ਹੇਰਵਾ

(ਸਮਾਜ ਵੀਕਲੀ)

ਮੈਂ ਪੰਜਾਬਣ ਈੜੀ ਵਰਗੀ, ਤੂੰ ਐਂ ਊੜਾ ਆੜਾ ਵੇ।
ਸੱਤ ਸਮੁੰਦਰੋਂ ਪਾਰ ਗਿਆ ਦੱਸ, ਕਦੋਂ ਮੁੱਕੂਗਾ ਪਾੜਾ ਵੇ।
ਮੈਂ ਪੰਜਾਬਣ ਈੜੀ ਵਰਗੀ…।

ਦੋ ਸੌ ਵਰ੍ਹਿਆਂ ਤੋਂ ਵੇ ਅੜਿਆ, ਝੱਲਦੀ ਆਈ ਵਿਛੋੜੇ ਨੂੰ,
ਦੰਮੜੀਆਂ ਦੇ ਲੋਭ ਨੇ ਲਾਈ, ਅੱਗ ਵਸਲ ਦੇ ਜੋੜੇ ਨੂੰ,
ਮੈਂ ਵਿਯੋਗਣ ਤੂੰ ਪ੍ਰਦੇਸੀ, ਝੱਲਿਆ ਬਹੁਤ ਉਜਾੜਾ ਵੇ
ਮੈਂ ਪੰਜਾਬਣ ਈੜੀ ਵਰਗੀ…।

ਇਸ਼ਕ ਨੇ ਸਾਡੇ ਪੱਲੇ ਪਾਇਆ, ਕੈਸਾ ਹਾਰ ਵਿਛੋੜੇ ਦਾ,
ਅੰਤ ਸਮੇਂ ਨੂੰ ਤੁਰ ਜਾਣਾ ਹੈ, ਲੈ ਕੇ ਪਿਆਰ ਵਿਛੋੜੇ ਦਾ,
ਠੀਕਰੀਆਂ ਨੂੰ ਠ੍ਹੋਕਰ ਵੱਜਦੀ, ਵੱਜਦੈ ਰੋਜ਼ *ਦੁਗਾੜਾ ਵੇ,
ਮੈਂ ਪੰਜਾਬਣ ਈੜੀ ਵਰਗੀ…।

ਹੋਰ ਕੀ ਰੱਬਾ ਲੇਖਾਂ ਦੇ ਵਿੱਚ ਲਿਖਿਆ ਭੈਣ ਭਰਾਵਾਂ ਦੇ
ਡੋਬੂ ਪੈਣ ਕਲੇਜੇ ਧਕ-ਧਕ, ਮੁੱਕਗੇ ਚੈਣ ਭਰਾਵਾਂ ਦੇ
ਬਿਲਕ ਰਹੀਆਂ ਨੇ ਮਾਵਾਂ ਰੱਬਾ, ਤਰਸ ਕਰੀਂ ਤੂੰ ਹਾੜ੍ਹਾ ਵੇ
ਮੈਂ ਪੰਜਾਬਣ ਈੜੀ ਵਰਗੀ…।

ਕਿਰਤੀ ਕਾਮੇ ਘਸ ਘਸ ਮਰਗੇ, ਦੋ ਵੇਲੇ ਦੀ ਰੋਟੀ ਨੂੰ
ਨਵੀਂ ਪਨੀਰੀ ਲੱਤਾਂ ਮਾਰੇ, ਮਾਹੀਆ ਤੇੜ ਲੰਗੋਟੀ ਨੂੰ
ਦੋ ਦੂਣੀ ਤੋਂ ਚਾਰ ਨਾ ਹੋਏ, ਰੱਟਿਆ ਬਹੁਤ ਪਹਾੜਾ ਵੇ
ਮੈਂ ਪੰਜਾਬਣ ਈੜੀ ਵਰਗੀ…।

ਨੱਥ ਖਸਮ ਨੇ ਹੱਥ ਫੜੀ ਹੈ, ਹੱਥ ਹਥਿਆਰ ਬੰਦੂਕਾਂ ਨੇ,
ਪੀਜ਼ੇ ਬਰਗਰ ਉੱਤੇ ਲਾ ਲਏ, ਹੋਛੇ ਯਾਰ ਮਸ਼ੂਕਾਂ ਨੇ,
ਆਟੇ ਦੇ ਵਿੱਚ ਲੂਣ ਬਰਾਬਰ, ਰਾਜ ਕਰੇਂਦਾ ਮਾੜਾ ਵੇ
ਮੈਂ ਪੰਜਾਬਣ ਈੜੀ ਵਰਗੀ…।

ਸਾਰੀ ਗੱਲ ਮੈਂ ਤੈਨੂੰ ਦੱਸੀ, ਹੋਰ ਕਿਸੇ ਨੂੰ ਦੱਸੀਂ ਨਾ,
ਮੂੰਹੋੰ ਗੱਲ ਸੁਭੈਕੀ ਨਿੱਕਲੀ, ਸੁਣ ਕੇ ਤੂੰ ਗੱਲ ਹੱਸੀਂ ਨਾ,
ਕਾਰਾਂ ਉੱਤੇ ਆਉਣ ਬਰਾਤੀ, ਪੈਦਲ ਜਾਂਦੈ ਲਾਹੜਾ ਵੇ
ਮੈਂ ਪੰਜਾਬਣ ਈੜੀ ਵਰਗੀ…।

ਕਾਲੀ ਬੋਲੀ਼ ਰਾਤ ਗੁਜ਼ਰਗੀ, ਘਰ ਵਿਚ ਪਿਆ ਖਲੇਰਾ ਵੇ
ਹਾੜ੍ਹਾ-ਹਾੜ੍ਹਾ ਹੁਣ ਹੀ ਮੁੜਿਆ, ਹੋ ਗਿਆ ਖੋਰ ਬਥ੍ਹੇਰਾ ਵੇ
ਜੱਫੀ ਦੇ ਵਿੱਚ ਲੈ ‘ਅਬਦਾਲੀ’, *’ਹੇਹਾ’ ਲਾਹਦੇ ਸਾਰਾ ਵੇ,
ਮੈਂ ਪੰਜਾਬਣ ਈੜੀ ਵਰਗੀ, ਤੂੰ ਐਂ ਊੜਾ ਆੜਾ ਵੇ।

ਜਮੀਲ ‘ਅਬਦਾਲੀ’

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ
Next articleਗਲ ਲਾਇਆ