ਤੇ ਹੈ, ਆਪਣੀ ਨਵੀਂ ਬਣਤਰ ਨਾਲ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਦਾ ਇੱਕ ਅਜੂਬਾ ਬਣ ਗਿਆ ਹੈ।

ਜਰਖੜ ਖੇਡਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਨ੍ਹਾਂ ਖੇਡਾਂ ‘ਚ ਉਲੰਪਿਕ ਪੱਧਰ ਅਤੇ ਸਕੂਲੀ  ਖੇਡਾਂ ਨੂੰ ਹੀ ਉਤਸ਼ਾਹਿਤ ਕੀਤਾ ਜਾਂਦਾ ਹੈ। ਸਟੇਡੀਅਮ ਵਿੱਚ ਇੱਕੋਂ ਸਮੇਂ ਬੈਠਿਆਂ ਦਾ 8 ਖੇਡਾਂ ਆਨੰਦ ਮਾਣਿਆ ਜਾ ਸਕਦਾ ਹੈ। ਪਿੰਡ ਜਰਖੜ ਦਾ  ਸਟੇਡੀਅਮ ਇੱਕ ਅਜਿਹਾ ਸਟੇਡੀਅਮ ਹੈ ਜਿੱਥੇ ਪੂਰਾ ਸਾਲ ਖੇਡ ਗਤੀਵਿਧੀਆਂ ਹੁੰਦੀਆਂ ਹਨ ਅਤੇ ਸਾਲ ਵਿੱਚ ਕਈ ਵਿਭਾਗੀ ਟੂਰਨਾਮੈਂਟਾਂ ਤੋਂ ਇਲਾਵਾ ਚਾਰ ਪੰਜ ਟੂਰਨਾਮੈਂਟ ਹੁੰਦੇ ਹਨ। ਮਈ ਮਹੀਨੇ ਪੂਰਾ ਇੱਕ ਮਹੀਨਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਲੀਗ ਦੇ ਰੂਪ ਵਿੱਚ ਹੁੰਦਾ ਹੈ। ਜਰਖੜ ਦੀਆਂ ਸਲਾਨਾ ਖੇਡਾਂ ਵਿੱਚ ਆਮ ਤੌਰ ‘ਤੇ ਕਬੱਡੀ, ਹਾਕੀ, ਫੁੱਟਬਾਲ, ਹੈਂਡਬਾਲ, ਬਾਸਕਟਬਾਲ, ਵਾਲੀਬਾਲ ਸ਼ੂਟਿੰਗ, ਕੁਸ਼ਤੀਆਂ, ਸਾਈਕਲਿੰਗ, ਰੱਸਾਕਸ਼ੀ, ਅਥਲੈਟਿਕਸ ਆਦਿ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਇਸੇ ਕਰਕੇ ਇਨ੍ਹਾਂ ਖੇਡਾਂ ਨੂੰ ਪੰਜਾਬ ਦੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਖੇਡਾਂ ਵਜੋਂ ਪਹਿਚਾਣ ਮਿਲੀ ਹੈ।

