ਵਿਅੰਗਮਈ ਕਵਿਤਾ – ਪੀਲਾ ਗਿੱਦੜ

(ਸਮਾਜ ਵੀਕਲੀ)
ਗੁਫ਼ਾ ਦੇ ਵਿੱਚ ਬੈਠੇ ਹੋਏ, 34-35 ਗਿੱਦੜ ।
ਦੂਰੋਂ ਬੈਠਿਆਂ ਜਾਪਦਾ, ਜਿਉਂ ਭੇਡਾਂ ਦਾ  ਇੱਜੜ।
ਮਹਿਫਲ ਲਾ ਕੇ ਬੈਠੇ, ਕਈ ਸਾਵੇ ਕਈ ਕਾਲੇ।
ਉਨ੍ਹਾ ‘ਚ ਇੱਕ ਪੀਲਾ ਗਿੱਦੜ, ਬੈਠਾ ਵਿੱਚ ਵਿਚਾਲੇ।
ਉਮਰੋਂ ਵੱਡਾ ਬੱਗੀ ਦਾਹੜੀ, ਮੂੰਹ ‘ਤੇ ਖਚਰਾ ਹਾਸਾ।
ਬਣਿਆ ਬੈਠਾ ਚੌਧਰੀ, ਸੰਗ ਸ਼ਰਮ ਨਾ ਮਾਸਾ।
ਵੱਡੀਆਂ-ਵੱਡੀਆਂ ਗੱਲਾਂ ਮਾਰੇ, ਪਾ-ਪਾ ਵੱਡੇ ਘਾਣੇ।
ਖਾਲੀ ਭਾਂਡਾ ਬਹੁਤਾ ਖੜਕੇ, ਆਖਣ ਲੋਕ ਸਿਆਣੇ।
ਪਿੱਛੇ ਬੀਤੀ ਉਮਰਾਂ ਦਾ, ਉਹ ਗੱਪ ਤਜਰਬਾ ਦੱਸੇ।
ਆਪੂੰ ਬਣਿਆ ਲੀਡਰ, ਆਪੇ ਤਾੜੀ ਮਾਰ ਕੇ ਹੱਸੇ।
ਹੋਰਾਂ ਨੂੰ ਨਾ ਬੋਲਣ ਦੇਵੇ, ਨਾ ਕਿਸੇ ਦੀ  ਸੁਣਦਾ।
ਮਾਰ ਟਪੂਸੀ ਅੱਗੇ ਹੋਏ, ਬੜਾ ਪਕੇਰਾ ਧੁਨ ਦਾ।
ਉੱਚੀਆਂ ਲੰਮੀਆਂ ਬਾਹਵਾਂ ਕਰਕੇ, ਦੱਸੇ ਕੀਤੇ ਕਾਰੇ।
ਬੜੇ ਬੜੇ ਜਰਵਾਨੇ ਮੁੰਡਿਓ ! ਮੈਂ ਦੰਦਾਂ ਨਾ ਪਾੜੇ।
ਤਿੱਖੇ ਦੰਦ ਗੰਡਾਸੇ ਵਰਗੇ, ਅੱਖਾਂ ਲਾਲ ਅੰਗਾਰੇ।
ਵੈਰੀ ਕਿੱਦਾਂ ਧੌਣੋਂ ਫੜਣਾ, ਗੁਰ ਆਉਂਦੇ ਨੇ ਸਾਰੇ।
ਕਿੰਨੂੰ ਕਿੱਦਾਂ ਠਿੱਬੀ ਲਾਉਣੀ, ਕਿੱਦਾਂ ਜਾਲ ਵਿਛਾਉਣਾ ?
ਕਿਹੜੇ ਢੰਗ ਨਾ ਵੈਰੀ ਤਾਈਂ, ਸੌਖਿਆਂ ਮਾਰ ਮਕਾਉਣਾ ?
ਲੂੰਬੜ-ਚਾਲਾਂ ਚਲ-ਚਲ ਕੇ, ਪਾ ਕੇ ਭੰਬਲ-ਭੂਸੇ।
ਚਤਰ ਚਲਾਕ ਕਹਾਵਨ ਵਾਲੇ, ਬੜੇ ਜੇਲ੍ਹ ਵਿੱਚ ਠੂਸੇ।
ਪੀਲਾ ਗਿੱਦੜ ਵਿੱਚ ਸਭਾ ਦੇ, ਬੋਲੇ ਕਰ-ਕਰ ਹੱਲੇ।
ਫੁਕਰੇ ਤੇ ਵਡਿਆਈਖੋਰ ਦੇ ਕੁੱਝ ਨਾ ਹੁੰਦਾ ਪੱਲੇ।
ਜਦ ਨਾ ਹਟਿਆ ਬੋਲਣੋ, ਬੁੱਢਾ ਗਿੱਦੜ ਪੀਲਾ।
ਕੋਲੇ ਬੈਠਾ ਗੱਭਰੂ ਗਿੱਦੜ, ਬੋਲਿਆ ਕਰਕੇ ਹੀਲਾ।
ਖਾਣ ਪੀਣ ਦਾ ਬੰਦੋਬਸਤ, ਕਰ ਲਉ ਬਰਖੁਰਦਾਰ।
ਗੱਲਾਂ ਨਾਲ ਢਿੱਡ ਨਹੀਂ ਭਰਨਾ, ਖਾਣਾ ਕਰੋ ਤਿਆਰ।
ਭੁੱਖ ਦੇ ਨਾਲ ਕੋਕੜੇ ਲੂਸੇ, ਹੋਇਆ ਮੰਦਾ ਹਾਲ।
ਖਾਲੀ ਪੇਟ ‘ਚ ਚੂਹੇ ਨੱਚਣ, ਕਰੀ ਬੈਠੇ ਹੜਤਾਲ।
ਗੱਪਾਂ ਦਾ ਪ੍ਰਸ਼ਾਦ ਕਦੇ ਨਾ, ਢਿੱਡ ਦੀ ਭੁੱਖ ਮਿਟਾਵੇ।
ਗੱਲਾਂ ਦੀ ਗੁਲਕੰਦ ‘ਚੋਂ, ਨਾ ਸੁਆਦ ਖੰਡ ਦਾ ਆਵੇ।
ਪੀਲਾ ਗਿੱਦੜ ਸੁਣ ਕੇ ਤਾਹਨੇ, ਉਠਿਆ ਗੁੱਸਾ ਖਾ ਕੇ।
ਹੁਣੇ ਮਾਰ ਕੇ ਲੈ ਆਉਣੇ ਆਂ, ਸ਼ਿਕਾਰ ਜੰਗਲ ਵਿੱਚ ਜਾ ਕੇ।
ਜੋ ਵੀ ਜਾਨਵਰ ਆਏ,ਮੇਰੀ ਪੂਛ ਨਾ ਦੇਣਾ ਬੰਨ੍ਹ।
ਫਿਰ ਓਸਨਾ ਕਿੱਦਾਂ ਕਰਨੀ, ਮੈਂ ਜਾਣਾ ਮੇਰਾ ਕੰਮ?
ਖਿੱਚ ਲਿਆਵਾਂ ਵਿੱਚ ਗੁਫ਼ਾ ਦੇ, ਰਲਕੇ ਜਸ਼ਨ ਮਨਾਇਓ।
ਗੰਡਾਸਿਆਂ ਵਰਗੇ ਤਿੱਖੇ ਦੰਦਾਂ ਨਾ, ਪਾੜ-ਪਾੜ ਕੇ ਖਾਇਓ।
ਉਠ ਖਲੋਤੇ ਸਾਰੇ ਗਿੱਦੜ, ਵੱਟ ਮੁੱਛਾਂ ਨੂੰ ਚਾੜ੍ਹੇ।
ਪੀਲਾ ਗਿੱਦੜ ਮੂਹਰੇ ਲੱਗਾ, ਗੰਡਾਸਾ ਰੱਖ ਕੰਧਾੜੇ।
