(ਸਮਾਜ ਵੀਕਲੀ)
ਤੂੰ ਕਦੇ;
ਮੁਨਕਰ ਨਹੀਂ ਹੋ ਸਕਦਾ,
ਤੈਂਨੂੰ ਸਵੀਕਾਰਨਾ ਹੀ ਪਵੇਗਾ,
ਇਹ ਤੇਰੇ ਕੀਤੇ ਜਾਂ
ਦਿਨ-ਬ-ਦਿਨ ਹੋ ਰਹੇ ਨਿਵੇਸ਼ ਦੀ,
ਲਗਾਤਾਰਤਾ ਦਾ ਵਿਆਜ ਹੀ ਹੈ,
ਜੋ ਤੈਂਨੂੰ ਮਿਲ਼ ਰਿਹੈ।
ਹਾਂ;
ਯਾਦ ਰੱਖੀਂ;
ਛੋਟੀ ਅਵਧੀ ਨਾਲੋਂ,
ਲੰਬੀ ਅਵਧੀ ਦੇ ਨਿਵੇਸ਼,
ਤਾਸੀਰ ‘ਚ ਕਦੇ ਬਕਬਕੇ ਨਹੀਂ ਹੁੰਦੇ;
ਬਸ਼ਰਤੇ ਠਰੰਮੇ ਦਾ ਪੱਲਾ ਫੜਿਆ ਹੋਵੇ।
ਪਰ ਮੈਂ ਤਾਂ,
ਤਾਕੀਦ ਹੀ ਕਰ ਸਕਦਾ ਹਾਂ,
ਨਿਵੇਸ਼ ਦੀ ਮਾਤਰਾ ਤੇ ਸਮਾਂ,
ਤੇਰੀ ਪੋਟਲੀ ‘ਚ ਕੀ ਹੈ?
ਇਸ ਪ੍ਰਸ਼ਨ ਦੇ ਉੱਤਰ ਨੇ ਹੀ;
ਨਿਰਧਾਰਤ ਕਰਨੈ।
ਮੁਹਾਵਰੇ ਓਦਾਂ,
ਸਾਣ ‘ਤੇ ਲੱਗਾ ਸੱਚ ਹੁੰਦੇ ਨੇ;
ਪਰ ਇਹ ਵੀ ਸੱਚ ਹੈ,
ਖੂਹ ਵਿਚਾਰੇ ਕਦੇ ਆਪ ਨਈਂ ਬੋਲਦੇ।
ਵੈਸੇ ਵੀ ਨਿਊਟਨ ਦਾ;
ਤੀਜਾ ਨਿਯਮ ਵੀ ਇਹੋ ਕਹਿੰਦੈ
ਕਿਸੇ ਨੂੰ ਮਾਰੀ ਸੱਟ ਦੀ ਸੱਟ,
ਤਾਂ ਝੱਲਣੀ ਹੀ ਪੈਂਣੀ ਹੈ,
ਭਾਵੇਂ ਉਹ ਲੁਤਰੋ ਰਾਹੀਂ ਹੋਵੇ,
ਜਾਂ ਕਿਸੇ ਹੋਰ ਅੰਗ ਵਿਸ਼ੇਸ਼ ਰਾਹੀਂ।
ਬਲਦੇਵ ਕ੍ਰਿਸ਼ਨ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly