ਜਾਖੜ ਨੇ ਅੰਬਿਕਾ ਸੋਨੀ ਖ਼ਿਲਾਫ਼ ਮੋਰਚਾ ਖੋਲ੍ਹਿਆ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਮਗਰੋਂ ਕਾਂਗਰਸ ’ਚ ਸਿਆਸੀ ਘਮਸਾਣ ਵਧ ਗਿਆ ਹੈ। ਪਾਰਟੀ ਆਗੂਆਂ ਵੱਲੋਂ ਇੱਕ-ਦੂਜੇ ’ਤੇ ਇਲਜ਼ਾਮਬਾਜ਼ੀ ਸ਼ੁਰੂ ਹੋ ਗਈ ਹੈ। ਸਾਬਕਾ ਵਜ਼ੀਰਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਣ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਚੋਣਾਂ ’ਚ ਹਾਰ ਮਗਰੋਂ ਚੰਨੀ ਕਾਂਗਰਸ ਪਾਰਟੀ ਵਿਚ ਇਕੱਲੇ ਪੈਂਦੇ ਨਜ਼ਰ ਆ ਰਹੇ ਹਨ ਅਤੇ ਹਾਲੇ ਤੱਕ ਕਿਸੇ ਸੀਨੀਅਰ ਆਗੂ ਨੇ ਉਨ੍ਹਾਂ ਦੀ ਹਮਾਇਤ ਵਿਚ ਮੂੰਹ ਨਹੀਂ ਖੋਲ੍ਹਿਆ ਹੈ। ਚੰਨੀ ਨੇ ਹਾਲੇ ਤੱਕ ਚੁੱਪ ਵੱਟੀ ਹੋਈ ਹੈ ਜਦਕਿ ਨਵਜੋਤ ਸਿੱਧੂ ਚੋਣਾਂ ਵਿਚ ਹਾਰ ਦਾ ਠੀਕਰਾ ਪਹਿਲਾਂ ਹੀ ਉਨ੍ਹਾਂ ਸਿਰ ਭੰਨ ਚੁੱਕੇ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਦਲਣ ਨੂੰ ਲੈ ਕੇ ਵੀ ਪਾਰਟੀ ਅੰਦਰ ਹਿਲਜੁਲ ਸ਼ੁਰੂ ਹੋ ਗਈ ਹੈ। ਉਂਜ ਸਿੱਧੂ ਆਪਣੇ ਅਹੁਦੇ ’ਤੇ ਕਾਇਮ ਹਨ ਅਤੇ ਚੋਣਾਂ ਵਿਚ ਹਾਰ ਮਗਰੋਂ ਹਾਲੇ ਤੱਕ ਉਨ੍ਹਾਂ ਨੈਤਿਕ ਆਧਾਰ ’ਤੇ ਅਸਤੀਫ਼ਾ ਦੇਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਇਸ ਅਹੁਦੇ ਲਈ ਕਈ ਆਗੂ ਕਤਾਰਬੰਦੀ ਕਰਨ ਲੱਗੇ ਹਨ। ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਨੂੰ ਲੈ ਕੇ ਵੀ ਨਵੇਂ ਚੁਣੇ ਵਿਧਾਇਕਾਂ ਵਿਚ ਪਾਲਾਬੰਦੀ ਹੋ ਰਹੀ ਹੈ। ਸੂਤਰਾਂ ਅਨੁਸਾਰ ਵਿਰੋਧੀ ਧਿਰ ਦਾ ਨੇਤਾ ਬਣਨ ਲਈ ਮਾਝੇ ਦੇ ਕਾਂਗਰਸੀ ਜਰਨੈਲ ਕਾਹਲੇ ਹਨ। ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਇਸ ਅਹੁਦੇ ਦੀ ਦੌੜ ਵਿਚ ਹਨ।

ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਦਾ ਨਾਮ ਲੲੇ ਬਿਨਾਂ ਅੱਜ ਉਨ੍ਹਾਂ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਜਾਖੜ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਵਿਚ ਦਿਨ-ਰਾਤ ਜਿਸ ਤਰ੍ਹਾਂ ਦੀ ਖੇਡ ਖੇਡੀ ਗਈ ਹੈ ਉਸ ਨੂੰ ਦੇਖ ਕੇ ਨਿਰਾਸ਼ਾ ਹੋਈ ਹੈ। ‘ਵਰਕਿੰਗ ਕਮੇਟੀ ਵਿਚ ਪੰਜਾਬ ਦੀ ਆਵਾਜ਼ ਹੋਣ ਦਾ ਦਾਅਵਾ ਕਰਨ ਵਾਲੀ, ਪਾਰਟੀ ਹਾਈਕਮਾਨ ਨੂੰ ਗੁਮਰਾਹ ਕਰ ਰਹੇ ਹਨ। ਹੁਣ ਕਾਂਗਰਸੀ ਵਰਕਰ ਕੋਈ ਵਿਸ਼ਵਾਸ ਕਰਨ ਯੋਗ ਚਿਹਰਾ ਚਾਹੁੰਦੇ ਹਨ।’ ਜਾਖੜ ਨੇ ਕਿਹਾ ਕਿ ਉਨ੍ਹਾਂ (ਅੰਬਿਕਾ ਸੋਨੀ) ਲਈ ਚੰਨੀ ਖ਼ਜ਼ਾਨਾ ਹੋ ਸਕਦਾ ਹੈ ਪਰ ਕਾਂਗਰਸ ਲਈ ਨਹੀਂ ਹੈ। ਚੇਤੇ ਰਹੇ ਕਿ ਚੰਨੀ ਨੂੰ ਪਾਰਟੀ ਦੀ ਸੰਪਤੀ ਦੱਸਿਆ ਗਿਆ ਸੀ ਜਿਸ ’ਤੇ ਤਨਜ਼ ਕਰਦਿਆਂ ਜਾਖੜ ਨੇ ਕਿਹਾ,‘‘ਰੱਬ ਦਾ ਸ਼ੁਕਰ ਹੈ, ਉਸ ਪੰਜਾਬੀ ਮਹਿਲਾ ਨੇ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਚੰਨੀ ਨੂੰ ਰਾਸ਼ਟਰੀ ਖ਼ਜ਼ਾਨਾ ਕਰਾਰ ਨਹੀਂ ਦੇ ਦਿੱਤਾ ਜਿਸ ਨੇ ਪਹਿਲੀ ਵਾਰ ਚੰਨੀ ਦਾ ਨਾਮ ਮੁੱਖ ਮੰਤਰੀ ਵਜੋਂ ਲਿਆ ਸੀ। ਚੰਨੀ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ ਜਿਸ ਕਰਕੇ ਅਜਿਹੇ ਵਿਅਕਤੀ ਨੂੰ ਮੁੜ ਪ੍ਰਮੋਟ ਕਰਨਾ ਪਾਰਟੀ ਲਈ ਠੀਕ ਨਹੀਂ ਹੋਵੇਗਾ। ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਵਾਲੇ ਨੂੰ ਹੀਰੋ ਨਹੀਂ ਬਣਾਇਆ ਜਾ ਸਕਦਾ ਹੈ।’’