‌  ਸਾਲ 2003 ਮਾਰਚ ਤੋਂ ਜਰਖੜ ਸਟੇਡੀਅਮ ਬਣਨਾ ਸ਼ੁਰੂ ਹੋਇਆ, ਅੱਜ ਇਸ ਵਿੱਚ ਐਸਟਰੋਟਰਫ ਹਾਕੀ ਮੈਦਾਨ, ਗਰਾਸ ਹਾਕੀ ਮੈਦਾਨ, ਦੋ ਵਾਲੀਬਾਲ ਕੋਰਟ, ਹੈਂਡਬਾਲ ਅਤੇ ਬਾਸਕਟਬਾਲ ਕੋਰਟ, ਕਬੱਡੀ ਅਤੇ ਕੁਸ਼ਤੀਆਂ ਦੇ ਵਧੀਆ ਮੈਦਾਨ ਬਣੇ ਹੋਏ ਹਨ। ਤਿੰਨ ਪ੍ਰਮੁੱਖ ਵੱਡੀਆਂ ਸਟੇਜਾਂ, ਸਟੇਡੀਅਮ ਵਿੱਚ ਤਿੰਨ ਦਰਜਨ ਦੇ ਕਰੀਬ ਕਮਰੇ, ਜਿੰਮ, ਫੋਟੋ ਗੈਲਰੀ, ਆਧੁਨਿਕ ਸਹੂਲਤਾਂ ਵਾਲਾ ਦਫਤਰ, ਸਟੂਡੀਓ ਰੂਮ ਆਦਿ ਬਣੇ ਹੋਏ ਹਨ।  ਜਰਖੜ ਸਟੇਡੀਅਮ ਪੰਜਾਬ ਦਾ ਪਹਿਲਾ ਇੱਕੋ ਇੱਕ ਸਟੇਡੀਅਮ ਹੈ, ਜਿੱਥੇ ਫਲੱਡ ਲਾਈਟਾਂ ਦੀ ਸਹੂਲਤ ਵੀ ਉਪਲਬਧ ਹੈ ਤੇ ਇਸ ਤੋਂ ਇਲਾਵਾ ਸਟੇਡੀਅਮ ਵਿੱਚ ਬਣੀ ਫੋਟੋ ਗੈਲਰੀ ਵਿੱਚ ਪੁਰਾਣੀਆਂ ਖੇਡਾਂ ਦੀਆਂ ਯਾਦਗਾਰਾਂ ਧਿਆਨ ਚੰਦ ਤੋਂ ਲੈ ਕੇ ਨਾਮੀ ਖਿਡਾਰੀਆਂ ਦੀਆਂ ਤਸਵੀਰਾਂ ਜਰਖੜ ਖੇਡਾਂ ਨਾਲ ਸੰਬੰਧਿਤ ਵੱਡੀਆਂ ਤਸਵੀਰਾਂ ਸਟੇਡੀਅਮ ਦੀ ਸ਼ਾਨ ਨੂੰ ਵਧਾ ਰਹੀਆਂ ਹਨ। ਇਸ ਤੋਂ ਇਲਾਵਾ 7 ਉੱਘੀਆਂ ਖੇਡ ਸਖਸ਼ੀਅਤਾਂ ਜਿਨ੍ਹਾਂ ਵਿੱਚ ਫਲਾਇੰਗ ਸਿੱਖ ਮਿਲਖਾ ਸਿੰਘ, ਹਾਕੀ ਦਾ ਜਾਦੂਗਰ ਧਿਆਨ ਚੰਦ, ਉਲੰਪੀਅਨ ਸੁਰਜੀਤ ਸਿੰਘ ਰੰਧਾਵਾ, ਉਲੰਪੀਅਨ ਪ੍ਰਿਥੀਪਾਲ ਸਿੰਘ, ਪਹਿਲੇ ਸਿੱਖ ਜਿਨ੍ਹਾਂ ਨੇ ਚਾਰ ਉਲੰਪਿਕਾਂ ਖੇਡਣ ਦਾ ਮਾਣ ਹਾਸਲ ਕੀਤਾ ਉਲੰਪੀਅਨ ਊਧਮ ਸਿੰਘ, ਖੇਡ ਪ੍ਰਮੋਟਰ ਅਮਰਜੀਤ ਸਿੰਘ ਗਰੇਵਾਲ ਗੁੱਜਰਵਾਲ, ਕਬੱਡੀ ਖਿਡਾਰੀ  ਸਵ: ਮਾਣਕ ਜੋਧਾ  ਦੇ ਆਦਮਕੱਦ ਬੁੱਤ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ  ਸੈਵਨ-ਏ ਸਾਈਡ ਨੀਲੇ ਰੰਗ ਦੀ ਐਸਟਰੋਟਰਫ ਜੋ ਆਪਣੇ ਹੀਲੇ ਵਸੀਲੇ ਨਾਲ ਲਗਵਾਈ ਹੈ, ਸਟੇਡੀਅਮ ਦੀ ਸ਼ੋਭਾ ਨੂੰ ਵਧਾ ਰਹੀ ਹੈ।

ਸਾਲ 2006 ਵਿੱਚ ਅਪ੍ਰੈਲ ਦੇ ਵਿੱਚ ਜਰਖੜ ਵਿਖੇ ਹਾਕੀ ਅਕੈਡਮੀ ਦੀ ਸਥਾਪਨਾ ਹੋਈ, ਜਰਖੜ ਅਕੈਡਮੀ ਕਈ ਵਾਰ ਸਟੇਟ ਪੱਧਰ ਤੇ ਚੈਂਪੀਅਨ ਬਣੀ। ਜਰਖੜ ਅਕੈਡਮੀ ’ਚ ਇਸ ਵੇਲੇ 80 ਦੇ ਕਰੀਬ ਖਿਡਾਰੀ ਹਾਕੀ ਦੀ ਟ੍ਰੇਨਿੰਗ ਲੈ ਰਹੇ ਹਨ। ਸਾਰੇ ਹੀ ਖਿਡਾਰੀ ਗਰੀਬ ਘਰਾਂ ਨਾਲ ਸੰਬੰਧਿਤ ਹਨ। ਪਿਛਲੇ 1 ਦਹਾਕੇ ‘ਚ 300 ਦੇ ਕਰੀਬ ਸਕੂਲ ਨੈਸ਼ਨਲ ਤੇ 80 ਤੋਂ ਵੱਧ ਕੌਮੀ ਪੱਧਰ, ਅੰਤਰ ਯੂਨੀਵਰਸਿਟੀ ਪੱਧਰ ਦੇ ਮੁਕਾਬਲੇ ਖੇਡ ਚੁੱਕੇ ਹਨ। ਹੁਣ ਤੱਕ ਵੱਖ-ਵੱਖ ਵਿਭਾਗਾਂ ‘ਚ 50 ਦੇ ਕਰੀਬ ਖਿਡਾਰੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਮਿਲ ਚੁੱਕੀ ਹੈ। ਉੱਤਰ ਭਾਰਤ ਦੇ ਸਾਰੇ ਪ੍ਰਮੁੱਖ ਟੂਰਨਾਮੈਂਟਾਂ ‘ਚ ਜਰਖੜ ਅਕਾਦਮੀ ਦੇ ਖਿਡਾਰੀ ਆਪਣੀ ਪਹਿਚਾਣ ਨੂੰ ਦਰਸਾ ਰਹੇ ਹਨ।

ਜਰਖੜ ਖੇਡਾਂ, ਸਟੇਡੀਅਮ ਤੇ ਅਕਾਦਮੀ ਨੂੰ ਇਸ ਮੁਕਾਮ ’ਤੇ ਪਹੁੰਚਦਿਆਂ ਬਹੁਤ ਵੱਡੀਆਂ ਆਫਤਾਂ ਵੀ ਆਈਆਂ ਤੇ ਹਰ ਰੋਜ਼ ਕੋਈ ਨਵੀਂ ਤੋਂ ਨਵੀਂ ਸਮੱਸਿਆ ਆਉਂਦੀ ਹੈ ਪਰ ਪਰਮਾਤਮਾ ਦੀ ਮਿਹਰ ਸਦਕਾ ਅੱਜ ਜਰਖੜ ਖੇਡਾਂ ਬੁਲੰਦੀਆਂ ਵੱਲ ਵਧ ਰਹੀਆਂ ਹਨ। ਪੰਜਾਬ ਦੇ ਨਾਮੀ ਗਾਇਕ ਹਰਭਜਨ ਮਾਨ, ਜੈਜੀ ਬੀ, ਦਿਲਜੀਤ ਦੋਸਾਂਝ, ਮਨਮੋਹਣ ਵਾਰਿਸ, ਦੇਬੀ ਮਖਸੂਸਪੁਰੀ, ਹਰਜੀਤ ਹਰਮਨ, ਕੰਵਰ ਗਰੇਵਾਲ ਅਤੇ ਹੋਰ ਨਾਮੀ ਕਲਾਕਾਰਾਂ ਨੇ ਜਰਖੜ ਸਟੇਡੀਅਮ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਡ ਮੇਲਿਆਂ ਦੌਰਾਨ ਮੁਫ਼ਤ ਅਖਾੜੇ ਵੀ ਲਗਾਏ। ਇਹਨਾਂ ਸਾਰਿਆਂ ਦੇ ਯੋਗਦਾਨ ਸਦਕਾ ਜਰਖੜ ਖੇਡ ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਆਪਣੀ ਦਿਨ-ਰਾਤ ਦੀ ਮਿਹਨਤ ਨਾਲ ਸਟੇਡੀਅਮ ਨੂੰ ਪੂਰੇ ਵਿਸ਼ਵ ‘ਚ ਰੁਸ਼ਨਾਉਣ ਦਾ ਜ਼ੋਰ ਲਗਾ ਰਹੇ ਹਨ। ਜਿਸਦੀ ਮਿਸਾਲ ਜਰਖੜ ਪਿੰਡ ਦੇ ਸਟੇਡੀਅਮ ‘ਚ ਪਹੁੰਚਦਿਆਂ ਹੀ ਪਤਾ ਚੱਲਦਾ ਹੈ।

