- ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੇ ਸਿੱਖਿਆ ਕਰਜ਼ਿਆਂ ’ਤੇ ਲੀਕ ਮਾਰਨ ਦੀ ਮੰਗ
- ਈਪੀਐੱਫ ’ਤੇ ਵਿਆਜ ਦਰਾਂ ਘਟਾਉਣ ਲਈ ਵੀ ਸਰਕਾਰ ਨੂੰ ਭੰਡਿਆ
ਨਵੀਂ ਦਿੱਲੀ (ਸਮਾਜ ਵੀਕਲੀ): ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਜਾਰੀ ਸ਼ਬਦੀ ਜੰਗ ਦਰਮਿਆਨ ਲੋਕ ਸਭਾ ਨੇ ਬਜਟ ਇਜਲਾਸ ਦੇ ਪਹਿਲੇ ਦਿਨ ਅੱਜ ਜੰਮੂ ਤੇ ਕਸ਼ਮੀਰ ਲਈ 1.42 ਲੱਖ ਕਰੋੜ ਰੁਪਏ ਦਾ ਬਜਟ ਪਾਸ ਕਰ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਾਂਗਰਸ ’ਤੇ ਘੱਟ ਗਿਣਤੀ (ਹਿੰਦੂ) ਭਾਈਚਾਰੇ ਨੂੰ ਸੂਬੇ ਵਿੱਚ ਕਈ ਸਾਲ ਮੁਸੀਬਤ ’ਚ ਪਾਈ ਰੱਖਣ ਦਾ ਦੋਸ਼ ਲਾਇਆ। ਕਾਂਗਰਸ, ਟੀਐੱਮਸੀ ਤੇ ਹੋਰਨਾਂ ਪਾਰਟੀਆਂ ਨੇ ਜੰਮੂ ਤੇ ਕਸ਼ਮੀਰ ’ਚ ਧਾਰਾ 370 ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਰਕਾਰ ਅਜੇ ਤੱਕ ਇਸ ਧਾਰਾ ਨੂੰ ਉਥੋਂ ਮਨਸੂਖ ਕਰਨ ਦੇ ਮੰਤਵ ਨੂੰ ਪੂਰਾ ਨਹੀਂ ਕਰ ਸਕੀ। ਇਸ ਦੌਰਾਨ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਲਈ ਪੇਸ਼ ਅਨੁਪੂਰਕ ਮੰਗਾਂ ਦੇ ਤੀਜੇ ਬੈਚ ਵਿੱਚ 1.07 ਲੱਖ ਕਰੋੜ ਰੁਪਏ ਦੇ ਕੁੱਲ ਵਧੀਕ ਖਰਚੇ ਲਈ ਸੰਸਦ ਤੋਂ ਲੋੜੀਂਦੀ ਪ੍ਰਵਾਨਗੀ ਮੰਗੀ ਹੈ। ਇਸ ਖਰਚੇ ਵਿੱਚ ਫਰਟੀਲਾਈਜ਼ਰ ਸਬਸਿਡੀ ਦੇ 15000 ਕਰੋੜ ਰੁਪਏ ਵੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰਾਂ ਨੇ ਯੂਕਰੇਨ ਤੋਂ ਵਿਚਾਲੇ ਪੜ੍ਹਾਈ ਛੱਡ ਕੇ ਪਰਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਫ਼ਿਕਰਮੰਦੀ ਜ਼ਾਹਿਰ ਕੀਤੀ। ਮੈਂਬਰਾਂ ਨੇ ਯੂਕਰੇਨ ਤੋਂ ਮੁੜੇ ਵਿਦਿਆਰਥੀਆਂ ਵੱਲੋਂ ਲਏ ਸਿੱਖਿਆ ਕਰਜ਼ਿਆਂ ’ਤੇ ਲੀਕ ਮਾਰਨ ਦੀ ਮੰਗ ਵੀ ਕੀਤੀ। ਮੈਂਬਰਾਂ ਨੇ ਮੁਲਾਜ਼ਮਾਂ ਦੇ ਪ੍ਰੌਵੀਡੈਂਟ ਫੰਡ ਵਿੱਚ ਜਮ੍ਹਾਂ ਰਾਸ਼ੀ ’ਤੇ ਵਿਆਜ ਦਰਾਂ ’ਚ ਕੀਤੀ ਕਟੌਤੀ ਨੂੰ ਲੈ ਕੇ ਸਰਕਾਰ ਨੂੰ ਭੰਡਿਆ। ਮੈਂਬਰਾਂ ਨੇ ਮੁਲਾਜ਼ਮ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਨੂੰ ਘੱਟੋ-ਘੱਟ 3000 ਰੁਪਏ ਮਾਸਿਕ ਪੈਨਸ਼ਨ ਨਿਰਧਾਰਿਤ ਕੀਤੇ ਜਾਣ ਦੀ ਮੰਗ ਵੀ ਕੀਤੀ।