ਜੰਗਲ ਦੀ ਹੱਦ ਦੇ ਉੱਤੇ, ਬਹਿ ਗਏ ਲਾ ਕੇ ਡੇਰਾ।
ਏਨੇ ਨੂੰ ਇੱਕ ਊਠ ਨੇ , ਪਾਇਆ ਓਥੇ ਫੇਰਾ।
ਤਰ੍ਹਾਂ-ਤਰਾਂ ਦੇ ਘਾਹ ਫੂਸ ਨਾ, ਢਿੱਡ ਦੀ ਭੁੱਖ ਮਿਟਾਈ।
ਫਿਰ ਜਾ ਬੈਠਾ ਛਾਂਵੇ ਰੁੱਖ ਦੇ, ਮਸਤੀ ਖੂਬ ਮਨਾਈ।
ਰੱਜਿਆ ਊਠ ਪਲਸੇਟੇ ਮਾਰੇ, ਚੰਗਾ ਖੌਰੂ ਪਾਇਆ।
ਹੋਇਆ ਨਿੱਸਲ ਚੜ੍ਹੀ ਨੇਸਤੀ, ਆਣ ਨੀਂਦ ਨੇ ਢਾਹਿਆ।
ਨੀਂਦਰ ਦੀ ਗੋਦੀ ਵਿੱਚ ਸੁੱਤਾ ਊਠ ਘਰਾੜੇ ਮਾਰੇ।
ਸੁਪਨੇ ਵਿੱਚ ਸਵਰਗਾਂ ਦੇ, ਉਹ ਲੁੱਟਦਾ ਫਿਰੇ ਨਜ਼ਾਰੇ।
ਪੀਲਾ ਗਿੱਦੜ ਤੱਕ ਕੇ ਆਖੇ, ਸਾਥੀ ਗਿੱਦੜਾਂ ਤਾਈਂ।
ਆਇਆ ਊਠ ਪਹਾੜ ਦੇ ਥੱਲੇ, ਰੱਬ ਨੇ ਮੌਜ ਬਣਾਈ।
ਮੋਟਾ ਤਾਜ਼ਾ ਪਲਿਆ ਪੋਸਿਆ, ਮਾਰੂਥਲ ਦਾ ਜਾਇਆ।
ਰੱਬ ਸਬੱਬੀ ਜੰਗਲ ਦੇ ਵਿੱਚ, ਸਾਡੇ ਕਾਬੂ ਆਇਆ।
ਕਰਨਾ ਕਿਵੇਂ ਸ਼ਿਕਾਰ ਏਸ ਦਾ, ਕਿੱਦਾਂ ਲਾਉਣਾ ਏਂ ਜਾਲ ?
ਕਿਹੜੇ ਢੰਗ ਨਾ ਧੌਣੋਂ ਫੜਣਾ, ਕਿੱਦਾਂ ਚਲਣੀ ਏ ਚਾਲ?
ਜਿਵੇਂ ਤੁਹਾਨੂੰ ਆਖਾਂ ਸੁਣਿਓ, ਓਸੇ ਤਰ੍ਹਾਂ ਈ ਕਰਨਾ।
ਮੇਰੇ ਲਈ ਇਹ ਕੰਮ ਮਾਮੂਲੀ, ਸ਼ਿਕਾਰ ਅਜਿਹਾ ਫੜਣਾ ।
ਮੈਂ ਬੈਠਾਂਗਾ ਉਹਦੇ ਪਿੱਛੇ, ਜੋੜ ਪਿੱਠ ਨਾ ਪਿੱਠ।
ਤੁਸੀਂ ਊਠ ਦੀ ਪੂਛ ਨਾ, ਮੇਰੀ ਪੂਛ ਦੀ ਦੇ ਦਿਓ ਗੱਠ।
ਘੁੱਟ ਕੇ ਬੰਨ੍ਹ ਦੇਣੀਆਂ ਪੂਛਾਂ ਤੇ ਤੁਸੀਂ ਕਰਲਿਓ ਪਾਸਾ।
ਕਿੱਦਾਂ ਊਠ ਘੜੀਸ ਲਿਆਵਾਂ, ਦੇਖਿਓ ਬੈਠ ਤਮਾਸ਼ਾ?
ਏਨਾ ਆਖ ਊਠ ਦੇ ਪਿੱਛੇ, ਬਹਿ ਗਿਆ ਫੁਕਰਾ ਜਾ ਕੇ।
ਸਾਥੀ ਗਿੱਦੜਾਂ ਪੂਛ ਦੋਹਾਂ ਦੀ, ਬੰਨ੍ਹਤੀ ਵੱਟ ਚੜ੍ਹਾ ਕੇ।
ਗਿੱਦੜ ਟੋਲਾ ਵੇਖਣ ਲੱਗਾ, ਬੈਠ ਥੋੜ੍ਹਾ ਜਿਹਾ ਪਾਸੇ।
ਖਿੱਚ ਲੈ-ਖਿੱਚ ਲੈ ਆਖ ਆਖ ਕੇ, ਦੇਣ ਲੱਗੇ ਸ਼ਾਬਾਸ਼ੇ।
ਪੀਲਾ ਗਿੱਦੜ ਫੁਕਰਪੁਣੇ ਵਿੱਚ, ਲੱਗਾ ਲਾਉਣ ਛੜੱਪੇ।
ਕਹਿਣ ਸਿਆਣੇ: ਜਾਤ ਦੀ ਕਿਰਲੀ, ਨਾਲ ਸ਼ਤੀਰਾਂ ਜੱਫੇ।
ਪੀਲਾ ਗਿੱਦੜ ਖਿੱਚਣ ਲੱਗਾ, ਊਠ ਜਰਾ ਨਾ ਹਿੱਲੇ।
ਬੁੱਲ੍ਹਾਂ ਉੱਤੇ ਸਿਕਰੀ ਜੰਮੀ, ਕਰੇ ਜੀਭ ਨਾ ਗਿੱਲੇ।
ਆਉਣ ਤ੍ਰੇਲੀਆਂ ਮੁੜਕਾ ਚੋਵੇ, ਮੂੰਹ ਤੋਂ ਤਰਿੱਪ-ਤਰਿੱਪ।
ਮੈਹਸੀ ਟ੍ਰੈਕਟਰ ਵਾਗੂੰ ਫੁਕਰਾ, ਕੱਢੀ ਜਾਏ ਸਲਿੱਪ।
ਪੁੱਠਾ ਪੰਗਾ ਲੈ ਬੈਠਾ, ਹੁਣ ਪੇਸ਼ ਕੋਈ ਨਾ ਜਾਵੇ ।
ਬੜਾ ਕਸੂਤਾ ਫਸਿਆ ਗਿੱਦੜ, ਕਿਹੜਾ ਆਣ ਛਡਾਵੇ ?
ਕਿਵੇਂ ਆਪਣੀ ਜਾਨ ਬਚਾਵਾਂ, ਚਿੰਤਾ ਵੱਢ-ਵੱਢ ਖਾਏ ?
ਏਨੇ ਚਿਰ ਨੂੰ ਸੁੱਤੇ ਹੋਏ ਊਠ ਨੇ ਕੰਨ ਹਲਾਏ।
ਇਕ-ਦੋ ਵਾਰ ਏਧਰ ਓਧਰ, ਵੇਖਿਆ ਧੌਣ ਘੁਮਾ ਕੇ ।
ਇਕ-ਦੋ ਲਈਆਂ ਉਬਾਸੀਆਂ ਤੇ ਉਠਿਆ ਗੋਡਣੀ ਲਾ ਕੇ।
ਤੋਰੀ ਵਾਂਗ ਲਮਕਿਆ ਗਿੱਦੜ, ਜਿਵੇਂ ਟਰੱਕ ਨਾ ਛਿੱਤਰ।
ਸ਼ਾਬਾ, ਖਿੱਚ ਲੈ ਹੱਲਾਸ਼ੇਰੀ, ਦੇਣ ਪਾਸਿਉਂ ਮਿੱਤਰ।
ਦੂਰ ਖਲੋਤਾ ਗਿੱਦੜ ਟੋਲਾ ਕਰਦਾ ਬੱਲੇ ਬੱਲੇ!
ਪੀਲਾ ਗਿੱਦੜ ਰੌਲਾ ਪਾਵੇ, ਪੈਰ ਨਾ ਲੱਗਣ ਥੱਲੇ।
ਕਿਵੇਂ ਲਿਆਵਾਂ ਖਿੱਚ, ਸਹੁਰੀ ਦਿਓ ! ਫਸਿਆ ਅੱਧ-ਵਿਚਾਲੇ।
ਮੈਂ ਊਠ ਨਾ ਲਮਕਿਆ ਹੋਇਆ, ਕਦਮ ਨਾ ਜਾਣ ਸੰਭਾਲੇ।
‘ਭੁੱਲੜਾ’ ਐਸੇ ਗਿੱਦੜ ਆਗੂ ਦੀ ਗੱਲ ਵਿੱਚ ਨਾ ਆਇਓ।
ਕਿਸੇ ਦੀ ਚੁੱਕ ‘ਚ ਆ ਕੇ, ਲੋਕੋ ! ਐਸਾ ਕਦਮ ਉਠਾਇਓ।
ਸੁਖਦੇਵ ਸਿੰਘ ਭੁੱਲੜ
ਸੁਰਜੀਤ ਪੁਰਾ ਬਠਿੰਡਾ
   9417046117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFinland set to sign defence deal with US
Next articleਸ: ਸਿਮਰਨਜੀਤ ਸਿੰਘ ਮਾਨ ਨਾਲ ਜੋ ਵੀ ਖੜਿਆ ਉਸਨੂੰ ਮਿਲੀ ਮੌਤ ਜਾਂ ਜੇਲ