ਇਸ ਵਰ੍ਹੇ ਦੀਆਂ ਜਰਖੜ ਖੇਡਾਂ ਜੋ 13,14 ਅਤੇ15 ਫ਼ਰਵਰੀ 2026 ਨੂੰ ਹੋ ਰਹੀਆਂ ਹਨ।  ਕਬੱਡੀ ਓਪਨ ਦਾ ਕੱਪ ਪੁਰਾਣੇ ਕਬੱਡੀ ਖਿਡਾਰੀ ਅਤੇ ਖੇਡਾਂ ਨੂੰ ਸਮਰਪਿਤ ਉੱਘੀ ਸ਼ਖਸੀਅਤ ਸਵਰਗੀ ਨਾਇਬ ਸਿੰਘ ਗਰੇਵਾਲ ਯੋਧਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਹਾਕੀ ਦਾ ਗੋਲਡ ਕੱਪ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਦੇ ਨਾਮ ਤੇ ਹੋਵੇਗਾ। ਵਾਲੀਬਾਲ ਦਾ ਕੱਪ ਅਮਰਜੀਤ ਸਿੰਘ ਗਰੇਵਾਲ ਗੁਜਰਵਾਲ ਦੇ ਨਾਮ ਤੇ ਹੋਵੇਗਾ। ਇਸਦੇ ਨਾਲ ਹੀ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਕਬੱਡੀ ਪ੍ਰਮੋਟਰ ਮੋਹਣਾ ਜੋਧਾਂ ਸਿਆਟਲ, ਦਲਜੀਤ ਸਿੰਘ ਜਰਖੜ ਕੈਨੇਡਾ, ਜਗਦੀਪ ਸਿੰਘ ਕਾਹਲੋਂ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਸਾਬੀ ਕੂਨਰ ਕੈਨੇਡਾ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਦੁਪਿੰਦਰ ਸਿੰਘ ਡਿੰਪੀ, ਪ੍ਰੋ: ਰਜਿੰਦਰ ਸਿੰਘ, ਹਰਦੇਵ ਸਿੰਘ ਦੁਲੇਅ ਆਦਿ ਹੋਰ ਨੇੜਲੇ ਸਾਥੀ ਅਤੇ ਪੂਰੀ ਟੀਮ ਵੱਲੋਂ ਖੇਡਾਂ ਦੀ ਕਾਮਯਾਬੀ ਲਈ ਤਨ-ਮਨ-ਧਨ ਨਾਲ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਵਾਰ ਇਹਨਾਂ ਖੇਡਾਂ ਵਿੱਚ ਹਾਕੀ (ਮਰਦ ਤੇ ਇਸਤਰੀਆਂ ) ਹਾਕੀ ਅੰਡਰ 15 ਸਾਲ ਮੁੰਡੇ, ਕੁਸ਼ਤੀਆਂ , ਰੱਸਾਕਸੀ ਸਕੂਲੀ ਪੱਧਰ, ਵਾਲੀਵਾਲ, ਫੁਟਬਾਲ ਖੇਡਾਂ ਦੇ ਮੁਕਾਬਲੇ ਹੋਣਗੇ । ਖੇਡਾਂ ਦੇ ਫਾਈਨਲ ਸਮਾਰੋਹ ਤੇ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਸੇਵਾ ਕਰਨ ਵਾਲੀਆਂ 5 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਜਿਨਾਂ ਨੂੰ ਵੱਖ-ਵੱਖ ਖੇਡ ਐਵਾਰਡਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।

ਜਗਰੂਪ ਸਿੰਘ ਜਰਖੜ ਖੇਡ ਪ੍ਰਮੋਟਰ ਖੇਡ ਲੇਖ਼ਕ
98143-00722
ਕਰਨੈਲ ਸਿੰਘ ਐੱਮ.ਏ.

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੀ.ਸੀ.ਐਮ. ਸਕੂਲ ਵਿੱਚ ਨੈਸ਼ਨਲ ਯੂਥ ਵੀਕ ਮਨਾਇਆ
Next articleਇਨਰ ਵ੍ਹੀਲ ਕਲੱਬ ਮਿਡ ਟਾਊਨ ਵੱਲੋਂ ਕੁੜੀ ਦੇ ਵਿਆਹ ਤੇ ਜ਼ਰੂਰੀ ਸਮੱਗਰੀ ਦਿੱਤੀ