ਬਜਟ ਸੈਸ਼ਨ ਦੇ ਦੂਜੇ ਅੱਧ ਦੇ ਪਹਿਲੇ ਦਿਨ ਅੱਜ ਸੰਸਦ ਮੈਂਬਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਯੂਕਰੇਨ ਤੋਂ ਪੜ੍ਹਾਈ ਛੱਡ ਕੇ ਆਏ ਵਿਦਿਆਰਥੀਆਂ ਦੀ ਦੇਸ਼ ਵਿਚਲੀਆਂ ਯੂਨੀਵਰਸਿਟੀਆਂ ’ਚ ਮੈਡੀਕਲ ਸਿੱਖਿਆ ਮੁਕੰਮਲ ਕਰਵਾਉਣ ਲਈ ਕੋਈ ਨੀਤੀ ਘੜੀ ਜਾਵੇ। ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਜਮੋਹਨ ਉਨੀਥਨ ਨੇ ਦਾਅਵਾ ਕੀਤਾ ਕਿ ਕੇਰਲਾ ਨਾਲ ਸਬੰਧਤ ਕਈ ਵਿਦਿਆਰਥੀ ਅਜੇ ਵੀ ਯੂਕਰੇਨ ਦੇ ਸੂਮੀ ਸ਼ਹਿਰ ਵਿੱਚ ਫਸੇ ਹੋਏ ਹਨ, ਜਿਨ੍ਹਾਂ ਦੀ ਸੁਰੱਖਿਆ ਦੇਸ਼ ਵਾਪਸੀ ਲਈ ਸਰਕਾਰ ਪ੍ਰਬੰਧ ਕਰੇ। ਕਾਂਗਰਸੀ ਮੈਂਬਰ ਅਬਦੁਲ ਖਲੀਕ ਨੇ ਕਿਹਾ ਕਿ ਸਰਕਾਰ ਨੂੰ ਯੂਕਰੇਨ ਵਿੱਚ ਹਾਲਾਤ ਵਿਗੜਨ ਤੋਂ ਪਹਿਲਾਂ ਸਮਾਂ ਰਹਿੰਦਿਆਂ ਉਥੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣਾ ਚਾਹੀਦਾ ਸੀ।
ਅਸਾਮ ਦੇ ਬਾਰਪੇਟਾ ਤੋਂ ਸੰਸਦ ਮੈਂਬਰ ਖਲੀਕ ਨੇ ਕਿਹਾ, ‘‘ਭਾਰਤੀ ਵਿਦਿਆਰਥੀਆਂ ਨੂੰ ਆਪਣੇ ਦਮ ’ਤੇ ਯੂਕਰੇਨ ਦੇ ਗੁਆਂਢੀ ਮੁਲਕਾਂ ਤੱਕ ਪੁੱਜਣਾ ਪਿਆ। ਜਿਵੇਂ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਹ ਵਿਦਿਆਰਥੀਆਂ ਨੂੰ ਉਥੋਂ ਕੱਢ ਲਿਆਈ ਹੈ, ਸਹੀ ਨਹੀਂ ਹੈ।’’ ਵਾਈਐੱਸਆਰਸੀਪੀ ਮੈਂਬਰਾਂ ਪੀ.ਵੀ.ਮਿਧੁਨ ਰੈੱਡੀ ਤੇ ਐੱਮ.ਸ੍ਰੀਨਿਵਾਸੁਲੂ ਰੈੱਡੀ ਨੇ ਮੰਗ ਕੀਤੀ ਕਿ ਸਰਕਾਰ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਦੀ ਪੜ੍ਹਾਈ ਭਾਰਤ ਦੇ ਮੈਡੀਕਲ ਕਾਲਜਾਂ ਵਿੱਚ ਪੂਰੀ ਕਰਵਾਉਣ ਲਈ ਕਦਮ ਚੁੱਕੇ। ਕਾਂਗਰਸੀ ਮੈਂਬਰ ਕੋਡੀਕੁਨਿਲ ਸੁਰੇਸ਼ ਨੇ ਯੂਕਰੇਨ ਪੜ੍ਹਦੇ ਵਿਦਿਆਰਥੀਆਂ ਵੱਲੋਂ ਲਏ ਸਿੱਖਿਆ ਕਰਜ਼ਿਆਂ ’ਤੇ ਲੀਕ ਮਾਰਨ ਦੀ ਮੰਗ ਵੀ ਕੀਤੀ। ਸੁਰੇਸ਼ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਹਰ ਸਫਾਰਤਖਾਨੇ ਵਿੱਚ ਵਿਦਿਆਰਥੀ ਭਲਾਈ ਵਿੰਗ ਸਥਾਪਤ ਕੀਤਾ ਜਾਵੇ, ਜੋ ਸੰਕਟ ਮੌਕੇ ਵਿਦਿਆਰਥੀਆਂ ਦੀ ਮਦਦ ਲਈ ਦਖ਼ਲ ਦੇਵੇ।