ਸਿੱਧੂ ਪਾਰਟੀ ਲਈ ਆਤਮਘਾਤੀ ਹਮਲਾਵਰ ਸਾਬਤ ਹੋਏ: ਬਿੱਟੂ

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਧਾਨ ਸਭਾ ਚੋਣਾਂ ਵਿਚ ਹਾਰ ਲਈ ਸਿੱਧੇ ਤੌਰ ’ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵਰਗੇ ਆਗੂ ਪਾਰਟੀ ਲਈ ਆਤਮਘਾਤੀ ਹਮਲਾਵਰ ਸਾਬਤ ਹੋਏ ਹਨ। ਉਨ੍ਹਾਂ ਧੂਰੀ ਹਲਕੇ ਦੀ ਚੋਣ ਰੈਲੀ ਦੇ ਹਵਾਲੇ ਨਾਲ ਕਿਹਾ ਕਿ ਇਤਿਹਾਸ ਵਿਚ ਅਜਿਹਾ ਪਹਿਲੀ ਦਫ਼ਾ ਹੋਇਆ ਹੈ ਕਿ ਜਦੋਂ ਕੇਂਦਰੀ ਲੀਡਰਸ਼ਿਪ (ਪ੍ਰਿਯੰਕਾ ਗਾਂਧੀ) ਇੱਕ ਮੰਚ ’ਤੇ ਬੈਠੀ ਹੋਵੇ ਤਾਂ ਨਵਜੋਤ ਸਿੱਧੂ ਰੈਲੀ ਨੂੰ ਸੰਬੋਧਨ ਕਰਨ ਤੋਂ ਇਨਕਾਰ ਕਰ ਦੇਣ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਾਂਗਰਸ ਵਿਚ ਘੁਸਪੈਠ ਕੀਤੀ ਅਤੇ ਕੁੱਝ ਨਕਲੀ ਨੇਤਾ ਪਾਰਟੀ ਵਿਚ ਦਾਖ਼ਲ ਹੋਏ। ਉਨ੍ਹਾਂ ਕਿਹਾ ਕਿ ਹਾਰ ਲਈ ਵਰਕਰ ਨਹੀਂ ਬਲਕਿ ਪਾਰਟੀ ਦੇ ਆਗੂ ਜ਼ਿੰਮੇਵਾਰ ਹਨ।

ਵਿਰੋਧੀ ਧਿਰ ਦੇ ਨੇਤਾ ਦੀ ਚੋਣ ਵੋਟਿੰਗ ਜ਼ਰੀਏ ਹੋਵੇ: ਜਾਖੜ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਪਾਰਟੀ ਵਿਧਾਇਕਾਂ ਦੀ ਰਾਇ ਨਾਲ ਚੁਣਿਆ ਜਾਣਾ ਚਾਹੀਦਾ ਹੈ ਅਤੇ ਵੋਟਿੰਗ ਜ਼ਰੀਏ ਉਸ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਨ ਪੁਰਾਣੀ ਗ਼ਲਤੀ ਨੂੰ ਹੁਣ ਨਾ ਦੁਹਰਾਏ।

ਹਾਰ ਦੇ ਮੰਥਨ ਲਈ ਕਾਂਗਰਸ ਦੀ ਮੀਟਿੰਗ ਅੱਜ

ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ਦੇ ਮੰਥਨ ਲਈ 15 ਮਾਰਚ ਨੂੰ ਕਾਂਗਰਸ ਭਵਨ ਚੰਡੀਗੜ੍ਹ ਵਿਚ ਮੀਟਿੰਗ ਸੱਦ ਲਈ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਮਾਲਵਾ ਖ਼ਿੱਤੇ ’ਚ ਹਾਰੇ ਅਤੇ ਜਿੱਤੇ ਪਾਰਟੀ ਉਮੀਦਵਾਰਾਂ ਦੀ ਮੀਟਿੰਗ ਬੁਲਾਈ ਹੈ ਜੋ ਸਵੇਰੇ ਅਤੇ ਸ਼ਾਮ ਨੂੰ ਦੋ ਪੜਾਅ ’ਚ ਹੋਵੇਗੀ। ਮੀਟਿੰਗ ਦੌਰਾਨ ਪਾਰਟੀ ਦੀ ਹਾਰ ਦੇ ਕਾਰਨਾਂ ਦਾ ਜਾਇਜ਼ਾ ਲਿਆ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨ ਵੱਲੋਂ ਪੂਰੇ ਪੰਜਾਬ ਨੂੰ ਖਟਕੜ ਕਲਾਂ ਪਹੁੰਚਣ ਦਾ ਸੱਦਾ
Next articleਜੰਮੂ ਤੇ ਕਸ਼ਮੀਰ ਲਈ 1.42 ਲੱਖ ਕਰੋੜ ਰੁਪਏ ਦਾ ਬਜਟ ਪਾਸ