ਇਸ ਦੌਰਾਨ ਰਾਜ ਸਭਾ ਵਿੱਚ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦਾ ਮੁੱਦਾ ਉੱਠਿਆ। ਮੈਂਬਰਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਤੇ ਸਲਾਮਤੀ ਯਕੀਨੀ ਬਣਾਈ ਗਈ ਹੈ, ਪਰ ਉਨ੍ਹਾਂ ਦਾ ਭਵਿੱਖ ਦਾਅ ’ਤੇ ਹੈ। ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੜ੍ਹਾਈ ਵਿਚਾਲੇ ਛੱਡਣ ਲਈ ਮਜਬੂਰ ਹੋਏ ਵਿਦਿਆਰਥੀਆਂ ਦੇ ਭਵਿੱਖ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ। ਉਧਰ ਸਰਕਾਰ ਨੇ ਅੱਜ ਲੋਕ ਸਭਾ ਨੂੰ ਭਰੋਸਾ ਦਿੱਤਾ ਕਿ ਅਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਵਾਪਸ ਲਿਆਂਦੇ ਭਾਰਤੀ ਵਿਦਿਆਰਥੀਆਂ ਦੀ ਸਿੱਖਿਆ ਮੁਕੰਮਲ ਕਰਵਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣਗੇ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਵਾਪਸ ਲਿਆਉਣ ਲਈ ਵਿੱਢਿਆ ਅਪਰੇਸ਼ਨ ਗੰਗਾ ‘130 ਕਰੋੜ ਭਾਰਤੀਆਂ ਦੀ ਸਮੁੱਚੀ ਸਿਆਣਪ ਦਾ ਸਬੂਤ ਹੈ।’
ਪ੍ਰਧਾਨ, ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਗੋਗੋਈ ਨੇ ਯੂਕਰੇਨ ਦੇ ਗੁਆਂਢੀ ਮੁਲਕਾਂ ਵਿਚਲੀਆਂ ਯੂਨੀਵਰਸਿਟੀਆਂ ’ਚ ਭਾਰਤੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁਕੰਮਲ ਕਰਵਾਉਣ ਲਈ ‘ਕੋਈ ਪਾਲਿਸੀ ਜਾਂ ਗੱਲਬਾਤ’ ਸਰਕਾਰ ਦੇ ਵਿਚਾਰਧੀਨ ਹੋਣ ਨੂੰ ਲੈ ਕੇ ਸਵਾਲ ਪੁੱਛਿਆ ਸੀ। ਪ੍ਰਧਾਨ ਨੇ ਕਿਹਾ, ‘‘ਮੌਜੂਦਾ ਸਮੇਂ ਸਾਡਾ ਕੰਮ ਉਨ੍ਹਾਂ ਨੂੰ ਸਦਮੇ ’ਚੋਂ ਬਾਹਰ ਕੱਢਣਾ ਹੈ। ਅਸੀਂ ਸਾਰੇ ਇਸੇ ਕੰਮ ’ਤੇ ਲੱਗੇ ਹਾਂ।’’ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਅਪਰੇਸ਼ਨ ਗੰਗਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੀਦਾ ਹੈ। ਇਸ ਦੌਰਾਨ ਲੋਭ ਸਭਾ ਵਿੱਚ ਜੰਮੂ ਕਸ਼ਮੀਰ ਲਈ ਰੱਖੇ ਬਜਟ ’ਤੇ ਹੋਈ ਬਹਿਸ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੋ ਬੇੜੀਆਂ ’ਚ ਪੈਰ ਰੱਖਣਾ ਚਾਹੁੰਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly